ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿੱਚ ਗੋਲੀਬਾਰੀ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਅਮਰੀਕਾ ਵਿੱਚ ਵਿਸਕਨਸਨ ਸੂਬੇ ਦੇ ਓਕ ਕ੍ਰੀਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਮਾਈਕਲ ਪੇਜ ਨਾਮ ਦੇ ਇੱਕ ਸਾਬਕਾ ਫ਼ੌਜੀ ਵੱਲੋਂ ਕੀਤੀ ਗੋਲੀਬਾਰੀ ਨਾਲ ਛੇ ਸਿੱਖਾਂ ਦੀ ਮੌਤ ਹੋ ਗਈ ਹੈ । ਇੱਕ ਪੁਲਿਸ ਅਧਿਕਾਰੀ ਹੱਥੋਂ ਜ਼ਖ਼ਮੀ ਹੋਣ ਮਗਰੋਂ ਮਾਈਕਲ ਪੇਜ ਨੇ ਵੀ ਖ਼ੁਦਕੁਸ਼ੀ ਕਰ ਲਈ । ਛੇ ਸਿੱਖਾਂ ਵਿੱਚੋਂ ਚਾਰ ਭਾਰਤੀ ਨਾਗਰਿਕ ਸਨ ।

ਅਸੀਂ ਇਸ ਦੁਰਘਟਨਾ ਦੀ ਨਿਖੇਧੀ ਕਰਦੇ ਹਾਂ । ਪਰਮਾਤਮਾ ਵਿਛੜੀਆਂ ਰੂਹਾਂ ਨੂੰ ਸੱਚਖੰਡ ਵਿੱਚ ਨਿਵਾਸ ਬਖ਼ਸ਼ੇ । ਅਸੀਂ ਅਰਦਾਸ ਕਰਦੇ ਹਾਂ ਕਿ ਜ਼ਖ਼ਮੀ ਹੋਏ ਵਿਅਕਤੀ ਜਲਦੀ ਤੋਂ ਜਲਦੀ ਸਿਹਤਯਾਬ ਹੋਣ । ਜ਼ਖ਼ਮੀਆਂ ਵਿੱਚ ਬਹਾਦੁਰ ਪੁਲਿਸ ਅਫ਼ਸਰ ਬਰਾਇਨ ਮਰਫੀ ਵੀ ਸ਼ਾਮਿਲ ਹੈ ।

ਦੁਨੀਆਂ ਭਰ ਵਿੱਚ ਇਸ ਦੁਰਘਟਨਾ ਦੀ ਨਿੰਦਾ ਕੀਤੀ ਗਈ ਹੈ ਤੇ ਅਜਿਹਾ ਕੀਤਾ ਜਾਣਾ ਬਣਦਾ ਵੀ ਸੀ । ਭਾਰਤ ਵਿੱਚ ਵੀ ਵੱਖ-ਵੱਖ ਜੱਥੇਬੰਦੀਆਂ ਨੇ ਇਸ ਦੁਰਘਟਨਾ ਦੀ ਨਿੰਦਾ ਕਰਦਿਆਂ ਰੋਸ-ਵਿਖਾਵੇ ਕੀਤੇ ਹਨ ।

ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ “ਨੈਸ਼ਨਲ ਅਕਾਲੀ ਦਲ’ ਨਾਮ ਦੀ ਇੱਕ ਕਾਗ਼ਜ਼ੀ ਜੱਥੇਬੰਦੀ ਨੇ ਆਪਣੇ ਆਗੂ ਪਰਮਜੀਤ ਸਿੰਘ ‘ਪੰਮਾ’ ਦੀ ਅਗਵਾਈ ਵਿੱਚ ਵਿਖਾਵਾ ਕਰਦਿਆਂ ਅਮਰੀਕਾ ਦਾ ਰਾਸ਼ਟਰੀ ਝੰਡਾ ਤਕ ਸਾੜ੍ਹ ਦਿੱਤਾ । ਅਜਿਹਾ ਕਰਨਾ ਬਿਲਕੁਲ ਉਵੇਂ ਹੀ ਗ਼ਲਤ ਹੈ, ਜਿਵੇਂ ਭਾਰਤ ਵਿਰੋਧੀਆਂ ਵੱਲੋਂ ਭਾਰਤ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਜਾਣਾ ।

ਅਮਰੀਕੀ ਸਰਕਾਰ ਖ਼ਿਲਾਫ਼ ਅਜਿਹਾ ਪ੍ਰਦਰਸ਼ਨ ਕਰਨ ਦੀ ਉੱਕਾ ਹੀ ਜ਼ਰੂਰਤ ਨਹੀਂ ਸੀ । ਗੁਰਦੁਆਰਾ ਸਾਹਿਬ ਵਿੱਚ ਹੋਈ ਇਸ ਗੋਲੀਬਾਰੀ ਦੀ ਦੁਰਘਟਨਾ ਤੋਂ ਫ਼ੌਰੀ ਬਾਅਦ ਅਮਰੀਕੀ ਸਰਕਾਰ ਵੱਲੋਂ ਚੁੱਕੇ ਗਏ ਕਦਮ ਬਹੁਤ ਸ਼ਲਾਘਾਯੋਗ ਹਨ । ਅਮਰੀਕੀ ਰਾਸ਼ਟਰਪਤੀ ਨੇ ਇਸ ਘਟਨਾ ‘ਤੇ ਖ਼ੁਦ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੇਸ਼-ਵਿਦੇਸ਼ ਵਿੱਚ ਅਮਰੀਕੀ ਰਾਸ਼ਟਰੀ ਝੰਡੇ ਝੁਕਾ ਦਿੱਤੇ ਗਏ । ਅਮਰੀਕੀ ਰਾਸ਼ਟਰਪਤੀ ਨੇ ਖ਼ੁਦ ਭਾਰਤੀ ਪ੍ਰਧਾਨ ਮੰਤਰੀ ਨੂੰ ਫ਼ੋਨ ਕਰਕੇ ਇਸ ਘਟਨਾ ਬਾਰੇ ਦੁੱਖ ਪ੍ਰਗਟਾਇਆ (ਕਿਉਂਕਿ ਚਾਰ ਭਾਰਤੀ ਨਾਗਰਿਕ ਵੀ ਇਸ ਦੁਰਘਟਨਾ ਵਿੱਚ ਮਾਰੇ ਗਏ) । ਅਮਰੀਕੀ ਰਾਜਦੂਤ ਦਿੱਲੀ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਪੁੱਜੇ ‘ਤੇ ਅਫ਼ਸੋਸ ਪ੍ਰਗਟ ਕੀਤਾ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਸ਼ਰਧਾਂਜਲੀ ਸਮਾਗਮ ਵਿੱਚ ਵੀਅਮਰੀਕੀ ਅਧਿਕਾਰੀ ਪਹੁੰਚੇ ।

ਚੰਗੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਇਸ ਦੁਰਘਟਨਾ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਲਈ ਸਹਾਇਤਾ ਦਾ ਐਲਾਨ ਕੀਤਾ ਹੈ । ਹੋਰ ਵੀ ਵਧੀਆ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ ਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਪੁਲਿਸ ਅਧਿਕਾਰੀ ਬਰਾਇਨ ਮਰਫੀ ਲਈ ਬਹਾਦੁਰੀ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ ।

ਯੱਸ ਦਾ ਜੀਉਣਾ (ਕਲਾਸਵਾਲੀਆ ਦੀ ਕਵਿਤਾ)

(ਕਰਤਾਰ ਸਿੰਘ ਕਲਾਸਵਾਲੀਆ)

ਸਦਾ ਕੋਈ ਜਹਾਨ ਤੇ ਰਿਹਾ ਨਾਹੀਂ,
ਰਹਿ ਜਾਂਵਦੇ ਹੈਨ ਨਿਸ਼ਾਨ ਪਿੱਛੇ ।

ਕਈ ਖੱਟ ਕੇ ਨੇਕੀਆਂ ਛੱਡ ਜਾਂਦੇ,
ਭਲਿਉਂ ਕਰਦਾ ਯਾਦ ਜਹਾਨ ਪਿੱਛੇ ।

ਬਹੁਤੇ ਬਦੀਆਂ ਦੇ ਬੀਜ ਬੀਜ ਜਾਂਦੇ,
ਲੋਕ ਬੋਲਦੇ ਬਦ-ਜ਼ਬਾਨ ਪਿੱਛੇ ।

ਭਲੇ ਪੁਰਸ਼ ਦੀ ਯਾਦ ਭਲਿਆਈ ਰਹਿੰਦੀ,
ਬਦ ਬਦੀਆਂ ਹੀ ਛੱਡ ਜਾਣ ਪਿੱਛੇ ।

ਹੁੰਦੀ ਬੁਰੇ ਦੀ ਬਦਖੋਈ ਮੂੰਹ ਤੇ,
ਸਿਫ਼ਤ ਨੇਕਾਂ ਦੀ ਲੋਕ ਸੁਣਾਣ ਪਿੱਛੇ ।

ਪਾਜੀ ਜੀਂਵਦੇ ਕਿਸੇ ਨੂੰ ਯਾਦ ਨਾਹੀਂ,
ਮਰਦਾਂ ਮਰ ਗਿਆਂ ਦੇ ਗੀਤ ਗਾਣ ਪਿੱਛੇ ।

ਲੋਕ ਥੁੱਕਦੇ ਮੂੰਹ ਤੇ ਖੋਟਿਆਂ ਦੇ,
ਲਾਨ੍ਹਤ ਜ਼ਾਲਮਾਂ ਨੂੰ ਸਾਰੇ ਪਾਣ ਪਿੱਛੇ ।

ਚੰਗੇ ਆਦਮੀ ਦੀ ਚੰਗਿਆਈ ਕਰ ਕੇ,
ਫੁੱਲ ਸ਼ੋਭਾ ਦੇ ਨਿੱਤ ਬਰਸਾਣ ਪਿੱਛੇ ।

ਰਸਤੇ ਬੁਰੇ ਦੇ ਜੀਊਂਦਿਆਂ ਕੌਣ ਚੱਲੇ,
ਮਰ ਗਏ ਦੀ ਖੇਹ ਉਡਾਣ ਪਿੱਛੇ ।

ਛਿਪੇ ਰਹਿਣ ਦੀ ਚਾਹ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਸ਼ੁਹਰਤ ਪ੍ਰਾਪਤ ਕਰਨੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ, ਭਾਵੇਂ ਕਈ ਲੋਕ ਇਸਲਈ ਕਈ ਤਰੀਕਿਆਂ ਨਾਲ ਯਤਨ ਕਰਦੇ ਰਹਿੰਦੇ ਹਨ ।

ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿੱਚ ਸ਼ੁਹਰਤ ਪ੍ਰਾਪਤ ਕੀਤੀ, ਉਨ੍ਹਾਂ ਨੂੰ ਇਸ ਵਾਸਤੇ ਲੰਬਾ ਸਮਾਂ ਸਖ਼ਤ ਮਿਹਨਤ ਕਰਨੀ ਪਈ । ਚੰਗੀ ਖ਼ੁਰਾਕ ਤੇ ਸੁਚੱਜੀ ਅਗਵਾਈ ਦੀ ਵੀ ਉਨ੍ਹਾਂ ਨੂੰ ਜ਼ਰੂਰਤ ਪਈ । ਖੇਡਾਂ ਦੇ ਖੇਤਰ ਵਿੱਚ ਸ਼ੁਹਰਤ ਪ੍ਰਾਪਤ ਕਰਨ ਲਈ ਲੰਬੀ ਸਾਧਨਾ ਦੀ ਲੋੜ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ।

ਵਿਦਿਆ ਦੇ ਖੇਤਰ ਵਿੱਚ ਸ਼ੁਹਰਤ ਪ੍ਰਾਪਤ ਕਰਨ ਵਾਲਿਆਂ ਨੇ ਬੜੀ ਮਿਹਨਤ ਨਾਲ ਪੜ੍ਹਾਈ ਕੀਤੀ । ਵਿਦਿਅਕ ਖੇਤਰ ਵਿੱਚ ਆਪਣੀ ਖੋਜੀ ਰੁਚੀ ਨਾਲ ਮਿਹਨਤ ਕਰਦਿਆਂ ਉਹ ਸ਼ੁਹਰਤ ਦੀ ਮੰਜ਼ਿਲ ਤਕ ਪਹੁੰਚ ਸਕੇ ।

ਸ਼ਾਸਤਰੀ ਸੰਗੀਤ ਦੇ ਖੇਤਰ ਵਿੱਚ ਸ਼ੁਹਰਤ ਉਨ੍ਹਾਂ ਦੇ ਹਿੱਸੇ ਹੀ ਆਈ, ਜਿਨ੍ਹਾਂ ਨੇ ਕਈ-ਕਈ ਵਰ੍ਹੇ ਆਪਣੇ ਸੰਗੀਤ-ਗੁਰੂ ਦੀ ਸੇਵਾ ਕਰਕੇ ਰੋਜ਼ਾਨਾ ਘੰਟਿਆਂ-ਬੱਧੀ ਅਭਿਆਸ ਕੀਤਾ ।

ਕਈਆਂ ਨੇ ਦੌਲਤ ਪ੍ਰਾਪਤ ਕਰਨ ਲਈ ਯਤਨ ਕੀਤੇ । ਜਦੋਂ ਉਨ੍ਹਾਂ ਦੇ ਅਜਿਹੇ ਯਤਨਾਂ ਨੂੰ ਭਰਪੂਰ ਸਫਲਤਾ ਮਿਲੀ, ਤਾਂ ਸ਼ੁਹਰਤ ਵੀ ਉਨ੍ਹਾਂ ਦੇ ਕਦਮ ਚੁੰਮਣ ਲਈ ਆ ਪਹੁੰਚੀ । ਸੰਸਾਰ ਦੇ ਪ੍ਰਸਿੱਧ ਖਰਬਪਤੀਆਂ ਦੀ ਸ਼ੁਹਰਤ ਦਾ ਕਾਰਣ ਉਨ੍ਹਾਂ ਦੀ ਬੇਹਿਸਾਬ ਸੰਪਤੀ ਹੀ ਹੈ ।

ਗਿੰਨੀਜ਼ ਬੁੱਕ ਆਫ਼ ਵਲਡ ਰਿਕਾਰਡਜ਼ ਵਲ ਨਿਗਾਹ ਮਾਰੀਏ, ਤਾਂ ਇੰਝ ਜਾਪਦਾ ਹੈ, ਜਿਵੇਂ ਸੰਸਾਰ ਦੇ ਬਹੁਤ ਸਾਰੇ ਲੋਕ ਮਸ਼ਹੂਰੀ ਪ੍ਰਾਪਤ ਕਰਨਾ ਲੋਚਦੇ ਹਨ । ਮਸ਼ਹੂਰੀ ਪ੍ਰਾਪਤ ਕਰਨ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ ।

ਕਈ ਰਿਕਾਰਡ ਐਸੇ ਹਨ, ਜਿਨ੍ਹਾਂ ਨੂੰ ਕੇਵਲ ਰਿਕਾਰਡ ਵਾਸਤੇ ਹੀ ਬਣਾਇਆ ਗਿਆ ਹੈ, ਵਰਨਾ ਉਸ ਦੀ ਆਪਣੀ ਕੋਈ ਮਹੱਤਤਾ ਨਹੀਂ ਹੈ । ਉਦਾਹਰਣ ਵਜੋਂ, ਸਭ ਤੋਂ ਜ਼ੋਰਦਾਰ ਤਾੜੀ ਮਾਰਨ ਦਾ ਰਿਕਾਰਡ ਨਿਊ ਜ਼ੀਲੈਂਡ ਦੇ ਅਲੈਸਟੇਅਰ ਗੈਲਪਿਨ ਦੇ ਨਾਮ ਹੈ, ਜੋ ਉਸ ਨੇ ਨਵੰਬਰ 2, 2008 ਵਿੱਚ ਬਣਾਇਆ ਸੀ । ਕੇਵਲ ਮਸ਼ਹੂਰੀ ਪ੍ਰਾਪਤ ਕਰਨ ਦੀ ਇੱਛਾ ਨਾਲ ਬਣਾਏ ਗਏ ਕਈ ਵਿਸ਼ਵ ਰਿਕਾਰਡ ਤਾਂ ਬਹੁਤ ਹੀ ਹਾਸੋਹੀਣੇ ਜਾਪਦੇ ਹਨ ।

ਐਸੇ ਵੀ ਲੋਕ ਹਨ, ਜਿਨ੍ਹਾਂ ਕੋਲ ਕੋਈ ਵੀ ਐਸੀ ਯੋਗਤਾ ਨਹੀਂ, ਜਿਸ ਨਾਲ ਉਹ ਕੋਈ ਵਿਸ਼ਵ ਰਿਕਾਰਡ ਬਣਾ ਕੇ ਸ਼ੁਹਰਤ ਖੱਟ ਸਕਣ । ਸ਼ੁਹਰਤ ਦੇ ਭੁਖੇ ਅਜਿਹੇ ਲੋਕਾਂ ਲਈ ਹੋਰ ਬਥੇਰੀਆਂ ਪੁੱਠੀਆਂ-ਸਿੱਧੀਆਂ ਹਰਕਤਾਂ ਮੌਜੂਦ ਹਨ । ਕਈ ਅਪਰਾਧੀ ਤਾਂ ਅਪਰਾਧ ਸਿਰਫ਼ ਇਸੇ ਲਈ ਹੀ ਕਰਦੇ ਹਨ ਕਿ ਉਹਨਾਂ ਨੂੰ ਲੋਕ ਜਾਣਨ ਲੱਗ ਪੈਣ ।

ਧਰਮ-ਪ੍ਰਚਾਰਕਾਂ ਦੇ ਰੂਪ ਵਿੱਚ ਫਿਰਦੇ ਕੁੱਝ ਲੋਕ ਧਰਮ-ਗ੍ਰੰਥਾਂ ਅਤੇ ਧਾਰਮਿਕ- ਪਰੰਪਰਾਵਾਂ ਦੇ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰ-ਕਰ ਕੇ ਹੀ ਸਸਤੀ ਅਤੇ ਥੋੜ੍ਹ-ਚਿਰੀ ਸ਼ੁਹਰਤ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲੈਂਦੇ ਹਨ । ਅਜਿਹੀ ਸਸਤੀ ਸ਼ੁਹਰਤ ਉਨ੍ਹਾਂ ਨੂੰ ਮਹਿੰਗੀ ਸੰਪਤੀ ਇਕੱਠੀ ਕਰਨ ਵਿੱਚ ਵੀ ਸਹਾਇਕ ਹੁੰਦੀ ਹੈ । ਅਜਿਹੀ ਸਸਤੀ ਸ਼ੁਹਰਤ ਪ੍ਰਾਪਤ ਕਰਨ ਲਈ ਮਿਹਨਤ ਦੀ ਲੋੜ ਨਹੀਂ ਹੁੰਦੀ ।

ਇਸ ਤਰ੍ਹਾਂ, ਅਸੀਂ ਦੇਖਦੇ ਹਾਂ ਕਿ ਸ਼ੁਹਰਤ ਪ੍ਰਾਪਤ ਕਰਨ ਦੇ ਰਾਸਤੇ ਔਖੇ ਵੀ ਹੋ ਸਕਦੇ ਹਨ ਤੇ ਸੌਖੇ ਵੀ । ਇਹ ਰਾਸਤੇ ਜਾਇਜ਼ ਵੀ ਹੋ ਸਕਦੇ ਹਨ, ਤੇ ਨਾਜਾਇਜ਼ ਵੀ ।

ਦੂਜੇ ਪਾਸੇ, ਅਜਿਹੇ ਲੋਕ ਵੀ ਹਨ, ਜੋ ਸ਼ੁਹਰਤ ਤੋਂ ਦੂਰ ਹੀ ਰਹਿੰਦੇ ਹਨ, ਜਾਂ ਦੂਰ ਹੀ ਰਹਿਣਾ ਚਾਹੁੰਦੇ ਹਨ । ਆਮ ਇਨਸਾਨ ਤਾਂ ਸ਼ੁਹਰਤ ਤੋਂ ਦੂਰ ਰਹਿੰਦਾ ਹੀ ਹੈ, ਕਈ ਵਿਦਵਾਨ ਤੇ ਸੁਯੋਗ ਵਿਅਕਤੀ ਵੀ ਦੁਨੀਆਵੀ ਸ਼ੁਹਰਤ ਤੋਂ ਦੂਰ ਗੁੰਮਨਾਮੀ ਦੀ ਜ਼ਿੰਦਗੀ ਬਿਤਾ ਕੇ ਇਸ ਦੁਨੀਆਂ ਤੋਂ ਵਿਦਾ ਹੋ ਗਏ । ਵਰਤਮਾਨ ਸਮੇਂ ਵਿੱਚ ਵੀ ਕਈ ਵਿਦਵਾਨ, ਗੁਣਵਾਨ ਤੇ ਸੁਯੋਗ ਵਿਅਕਤੀ ਸ਼ੁਹਰਤ ਦੀ ਚਕਾਚੌਂਧ ਤੋਂ ਦੂਰ ਗੁੰਮਨਾਮੀ ਦੀ ਅਵਸਥਾ ਵਿੱਚ ਜ਼ਿੰਦਗੀ ਜੀਊਣ ਨੂੰ ਹੀ ਤਰਜੀਹ ਦਿੰਦੇ ਹਨ ।

ਆਪਣੀ ਪ੍ਰਸਿੱਧ ਕਵਿਤਾ ‘ਮੈਂ ਨਹੀਂ ਰਹਿਣਾ ਤੇਰੇ ਗਿਰਾਂ’ ਵਿੱਚ ਪ੍ਰੋ. ਮੋਹਨ ਸਿੰਘ ਜੀ ਨੇ ਗੁੰਮਨਾਮੀ ਦੀ ਜ਼ਿੰਦਗੀ ਜੀਊਣ ਦੀ ਇੱਛਾ ਨੂੰ ਇਸ ਪ੍ਰਕਾਰ ਜ਼ਾਹਿਰ ਕੀਤਾ ਹੈ:

ਏਦਾਂ ਹੀ ਗੁਮਨਾਮੀ ਅੰਦਰ,
ਚੁਪ ਚੁਪੀਤਾ ਮੈਂ ਮਰ ਜਾਂ ।
ਨਾ ਕੋਈ ਮੈਨੂੰ ਲੰਬੂ ਲਾਵੇ,
ਨਾ ਕੋਈ ਮੇਰੀ ਕਬਰ ਬਣਾਵੇ,
ਨਾ ਕੋਈ ਉਤੇ ਫੁਲ ਚੜ੍ਹਾਵੇ,
ਨਾ ਕੋਈ ਉਤੇ ਦੀਆ ਜਗਾਵੇ,
ਨਾ ਕੋਈ ਹੋਵੇ ਰੋਵਣ ਵਾਲਾ,
ਵੈਣ ਗ਼ਮਾਂ ਦੇ ਛੋਹਣ ਵਾਲਾ,
ਨਾ ਹੀ ਮੇਰੀ ਫੂਹੜੀ ਉਤੇ,
ਜਾਣ ਦੁਹਰਾਏ ਮੇਰੇ ਕਿੱਸੇ,
ਨਾ ਹੀ ਮੇਰੀ ਜਾਇਦਾਦ ਤੇ,
ਲਿਸ਼ਕਣ ਛਵੀਆਂ, ਖੜਕਣ ਸੋਟੇ,
ਚੁਪ ਚੁਪੀਤਾ ਮੈਂ ਮਰ ਜਾਂ,
ਕੋਈ ਨਾ ਜਾਣੇ ਮੇਰਾ ਨਾਂ,
ਮੇਰਾ ਥਾਂ, ਮੇਰਾ ਨਿਸ਼ਾਂ ।
ਛਡ ਦੇ, ਚੂੜੇ ਵਾਲੀਏ ਕੁੜੀਏ !
ਛਡ ਦੇ, ਸੋਨੇ ਲਦੀਏ ਪਰੀਏ !
ਛਡ ਦੇ, ਛਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਆਪਣੀ ਇੱਕ ਹੋਰ ਕਵਿਤਾ ‘ਜੰਗਲ ਦਾ ਫੁਲ’ ਵਿੱਚ ਪ੍ਰੋ. ਮੋਹਨ ਸਿੰਘ ਕਿਸੇ ਫੁੱਲ ਵਾਂਗ ਜੀਣ ਦੀ ਇੱਛਾ ਕਰਦੇ ਹਨ: –

ਜੂਨ ਬੰਦੇ ਦੀ ਚੰਗੀ ਹੋਸੀ
ਐਪਰ ਮੈਂ ਪਛਤਾਂਦਾ ।
ਚੰਗਾ ਹੁੰਦਾ ਜੇ ਰੱਬ ਮੈਨੂੰ,
ਜੰਗਲੀ ਫੁੱਲ ਬਣਾਂਦਾ ।
ਦੂਰ ਦੁਰੇਡੇ ਪਾਪਾਂ ਕੋਲੋਂ,
ਕਿਸੇ ਜੂਹ ਦੇ ਖੂੰਜੇ,
ਚੁਪ ਚੁਪੀਤਾਂ ਉਗਦਾ, ਫੁਲਦਾ,
ਹਸਦਾ ਤੇ ਮਰ ਜਾਂਦਾ ।

ਇੱਥੇ ‘ਫੁੱਲ’ ਦਾ ਜ਼ਿਕਰ ਇਸ ਗੱਲ ਦਾ ਪ੍ਰਤੀਕ ਹੈ ਕਿ ਕਵੀ ਮਹਿਕਾਂ ਵੰਡਦਿਆਂ ਜੀਊਣ ਦੀ ਇੱਛਾ ਤਾਂ ਕਰਦਾ ਹੈ, ਪਰ ਨਾਲ ਹੀ ਕਿਸੇ ਸ਼ੁਹਰਤ ਤੋਂ ਦੂਰ ਰਹਿਣ ਦੀ ਵੀ ਕਾਮਨਾ ਕਰਦਾ ਹੈ ।

ਕੋਈ ਫੁੱਲ ਕਿਸੇ ਨੁੱਕਰੇ ਖਿੜਦਾ ਹੈ, ਮਹਿਕਾਂ ਵੰਡਦਾ ਹੈ, ਮੁਸਕੁਰਾਉਂਦਾ ਹੈ ਤੇ ਬਿਨ੍ਹਾਂ ਆਪਾ ਜਣਾਏ, ਇਸ ਦੁਨੀਆਂ ਤੋਂ ਵਿਦਾ ਹੋ ਜਾਂਦਾ ਹੈ ।

ਫ਼ਕੀਰਾਨਾ ਸੁਭਾਅ ਵਾਲਾ ਕੋਈ ਵਿਅਕਤੀ ਵੀ ਕਿਸੇ ਫੁੱਲ ਵਾਂਗ ਹੀ ਹੁੰਦਾ ਹੈ । ਉਸ ਵਿੱਚ ਭਰੇ ਹੋਏ ਗੁਣ ਉਸ ਦੀ ਸੁਗੰਧੀ ਹੁੰਦੇ ਹਨ । ਫ਼ਕੀਰਾਨਾ ਤਬੀਅਤ ਵਾਲਾ ਕੋਈ ਗੁਣਵਾਨ ਇਨਸਾਨ ਆਪਣੇ ਗੁਣਾਂ ਦੀ ਸੁਗੰਧੀ ਖਿਲਾਰਦਾ ਹੋਇਆ ਇਸ ਸੰਸਾਰ ਵਿੱਚ ਰਹਿੰਦਾ ਹੈ । ਉਹ ਚਕਾਚੌਂਧ ਵਾਲੀ ਸ਼ੁਹਰਤ ਦਾ ਭੁੱਖਾ ਨਹੀਂ ਹੁੰਦਾ । ਸਸਤੀ ਸ਼ੁਹਰਤ ਪ੍ਰਾਪਤ ਕਰਨ ਲਈ ਉਹ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਛੇੜ-ਛਾੜ ਨਹੀਂ ਕਰਦਾ । ਜਲਦੀ ਤੋਂ ਜਲਦੀ ਸ਼ੁਹਰਤ ਪ੍ਰਾਪਤ ਕਰਨ ਲਈ ਉਹ ਕਿਸੇ ਧਰਮ-ਗ੍ਰੰਥ ਜਾਂ ਧਾਰਮਿਕ-ਪਰੰਪਰਾ ਪ੍ਰਤੀ ਅਪਮਾਨਜਨਕ ਟਿੱਪਣੀਆਂ ਨਹੀਂ ਕਰਦਾ ਫਿਰਦਾ । ਫ਼ੌਰਨ ਪ੍ਰਾਪਤ ਹੋਣ ਵਾਲੀ, ਪ੍ਰੰਤੂ ਥੋੜ੍ਹਾ ਹੀ ਚਿਰ ਰਹਿਣ ਵਾਲੀ ਅਜਿਹੀ ਸ਼ੁਹਰਤ ਨੂੰ ਪਾਉਣ ਲਈ ਉਹ ਆਪਣੇ ਗੁਰੂ ਤੋਂ ਬੇਮੁੱਖ ਨਹੀਂ ਹੁੰਦਾ ।

ਕਿਸੇ ਫੁੱਲ ਨੂੰ ਅਜਿਹਾ ਕਰਨ ਦੀ ਜ਼ਰੂਰਤ ਵੀ ਕੀ ਹੈ ? ਸ਼ੁਹਰਤ ਪਿੱਛੇ ਭੱਜਣਾ ਤਾਂ ਉਸ ਦੀ ਫ਼ਿਤਰਤ ਹੀ ਨਹੀਂ ਹੈ । ਉਸ ਦਾ ਉਦੇਸ਼ ਹੈ ਖ਼ੁਸ਼ਬੂ ਵੰਡਣਾ ਤੇ ਉਹ ਆਪਣਾ ਉਦੇਸ਼ ਪੂਰਾ ਕਰਨ ਵਿੱਚ ਰੁੱਝਾ ਰਹਿੰਦਾ ਹੈ ।

ਫੁੱਲ ਜਿੱਥੇ ਵੀ ਖਿੜੇ, ਉੱਥੇ ਹੀ ਸੁਗੰਧੀ ਵੰਡਣਾ ਸ਼ੁਰੂ ਕਰ ਦਿੰਦਾ ਹੈ । ਉਦਾਸ ਵਿਅਕਤੀ ਜੇ ਫੁੱਲਾਂ ਨੂੰ ਦੇਖ ਲਏ, ਤਾਂ ਉਸ ਦਾ ਹਿਰਦਾ ਖਿੜ ਪੈਂਦਾ ਹੈ । ਫੁੱਲ ਸਦਾ ਮੁਸਕੁਰਾਉਂਦੇ ਹਨ । ਸੁਗੰਧੀਆਂ ਵੰਡਣਾ ਫੁੱਲ ਦਾ ਗੁਣ ਹੈ । ਮੁਸਕੁਰਾਉਂਦੇ ਰਹਿਣਾ ਫੁੱਲ ਦਾ ਗੁਣ ਹੈ । ਫੁੱਲ ਦੇ ਇਹ ਗੁਣ ਸੁਭਾਵਿਕ ਹਨ ਤੇ ਉਹ ਇਨ੍ਹਾਂ ਦਾ ਤਿਆਗ ਨਹੀਂ ਕਰ ਸਕਦਾ । ਫੁੱਲ ਦੇ ਇਨ੍ਹਾਂ ਗੁਣਾਂ ਕਾਰਣ ਹੀ ਉਹ ਤੋੜ ਲਿਆ ਜਾਂਦਾ ਹੈ, ਭਾਵ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ।

ਕਬੀਰ ਸਾਹਿਬ ਜੀ ਨੇ ਜੀਊਂਦੇ ਜਾਗਦੇ ਫੁੱਲਾਂ ਨੂੰ ਤੋੜ ਕੇ ਪੱਥਰ ਅੱਗੇ ਅਰਪਿਤ ਕਰਨ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਉਚਾਰਿਆ: –

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥ ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥ ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥
(੪੭੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਮਾਲਣ ਭੁੱਲੀ ਹੋਈ ਹੈ । ਉਹ ਨਹੀਂ ਜਾਣਦੀ ਕਿ ਜੀਊਂਦੇ ਫੁੱਲਾਂ ਨੂੰ ਤੋੜ ਕੇ ਉਹ ਜਿਸ ਪੱਥਰ ਅੱਗੇ ਅਪਰਣ ਕਰ ਰਹੀ ਹੈ, ਉਹ ਪੱਥਰ ਤਾਂ ਨਿਰਜਿੰਦ ਹੈ ।

ਫਿਰ ਵੀ, ਮਹਿਕਾਂ ਵੰਡਦੇ ਤੇ ਮੁਸਕੁਰਾਹਟਾਂ ਖਿਲਾਰਦੇ ਫੁੱਲਾਂ ਦਾ ਕਤਲ ਜਾਰੀ ਹੈ । ਫੁੱਲ ਨੂੰ ਵੀ ਕਤਲ ਹੋਣਾ ਤਾਂ ਮਨਜ਼ੂਰ ਹੈ, ਪਰ ਆਪਣੇ ਗੁਣਾਂ ਦਾ ਤਿਆਗ ਕਰਨਾ ਮਨਜ਼ੂਰ ਨਹੀਂ ਹੈ । ਉਹ ਬੇਖ਼ਬਰ ਤੁਰੇ ਜਾਂਦੇ ਰਾਹੀ ਨੂੰ ਵੀ ਖ਼ੁਸ਼ਬੂ ਵੰਡਦਾ ਹੈ । ਇਹ ਫੁੱਲ ਦੀ ਉਦਾਰਤਾ ਹੈ ।

ਫੁੱਲ ਦੀ ਇਸੇ ਉਦਾਰਤਾ ਦਾ ਵਰਣਨ ਪ੍ਰੋ. ਮੋਹਨ ਸਿੰਘ ਨੇ ਆਪਣੀ ਕਵਿਤਾ ‘ਉਦਾਰਤਾ’ ਵਿੱਚ ਕੀਤਾ ਹੈ । ਕਵੀ ਕਹਿੰਦਾ ਹੈ: –

ਇਕ ਦਿਨ ਮੈਂ ਫੁਲਵਾੜੀ ਵਿਚੋਂ
ਲੰਘ ਰਿਹਾ ਸਾਂ ਕੱਲਾ,
ਕੰਡੇ ਇਕ ਗੁਲਾਬੀ ਫੁਲ ਦੇ
ਬਹਿ ਗਏ ਫੜ ਕੇ ਪੱਲਾ ।

ਫੁੱਲ ਦੇ ਜਵਾਬ ਨੂੰ ਕਵੀ ਨੇ ਇੰਝ ਕਲਪਿਆ ਹੈ: –

ਨਾ ਕਰ ਐਡੀ ਕਾਹਲੀ ਰਾਹੀਆ,
ਪਲ ਦਾ ਪਲ ਖਲੋਵੀਂ,
ਖ਼ੁਸ਼ਬੂਆਂ ਦੇ ਢੋਏ ਬਾਝੋਂ,
ਅਸਾਂ ਜਾਣ ਨਹੀ ਦੇਣਾ ਮੱਲਾ ।

ਤੋੜ ਦਿੱਤੇ ਜਾਣ ਦੇ ਖ਼ਤਰੇ ਦੇ ਬਾਵਜੂਦ ਫੁੱਲ ਨਾ ਤਾਂ ਸੁਗੰਧੀ ਵੰਡਣਾ ਛੱਡਦਾ ਹੈ ਤੇ ਨਾ ਹੀ ਮੁਸਕੁਰਾਉਣਾ ਬੰਦ ਕਰਦਾ ਹੈ । ਆਪਣੀ ਕਵਿਤਾ ‘ਹੱਸਣਾ’ ਵਿੱਚ ਪ੍ਰੋ. ਮੋਹਨ ਸਿੰਘ ਇੱਕ ਫੁੱਲ ਨੂੰ ਸੰਬੋਧਨ ਕਰਦੇ ਹਨ : –

ਬੇ ਖ਼ਬਰਾ ਬੇ ਹੋਸ਼ਾ ਫੁੱਲਾ,
ਹੱਸ ਨਾ ਚਾਈਂ ਚਾਈਂ ।
ਇਸ ਹਾਸੇ ਵਿਚ ਮੌਤ ਗਲੇਫੀ,
ਖ਼ਬਰ ਨਾ ਤੇਰੇ ਤਾਈਂ ।

ਕਵੀ ਨੇ ਫੁੱਲ ਦੇ ਜਵਾਬ ਨੂੰ ਇਸ ਪ੍ਰਕਾਰ ਕਲਪਿਆ ਹੈ: –

ਪੈ ਜਾ ਆਪਣੇ ਰਾਹੇ ਰਾਹੀਆ,
ਨਾ ਕਰ ਪੈਂਡਾ ਖੋਟਾ,
ਦੋ ਘੜੀਆਂ ਅਸਾਂ ਜੀਉਣਾ, ਸਾਨੂੰ
ਹਸਣੋਂ ਨਾ ਅਟਕਾਈਂ ।

ਗੁਣਵਾਨ ਧਰਮੀ ਜੀਊੜਾ ਫੁੱਲ ਵਾਂਗ ਹੈ । ਉਸ ਨੂੰ ਮਰਣਾ ਮਨਜ਼ੂਰ ਹੈ, ਪਰ ਆਪਣੇ ਗੁਣ ਵੰਡਣ ਦੀ ਆਪਣੀ ਆਦਤ ਦਾ ਉਹ ਕਦੇ ਤਿਆਗ ਨਹੀਂ ਕਰਦਾ । ਆਪਣੇ ਗੁਣ ਸਭ ਨਾਲ ਸਾਂਝੇ ਕਰਦਿਆਂ ਉਹ ਸ਼ੁਹਰਤ ਦੀ ਭੁੱਖ ਨਹੀਂ ਰੱਖਦਾ, ਬਲਕਿ ਗੁੰਮਨਾਮੀ ਨੂੰ ਹੀ ਪਸੰਦ ਕਰਦਾ ਹੈ ।

ਫੁੱਲਾਂ ਦੀ ਗੱਲ ਛਿੜੀ ਹੈ, ਤਾਂ ਬਨਫ਼ਸ਼ਾਂ ਦੇ ਫੁੱਲ ਦਾ ਵੀ ਜ਼ਿਕਰ ਕਰ ਲਵਾਂ । ਬਨਫ਼ਸ਼ਾਂ ਦੇ ਫੁੱਲ ਇਸ ਢੰਗ ਨਾਲ ਉੱਗਦੇ ਹਨ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਨਾ ਆਉਣ, ਪਰ ਇਨ੍ਹਾਂ ਦੀ ਖ਼ੁਸ਼ਬੂ ਲੋਕਾਂ ਤਕ ਜਾ ਪੁੱਜਦੀ ਹੈ । ਗੁਣਵਾਨ ਧਰਮੀ ਇਨਸਾਨ ਵੀ ਅਜਿਹੇ ਹਨ । ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਨਹੀਂ ਆਉਣਾ ਚਾਹੁੰਦੇ, ਪਰ ਉਨ੍ਹਾਂ ਦੇ ਗੁਣ ਅਜਿਹੇ ਹਨ ਕਿ ਉਹ ਛਿਪੇ ਹੋਏ ਵੀ ਨਹੀਂ ਰਹਿੰਦੇ । ਬਨਫ਼ਸ਼ਾਂ ਦਾ ਫੁੱਲ ਹੋਵੇ ਜਾਂ ਕੋਈ ਗੁਣਵਾਨ ਧਰਮੀ ਜੀਊੜਾ, ਇਨ੍ਹਾਂ ਵਿੱਚੋਂ ਕੋਈ ਵੀ ਸ਼ੁਹਰਤ ਦੇ ਪਿੱਛੇ ਨਹੀਂ ਭੱਜਦਾ । ਹਾਂ, ਉਨ੍ਹਾਂ ਦੇ ਗੁਣ ਹੀ ਉਨ੍ਹਾਂ ਨੂੰ ਸੰਸਾਰ ਵਿੱਚ ਜ਼ਾਹਿਰ ਕਰ ਦਿੰਦੇ ਹਨ ।

ਭਾਈ ਸਾਹਿਬ ਵੀਰ ਸਿੰਘ ਜੀ ਨੇ ਆਪਣੀ ਕਮਾਲ ਦੀ ਕਵਿਤਾ ‘ਬਨਫਸ਼ਾਂ ਦਾ ਫੁੱਲ’ ਵਿੱਚ ਫੁੱਲ ਦੀ ਇੱਛਾ ਬਾਰੇ ਆਪਣੇ ਮਨ ਦੀਆਂ ਤਰੰਗਾਂ ਦਾ ਬਹੁਤ ਹੀ ਕੋਮਲ ਸ਼ਬਦਾਂ ਵਿੱਚ ਬਿਆਨ ਕੀਤਾ ਹੈ ।

ਭਾਈ ਸਾਹਿਬ ਵੀਰ ਸਿੰਘ ਜੀ ਦੀ ਕਵਿਤਾ ਭਾਵੇਂ ਬਿਆਨ ਤਾਂ ਬਨਫ਼ਸ਼ਾਂ ਦੇ ਫੁੱਲ ਦਾ ਕਰ ਰਹੀ ਹੈ, ਪਰ ਇਸ ਵਿੱਚੋਂ ਉਸ ਗੁਣੀ ਧਰਮੀ ਇਨਸਾਨ ਦੀ ਇੱਛਾ ਵੀ ਜ਼ਾਹਿਰ ਹੋ ਰਹੀ ਹੈ, ਜੋ ਸਸਤੀ ਸ਼ੁਹਰਤ ਤੋਂ ਦੂਰ ਰਹਿਣਾ ਚਾਹੁੰਦਾ ਹੈ ਤੇ ‘ਛਿਪੇ ਰਹਿਣ ਦੀ ਚਾਹ’ ਰੱਖਦਾ ਹੈ । ਪੂਰੀ ਕਵਿਤਾ ਇਸ ਪ੍ਰਕਾਰ ਹੈ:

ਮਿਰੀ ਛਿਪੀ ਰਹੇ ਗੁਲਜ਼ਾਰ,
ਮੈਂ ਨੀਵਾਂ ਉੱਗਿਆ ;
ਕੁਈ ਲਗੇ ਨ ਨਜ਼ਰ ਟਪਾਰ,
ਮੈਂ ਪਰਬਤ ਲੁੱਕਿਆ ।

ਮੈਂ ਲਿਆ ਅਕਾਸ਼ੋਂ ਰੰਗ
ਜੁ ਸ਼ੋਖ਼ ਨ ਵੰਨ ਦਾ;
ਹਾਂ, ਧੁਰੋਂ ਗ਼ਰੀਬੀ ਮੰਗ,
ਮੈਂ ਆਯਾ ਜਗਤ ਤੇ ।

ਮੈਂ ਪੀਆਂ ਅਰਸ਼ ਦੀ ਤ੍ਰੇਲ,
ਪਲਾਂ ਮੈਂ ਕਿਰਨ ਖਾ ;
ਮੇਰੀ ਨਾਲ ਚਾਂਦਨੀ ਖੇਲ,
ਰਾਤਿ ਰਲ ਖੇਲੀਏ ।

ਮੈਂ ਮਸਤ ਆਪਣੇ ਹਾਲ,
ਮਗਨ ਗਂਧਿ ਆਪਣੀ ।
ਹਾਂ, ਦਿਨ ਨੂੰ ਭੌਰੇ ਨਾਲ
ਭਿ ਮਿਲਨੋਂ ਸੰਗਦਾ ।

ਆ ਸ਼ੋਖੀ ਕਰਕੇ ਪਉਣ
ਜਦੋਂ ਗਲ ਲੱਗਦੀ,
ਮੈਂ ਨਾਂਹਿ ਹਿਲਾਵਾਂ ਧਉਣ
ਵਾਜ ਨਾ ਕੱਢਦਾ ।

ਹੋ, ਫਿਰ ਬੀ ਟੁੱਟਾਂ, ਹਾਇ!
ਵਿਛੋੜਨ ਵਾਲਿਓ
ਮਿਰੀ ਭਿੰਨੀ ਇਹ ਖ਼ੁਸ਼ਬੋਇ
ਕਿਵੇਂ ਨਾ ਛਿੱਪਦੀ ।

ਮਿਰੀ ਛਿਪੇ ਰਹਿਣ ਦੀ ਚਾਹ
ਤੇ ਛਿਪ ਟੁਰ ਜਾਣ ਦੀ;
ਹਾ, ਪੂਰੀ ਹੁੰਦੀ ਨਾਂਹ,
ਮੈਂ ਤਰਲੇ ਲੈ ਰਿਹਾ ।

-0-

ਸਿੱਖੀ (ਪ੍ਰੋ. ਮੋਹਨ ਸਿੰਘ ਜੀ ਦੀ ਕਵਿਤਾ)

ਕਵੀ ਪ੍ਰੋ. ਮੋਹਨ ਸਿੰਘ ਜੀ ਦਾ ਕਾਵਿ-ਸੰਗ੍ਰਹਿ ‘ਸਾਵੇ ਪੱਤਰ’ ਮੇਰੇ ਹੱਥਾਂ ਵਿੱਚ ਹੈ । ਬਹੁਤ ਸ਼ਾਨਦਾਰ ਕਵਿਤਾਵਾਂ ਹਨ । ਇਸੇ ਸੰਗ੍ਰਹਿ ਵਿੱਚ ਇੱਕ ਕਵਿਤਾ ਹੈ ‘ਸਿੱਖੀ’ । ਕਵਿਤਾ ਦੀ ਰਵਾਨੀ ਦੇਖਦਿਆਂ ਹੀ ਬਣਦੀ ਹੈ । ਪੰਜਾਬੀ ਮਾਂ-ਬੋਲੀ ਦੀ ਮਿਠਾਸ ਦਾ ਉੱਤਮ ਨਮੂਨਾ ਹੈ ਇਹ ਕਵਿਤਾ । ਪਤਾ ਨਹੀ ਕਿਉਂ, ਅੱਜ ਦੇ ਪੰਜਾਬੀ ਕਵੀ ਗੁਰਸਿੱਖੀ ਨੂੰ ਸਮਰਪਿਤ ਅਜਿਹੀਆਂ ਮਿੱਠੀਆਂ ਕਵਿਤਾਵਾਂ ਨਹੀਂ ਸਿਰਜ ਸਕਦੇ?

ਮੈਂ ਇੱਥੇ ਪ੍ਰੋ. ਮੋਹਨ ਸਿੰਘ ਜੀ ਦੀ ਇਹ ਕਵਿਤਾ ਪਾਠਕਾਂ ਨਾਲ ਸਾਂਝੀ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ: –

ਸਿੱਖੀ

ਉਹ ਕਿਹੜਾ ਬੂਟਾ ਏ?

ਹਰ ਥਾਂ ਜੋ ਪਲਦਾ ਏ –
ਆਰੇ ਦੇ ਦੰਦਿਆਂ ਤੇ,
ਰੰਬੀ ਦੀਆਂ ਧਾਰਾਂ ਤੇ,
ਖ਼ੈਬਰ ਦਿਆਂ ਦਰਿਆਂ ਵਿਚ,
ਸਰਸਾ ਦੀਆਂ ਲਹਿਰਾਂ ਤੇ,
ਸਤਲੁਜ ਦੇ ਕੰਢੇ ਤੇ,
ਲੱਖੀ ਦੇ ਜੰਗਲ ਵਿਚ,
ਰੋੜਾਂ ਵਿਚ, ਰਕੜਾਂ ਵਿਚ,
ਬੰਜਰਾਂ ਵਿਚ, ਝੱਖੜਾਂ ਵਿਚ,
ਗੜਿਆਂ ਵਿਚ, ਮੀਹਾਂ ਵਿਚ,
ਸਰਹੰਦ ਦੀਆਂ ਨੀਹਾਂ ਵਿਚ,
ਜਿੱਥੇ ਵੀ ਲਾ ਦਈਏ,
ਓਥੇ ਹੀ ਪਲਦਾ ਏ,
ਜਿਤਨਾ ਇਹ ਛਾਂਗ ਦਈਏ,
ਉਤਨਾ ਇਹ ਫਲਦਾ ਏ ।

ਉਹ ਕਿਹੜਾ ਬੂਟਾ ਏ?

ਭੁਖਿਆਂ ਤਰਿਹਾਇਆਂ ਨੂੰ,
ਜੋ ਫਲ ਖਵਾਂਦਾ ਏ,
ਥਕਿਆਂ ਤੇ ਟੁਟਿਆਂ ਨੂੰ,
ਛਾਂ ਵਿਚ ਸਵਾਂਦਾ ਏ ।
ਜਿਹੜਾ ਵੀ ਸ਼ਰਨ ਲਵੇ,
ਉਸ ਤਾਈਂ ਬਚਾਂਦਾ ਏ !
ਜੇ ਝੱਖੜ ਆ ਜਾਵੇ,
ਜੇ ਨ੍ਹੇਰੀ ਆ ਜਾਵੇ,
ਅਬਦਾਲੀ ਆ ਜਾਵੇ,
ਕੋਈ ਨਾਦਰ ਆ ਜਾਵੇ,
ਮਾਸੂਮ ਗੁਟਾਰਾਂ ਨੂੰ,
ਬੇਦੋਸੀਆਂ ਚਿੜੀਆਂ ਨੂੰ,
ਬੇਲੋਸੀਆਂ ਘੁਗੀਆਂ ਨੂੰ,
ਕੂੰਜਾਂ ਦੀਆਂ ਡਾਰਾਂ ਨੂੰ,
ਇਹ ਤੁਰਤ ਛੁਪਾ ਲੈਂਦਾ,
ਇਹ ਆਹਲਣੇ ਪਾ ਲੈਂਦਾ,
ਤੇ ਰਾਖਾ ਬਣ ਬਹਿੰਦਾ ।

ਪੈਰ ਇਸ ਦੇ ਧਰਤੀ ਤੇ,
ਪਰ ਆਪ ਉਚੇਰਾ ਏ ।
ਜੇਲ੍ਹਾਂ ਦੀਆਂ ਕੋਠੜੀਆਂ,
ਜ਼ੰਜੀਰਾਂ ਹੱਥਕੜੀਆਂ,
ਇਹ ਰੱਸੇ ਫਾਂਸੀ ਦੇ,
ਤੇ ਤੜੀਆਂ ਰਾਜ ਦੀਆਂ,
ਜਾਗੀਰਾਂ ਦੇ ਚਕਮੇ,
ਸਰਦਾਰੀ ਦੇ ਤਕਮੇ,
ਦੁਨੀਆਂ ਦੀਆਂ ਤੰਗ-ਦਿਲੀਆਂ,
ਤੇੜਾਂ ਤੇ ਪਾਰਟੀਆਂ,
ਗੁਮਰਾਹੀਆਂ ਰੰਗ ਰਲੀਆਂ,
ਤੇ ਕੁੜੀਆਂ ਝੰਗ ਦੀਆਂ,
ਇਹਦੇ ਗੋਡਿਓਂ ਥੱਲੇ ਨੇ,
ਇਹਦੇ ਗਿਟਿਓਂ ਥੱਲੇ ਨੇ,
ਇਹਦੇ ਪੈਰੋਂ ਥੱਲੇ ਨੇ ।
ਜਿਥੇ ਦਿਲ ਇਸ ਦਾ ਏ,
ਜਿਥੇ ਸਿਰ ਇਸ ਦਾ ਏ,
ਉਹ ਥਾਂ ਉਚੇਰੀ ਏ,
ਉਹ ਖੁਲ੍ਹੀ ਹਵਾ ਵਿਚ ਏ,
ਉਹ ਪਾਕ ਫ਼ਜ਼ਾ ਵਿਚ ਏ,
ਉਹ ਖ਼ਾਸ ਖ਼ੁਦਾ ਵਿਚ ਏ,
ਜਿਥੇ ਨਾ ਵੈਰ ਕੋਈ !
ਜਿਥੇ ਨਾ ਗ਼ੈਰ ਕੋਈ ।

ਕੀ ਹੋਇਆ ਜੇ ?

ਅਜ ਸ਼ਾਖ਼ਾਂ ਏਸ ਦੀਆਂ,
ਅਜ ਲਗਰਾਂ ਏਸ ਦੀਆਂ,
ਆਪੋ ਵਿਚ ਪਾਟ ਗਈਆਂ,
ਆਪੋ ਵਿਚ ਤਿੜਕ ਪਈਆਂ,
ਕੋਈ ਪੂਰਬ ਚਲੀ ਗਈ,
ਕੋਈ ਪੱਛਮ ਚਲੀ ਗਈ,
ਕੋਈ ਪਿੰਡੀ ਮਲ ਬੈਠੀ,
ਕੋਈ ਭੈਣੀ ਜਾ ਬੈਠੀ,
ਪਰ ਮੁੱਢ ਤਾਂ ਇਕੋ ਏ,
ਪਰ ਖ਼ੂਨ ਤੇ ਸਾਂਝਾ ਏ ।

(ਕਵੀ: ਪ੍ਰੋ. ਮੋਹਨ ਸਿੰਘ, ਕਾਵਿ ਸੰਗ੍ਰਹਿ ‘ਸਾਵੇ ਪੱਤਰ’ ਵਿਚੋਂ ਧੰਨਵਾਦ ਸਹਿਤ)

ਮੈਂ ਕਿਸੇ ਕਹੂੰ ਮੇਰੇ ਸਾਥ ਚਲ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਪ੍ਰਸਿੱਧ ਕਹਾਵਤ ਹੈ, ‘ਇੱਕ ਤੇ ਇੱਕ ਗਿਆਰ੍ਹਾਂ ਹੁੰਦੇ ਹਨ’ । ਮੈਂ ਇਸ ਨਾਲ ਸਹਿਮਤ ਹਾਂ । ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨਾ ਚੰਗੀ ਗੱਲ ਹੈ, ਜੇ ਇਸ ਨਾਲ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ ।

ਜਦੋਂ ਮੈਂ ‘ਜੋ ਤੁਰੇ ਸੀ ਮੇਰੇ ਨਾਲ‘ (http://www.amritworld.com/main/?p=1472) ਦੇ ਸਿਰਲੇਖ ਹੇਠ ਕੁੱਝ ਟਿੱਪਣੀਆਂ ਕੀਤੀਆਂ ਸਨ, ਤਾਂ ਮੇਰਾ ਭਾਵ ਇਹ ਨਹੀਂ ਸੀ ਕਿ ਟੀਮ ਬਣਾ ਕੇ ਕੰਮ ਨਹੀਂ ਕੀਤਾ ਜਾਣਾ ਚਾਹੀਦਾ । ਕੁੱਝ ਦੋਸਤਾਂ ਨੇ ਮੇਰੀਆਂ ਉਨ੍ਹਾਂ ਟਿੱਪਣੀਆਂ ਤੋਂ ਇਹ ਪ੍ਰਭਾਵ ਲਿਆ ਜਿਵੇਂ ਮੈਂ ਮਿਲ ਕੇ ਕੰਮ (ਟੀਮ ਵਰਕ / Teamwork) ਕਰਨ ਦੇ ਖ਼ਿਲਾਫ਼ ਹਾਂ । ਸੱਚ ਇਹ ਹੈ ਕਿ ਮਿਲ ਕੇ, ਇੱਕ ਟੀਮ ਬਣਾ ਕੇ ਕੰਮ ਕਰਨ ਦੇ ਮੈਂ ਖ਼ਿਲਾਫ਼ ਨਹੀਂ ਹਾਂ ।

ਮੇਰੀਆਂ ਉਹ ਟਿੱਪਣੀਆਂ ਖ਼ਾਸ ਸੰਦਰਭ ਵਿੱਚ ਹੀ ਸਨ ਤੇ ਉਨ੍ਹਾਂ ਨੂੰ ਸਿਰਫ਼ ਉਸ ਸੰਦਰਭ ਵਿੱਚ ਹੀ ਦੇਖਿਆ ਜਾਣਾ ਬਣਦਾ ਹੈ । ਚਲੋ, ਉਸੇ ਵੀਚਾਰ ਨੂੰ ਹੋਰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ।

ਜੋ ਤੁਰੇ ਸੀ ਮੇਰੇ ਨਾਲ‘ ਦੇ ਸਿਰਲੇਖ ਹੇਠ ਟਿੱਪਣੀ ਕਰਦਿਆਂ ਮੈਂ ਲਿੱਖਿਆ ਸੀ, “ਧਰਮ, ਦੇਸ਼ ਤੇ ਕੌਮ ਲਈ ਸਾਹਿਤਿਕ ਤੇ ਵਿਦਿਅਕ ਸੇਵਾ ਲਈ ਇੱਕ ਟੀਮ ਬਣਾ ਕੇ ਆਪਣੀ ਜ਼ਿੰਦਗੀ ਸਮਰਪਿਤ ਕਰਨ ਦੀਆਂ ਗੱਲਾਂ ਕਈ ਸਾਲ ਪਹਿਲਾਂ ਅਸੀਂ ਇੱਕ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਕਰਦੇ ਸਾਂ । ਲੱਗਭੱਗ ਰੋਜ਼ਾਨਾ ਉਸ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕੀਰਤਨ ਤੇ ਗੁਰਮਤਿ ਵੀਚਾਰ ਕਰਨ ਵਿੱਚ ਬੜਾ ਮਜ਼ਾ ਆਉਂਦਾ ਸੀ ।

ਅੱਗੇ ਮੈਂ ਲਿੱਖਿਆ ਸੀ, “ਵਕਤ ਬੀਤਦਾ ਗਿਆ । ਫਿਰ ਉਹ ਸਮਾਂ ਵੀ ਆਇਆ, ਜਦੋਂ ਉਸ ਰਾਸਤੇ ਉੱਤੇ ਮੈਂ ਆਪਣੇ ਆਪ ਨੂੰ ਬਿਲਕੁਲ ਇਕੱਲਾ ਹੀ ਤੁਰਦਾ ਪਾਇਆ । ਪਾਰਿਵਾਰਿਕ ਜ਼ਿੰਦਗੀ ਦੀ ਘੁੰਮਣਘੇਰੀ ਵਿੱਚ ਮੇਰੇ ਸਾਰੇ ਸਾਥੀ ਗੁੰਮ ਹੁੰਦੇ ਚਲੇ ਗਏ । ਹੁਣ ਕਦੇ ਮੈਂ ਤੁਰਨ ਲੱਗ ਪੈਂਦਾ ਹਾਂ ਤੇ ਕਦੇ ਬਹਿ ਕੇ ਆਰਾਮ ਕਰਨ ਲੱਗਦਾ ਹਾਂ । ਆਪਣੇ ਆਪ ਨੂੰ ਇਹ ਧੋਖਾ ਜਿਹਾ ਹੀ ਦੇ ਰਿਹਾ ਹਾਂ ਕਿ ਮੈਂ ਕੁੱਝ ਕਰ ਰਿਹਾ ਹਾਂ ।

ਕੁੱਝ ਦੋਸਤਾਂ ਨੂੰ ਗ਼ਲਤਫ਼ਹਿਮੀ ਇਨ੍ਹਾਂ ਸਤਰਾਂ ਤੋਂ ਹੋਈ, “ਐਸੀ ਸਕੀਮ ਅਸਫ਼ਲ ਹੋ ਜਾਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜਿਸ ਵਿੱਚ ਕਿਸੇ ਹੋਰ ਦਾ ਸਹਿਯੋਗ ਜ਼ਰੂਰੀ ਹੋਵੇ । ਕੀ ਪਤਾ ਉਹ ਸਹਿਯੋਗ ਦਵੇ ਜਾਂ ਨਾ? ਜਾਂ ਭਵਿੱਖ ਵਿੱਚ ਕਦੇ ਸਹਿਯੋਗ ਦੇਣਾ ਬੰਦ ਕਰ ਦਵੇ ? ਜੋ ਕੰਮ ਕੋਈ ਵਿਅਕਤੀ ਇਕੱਲਾ ਕਰ ਸਕੇ, ਬਸ ਉਸੇ ਕੰਮ ਲਈ ਹੀ ਯਤਨ ਕਰਨਾ ਚਾਹੀਦਾ ਹੈ ।

ਅਸਲ ਵਿੱਚ, ਮੇਰਾ ਭਾਵ ਇਹ ਸੀ ਕਿ ਜੇ ਟੀਮ ਹੋਵੇ, ਤਾਂ ਭਰੋਸੇਯੋਗ ਤੇ ਪੂਰੀ ਤਰ੍ਹਾਂ ਸਮਰਪਿਤ ਟੀਮ ਹੋਵੇ । ਜੇ ਭਰੋਸੇਯੋਗ ਤੇ ਪੂਰੀ ਤਰ੍ਹਾਂ ਸਮਰਪਿਤ ਟੀਮ ਦਾ ਗਠਨ ਨਾ ਕੀਤਾ ਜਾ ਸਕੇ, ਤਾਂ… “ਜੋ ਕੰਮ ਕੋਈ ਵਿਅਕਤੀ ਇਕੱਲਾ ਕਰ ਸਕੇ, ਬਸ ਉਸੇ ਕੰਮ ਲਈ ਹੀ ਯਤਨ ਕਰਨਾ ਚਾਹੀਦਾ ਹੈ ।

ਜਦੋਂ ਅਸੀਂ ਇੱਕ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਧਰਮ, ਦੇਸ਼ ਤੇ ਕੌਮ ਲਈ ਕੁੱਝ ਕਰਨ ਦੀ ਵੀਚਾਰ ਕਰਦੇ ਸਾਂ, ਤਾਂ ਮੇਰੇ ਦਿਮਾਗ਼ ਵਿੱਚ ਕੁੱਝ ਖ਼ਾਸ ਯੋਜਨਾਵਾਂ ਸਨ । ਮੁੱਖ ਯੋਜਨਾ ਤਾਂ ਇਹ ਹੀ ਸੀ ਕਿ ਭਰੋਸੇਯੋਗ ਤੇ ਵਿਦਵਤਾ ਭਰਪੂਰ ਲਿਖਤਾਂ ਤਿਆਰ ਕੀਤੀਆਂ ਜਾਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਉਸ ਤੋਂ ਲਾਭ ਉਠਾ ਸਕਣ । ਬੱਚਿਆਂ ਤੇ ਨੌਜਵਾਨਾਂ ਵਿੱਚ ਪ੍ਰਚਾਰ ਕਰਨ ਦੀ ਯੋਜਨਾ ਵੀ ਸੀ । ਇਹ ਯੋਜਨਾ ਵੀ ਸੀ ਕਿ ਪੰਜਾਬ ਤੋਂ ਬਾਹਰ ਜਾ ਕੇ ਵੀ ਪ੍ਰਚਾਰ ਕੀਤਾ ਜਾਵੇ । ਇਹ ਪ੍ਰਚਾਰ ਕੇਵਲ ਸਿੱਖ ਪਰਿਵਾਰਾਂ ਵਾਸਤੇ ਹੀ ਨਾ ਹੋਵੇ, ਬਲਕਿ ਗ਼ੈਰ-ਸਿੱਖ ਜਨਤਾ ਤਕ ਵੀ ਗੁਰਮਤਿ ਅਤੇ ਗੁਰੂ-ਇਤਿਹਾਸ ਦੀ ਜਾਣਕਾਰੀ ਪਹੁੰਚਾਈ ਜਾਵੇ ।

ਜਦੋਂ ਇਹ ਵੀਚਾਰਾਂ ਕਰਦੇ ਸਾਂ, ਉਦੋਂ ਨਿੱਤਨੇਮ ਦੀਆਂ ਬਾਣੀਆਂ ਉੱਤੇ ਅਜੋਕੇ ਸਮੇਂ ਵਿੱਚ ਹੋ ਰਹੇ ਯੋਜਨਾਬੱਧ ਹਮਲੇ ਅਜੇ ਇੰਝ ਸ਼ੁਰੂ ਨਹੀਂ ਸਨ ਹੋਏ । 1984 ਵਿੱਚ ਪੰਜਾਬ, ਦਿੱਲੀ, ਬਿਹਾਰ ਤੇ ਹੋਰ ਥਾਵਾਂ ‘ਤੇ ਹੋਏ ਘੱਲੂਘਾਰੇ ਦੇ ਦਰਦ ਨੂੰ ਮੈਂ ਬਹੁਤ ਮਹਿਸੂਸ ਕਰਦਾ ਸੀ । ਮੇਰੇ ਪਿਤਾ ਜੀ ਨੇ ਆਪਣੀ ਉਮਰ ਦਾ ਇੱਕ ਹਿੱਸਾ ਪੰਜਾਬ ਤੋਂ ਬਹੁਤ ਦੂਰ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਿੱਚ ਬਤੀਤ ਕੀਤਾ । ਪਿਤਾ ਜੀ ਤੋਂ ਸੁਣਦਾ ਆਇਆ ਸੀ ਕਿ ਉਦੋਂ ਗ਼ੈਰ-ਸਿੱਖ ਲੋਕ, ਖ਼ਾਸ ਕਰ ਗ਼ੈਰ-ਪੰਜਾਬੀ ਹਿੰਦੂ ਸੱਜਣ ਸਿੱਖਾਂ ਦਾ ਬੜਾ ਸਤਿਕਾਰ ਕਰਦੇ ਸਨ । ਮਨ ਵਿੱਚ ਖ਼ਿਆਲ ਆਉਂਦਾ ਕਿ ਆਖ਼ਿਰ ਐਸਾ ਕਿਉਂ ਹੋ ਗਿਆ ਕਿ ਭਾਰਤ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਸਤਿਕਾਰ ਘੱਟ ਗਿਆ? ਬਸ ਵੈਸੇ ਹੀ, ਇਹ ਇੱਛਾ ਪੈਦਾ ਹੁੰਦੀ ਕਿ ਕੁੱਝ ਅਜਿਹਾ ਕੀਤਾ ਜਾਵੇ, ਜਿਸ ਨਾਲ ਸਿੱਖਾਂ ਦੀ ਇੱਜ਼ਤ ਵਧੇ । ਜੀਅ ਕਰਦਾ ਕਿ ਕੁੱਝ ਐਸਾ ਕੀਤਾ ਜਾਵੇ, ਜਿਸ ਨਾਲ ਗ਼ੈਰ-ਸਿੱਖ ਲੋਕਾਂ ਨੂੰ ਸਾਡੇ ਗੁਰੂਆਂ ਦੇ ਪਵਿੱਤਰ ਇਤਿਹਾਸ ਬਾਰੇ ਜਾਣਕਾਰੀ ਹੋ ਸਕੇ ।

ਮੇਰੇ ਉਨ੍ਹਾਂ ਸਾਥੀਆਂ ਵੱਲੋਂ ਇਸ ਮਿਸ਼ਨ ਤੋਂ ਪਰ੍ਹੇ ਹੱਟ ਜਾਣ ਕਾਰਣ ਇਹ ਇੱਛਾਵਾਂ ਉਸ ਪੱਧਰ ‘ਤੇ ਪੂਰੀਆਂ ਨਾ ਹੋ ਸਕੀਆਂ । ਮੇਰੀਆਂ ਇਹ ਇੱਛਾਵਾਂ ਅਜੇ ਵੀ ਮਰੀਆਂ ਨਹੀਂ ਹਨ । ਹਾਂ, ਕਾਫ਼ੀ ਜ਼ਖ਼ਮੀ ਜ਼ਰੂਰ ਹੋ ਗਈਆਂ ਹਨ ।

ਉਹ ਦਿਨ ਦੂਰ ਚਲੇ ਗਏ ਹਨ । ਇਹ ਦਿਨ ਆ ਗਏ ਹਨ । ਹੁਣ ਵੀ ਕਈ ਸੱਜਣ ਮਿਲਦੇ ਹਨ । ਜੀਅ ਕਰਦਾ ਹੈ ਕਿ ਇਹ ਸੱਜਣ ਮੇਰੇ ਨਾਲ ਰਲਣ, ਤਾਂ ਕਿ ਕੁੱਝ ਸੇਵਾ ਗੁਰੂ ਦੀ ਕਰ ਸਕਾਂ । ਪਰ, ਜਦੋਂ ਕੁੱਝ ਗੱਲਾਂ ਬਾਰੇ ਵੀਚਾਰ ਕਰਦਾ ਹਾਂ, ਤਾਂ ਖ਼ਿਆਲ ਆਉਂਦਾ ਹੈ ਕਿ ਇਹ ਮੇਰਾ ਸਾਥ ਨਹੀਂ ਦੇ ਸਕਣਗੇ ।

ਮੇਰੇ ਪਿਤਾ ਜੀ ਨੇ ਬਹੁਤ ਜਾਣਕਾਰੀ ਇੱਕਠੀ ਕੀਤੀ ਸੀ ਸਾਰੇ ਭਾਰਤ ਵਿੱਚ ਫਿਰ ਤੁਰ ਕੇ । ਵਕਤ ਨੇ ਕੁੱਝ ਐਸੀ ਖੇਡ ਖੇਡੀ ਕਿ ਉਹ ਲਿਖਤ ਰੂਪ ਵਿੱਚ ਨਾ ਸਾਂਭੀ ਜਾ ਸਕੀ । ਮੈਂ ਵੀ ਜਿੰਨੀ-ਕੁ ਜਾਣਕਾਰੀ ਇਕੱਠੀ ਕਰ ਸਕਿਆਂ ਹਾਂ, ਉਸ ਨੂੰ ਲਿਖਤ ਰੂਪ ਵਿੱਚ ਸਾਂਭਣ ਵਿੱਚ ਵਕਤ ਲੱਗ ਜਾਏਗਾ । ਬਸ, ਇਹੋ ਸੋਚ ਕੇ ਦਿਲ ਉਦਾਸ ਹੋ ਜਾਂਦਾ ਹੈ ਕਿ ਜੇ ਮੈਂ ਵੀ ਨਾ ਸਾਂਭ ਸਕਿਆ, ਤਾਂ….. ??

ਦੂਰ-ਦ੍ਰਿਸ਼ਟੀ ਵਾਲੀ, ਭਰੋਸੇਯੋਗ, ਗੰਭੀਰ ਤੇ ਪਰਉਪਕਾਰੀ ਟੀਮ ਬਣ ਸਕੇ, ਤਾਂ ਬਹੁਤ ਹੀ ਫ਼ਾਇਦਾ ਹੈ । ਪਰ ਜੇ ਅਜਿਹੀ ਟੀਮ ਨਾ ਬਣ ਸਕੇ, ਤਾਂ ਇਕੱਲਿਆਂ ਹੀ ਯਤਨ ਜਾਰੀ ਰੱਖਣੇ ਚਾਹੀਦੇ ਹਨ ।

ਮੈਂਨੂੰ ਪਰ੍ਹਾਂ ਹੱਟ ਚੁੱਕੇ ਉਨ੍ਹਾਂ ਸਾਥੀਆਂ ‘ਤੇ ਕੋਈ ਗਿਲ੍ਹਾ ਵੀ ਨਹੀਂ ਹੈ । ਉਨ੍ਹਾਂ ਦੇ ਘਰੋਗੀ ਹਾਲਾਤ ਉਨ੍ਹਾਂ ਨੂੰ ਪਰ੍ਹੇ ਲੈ ਗਏ । ਕੁੱਝ ਉਨ੍ਹਾਂ ਦੀ ਆਪਣੀ ਸੋਚ ਵੀ ਬਦਲ ਗਈ, ਜਾਂ ਇੰਝ ਕਹਿ ਲਉ ਕਿ ਸੋਚ ਮਰ ਗਈ ।

ਚੰਗੀ ਸੋਚ ਦਾ ਮਰ ਜਾਣਾ ਬਹੁਤ ਵੱਡਾ ਹਾਦਸਾ ਹੁੰਦਾ ਹੈ । ਬੰਦਾ ਮਰ ਜਾਏ, ਤਾਂ ਕਈ ਰਸਮਾਂ ਨਿਭਾਈਆਂ ਜਾਂਦੀਆਂ ਹਨ । ਸੋਚ ਮਰ ਜਾਏ, ਤਾਂ ਕੋਈ ਕੀ ਰਸਮ ਨਿਭਾਏ?

ਜੱਦ ਗ਼ੌਰ ਨਾਲ ਤੱਕਦਾ ਹਾਂ, ਤਾਂ ਹਰ ਕੋਈ ਕਤਲ ਹੋਣ ਲਈ ਆਪੋ-ਆਪਣੀ ਸਲੀਬ ਚੁੱਕੀ ਮਕਤਲ (ਕਤਲਗਾਹ) ਵੱਲ ਤੁਰਿਆ ਜਾਂਦਾ ਜਾਪਦਾ ਹੈ । ਜਦੋਂ ਕੋਈ ਕਤਲਗਾਹ ਵਲ ਤੁਰਿਆ ਜਾ ਰਿਹਾ ਹੋਵੇ, ਤਾਂ ਉਸ ਨੂੰ ਮੈਂ ਕਿਵੇਂ ਆਖਾਂ ਕਿ ਮੇਰਾ ਸਾਥ ਦੇ?

“ਮੈਂ ਕਿਸੇ ਕਹੂੰ ਮੇਰੇ ਸਾਥ ਚਲ,
ਯਹਾਂ ਸਬ ਕੇ ਸਰ ਪੇ ਸਲੀਬ ਹੈ ।” (ਰਾਣਾ ਸਹਰੀ)

ਹਰਿ ਬਿਸਰਤ ਸਦਾ ਖੁਆਰੀ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਜੀਵ ਜਦੋਂ ਮਾਂ ਦੇ ਗਰਭ ਵਿੱਚ ਹੁੰਦਾ ਹੈ, ਤਾਂ ਹਮੇਸ਼ਾ ਹੀ ਪਰਮਾਤਮਾ ਦਾ ਧਿਆਨ ਕਰਦਾ ਰਹਿੰਦਾ ਹੈ । ਉਸ ਦਾ ਹਰ ਪਲ ਅਕਾਲ ਪੁਰਖ ਦੀ ਯਾਦ ਵਿੱਚ ਹੀ ਬੀਤਦਾ ਹੈ । ਮਨੁੱਖੀ ਜੀਵ ਆਪਣੀ ਮਾਂ ਦੇ ਗਰਭ ਵਿੱਚ ਉਲਟਾ ਲਟਕਿਆ ਹੁੰਦਾ ਹੈ । ਕਈ ਤਪੀ ਵੀ ਆਪਣੀ ਸਾਧਨਾ ਦੌਰਾਨ ਕਿਸੀ ਦਰਖ਼ਤ ਆਦਿ ਨਾਲ ਉਲਟਾ ਲਟਕ ਕੇ ਪਰਮਾਤਮਾ ਵਿੱਚ ਧਿਆਨ ਜੋੜਨ ਦੀ ਕੋਸ਼ਿਸ਼ ਕਰਦੇ ਹਨ । ਗਰਭ ਵਿੱਚਲਾ ਜੀਵ ਵੀ ਮਾਨੋ ਉਲਟਾ ਲਟਕ ਕੇ ਤੱਪ ਹੀ ਕਰ ਰਿਹਾ ਹੁੰਦਾ ਹੈ । ਉਲਟਾ ਲਟਕਿਆ ਜੀਵ ਹਰਦਮ ਆਪਣੇ ਮਾਲਿਕ ਵਾਹਿਗੁਰੂ ਅੱਗੇ ਅਰਦਾਸ ਕਰਦਾ ਰਹਿੰਦਾ ਹੈ । ਗੁਰਬਾਣੀ ਵਿੱਚ ਇਸ ਦਾ ਜ਼ਿਕਰ ਇਸ ਪ੍ਰਕਾਰ ਆਇਆ ਹੈ : –

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥
(ਅੰਗ ੭੪, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਮਾਂ ਦੇ ਗਰਭ ਵਿੱਚ ਪੁੱਠਾ ਲਟਕਿਆ ਹੋਇਆ ਜੀਵ ਹਰ ਪਲ ਅਰਦਾਸ ਵਿੱਚ ਹੀ ਬਿਤਾਉਂਦਾ ਹੈ । ਸ਼ਾਇਦ ਉਹ ਅਰਦਾਸ ਕਰਦਾ ਹੈ ਕਿ ਹੇ ਪ੍ਰਭੂ ਇਸ ਗਰਭ ਜੂਨ ਵਿੱਚੋਂ ਬਾਹਰ ਕੱਢ ਦੇ । ਫਿਰ ਮੈਂ ਹਰ ਸਮੇਂ ਤੇਰੀ ਹੀ ਭਗਤੀ ਕਰਾਂਗਾ ।

ਪਰ ਹੁੰਦਾ ਕੀ ਹੈ ? ਜਨਮ ਲੈਂਦੇ ਸਾਰ ਹੀ ਜੀਵ ਪਰਮਾਤਮਾ ਦੇ ਧਿਆਨ ਵੱਲੋਂ ਮੂੰਹ ਮੋੜ ਲੈਂਦਾ ਹੈ । ਗੁਰਬਾਣੀ ਇਸ ਦਾ ਵਰਣਨ ਇਸ ਪ੍ਰਕਾਰ ਕਰਦੀ ਹੈ : –

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥
(ਅੰਗ ੭੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਹਰ ਕੋਈ ਨਵ-ਜੰਮੇ ਬੱਚੇ ਨੂੰ ਗੋਦ ਵਿੱਚ ਚੁੱਕੀ ਫਿਰਦਾ ਹੈ । ਹਰ ਕੋਈ ਉਸ ਨੂੰ ਦੁਲਾਰਦਾ ਹੈ । ਖ਼ਾਸ ਤੌਰ ‘ਤੇ ਮਾਂ ਤਾਂ ਆਪਣੇ ਨਵ-ਜੰਮੇ ਬੱਚੇ ਤੋਂ ਵਾਰੀ-ਵਾਰੀ ਜਾਂਦੀ ਹੈ । ਦੁਨੀਆਵੀ ਸੰਬੰਧੀਆਂ ਵੱਲੋਂ ਦਿਖਾਏ ਜਾ ਰਹੇ ਅਜਿਹੇ ਮੋਹ ਵਿੱਚ ਪੈਂਦਿਆਂ ਸਾਰ ਹੀ ਜੀਵ ਪਰਮਾਤਮਾ ਨੂੰ ਭੁਲਾ ਦਿੰਦਾ ਹੈ । ਜਿਸ ਪ੍ਰਭੂ ਨੇ ਇਸ ਜੀਵ ਨੂੰ ਰਚਿਆ ਸੀ, ਉਸੇ ਪਰਮਾਤਮਾ ਨੂੰ ਜੀਵ ਹੁਣ ਜਾਣਦਾ/ਪਛਾਣਦਾ ਵੀ ਨਹੀਂ : –

ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥
ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥
(ਅੰਗ ੭੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਸਲ ਵਿੱਚ ਜਨਮ ਲੈਂਦਿਆਂ ਹੀ, ਜੀਵ ਨੂੰ ਭੁੱਖ ਲੱਗਦੀ ਹੈ । ਅਜੇ ਉਹ ਅੰਨ ਖਾਣ ਦੇ ਯੋਗ ਨਹੀਂ ਹੁੰਦਾ । ਕੇਵਲ ਦੁੱਧ ਹੀ ਉਸ ਦੀ ਭੁੱਖ ਨੂੰ ਦੂਰ ਕਰ ਸਕਦਾ ਹੈ । ਇਹ ਦੁੱਧ ਉਸ ਨੂੰ ਆਪਣੀ ਮਾਂ ਕੋਲੋਂ ਪ੍ਰਾਪਤ ਹੁੰਦਾ ਹੈ । ਨਵ-ਜੰਮੇ ਜੀਵ ਨੂੰ ਆਪਣੀ ਪਹਿਲੀ ਜ਼ਰੂਰਤ ਨਾਲ ਪਿਆਰ ਹੋ ਜਾਂਦਾ ਹੈ । ਨਵ-ਜੰਮੇ ਜੀਵ ਦੀ ਪਹਿਲੀ ਜ਼ਰੂਰਤ ਦੁੱਧ ਹੈ । ਇਸ ਲਈ ਉਸ ਦਾ ਪਹਿਲਾ ਪਿਆਰ ਵੀ ਦੁੱਧ ਨਾਲ ਪੈਂਦਾ ਹੈ । ਇਹ ਦੁੱਧ ਉਸ ਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ । ਦੁੱਧ ਨਹੀਂ ਮਿਲਦਾ, ਤਾਂ ਉਹ ਤਕਲੀਫ਼ ਮਹਿਸੂਸ ਕਰਦਾ ਹੈ । ਆਪਣੀ ਤਕਲੀਫ਼ ਦਾ ਪ੍ਰਗਟਾਵਾ ਕਰਨ ਲਈ ਉਹ ਰੋਂਦਾ ਹੈ । ਉਸਦੇ ਰੋਣ ‘ਤੇ ਉਸ ਦੀ ਮਾਂ ਉਸ ਨੂੰ ਦੁੱਧ ਪਿਲਾਉਂਦੀ ਹੈ । ਉਹ ਦੁੱਧ ਪੀਂਦਾ ਹੈ, ਤਾਂ ਉਹ ਦੀ ਭੁੱਖ ਮਿੱਟਦੀ ਹੈ, ਉਸ ਦੀ ਤਕਲੀਫ਼ ਹੱਟਦੀ ਹੈ । ਦੁੱਧ ਉਸ ਲਈ ਵੱਡੀ ਜ਼ਰੂਰਤ ਬਣ ਗਿਆ ਹੈ । ਦੁੱਧ ਉਸ ਦੀ ਜ਼ਿੰਦਗੀ ਬਣ ਗਿਆ ਹੈ । ਹੁਣ ਉਸ ਦਾ ਧਿਆਨ ਦੁੱਧ ਵਿੱਚ ਹੀ ਲੱਗਾ ਰਹਿੰਦਾ ਹੈ । ਪਰਮਾਤਮਾ ਦਾ ਧਿਆਨ ਹੁਣ ਨਹੀਂ ਆਉਂਦਾ । ਅਜਿਹੀ ਸਥਿਤੀ ਵਿੱਚ ਦੁੱਧ ਨਾਲ ਪਿਆਰ ਹੋ ਜਾਂਦਾ ਹੈ । ਇਹ ਪਿਆਰ ‘ਪਹਿਲਾ ਪਿਆਰ’ ਹੈ : –

ਪਹਿਲੈ ਪਿਆਰਿ ਲਗਾ ਥਣ ਦੁਧਿ ॥
(ਅੰਗ ੧੩੭, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਦੁੱਧ ਪ੍ਰਤੀ ਮੋਹ ਜਾਗਣ ਨਾਲ ਪਰਮੇਸ਼ਰ ਭੁੱਲ ਗਿਆ । ਜੇ ਹੁਣ ਦੁੱਧ ਨਵ-ਜੰਮੇ ਜੀਵ ਲਈ ਮਹੱਤਵਪੂਰਨ ਬਣ ਗਿਆ ਹੈ, ਤਾਂ ਦੁੱਧ ਦਾ ਸਰੋਤ ਵੀ ਉੰਨਾ ਹੀ ਮਹੱਤਵਪੂਰਣ ਹੈ । ਦੁੱਧ ਦਾ ਸਰੋਤ ਉਸ ਦੀ ਮਾਂ ਹੀ ਹੈ । ਮਾਂ ਤੋਂ ਹੀ ਉਸ ਨੂੰ ਦੁੱਧ ਪ੍ਰਾਪਤ ਹੁੰਦਾ ਹੈ । ਮਾਂ ਵਾਰ-ਵਾਰ ਦੁੱਧ ਦਿੰਦੀ ਹੈ । ਵਾਰ-ਵਾਰ ਉਸ ਦਾ ਚਿਹਰਾ ਨਵ-ਜੰਮੇ ਜੀਵ ਨੂੰ ਵਿਖਾਈ ਦਿੰਦਾ ਹੈ । ਵਾਰ-ਵਾਰ ਉਹ ਹੀ ਚਿਹਰਾ ਦੇਖਣ ਨਾਲ ਜੀਵ ਨੂੰ ਆਪਣੀ ਮਾਂ ਦੀ ਪਹਿਚਾਣ ਹੋ ਜਾਂਦੀ ਹੈ । ਆਪਣੇ ਪਿਤਾ ਦਾ ਚਿਹਰਾ ਵੀ ਉਹ ਵਾਰ-ਵਾਰ ਦੇਖਦਾ ਹੈ । ਇਸ ਤਰ੍ਹਾਂ, ਉਹ ਆਪਣੇ ਪਿਤਾ ਨੂੰ ਪਛਾਣਨ ਲੱਗਦਾ ਹੈ : –

ਦੂਜੈ ਮਾਇ ਬਾਪ ਕੀ ਸੁਧਿ ॥
(ਅੰਗ ੧੩੭, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਦੁੱਧ ਪ੍ਰਤੀ ਮੋਹ ਜਗਾ ਕੇ ਜੀਵ ਆਪਣੇ ਪ੍ਰਭੂ ਤੋਂ ਦੂਰੀ ਬਣਾ ਬੈਠਾ ਸੀ । ਮਾਂ-ਬਾਪ ਨਾਲ ਮੋਹ ਜਗਾ ਕੇ ਉਸ ਨੇ ਇਹ ਦੂਰੀ ਹੋਰ ਵਧਾ ਲਈ । ਪਰ, ਘਰ ਵਿੱਚ ਕੇਵਲ ਮਾਂ-ਬਾਪ ਹੀ ਤਾਂ ਨਹੀਂ ਹਨ । ਰਿਸ਼ਤੇਦਾਰਾਂ ਦੀ ਇੱਕ ਲੰਬੀ ਫ਼ਹਰਿਸਤ ਹੈ । ਹੁਣ, ਜੀਵ ਉਨ੍ਹਾਂ ਰਿਸ਼ਤੇਦਾਰਾਂ ਦੀ ਪਛਾਣ ਵੀ ਕਰਨ ਯੋਗ ਹੋ ਜਾਂਦਾ ਹੈ : –

ਤੀਜੈ ਭਯਾ ਭਾਭੀ ਬੇਬ ॥
ਚਉਥੈ ਪਿਆਰਿ ਉਪੰਨੀ ਖੇਡ ॥
(ਅੰਗ ੧੩੭, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਦੁੱਧ ਨਾਲ ਪਿਆਰ ਹੋਇਆ, ਪ੍ਰਭੂ ਵਿਸਰ ਗਿਆ । ਮਾਂ-ਬਾਪ ਚੇਤਿਆਂ ਵਿੱਚ ਉਤਰਦੇ ਗਏ, ਪ੍ਰਭੂ ਚੇਤਿਆਂ ਵਿੱਚੋਂ ਮਿਟਦਾ ਗਿਆ । ਰਿਸ਼ਤਿਆਂ-ਨਾਤਿਆਂ ਵਿੱਚ ਖੁੱਭਦਾ ਗਿਆ, ਪ੍ਰਭੂ ਨੂੰ ਭੁੱਲਦਾ ਗਿਆ ।

ਬੱਚਪਨ ਤੋਂ ਬਾਅਦ ਜਵਾਨੀ ਆ ਜਾਂਦੀ ਹੈ । ਜਵਾਨੀ ਤੋਂ ਬਾਅਦ ਬੁਢਾਪਾ ਆ ਜਾਂਦਾ ਹੈ : –

ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥
ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥ 3 ॥
(ਅੰਗ ੧੩੮, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਦੁੱਧ ਦੇ ਪਿਆਰ ਵਿੱਚ ਪੈ ਕੇ, ਮਾਂ-ਬਾਪ ਦੇ ਪਿਆਰ ਵਿੱਚ ਪੈ ਕੇ, ਜਵਾਨੀ ਦੇ ਰੰਗ ਵਿੱਚ ਪੈ ਕੇ, ਵੱਡੀ ਉਮਰ ਦੇ ਸ਼ਾਰੀਰਿਕ ਦੁੱਖਾਂ ਵਿੱਚ ਪੈ ਕੇ ਜੀਵ ਆਪਣੇ ਮਾਲਿਕ ਪ੍ਰਭੂ ਨੂੰ ਵਿਸਾਰੀ ਹੀ ਰੱਖਦਾ ਹੈ ।

ਪਰ, ਕੀ ਪ੍ਰਭੂ ਨੂੰ ਵਿਸਾਰ ਕੇ ਜੀਵ ਖ਼ੁਸ਼ ਰਹਿੰਦਾ ਹੈ?

ਨਹੀਂ । ਪ੍ਰਭੂ ਨੂੰ ਵਿਸਾਰ ਦੇਣ ਨਾਲ ਤਾਂ ਖੁਆਰੀ ਹੀ ਮਿਲਦੀ ਹੈ : –

ਹਰਿ ਬਿਸਰਤ ਸਦਾ ਖੁਆਰੀ ॥
(ਅੰਗ ੭੧੧, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਹਰੀ ਨੂੰ ਵਿਸਾਰ ਕੇ ਜੀਵ ਨੂੰ ਅਨੇਕਾਂ ਆਤਮਿਕ, ਮਾਨਸਿਕ ਤੇ ਸ਼ਾਰੀਰਿਕ ਰੋਗ ਘੇਰ ਲੈਂਦੇ ਹਨ : –

ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
(ਅੰਗ ੧੩੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਭਲਾ ਰੋਗਾਂ ਨਾਲ ਘਿਰ ਕੇ ਕੋਈ ਖ਼ੁਸ਼ ਕਿਵੇਂ ਹੋ ਸਕਦਾ ਹੈ ? ਰੋਗਾਂ ਦਾ ਸ਼ਿਕਾਰ ਹੋਣਾ ਹੀ ਤਾਂ ਖੁਆਰ ਹੋਣਾ ਹੈ । ਹਰੀ ਨੂੰ ਭੁਲਾ ਕੇ ਵਿਅਕਤੀ ਮਾਨਸਿਕ, ਆਤਮਿਕ ਤੇ ਸ਼ਾਰੀਰਿਕ ਰੋਗਾਂ ਦਾ ਸ਼ਿਕਾਰ ਬਣਦਾ ਹੈ ਤੇ ਇੰਝ ਉਹ ਖੁਆਰ ਹੁੰਦਾ ਰਹਿੰਦਾ ਹੈ ।

ਪਹਿਲ (ਚਰਨ ਸਿੰਘ ‘ਸ਼ਹੀਦ’ ਦੀ ਕਵਿਤਾ)

ਪਹਿਲ

(ਕਵੀ: ਚਰਨ ਸਿੰਘ ਸ਼ਹੀਦ, 1891-1935 ਈਸਵੀ)

ਜਾਨਵਰਾਂ ਦੇ ਹਸਪਤਾਲ ਇਕ ਬੁਧੂ ਖੋਤਾ ਲਿਆਇਆ ।
ਡਾਕਦਾਰ ਨੇ ਦੇਖ ਬਿਮਾਰੀ, ਨੁਸਖ਼ਾ ਲਿਖ ਪਕੜਾਇਆ ।

ਕਹਿਣ ਲੱਗਾ ‘ਇਹ ਚੀਜ਼ਾਂ ਪੀਹ ਕੇ, ਇਕ ਨਲਕੀ ਵਿਚ ਪਾਈਂ ।
ਨਲਕੀ ਇਸ ਦੀ ਨਾਸ ਵਿਚ ਰੱਖ ਕੇ, ਫੂਕ ਜ਼ੋਰ ਦੀ ਲਾਈਂ ।

ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗ਼ਜ਼ ਵਿਚ ਜਾਊ ।
ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ ।’

ਕੁਝ ਚਿਰ ਮਗਰੋਂ ਖਊਂ-ਖਊਂ ਕਰਦਾ, ਬੁੱਧੂ ਮੁੜ ਕੇ ਆਇਆ ।
ਬਿੱਜੂ ਵਾਂਗੂੰ ਬੁਰਾ ਓਸ ਨੇ, ਹੈਸੀ ਮੂੰਹ ਬਣਾਇਆ ।

ਡਾਕਦਾਰ ਨੇ ਸੋਚਿਆ, ‘ਹੋਸੀ ਗਧੇ ਦੁਲੱਤੀ ਲਾਈ ।’
ਹਾਸਾ ਰੋਕ ਪੁੱਛਿਆ, ‘ਬੁੱਧੂ ਇਹ ਕੀ ਸ਼ਕਲ ਬਣਾਈ ?’

ਕਹਿਣ ਲੱਗਾ ਹਟਕੋਰੇ ਲੈ ਕੇ, ‘ਮੈਂ ਚੀਜ਼ਾਂ ਸਭ ਲਈਆਂ ।
ਪੀਸ ਪੂਸ ਕੇ ਛਾਣ ਛੂਣ ਕੇ, ਜਦੋਂ ਟਿੱਚਨ ਹੋ ਗਈਆਂ ।

ਨਲਕੀ ਵਿੱਚ ਪਾ, ਨਲਕੀ ਉਸ ਦੇ ਨਥਨੇ ਵਿੱਚ ਟਿਕਾਈ ।
ਦੂਜੀ ਤਰਫ਼ੋਂ ਫੂਕ ਲਾਣ ਹਿਤ, ਮੈਂ ਨਲਕੀ ਮੂੰਹ ਵਿੱਚ ਪਾਈ ।

ਮੇਰੀ ਫੂਕੋਂ ਪਹਿਲੇ ਹੀ ਚਾ, ਫੂਕ ਗਧੇ ਨੇ ਮਾਰੀ ।
ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ ।

ਅੱਲਾ ਬਖ਼ਸ਼ੇ, ਫੂਕ ਓਸ ਦੀ, ਵਾਂਗ ਹਨੇਰੀ ਆਈ ।
ਨਲਕੀ ਭੀ ਲੰਘ ਜਾਣੀ ਸੀ, ਮੈਂ ਫੜ ਕੇ ਮਸਾਂ ਬਚਾਈ ।’

ਉਸ ਦੀ ਸੁਣ ਕੇ ਗੱਲ ਡਾਕਟਰ, ਹੱਸ-ਹੱਸ ਦੂਹਰਾ ਹੋਇਆ ।
ਬੁੱਧੂ ਉਸ ਨੂੰ ਵੇਖ ਹਸਦਿਆਂ, ਦੂਣਾ ਚੌਣਾ ਰੋਇਆ ।

ਹੱਸਦੇ-ਰੋਂਦੇ ਦੇਖ ਦੋਹਾਂ ਨੂੰ, ‘ਸੁਥਰਾ’ ਭੀ ਮੁਸਕਰਾਇਆ ।
‘ਸੁਣ ਓ ਬੁੱਧੂ, ਇਸ ਜੱਗ ਨੇ ਹੈ ‘ਪਹਿਲ’ ਤਾਈਂ ਵਡਿਆਇਆ ।

ਜਿਦ੍ਹੀ ਫੂਕ ਵੱਜ ਜਾਏ ਪਹਿਲਾਂ, ਜਿੱਤ ਓਸ ਦੀ ਕਹਿੰਦੇ ।
ਤੇਰੇ ਜਿਹੇ ਸੁਸਤ ਪਿੱਛ-ਰਹਿਣੇ, ਰੂੰ-ਰੂੰ ਕਰਦੇ ਰਹਿੰਦੇ ।

(ਕਿਤਾਬ ‘ਬਾਦਸ਼ਾਹੀਆਂ’ ਵਿੱਚੋਂ ਧੰਨਵਾਦ ਸਹਿਤ)

ਜੋ ਤੁਰੇ ਸੀ ਮੇਰੇ ਨਾਲ

(ਇਸ ਪੰਨੇ ਨਾਲ ਸੰਬੰਧਿਤ ਪੰਨਾ: ਮੈਂ ਕਿਸੇ ਕਹੂੰ ਮੇਰੇ ਸਾਥ ਚਲ).

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਧਰਮ, ਦੇਸ਼ ਤੇ ਕੌਮ ਲਈ ਸਾਹਿਤਿਕ ਤੇ ਵਿਦਿਅਕ ਸੇਵਾ ਲਈ ਇੱਕ ਟੀਮ ਬਣਾ ਕੇ ਆਪਣੀ ਜ਼ਿੰਦਗੀ ਸਮਰਪਿਤ ਕਰਨ ਦੀਆਂ ਗੱਲਾਂ ਕਈ ਸਾਲ ਪਹਿਲਾਂ ਅਸੀਂ ਇੱਕ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਕਰਦੇ ਸਾਂ । ਲੱਗਭੱਗ ਰੋਜ਼ਾਨਾ ਉਸ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕੀਰਤਨ ਤੇ ਗੁਰਮਤਿ ਵੀਚਾਰ ਕਰਨ ਵਿੱਚ ਬੜਾ ਮਜ਼ਾ ਆਉਂਦਾ ਸੀ ।

ਵਕਤ ਬੀਤਦਾ ਗਿਆ । ਫਿਰ ਉਹ ਸਮਾਂ ਵੀ ਆਇਆ, ਜਦੋਂ ਉਸ ਰਾਸਤੇ ਉੱਤੇ ਮੈਂ ਆਪਣੇ ਆਪ ਨੂੰ ਬਿਲਕੁਲ ਇਕੱਲਾ ਹੀ ਤੁਰਦਾ ਪਾਇਆ । ਪਾਰਿਵਾਰਿਕ ਜ਼ਿੰਦਗੀ ਦੀ ਘੁੰਮਣਘੇਰੀ ਵਿੱਚ ਮੇਰੇ ਸਾਰੇ ਸਾਥੀ ਗੁੰਮ ਹੁੰਦੇ ਚਲੇ ਗਏ । ਹੁਣ ਕਦੇ ਮੈਂ ਤੁਰਨ ਲੱਗ ਪੈਂਦਾ ਹਾਂ ਤੇ ਕਦੇ ਬਹਿ ਕੇ ਆਰਾਮ ਕਰਨ ਲੱਗਦਾ ਹਾਂ । ਆਪਣੇ ਆਪ ਨੂੰ ਇਹ ਧੋਖਾ ਜਿਹਾ ਹੀ ਦੇ ਰਿਹਾ ਹਾਂ ਕਿ ਮੈਂ ਕੁੱਝ ਕਰ ਰਿਹਾ ਹਾਂ ।

ਕੁੱਝ ਮਿੱਤਰ ਕੁੱਝ ਦਿਨ ਪਹਿਲਾਂ ਮੇਰੇ ਘਰ ਆਏ । ਪੁਰਾਣੇ ਦਿਨਾਂ ਦੀਆਂ ਗੱਲਾਂ ਛਿੜੀਆਂ । ਉਨ੍ਹਾਂ ਆਖਿਆ ਕਿ ਕੁੱਝ ਕਰੋ ਜੋ ਸੋਚਿਆ ਸੀ ।

ਕਰਨਾ ਕੀ ਹੈ ? ਆਪੇ ਪਰਮਾਤਮਾ ਹੀ ਸੇਵਾ ਲੈ ਲੈਂਦਾ ਹੈ, ਬੰਦਾ ਕੀ ਕਰਨ ਜੋਗਾ ? ਐਸੀ ਸਕੀਮ ਅਸਫ਼ਲ ਹੋ ਜਾਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜਿਸ ਵਿੱਚ ਕਿਸੇ ਹੋਰ ਦਾ ਸਹਿਯੋਗ ਜ਼ਰੂਰੀ ਹੋਵੇ । ਕੀ ਪਤਾ ਉਹ ਸਹਿਯੋਗ ਦਵੇ ਜਾਂ ਨਾ? ਜਾਂ ਭਵਿੱਖ ਵਿੱਚ ਕਦੇ ਸਹਿਯੋਗ ਦੇਣਾ ਬੰਦ ਕਰ ਦਵੇ ? ਜੋ ਕੰਮ ਕੋਈ ਵਿਅਕਤੀ ਇਕੱਲਾ ਕਰ ਸਕੇ, ਬਸ ਉਸੇ ਕੰਮ ਲਈ ਹੀ ਯਤਨ ਕਰਨਾ ਚਾਹੀਦਾ ਹੈ ।

ਇਹ ਪੰਕਤੀਆਂ ਕਦੇ ਮੈਂ ਹੀ ਲਿੱਖੀਆਂ ਸਨ : –

ਜੋ ਤੁਰੇ ਸੀ ਮੇਰੇ ਨਾਲ ਉਹ ਪਿੱਛੇ ਹੀ ਰਹਿ ਗਏ,
ਮੰਜ਼ਿਲ ‘ਤੇ ਹੈ ਅੱਖ ਮੇਰੀ, ਮੈਂ ਤੁਰਦਾ ਹੀ ਜਾ ਰਿਹਾ । (‘ਅੰਮ੍ਰਿਤ’)

(ਇਸ ਪੰਨੇ ਨਾਲ ਸੰਬੰਧਿਤ ਪੰਨਾ: ਮੈਂ ਕਿਸੇ ਕਹੂੰ ਮੇਰੇ ਸਾਥ ਚਲ).

ਕੁੱਤਿਆਂ ਦਾ ਅਪਮਾਨ ਨਾ ਕਰੋ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਸ਼ਾਂਤ ਜਿਹੇ ਮਾਹੌਲ ਵਿੱਚ ਮੈਂ ਇਕੱਲਾ ਹੀ ਸੈਰ ਕਰਨ ਨਿਕਲਿਆ । ਹਰ ਪਾਸੇ ਹਰਿਆਲੀ । ਖ਼ੂਬਸੂਰਤ ਦਰਖ਼ਤਾਂ ਦੇ ਖ਼ੂਬਸੂਰਤ ਦ੍ਰਿਸ਼ । ਕੁਦਰਤ ਕਿੰਨੀ ਖ਼ੂਬਸੂਰਤ ਹੈ ! ਆਕਾਸ਼ ਵਿੱਚ ਪੰਛੀ ਉਡਾਰੀ ਲਾਉਂਦੇ ਪਏ ਹਨ । ਦਰਖ਼ਤਾਂ ਦੀਆਂ ਟਾਹਣੀਆਂ ‘ਤੇ ਬੈਠੀਆਂ ਚਿੜੀਆਂ ਇਕੱਠੀਆਂ ਹੋ ਕੇ ਜਿਵੇਂ ਕੋਈ ਸੁਹਾਗ-ਗੀਤ ਗਾ ਰਹੀਆਂ ਹਨ । ਕਿਤੇ ਹਿਰਨਾਂ ਦਾ ਕੋਈ ਝੁੰਡ ਚੁੰਗੀਆਂ ਭਰ ਰਿਹਾ ਹੈ ਤੇ ਕਿਤੇ ਖ਼ਰਗੋਸ਼ ਇੱਧਰ ਉੱਧਰ ਦੌੜਦੇ ਦਿੱਖ ਜਾਂਦੇ ਹਨ ।

ਮੇਰਾ ਮਨ ਜਿਵੇਂ ਕੋਈ ਗੀਤ ਗੁਣਗੁਣਾ ਰਿਹਾ ਸੀ । ਪਰ, ਇਹ ਸਭ ਬਹੁਤੀ ਦੇਰ ਤਕ ਨਾ ਚੱਲਿਆ ਤੇ ਮੈਂ ਦੇਖਿਆ ਕਿ ਮੈਂਨੂੰ ਕੁੱਤਿਆਂ ਦੇ ਇੱਕ ਝੁੰਡ ਨੇ ਘੇਰ ਲਿਆ ਹੋਇਆ ਸੀ ।

ਮੇਰੇ ਦਿਮਾਗ਼ ਵਿੱਚ ਖ਼ਿਆਲ ਆਇਆ ਕਿ ਜਦੋਂ ਕੁੱਤਿਆਂ ਨੇ ਘੇਰਿਆ ਹੋਵੇ, ਤਾਂ ਬੀਰ-ਰਸ ਤੋਂ ਪਰਹੇਜ਼ ਕਰਨਾ ਹੀ ਚੰਗਾ ਹੈ । ਹਾਂ, ਜੇ ਸ਼ੇਰ ਘੇਰ ਲਵੇ, ਤਾਂ ਬਹਾਦੁਰੀ ਦਿਖਾਉਣੀ ਬਣਦੀ ਹੈ । ਕਾਰਣ ਸਾਫ਼ ਹੈ । ਸ਼ੇਰ ਨੇ ਵੱਢਿਆ, ਤਾਂ ਕੋਈ ਗੱਲ ਨਹੀਂ, ਕੁੱਤੇ ਨੇ ਵੱਢ ਲਿਆ, ਤਾਂ ਰੈਬੀਜ਼ ਦੇ ਇੰਜੈਕਸ਼ਨ ਲਗਵਾਉਣੇ ਪੈਂਦੇ ਹਨ । ਬੱਸ, ਇੰਜੈਕਸ਼ਨ ਲਗਵਾਉਣਾ ਮੈਂਨੂੰ ਚੰਗਾ ਨਹੀਂ ਲੱਗਦਾ ।

ਅਚਾਨਕ ਇੱਕ ਕੁੱਤਾ ਬੋਲਿਆ, “ਕੀ ਗੱਲ? ਡਰ ਗਏ?”

ਮੈਂ ਹੈਰਾਨ ਰਹਿ ਗਿਆ । ਇੱਕ ਕੁੱਤਾ ਇਨਸਾਨ ਵਾਂਗੂੰ ਬੋਲ ਰਿਹਾ ਸੀ ।

ਘਬਰਾਹਟ ਜਿਹੀ ਵਿੱਚ ਮੈਂ ਕੁੱਤੇ ਨੂੰ ਪੁੱਛਿਆ, “ਤੂੰ ਇਨਸਾਨਾਂ ਵਾਂਗੂੰ ਕਿਵੇਂ ਬੋਲ ਰਿਹਾ ਹੈਂ?”

ਕੁੱਤਾ ਹੱਸਿਆ ਤੇ ਬੋਲਿਆ, “ਜੇ ਇਨਸਾਨ ਕੁੱਤਿਆਂ ਵਾਂਗ ਭੌਂਕ ਸਕਦੇ ਹਨ, ਤਾਂ ਕੁੱਤੇ ਇਨਸਾਨਾਂ ਵਾਂਗ ਨਹੀਂ ਬੋਲ ਸਕਦੇ?”

ਮੈਂ ਸੋਚਿਆ ਕਿ ਗੱਲ ਤਾਂ ਕੁੱਤੇ ਦੀ ਸਹੀ ਹੈ । ਨਾਲੇ, ਹਜ਼ਾਰਾਂ ਸਾਲਾਂ ਤੋਂ ਇਨਸਾਨਾਂ ਦੇ ਨਾਲ ਰਹਿ ਕੇ ਕੁੱਤੇ ਹੋਰ ਵੀ ਤਾਂ ਕਿੰਨਾ ਕੁੱਝ ਸਿੱਖ ਗਏ ਹਨ । ਇਹ ਘਰਾਂ, ਪਾਲਤੂ ਜਾਨਵਰਾਂ ਅਤੇ ਫ਼ੈਕਟਰੀਆਂ ਆਦਿ ਦੀ ਰੱਖਵਾਲੀ ਕਰਦੇ ਹਨ । ਅੱਖਾਂ ਤੋਂ ਮੁਹਤਾਜ ਵਿਅਕਤੀਆਂ ਦੀ ਸਹਾਇਤਾ ਕਰਨ ਵਾਲੇ ਵਿਸ਼ੇਸ਼ ਕੁੱਤੇ ਹੁੰਦੇ ਹਨ । ਕੁੱਤਿਆਂ ਦੀ ਸੁੰਘਣ ਸ਼ਕਤੀ ਬੜੀ ਤਿੱਖੀ ਹੁੰਦੀ ਹੈ । ਇਹ ਸੁੰਘ ਕੇ ਇਸ਼ਾਰਾ ਕਰ ਦਿੰਦੇ ਹਨ ਕਿ ਇੱਥੇ ਕੋਈ ਬੰਬ ਜਾਂ ਬਾਰੂਦੀ ਸੁਰੰਗ ਹੈ । ਇਸੇ ਲਈ ਪੁਲਿਸ ਤੇ ਫ਼ੌਜ ਦੇ ਇਹ ਬੜੇ ਕੰਮ ਆਉਂਦੇ ਹਨ ।

ਕੁੱਤੇ ਕਈ ਤਰ੍ਹਾਂ ਦੇ ਹੁੰਦੇ ਹਨ, ਕਈ ਨਸਲਾਂ ਦੇ ਹੁੰਦੇ ਹਨ । ਜੰਗਲੀ ਕੁੱਤੇ ਵੀ ਹੁੰਦੇ ਹਨ ਤੇ ਘਰੇਲੂ (ਸ਼ਹਿਰੀ) ਕੁੱਤੇ ਵੀ ਹੁੰਦੇ ਹਨ । ਸ਼ਹਿਰੀ ਕੁੱਤੇ ਤੋਂ ਭਾਵ ਪਾਲਤੂ ਬਣਾਏ ਜਾ ਚੁੱਕੇ ਕੁੱਤਿਆਂ ਦੀਆਂ ਨਸਲਾਂ ਦਾ ਕੋਈ ਵੀ ਕੁੱਤਾ ਹੈ । ਇਸ ਕਿਸਮ ਦੇ ਕੁੱਤਿਆਂ ਨੂੰ ਇਸ ਹੱਦ ਤਕ ਪਾਲਤੂ ਬਣਾ ਲਿਆ ਗਿਆ ਕਿ ਉਹ ਹੁਣ ਜੰਗਲੀ ਕੁੱਤਿਆਂ ਜਿੰਨੇ ਖ਼ੂੰਖਾਰ ਨਹੀਂ ਰਹੇ । ਸ਼ਹਿਰੀ ਕੁੱਤੇ ਵੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਤਾਂ ਉਹ, ਜਿਹੜੇ ਸ਼ਹਿਰਾਂ, ਕਸਬਿਆਂ ਜਾਂ ਪਿੰਡਾਂ ਵਿੱਚ ਆਵਾਰਾ ਘੁੰਮਦੇ ਫਿਰਦੇ ਹਨ ਤੇ ਦੂਜੇ ਉਹ, ਜਿਹੜੇ ਕਿਸੇ ਪਰਿਵਾਰ ਨੇ ਪਾਲੇ ਹੁੰਦੇ ਹਨ ।

ਆਮ ਲੋਕਾਂ ਨੂੰ ਸ਼ਾਇਦ ਇਹ ਜਾਣਕਾਰੀ ਨਾ ਹੋਵੇ ਕਿ ਸ਼ਹਿਰੀ ਕੁੱਤੇ (domestic dog / Canis lupus familiaris) ਭੇੜੀਏ (gray wolf ਜਾਂ Canis lupus) ਦੇ ਹੀ ਵੰਸ਼ਜ ਹਨ । ਇਸ ਦਾ ਭਾਵ ਇਹ ਹੈ ਕਿ ਖ਼ਤਰਨਾਕ ਭੇੜੀਏ ਜਦੋਂ ਇਨਸਾਨ ਦੇ ਸੰਪਰਕ ਵਿੱਚ ਆਏ, ਤਾਂ ਉਨ੍ਹਾਂ ਵਿੱਚੋਂ ਕਈ ਇਨਸਾਨਾਂ ਦੇ ਨਾਲ ਰਹਿਣਾ ਸਿੱਖ ਗਏ ।

ਇਸ ਤੋਂ ਇਹ ਭਾਵ ਵੀ ਲਿਆ ਜਾ ਸਕਦਾ ਹੈ ਕਿ ਇਨਸਾਨੀ ਸਭਿਅਤਾ ਦੇ ਵਿਕਾਸ ਦੇ ਨਾਲ-ਨਾਲ ਕੁੱਤੇ ਵੀ ਵਿਕਾਸ ਕਰਦੇ ਗਏ । ਅਜਿਹਾ ਨਹੀਂ ਕਿ ਕੇਵਲ ਕੁੱਤਿਆਂ ਨੇ ਹੀ ਇਨਸਾਨ ਦੇ ਨਾਲ ਰਹਿਣਾ ਸਿੱਖਿਆ । ਹੋਰ ਜਾਨਵਰਾਂ ਨੇ ਵੀ ਇਨਸਾਨ ਦੇ ਨਾਲ ਰਹਿਣਾ ਸ਼ੁਰੂ ਕੀਤਾ ਤੇ ਅਜਿਹੇ ਜਾਨਵਰ ਇਨਸਾਨ ਦੇ ਕੰਮ ਵੀ ਆਏ (ਤੇ ਹੁਣ ਵੀ ਆ ਰਹੇ ਹਨ)। ਉਦਾਹਰਣ ਵਜੋਂ, ਗਾਵਾਂ, ਮੱਝਾਂ, ਘੋੜੇ, ਊਠ ਤੇ ਹਾਥੀ ਵਗ਼ੈਰਾ । ਹਾਂ, ਇੰਨਾ ਜ਼ਰੂਰ ਹੋ ਸਕਦਾ ਹੈ ਕਿ ਕੁੱਤਾ ਸਾਰੇ ਜਾਨਵਰਾਂ ਵਿੱਚੋਂ ਪਹਿਲਾ ਜਾਨਵਰ ਹੋਵੇ, ਜਿਸ ਨੇ ਇਨਸਾਨਾਂ ਨਾਲ ਰਹਿਣਾ ਸ਼ੁਰੂ ਕੀਤਾ ।

ਖੋਜੀਆਂ ਦਾ ਕਹਿਣਾ ਹੈ ਕਿ ਕੁੱਤੇ ਦਾ ਸਾਥ ਮਨੁੱਖ ਦੀ ਸ਼ਾਰੀਰਿਕ ਤੇ ਮਨੋਵਿਗਿਆਨਿਕ ਸਿਹਤ ਵਾਸਤੇ ਬਹੁਤ ਵਧੀਆ ਹੈ । ਜਿਨ੍ਹਾਂ ਲੋਕਾਂ ਨੇ ਕੁੱਤੇ ਪਾਲੇ ਹੋਏ ਹਨ, ਉਨ੍ਹਾਂ ਦੀ ਸਿਹਤ ਬਾਕੀ ਲੋਕਾਂ ਦੇ ਮੁਕਾਬਲੇ ਵਧੀਆ ਰਹਿੰਦੀ ਹੈ ਤੇ ਦਿਲ ਵੀ ਖ਼ੁਸ਼ ਰਹਿੰਦਾ ਹੈ । ਜੋ ਲੋਕ ਕੁੱਤੇ ਪਾਲਦੇ ਹਨ, ਉਨ੍ਹਾਂ ਦੀ ਸਿਹਤ ਵਧੀਆ ਰਹਿਣ ਦਾ ਇੱਕ ਕਾਰਣ ਇਹ ਵੀ ਹੈ ਕਿ ਕੁੱਤੇ ਦੀ ਦੇਖਭਾਲ ਕਰਦਿਆਂ ਉਨ੍ਹਾਂ ਦੀ ਚੰਗੀ ਕਸਰਤ ਹੋ ਜਾਂਦੀ ਹੈ ।

ਕੁੱਤਾ ਇੱਕ ਚੰਗਾ ਦੋਸਤ ਸਾਬਿਤ ਹੁੰਦਾ ਹੈ । ਇੱਕ ਚੰਗੇ ਦੋਸਤ ਵਾਂਗ ਹੀ ਉਹ ਆਪਣੇ ਮਾਲਕ ਦੇ ਦੁੱਖ ਤੇ ਸੁੱਖ ਨੂੰ ਮਹਿਸੂਸ ਕਰਨ ਦੀ ਸਮਰਥਾ ਰੱਖਦਾ ਹੈ । ਇਸ ਬਾਰੇ ਕਈ ਕਹਾਣੀਆਂ ਸਾਨੂੰ ਸੁਣਨ ਲਈ ਮਿਲ ਜਾਂਦੀਆਂ ਹਨ । ਉਹ ਅਪਾਹਿਜ ਲੋਕ, ਜਿਨ੍ਹਾਂ ਨੇ ਕੁੱਤਾ ਰੱਖਿਆ ਹੁੰਦਾ ਹੈ, ਅਜਨਬੀ ਲੋਕਾਂ ਨੂੰ ਮਿਲਣ ਲੱਗਿਆਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਨ । ਡਿਪ੍ਰੈਸ਼ਨ ਆਦਿ ਮਾਨਸਿਕ ਸਮੱਸਿਆਵਾਂ ਤੋਂ ਪ੍ਰੇਸ਼ਾਨ ਲੋਕਾਂ ਲਈ ਕੁੱਤਾ ਬਹੁਤ ਵਧੀਆ ਮਦਦਗਾਰ ਸਾਬਿਤ ਹੁੰਦਾ ਹੈ ।

ਕੁੱਤਾ ਹਜ਼ਾਰਾਂ ਸਾਲਾਂ ਤੋਂ ਮਨੁੱਖਾਂ ਦੇ ਨਾਲ ਵਿਚਰਦਾ ਆ ਰਿਹਾ ਹੈ । ਮਨੁੱਖੀ ਇਤਿਹਾਸ ਵਿੱਚ ਕੁੱਤਿਆਂ ਦਾ ਜ਼ਿਕਰ ਮੁੱਢ ਤੋਂ ਹੀ ਮਿਲਦਾ ਹੈ । ਦੁਨੀਆਂ ਭਰ ਦੇ ਸਾਹਿਤ ਵਿੱਚ ਕੁੱਤਿਆਂ ਦਾ ਵਰਣਨ ਹੈ । ਬੁੱਲ੍ਹੇ ਸ਼ਾਹ ਵਰਗੇ ਦਰਵੇਸ਼ ਨੇ ਕੁੱਤਿਆਂ ਦਾ ਜ਼ਿਕਰ ਕਰਦਿਆਂ ਆਖਿਆ :

ਬੁਲ੍ਹਿਆ ! ਰਾਤੀਂ ਜਾਗੇਂ, ਦਿਨੇਂ ਪੀਰ ਸਦਾਵੇਂ,
ਰਾਤੀਂ ਜਾਗਣ ਕੁੱਤੇ,
ਤੈਂ ਥੀਂ ਉੱਤੇ ।

ਗੁਰਬਾਣੀ ਵਿੱਚ ਅਨੇਕ ਥਾਵਾਂ ਉੱਤੇ ਬਾਣੀਕਾਰਾਂ ਨੇ ਆਪਣੇ-ਆਪ ਨੂੰ ਕੁੱਤਾ (ਕੂਕਰ) ਆਖਿਆ ਹੈ, ਜਿਵੇਂ :

ਹਮ ਕੂਕਰ ਤੇਰੈ ਦਰਬਾਰਿ ॥ (ਅੰਗ ੯੬੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ

ਕਬੀਰ ਕੂਕਰੁ ਰਾਮ ਕਉ (ਅੰਗ ੧੩੬੮, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਕੁੱਤੇ ਵਿੱਚ ਕੁੱਝ ਔਗੁਣ ਵੀ ਹਨ । ਕੁੱਤੇ ਨੂੰ ਲਾਲਚੀ ਜੀਵ ਵਜੋਂ ਜਾਣਿਆ ਜਾਂਦਾ ਹੈ, ਜੋ ਹੋਰਨਾਂ ਕੁੱਤਿਆਂ ਨਾਲ ਵੰਡ ਕੇ ਨਹੀਂ ਖਾ ਸਕਦਾ । ਇਸੇਲਈ, ਗੁਰਬਾਣੀ ਨੇ ‘ਲਬ’ (ਲਾਲਚ) ਨੂੰ ‘ਕੁੱਤਾ’ ਆਖਿਆ ਹੈ:

ਲਬੁ ਕੁਤਾ ਕੂੜੁ ਚੂਹੜਾ (ਸਿਰੀਰਾਗੁ ਮਹਲਾ ੧, ਅੰਗ ੧੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ).

ਕੁੱਤੇ ਭੌਂਕਦੇ ਵੀ ਬਹੁਤ ਹਨ । ਕਈ ਵਾਰ ਥੋੜੀ ਜਿਹੀ ਗੱਲ ‘ਤੇ ਹੀ ਭੌਂਕ-ਭੌਂਕ ਕੇ ਲੋਕਾਂ ਦੇ ਸਿਰ ਦੁੱਖਣ ਲਾ ਦਿੰਦੇ ਹਨ । ਸ਼ਾਇਦ ਇਸੇ ਕਰਕੇ ਹੀ ਗੁਰਬਾਣੀ ਵਿੱਚ ਨਿੰਦਕ ਦੀ ਗੱਲ ਕਰਦਿਆਂ ਕੁੱਤੇ ਦਾ ਜ਼ਿਕਰ ਆਇਆ ਹੈ :

ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥
ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥
(ਮਾਰੂ ਮਹਲਾ ੩, ੧੦੪੬, ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ,

ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥
(ਸਿਰੀਰਾਗੁ ਮਹਲਾ ੧, ਅੰਗ ੨੧, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਜੇ ਕੁੱਤਾ ਹਲਕ ਜਾਵੇ (ਪਾਗਲ ਹੋ ਜਾਵੇ), ਤਾਂ ਬਹੁਤ ਖ਼ਤਰਨਾਕ ਹੋ ਜਾਂਦਾ ਹੈ । ਇਸਲਈ, ਗੁਰਬਾਣੀ ਵਿੱਚ ਕੁੱਤਾ (ਜਾਂ ਕੂਕਰ) ਲਫ਼ਜ਼ ਦੀ ਵਰਤੋਂ ਇਸ ਸੰਦਰਭ ਵਿੱਚ ਵੀ ਕੀਤੀ ਗਈ ਮਿਲਦੀ ਹੈ :

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
(ਸਿਰੀਰਾਗੁ ਮਹਲਾ ੫, ਅੰਗ ੫੦, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ,

ਬਿਨੁ ਸਿਮਰਨ ਕੂਕਰ ਹਰਕਾਇਆ ॥
(ਗਉੜੀ ਮਹਲਾ ੫, ਅੰਗ ੨੩੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਜੋ ਵੀ ਹੋਵੇ, ਕੁੱਤਿਆਂ ਦੇ ਔਗੁਣਾਂ ਨਾਲੋਂ ਉਸ ਦੇ ਗੁਣ ਜ਼ਿਆਦਾ ਹਨ । ਇੱਕ ਗੁਣ ਕੁੱਤੇ ਵਿੱਚ ਅਜਿਹਾ ਹੈ, ਜੋ ਉਸ ਦੇ ਔਗੁਣਾਂ ਨੂੰ ਛੁਪਾ ਲੈਂਦਾ ਹੈ । ਇਹ ਗੁਣ ਹੈ ਵਫ਼ਾਦਾਰੀ ਦਾ । ਗੁਰੂ ਤੇਗ਼ ਬਹਾਦੁਰ ਸਾਹਿਬ ਨੇ ਵੀ ਕੁੱਤੇ (ਸੁਆਨ) ਦੇ ਆਪਣੇ ਮਾਲਕ (ਸੁਆਮੀ) ਪ੍ਰਤੀ ਵਫ਼ਾਦਾਰ ਹੋਣ ਦੇ ਗੁਣ ਦਾ ਜ਼ਿਕਰ ਕਰਦਿਆਂ ਇੱਕ-ਮਨ ਤੇ ਇੱਕ-ਚਿੱਤ ਹੋ ਕੇ ਹਰੀ ਦੀ ਭਗਤੀ ਕਰਨ ਦੀ ਗੱਲ ਆਖੀ ਹੈ :

ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥
ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕਿ ਚਿਤਿ ॥੪੫॥
(੧੪੨੮, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

“ਕੀ ਗੱਲ? ਕਿੱਧਰ ਗੁਆਚ ਗਏ? ਕੀ ਸੋਚਣ ਲੱਗ ਪਏ?” ਉਹ ਕੁੱਤਾ ਫਿਰ ਭੌਂਕਿਆ… ਮੇਰਾ ਮਤਲਬ ਹੈ ਬੋਲਿਆ ।

“ਕ… ਕ… ਕ… ਕੁੱਝ ਨਹੀਂ, ਕੁੱਝ ਨਹੀਂ, ਬੱਸ ਐਵੇਂ ਹੀ”, ਮੈਂ ਜਿਵੇਂ ਨੀਂਦ ਤੋਂ ਜਾਗਿਆ ਹੋਵਾਂ ।

“ਘਬਰਾਉ ਨਾ, ਅਸੀਂ ਤੁਹਾਨੂੰ ਵੱਢਣ ਤਾਂ ਨਹੀਂ ਲੱਗੇ”, ਕੁੱਤੇ ਨੇ ਹੱਸਦਿਆਂ-ਹੱਸਦਿਆਂ ਆਖਿਆ ।

ਮੇਰੇ ਸਾਹ ਵਿੱਚ ਸਾਹ ਆਇਆ । ‘ਇਹ ਕੁੱਤਾ ਹੈ, ਕੋਈ ਇਨਸਾਨ ਨਹੀਂ, ਜੋ ਭਰੋਸਾ ਦਵਾ ਕੇ ਫਿਰ ਆਪ ਹੀ ਮੈਂਨੂੰ ਧੋਖਾ ਦੇ ਦਵੇ’, ਮੈਂ ਸੋਚਿਆ ।

ਮੈਂ ਕਿਹਾ, “ਕਿਵੇਂ ਯਾਦ ਕੀਤਾ ਮੈਂਨੂੰ? ਕੋਈ ਖ਼ਾਸ ਗੱਲ?”

“ਗੱਲ ਤਾਂ ਬਹੁਤ ਹੀ ਖ਼ਾਸ ਹੈ । ਤੁਸੀਂ ਮਨੁੱਖੀ ਆਜ਼ਾਦੀ ਦੀ ਬਹੁਤ ਗੱਲ ਕਰਦੇ ਹੋ । ਜਾਨਵਰਾਂ ਦੇ ਹੱਕਾਂ ਦੇ ਵੀ ਤੁਸੀਂ ਵੱਡੇ ਸਮਰਥਕ ਹੋ”, ਕੁੱਤਾ ਇੱਕ ਦਮ ਗੰਭੀਰ ਮੁਦਰਾ ਵਿੱਚ ਆ ਗਿਆ ।

ਮੈਂ ਕਿਹਾ, “ਹਾਂ, ਜਾਨਵਰਾਂ ਦੇ ਵੀ ਹੱਕ ਹਨ । ਕਿਸੇ ਹੱਦ ਤਕ ਮਨੁੱਖਾਂ ਤੇ ਜਾਨਵਰਾਂ ਨੂੰ ਆਜ਼ਾਦੀ ਪ੍ਰਾਪਤ ਹੈ ਤੇ ਜਿੱਥੋਂ ਤਕ ਹੋ ਸਕੇ, ਇਸ ਆਜ਼ਾਦੀ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ।”

ਕੁੱਤਾ ਇੱਕ ਦਮ ਬੋਲਿਆ, “ਕੇਵਲ ਸ਼ਾਰੀਰਿਕ ਆਜ਼ਾਦੀ ਹੀ ਨਹੀਂ, ਬਲਕਿ ਮਾਣ-ਮਰਿਯਾਦਾ ਦੀ ਵੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ । ਆਖ਼ਿਰ, ਕੁੱਤਿਆਂ ਦੀ ਵੀ ਕੋਈ ਇੱਜ਼ਤ ਹੈ ।”

ਮੈਂ ਇੱਕ ਦਮ ਚੌਂਕਿਆ । ਕੁੱਤਿਆਂ ਦੀ ਇੱਜ਼ਤ ? ਇਨਸਾਨ ਨੇ ਤਾਂ ਅਜੇ ਇਨਸਾਨ ਦੀ ਇੱਜ਼ਤ ਕਰਨੀ ਨਹੀਂ ਸਿੱਖੀ । ਕਿਸੇ ਨਾਲ ਕਿਸੇ ਗੱਲ ਤੋਂ ਝਗੜਾ ਹੋ ਜਾਏ, ਤਾਂ ਸਭ ਤੋਂ ਪਹਿਲਾਂ ਇਨਸਾਨ ਆਪਣੇ ਵਿਰੋਧੀ ਨੂੰ ਮਾਂ ਜਾਂ ਭੈਣ ਦੀ ਗਾਲ੍ਹ ਕੱਢਦਾ ਹੈ । ਸਾਫ਼ ਹੈ ਕਿ ਮਰਦ ਤਾਂ ਅਜੇ ਉਸ ਔਰਤ ਦੀ ਇੱਜ਼ਤ ਕਰਨੀ ਨਹੀਂ ਸਿੱਖਿਆ, ਜਿਸ ਨੇ ਮਰਦਾਂ ਨੂੰ ਜਨਮ ਦਿੱਤਾ । ਇਤਿਹਾਸ ਪੜ੍ਹ ਕੇ ਦੇਖ ਲਉ, ਜਦੋਂ ਕਿਸੀ ਫ਼ੌਜ ਨੇ ਕਿਸੇ ਹੋਰ ਦੇਸ਼ ਜਾਂ ਇਲਾਕੇ ‘ਤੇ ਹਮਲਾ ਕੀਤਾ, ਤਾਂ ਉੱਥੋਂ ਦੀਆਂ ਔਰਤਾਂ ਨਾਲ ਬਲਾਤਕਾਰ ਕੀਤੇ, ਅਗਵਾ ਕੀਤਾ ਤੇ ਬਾਜ਼ਾਰਾਂ ਵਿੱਚ ਸ਼ਰੇਆਮ ਵੇਚਿਆ । ਤੇ ਇਹ ਕੁੱਤਾ ‘ਕੁੱਤਿਆਂ ਦੀ ਇੱਜ਼ਤ’ ਦੀ ਗੱਲ ਕਰ ਰਿਹਾ ਹੈ ।

ਮੈਂ ਕਿਹਾ, “ਗੱਲ ਕੀ ਹੈ? ਜ਼ਰਾ ਖੁੱਲ੍ਹ ਕੇ ਦੱਸੋ?”

“ਦੇਖੋ ਜੀ”, ਕੁੱਤਾ ਜਿਵੇਂ ਸਾਫ਼ ਤੇ ਸਪੱਸ਼ਟ ਗੱਲ ਕਰਨਾ ਚਾਹੁੰਦਾ ਸੀ, “ਤੁਸੀਂ ਲੋਕ ਇੰਟਰਨੈੱਟ ‘ਤੇ ਆਪਸ ਵਿੱਚ ਵੀਚਾਰ ਚਰਚਾ ਕਰਦੇ ਰਹਿੰਦੇ ਹੋ ।”

“ਬਿੱਲਕੁਲ ਕਰਦੇ ਹਾਂ, ਪਰ ਇਸ ਨਾਲ ਕੁੱਤਿਆਂ ਦੀ ਇੱਜ਼ਤ ਨੂੰ ਕੋਈ ਖ਼ਤਰਾ ਕਿਵੇਂ ਹੋ ਗਿਆ”, ਮੈਂ ਤੇਜ਼ੀ ਨਾਲ ਕਿਹਾ ।

ਮੇਰੀ ਗੱਲ ਕੱਟਦਿਆਂ ਕੁੱਤਾ ਬੋਲਿਆ, “ਕਾਹਲੇ ਨਾ ਪਉ । ਧੀਰਜ ਰੱਖੋ, ਧੀਰਜ । ਠਰੰਮੇ ਨਾਲ ਗੱਲ ਕਰੋ ।”

ਮੈਂਨੂੰ ਸ਼ਰਮ ਜਿਹੀ ਮਹਿਸੂਸ ਹੋਈ । ਇੱਕ ਕੁੱਤਾ ਇੱਕ ਇਨਸਾਨ ਨੂੰ ਮੱਤ ਦੇ ਰਿਹਾ ਸੀ ।

ਕੁੱਝ ਰੁਕ ਕੇ ਮੈਂ ਕਿਹਾ, “ਗੱਲ ਕੀ ਹੈ?”

ਕੁੱਤਾ ਹੋਰ ਗੰਭੀਰ ਹੋ ਗਿਆ । ਥੋੜੀ ਦੇਰ ਚੁੱਪ ਰਹਿਣ ਮਗਰੋਂ ਬੋਲਿਆ, “ਪਿੱਛਲੇ ਕਾਫ਼ੀ ਸਮੇਂ ਤੋਂ ਇੰਟਰਨੈੱਟ ਉੱਤੇ ਗੁਰਬਾਣੀ ਦੇ ਸਮਰਥਕਾਂ ਤੇ ਵਿਰੋਧੀਆਂ ਦਰਮਿਆਨ ਬਹਿਸਾਂ ਚਲਦੀਆਂ ਆ ਰਹੀਆਂ ਹਨ । ਨਿਤਨੇਮ ਦੀਆਂ ਬਾਣੀਆਂ ਬਾਰੇ ਚਰਚਾ ਹੋ ਰਹੀ ਹੈ । ਖ਼ਾਸ ਕਰ ਕੇ ਫ਼ੇਸਬੁੱਕ ਵੈੱਬਸਾਈਟ ‘ਤੇ ਕਈ ਗਰੁੱਪ ਇਸ ਪ੍ਰਕਾਰ ਦੀਆਂ ਬਹਿਸਾਂ ਕਰ ਰਹੇ ਹਨ ।”

ਮੈਂ ਹੈਰਾਨ ਹੋ ਕੇ ਕੁੱਤੇ ਦੇ ਮੂੰਹ ਵੱਲ ਦੇਖ ਰਿਹਾ ਸੀ । ਬਾਕੀ ਕੁੱਤੇ ਵੀ ਬੜੇ ਦੁਖੀ ਜਾਪ ਰਹੇ ਸਨ ।

ਮੈਂ ਕਿਹਾ, “ਹਾਂ, ਇਹ ਸਹੀ ਹੈ । ਨਿਤਨੇਮ ਦੀਆਂ ਬਾਣੀਆਂ ਬਾਰੇ ਚਰਚਾ ਹੁੰਦੀ ਰਹਿੰਦੀ ਹੈ । ਨਿਤਨੇਮ ਦੀਆਂ ਕੁੱਝ ਬਾਣੀਆਂ ਨੂੰ ਗੁਰੂ-ਕ੍ਰਿਤ ਮੰਨਣ ਵਾਲੇ ਇੱਕ ਪਾਸੇ ਹੁੰਦੇ ਹਨ ਤੇ ਇਸ ਨੂੰ ਸਿੱਖ-ਵਿਰੋਧੀ ਲਿਖਤਾਂ ਆਖਣ ਵਾਲੇ ਦੂਜੇ ਪਾਸੇ ਹੁੰਦੇ ਹਨ । ਪਰ, ਨਿਤਨੇਮ ਦੀਆਂ ਬਾਣੀਆਂ ਨਾਲ ਤੁਹਾਨੂੰ ਕੀ ਮਤਲਬ ਹੈ?”

ਕੁੱਤੇ ਨੇ ਲੰਬਾ ਸਾਹ ਭਰਿਆ ਤੇ ਬੋਲਿਆ, “ਸਿੱਧੇ ਰੂਪ ਵਿੱਚ ਤਾਂ ਸਾਨੂੰ ਕੋਈ ਮਤਲਬ ਨਹੀਂ । ਨਿੱਤਨੇਮ ਦੀਆਂ ਬਾਣੀਆਂ ਇਨਸਾਨ ਪੜ੍ਹਦੇ ਹਨ । ਅਸੀਂ ਕੁੱਤੇ ਹਾਂ । ਸਿੱਖਾਂ ਵਿੱਚੋਂ ਕਈ ਆਖਦੇ ਹਨ ਕਿ ਕੁੱਤਿਆਂ ਨੂੰ ਗੁਰਦੁਆਰੇ ਦਾ ਪ੍ਰਸ਼ਾਦ ਨਹੀਂ ਦੇਣਾ ਚਾਹੀਦਾ । ਜੇ ਅਸੀਂ ਪ੍ਰਸ਼ਾਦ ਹੀ ਲੈਣ ਦੇ ਯੋਗ ਨਹੀਂ, ਤਾਂ ਹੋਰ ਗੱਲਾਂ ਤਾਂ ਦੂਰ ਦੀਆਂ ਹਨ ।”

ਉਹ ਕੁੱਤਾ ਕੁੱਝ ਦੇਰ ਆਕਾਸ਼ ਵੱਲ ਤੱਕਦਾ ਰਿਹਾ । ਫਿਰ ਬੋਲਿਆ, “ਦੇਖੋ, ਕਿਹੜੀ ਬਾਣੀ ਕਿਸੇ ਨੇ ਪੜ੍ਹਨੀ ਹੈ ਤੇ ਕਿਹੜੀ ਨਹੀਂ, ਇਹ ਉਸਦਾ ਨਿਜੀ ਮਾਮਲਾ ਹੈ । ਗੁਰੂ ਨੂੰ ਕੀ ਲਿੱਖਣਾ ਚਾਹੀਦਾ ਸੀ ਤੇ ਕੀ ਨਹੀਂ, ਇਹ ਗੁਰੂ ਦੀ ਮਰਜ਼ੀ ਸੀ । ਹੁਣ, ਸਿੱਖ ਨੇ ਕੀ ਮੰਨਣਾ ਹੈ ਤੇ ਕੀ ਨਹੀਂ, ਇਹ ਸਿੱਖ ਦੀ ਮਰਜ਼ੀ ਹੈ । ਇਹ ਗੁਰੂ ਦੀ ਮਰਜ਼ੀ ਸੀ ਕਿ ਤਿਲਕ ਤੇ ਜੰਝੂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨੀ ਹੈ ਕਿ ਨਹੀਂ । ਇਹ ਸਿੱਖ ਦੀ ਮਰਜ਼ੀ ਹੈ ਕਿ ਤਿਲਕ ਤੇ ਜੰਝੂ ਧਾਰਣ ਕਰਨ ਵਾਲਿਆਂ ਦਾ ਅਪਮਾਨ ਕਰਨਾ ਹੈ ਕਿ ਨਹੀਂ ।”

ਕੁੱਤੇ ਨੇ ਬੋਲਣਾ ਜਾਰੀ ਰੱਖਿਆ, “ਨਿੱਤਨੇਮ ਦੀਆਂ ਬਾਣੀਆਂ ਦੀ ਪ੍ਰਮਾਣੀਕਤਾ ਬਾਰੇ ਵੀਚਾਰ ਕਰਨਾ ਅੱਜਕਲ੍ਹ ਦੇ ਸਿੱਖਾਂ ਦਾ ਹੱਕ ਹੋ ਸਕਦਾ ਹੈ । ਪਰ ਅਜਿਹਾ ਕਰਦਿਆਂ, ਉਨ੍ਹਾਂ ਨੂੰ ਕੋਈ ਹੱਕ ਨਹੀਂ ਕਿ ਉਹ ਹੋਰਨਾਂ ਨੂੰ ਮੱਲੋਮੱਲੀ ਇਸ ਵਿਵਾਦ ਵਿੱਚ ਘੜੀਸ ਲੈਣ ।”

ਮੈਂ ਪੁੱਛਿਆ, “ਕਿਸ ਨੇ ਇਸ ਵਿਵਾਦ ਵਿੱਚ ਕਿਸ ਨੂੰ ਘੜੀਸਿਆ ਹੈ?”

ਕੁੱਤਾ ਬੋਲਿਆ, “ਦੇਖੋ, ਨਿੱਤਨੇਮ ਅਤੇ ਹੋਰ ਬਾਣੀਆਂ ਬਾਰੇ ਵਿਵਾਦ ਦੋ ਧਿਰਾਂ ਕਰ ਰਹੀਆਂ ਹਨ । ਪਹਿਲੀ ਧਿਰ ਉਹ ਹੈ, ਜੋ ਇਸਨੂੰ ਗੁਰਬਾਣੀ ਮੰਨਦੀ ਹੈ । ਦੂਜੀ ਧਿਰ ਉਹ ਹੈ, ਜੋ ਇਸਨੂੰ ਗੁਰਬਾਣੀ ਨਹੀਂ ਮੰਨਦੀ । ਦੂਜੀ ਧਿਰ ਤਾਂ ਨਿਤਨੇਮ ਵਿੱਚ ਸ਼ਾਮਿਲ ਕੁੱਝ ਬਾਣੀਆਂ ਨੂੰ ਗੁਰਮਤਿ ਵਿਰੋਧੀ ਤਕ ਆਖ ਰਹੀ ਹੈ ।”

ਕੁੱਤਾ ਬੋਲਦਾ ਰਿਹਾ, “ਆਪਣੇ ਵੀਚਾਰ ਰੱਖਣੇ ਹੋਰ ਗੱਲ ਹੈ, ਪਰ ਵੀਚਾਰ ਰੱਖਦਿਆਂ ਗਾਲ੍ਹੀ-ਗਲੋਚ ‘ਤੇ ਉਤਰ ਆਉਣਾ ਹੋਰ ਗੱਲ ਹੈ । ਤੁਸੀਂ ਲੋਕ ਕੁੱਤੇ ਨਹੀਂ ਹੋ, ਇਨਸਾਨ ਹੋ, ਇਸਲਈ ਗਾਲ੍ਹੀ-ਗਲੋਚ ‘ਤੇ ਉਤਰ ਆਉਂਦੇ ਹੋ । ਜਿਸ ਨਾਲ ਝਗੜਾ ਹੋ ਰਿਹਾ ਹੁੰਦਾ ਹੈ, ਉਸ ਦੀ ਮਾਂ ਜਾਂ ਭੈਣ ਨੂੰ ਗਾਲ੍ਹਾਂ ਕੱਢਣ ‘ਤੇ ਉਤਰ ਆਉਂਦੇ ਹੋ । ਕਿਸੇ ਦੋਸ਼ੀ ਦੀ ਗ਼ਲਤੀ ਲਈ ਸਜ਼ਾ ਦੇਣ ਲਈ ਉਸ ਦੀ ਭੈਣ ਨਾਲ ਬਲਾਤਕਾਰ ਕਰਨ ਤਕ ਦੇ ਫ਼ੁਰਮਾਨ ਤੁਸੀਂ ਇਨਸਾਨ ਜਾਰੀ ਕਰ ਦਿੰਦੇ ਹੋ । ਪਾਕਿਸਤਾਨ ਵਰਗੇ ਮੁਲਕਾਂ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਸਾਰੇ ਵਿਸ਼ਵ ਦੇ ਲੋਕਾਂ ਸਾਹਮਣੇ ਆ ਚੁੱਕੀਆਂ ਹਨ । ਇਨਸਾਨਾਂ ਦੀਆਂ ਅਜਿਹੀਆਂ ਹਰਕਤਾਂ ਨੂੰ ਅਸੀਂ ‘ਇਨਸਾਨਪੁਣਾ’ ਆਖ ਕੇ ਦੁਰਕਾਰਦੇ ਹਾਂ । ਅਸੀਂ ‘ਇਨਸਾਨਪੁਣਾ’ ਨਹੀਂ ਕਰਦੇ, ਬਸ ‘ਕੁੱਤਪੁਣੇ’ ਤਕ ਹੀ ਸੀਮਿਤ ਰਹਿੰਦੇ ਹਾਂ ।”

ਮੈਂ ਡੂੰਘੀਆਂ ਸੋਚਾਂ ਵਿੱਚ ਪਿਆ ਹੋਇਆ ਸੀ । ਮੈਂ ਪੁੱਛਿਆ, “ਪਰ ਗੁਰਬਾਣੀ ਸੰਬੰਧੀ ਵਿਵਾਦ ਕਰਨ ਵਿੱਚ ਸਿੱਖਾਂ ਵੱਲੋਂ ਕੀਤੇ ਜਾ ਰਹੇ ‘ਇਨਸਾਨਪੁਣੇ’ ਤੋਂ ਕੁੱਤਿਆਂ ਦੀ ਇੱਜ਼ਤ ਨੂੰ ਕਿਵੇਂ ਨੁਕਸਾਨ ਹੋ ਰਿਹਾ ਹੈ?”

ਕੁੱਤਾ ਇੱਕਦਮ ਬੋਲਿਆ, “ਹੋ ਰਿਹਾ ਹੈ, ਹੋ ਰਿਹਾ ਹੈ । ਬਾਣੀਆਂ ਬਾਰੇ ਕਿੰਤੂ-ਪ੍ਰੰਤੂ ਕਰਨ ਵਾਲੇ ਬਾਣੀਆਂ ਨੂੰ ਮੰਨਣ ਵਾਲੇ ਵਿਅਕਤੀਆਂ ਨੂੰ ‘ਕੰਜਰ’ ਆਖਦੇ ਹਨ ਤੇ ਬਾਣੀਆਂ ਨੂੰ ‘ਕੰਜਰ-ਕਵਿਤਾ’ ਆਖਦੇ ਹਨ । ਕੁੱਤਿਆਂ ਵਿੱਚ ਕੰਜਰ ਨਹੀਂ ਹੁੰਦੇ, ਇਸਲਈ ਬਾਣੀਆਂ ਬਾਰੇ ਕਿੰਤੂ-ਪ੍ਰੰਤੂ ਕਰਨ ਵਾਲੇ ‘ਕੰਜਰ’ ਜਾਂ ‘ਕੰਜਰ-ਕਵਿਤਾ’ ਲਫ਼ਜ਼ ਵਰਤ ਕੇ ਕੁੱਤਿਆਂ ਦੀ ਕੋਈ ਬੇਇਜ਼ਤੀ ਨਹੀਂ ਕਰਦੇ । ਸਾਡੀ ਇੱਜ਼ਤ ਨੂੰ ਦਾਗ਼ ਤਾਂ ਉਦੋਂ ਲੱਗਦਾ ਹੈ, ਜਦੋਂ ਬਾਣੀਆਂ ਦੇ ਸਮਰਥਕ ਬਾਣੀ ਨੂੰ ‘ਕੰਜਰ-ਕਵਿਤਾ’ ਆਖੇ ਜਾਣ ‘ਤੇ ਗ਼ੁੱਸੇ ਵਿੱਚ ਆ ਕੇ ਬਾਣੀ-ਵਿਰੋਧੀ ਲੋਕਾਂ ਨੂੰ “ਕੁੱਤਾ” ਆਖ ਦਿੰਦੇ ਹਨ ।”

ਮੈਂ ਹੋਰ ਉਲਝ ਕੇ ਰਹਿ ਗਿਆ । ਮੈਂਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਸੇ ਨੂੰ ‘ਕੁੱਤਾ’ ਕਹਿਣ ਨਾਲ ਕੁੱਤਿਆਂ ਦੀ ਕੀ ਬੇਇੱਜ਼ਤੀ ਹੋ ਰਹੀ ਸੀ । ਮੈਂ ਕੁੱਝ ਦੇਰ ਕੁੱਤੇ ਨੂੰ ਗ਼ੌਰ ਨਾਲ ਦੇਖਦਾ ਰਿਹਾ, ਫਿਰ ਬੋਲਿਆ, “ਹਾਂ, ਅਜਿਹਾ ਹੋ ਰਿਹਾ ਹੈ । ਨਿਤਨੇਮ ਦੀਆਂ ਬਾਣੀਆਂ ਨੂੰ ਗੁਰਬਾਣੀ ਮੰਨਣ ਵਾਲੇ ਲੋਕ ਇਸ ਦੇ ਵਿਰੋਧੀਆਂ ਨੂੰ ਗ਼ੁੱਸੇ ਵਿੱਚ ‘ਕੁੱਤਾ’ ਆਖ ਦਿੰਦੇ ਹਨ । ਇਸ ਵਿੱਚ ਤੁਹਾਡਾ ਅਪਮਾਨ ਕਿਵੇਂ ਹੋ ਰਿਹਾ ਹੈ?”

ਕੁੱਤਾ ਇੱਕਦਮ ਗ਼ੁੱਸੇ ਵਿੱਚ ਬੋਲਿਆ, “ਹੋ ਰਿਹਾ ਹੈ, ਹੋ ਰਿਹਾ ਹੈ । ਜ਼ਰਾ ਗਹਿਰਾਈ ਵਿੱਚ ਜਾਉ । ਕੱਲ੍ਹ ਤਕ ਤੁਹਾਡਾ ਇੱਕ ਜੱਥੇਦਾਰ ਜਿਹੜੀਆਂ ਬਾਣੀਆਂ ਗੁਰਦੁਆਰਿਆਂ ਦੀਆਂ ਸਟੇਜਾਂ ‘ਤੇ ਗਾ-ਗਾ ਕੇ ਮਾਇਆ ਇਕੱਠੀ ਕਰਦੀ ਫਿਰਦਾ ਸੀ, ਜੱਥੇਦਾਰੀ ਖੁੱਸ ਜਾਣ ਮਗਰੋਂ ਉਹੀ ‘ਇਨਸਾਨ’ ਅੱਜ ਉਨ੍ਹਾਂ ਬਾਣੀਆਂ ਬਾਰੇ ਹੀ ਅਪਸ਼ਬਦ ਬੋਲ ਰਿਹਾ ਹੈ । ਦੱਸੋ ਅਜਿਹਾ ਕਿਹੜਾ ਗਿਰਿਆ ਹੋਇਆ ਕੁੱਤਾ ਹੈ, ਜੋ ਪਹਿਲਾਂ ਜਿਸ ਦਾ ਪ੍ਰਚਾਰ ਕਰਦਾ ਰਿਹਾ ਹੋਵੇ ਤੇ ਜਿਸ ਦੇ ਸਹਾਰੇ ਟੁੱਕੜ ਖਾਂਦਾ ਰਿਹਾ ਹੋਵੇ, ਫਿਰ ਉਸ ਦੇ ਖ਼ਿਲਾਫ਼ ਹੀ ਭੌਂਕਣ ਲੱਗ ਪਏ?”

ਮੈਂ ਡੌਰ-ਭੌਰ ਜਿਹਾ ਹੋਇਆ ਪਿਆ ਸੀ । ਕੁੱਤੇ ਨੇ ਬੋਲਣਾ ਜਾਰੀ ਰੱਖਿਆ, “ਅਸੀਂ ਕੁੱਤੇ ਹਾਂ ਕੁੱਤੇ, ਇਨਸਾਨ ਨਹੀਂ । ਕੋਈ ਕੁੱਤਾ ਇੰਨਾ ਗਿਰਿਆ ਹੋਇਆ ਨਹੀਂ ਹੋ ਸਕਦਾ ਕਿ ਜਿਸ ਬਾਣੀ ਦਾ ਪ੍ਰਚਾਰ ਕਰ-ਕਰ ਕੇ ਉਸ ਨੇ ਟੁੱਕੜ ਇਕੱਠੇ ਕੀਤੇ ਹੋਣ, ਉਸ ਹੀ ਬਾਣੀ ਦੇ ਖ਼ਿਲਾਫ਼ ਭੌਂਕਣਾ ਸ਼ੁਰੂ ਕਰ ਦਵੇ । ਅਜਿਹਾ ਕਰਨ ਵਾਲੇ ਇਨਸਾਨ ਦੀ ਤੁੱਲਣਾ ਕਿਸੇ ਕੁੱਤੇ ਨਾਲ ਕਰ ਕੇ ਪੂਰੀ ਕੁੱਤਾ ਜਾਤੀ ਦਾ ਅਪਮਾਨ ਕੀਤਾ ਗਿਆ ਹੈ ।”

ਸੱਚੀ ਗੱਲ ਤਾਂ ਇਹ ਹੈ ਕਿ ਮੈਂਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਕੁੱਤਾ ਜੋ ਆਖ ਰਿਹਾ ਹੈ, ਉਸ ਦਾ ਭਾਵ ਕੀ ਹੈ । ਮੈਂ ਬੱਸ ਸੁਣਦਾ ਹੀ ਜਾ ਰਿਹਾ ਸੀ ।

ਕੁੱਤਾ ਬੋਲਦਾ ਜਾ ਰਿਹਾ ਸੀ, “ਇਹ ਕਿਸੇ ਵੀ ਇਨਸਾਨ ਦੀ ਆਪਣੀ ਸੋਚ ਹੈ ਕਿ ਕੁਰਾਨ, ਵੇਦ, ਬਾਈਬਲ, ਦਸਮ ਗ੍ਰੰਥ ਜਾਂ ਕਿਸੇ ਵੀ ਹੋਰ ਗ੍ਰੰਥ ਨੂੰ ਮੰਨੇ ਜਾਂ ਨਾ, ਪਰ ਕਿਸੇ ਨੂੰ ਇਹ ਅਧਿਕਾਰ ਬਿਲਕੁਲ ਨਹੀਂ ਕਿ ਉਹ ਇਨ੍ਹਾਂ ਨੂੰ ਮੰਨਣ ਵਾਲਿਆਂ ਨੂੰ ‘ਕੰਜਰ’ ਆਖੇ ਜਾਂ ਕਿਸੇ ਵੀ ਤਰ੍ਹਾਂ ਜ਼ਲੀਲ ਕਰੇ । ਅਜਿਹਾ ਕਰਨਾ ਕਾਨੂੰਨਨ ਅਪਰਾਧ ਤਾਂ ਹੈ ਹੀ, ਇਹ ਮਨੁੱਖਤਾ ਅਤੇ ਸਮਾਜ ਪ੍ਰਤੀ ਅਪਰਾਧ ਵੀ ਹੈ । ਇਸੇ ਤਰ੍ਹਾਂ, ਕਿਸੇ ਵੀ ਧਾਰਮਿਕ ਗ੍ਰੰਥ ਪ੍ਰਤੀ ਘਿਰਣਾ ਰੱਖਣ ਵਾਲੇ ਕਿਸੇ ਇਨਸਾਨ ਨੂੰ ‘ਕੁੱਤਾ’ ਆਖਣਾ ਦੁਨੀਆਂ ਭਰ ਦੇ ਕੁੱਤਿਆਂ ਦੀ ਇੱਜ਼ਤ ‘ਤੇ ਹਮਲਾ ਹੈ । ਕੁੱਤਾ ਹੋਰ ਜੋ ਮਰਜ਼ੀ ਕਰੇ, ਪਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ‘ਤੇ ਚੋਟ ਨਹੀਂ ਕਰ ਸਕਦਾ । ਦਿੱਲੀ ਦੀਆਂ ਸੜਕਾਂ ‘ਤੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੋਈ ਕੁੱਤਾ ਨਹੀਂ ਕਰ ਸਕਦਾ । ਨਿਤਨੇਮ ਦੀਆਂ ਬਾਣੀਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਦੁਖਾਉਣ ਦਾ ਕੰਮ ਕੋਈ ਕੁੱਤਾ ਨਹੀਂ ਕਰ ਸਕਦਾ । ਅਸੀਂ ਕੁੱਤੇ ਹਾਂ ਕੁੱਤੇ, ਇਨਸਾਨ ਨਹੀਂ ।”

ਕੁੱਤਾ ਹੁਣ ਹੋਰ ਜੋਸ਼ ਵਿੱਚ ਸੀ, “ਕੋਈ ਇਨਸਾਨ ਪਹਿਲਾਂ ਤਾਂ ਗੁਰਦੁਆਰੇ ਵਿੱਚ ਗ੍ਰੰਥੀ ਬਣ ਜਾਂਦਾ ਹੈ, ਫਿਰ ਉਹੀ ਵਿਅਕਤੀ ਸਿੱਖ ਪ੍ਰੰਪਰਾਵਾਂ ਦੇ ਖ਼ਿਲਾਫ਼ ਭੌਂਕਦਾ-ਭੌਂਕਦਾ ਸਿੱਖ ਪ੍ਰੰਪਰਾਵਾਂ ਨੂੰ ‘ਬਿਪਰਨ ਕੀ ਰੀਤ’ ਗਰਦਾਨ ਦਿੰਦਾ ਹੈ । ਕੋਈ ਕੁੱਤਾ ਅਜਿਹਾ ਕਰਦਾ ਹੈ ਕਦੇ? ਕਦੇ ਸੁਣਿਆ ਕੋਈ ਕੁੱਤਾ ਸਿੱਖ ਪ੍ਰੰਪਰਾ ਦੇ ਖ਼ਿਲਾਫ਼ ਭੌਂਕਦਾ?”

ਕੁੱਤਾ ਚੁੱਪ ਹੀ ਨਹੀਂ ਹੋ ਰਿਹਾ ਸੀ, “ਸਿੱਖ ਪ੍ਰੰਪਰਾਵਾਂ ਤੇ ਸਿੱਖ ਗ੍ਰੰਥਾਂ ਦਾ ਅਪਮਾਨ ਕਰਨ ਵਾਲੇ ਲੋਕਾਂ ਨਾਲ ਤੁਸੀਂ ਜੋ ਮਰਜ਼ੀ ਸਲੂਕ ਕਰੋ, ਪਰ ਉਨ੍ਹਾਂ ਨੂੰ ‘ਕੁੱਤਾ’ ਕਹਿ ਕੇ ਸਾਰੇ ਕੁੱਤਿਆਂ ਦਾ ਅਪਮਾਨ ਨਾ ਕਰੋ । ਅਸੀਂ ਆਪਣਾ ਇਹ ਅਪਮਾਨ ਕਦੇ ਬਰਦਾਸ਼ਤ ਨਹੀਂ ਕਰਾਂਗੇ ।”

ਉਸ ਦੇ ਨਾਲ ਖੜੇ ਸਾਰੇ ਕੁੱਤੇ ਵੀ ਇਕੱਠੇ ਬੋਲੇ, “ਹਾਂ, ਹਾਂ, ਅਸੀਂ ਆਪਣਾ ਇਹ ਅਪਮਾਨ ਕਦੇ ਬਰਦਾਸ਼ਤ ਨਹੀਂ ਕਰਾਂਗੇ ।”

ਇੰਨੇ ਸਾਰੇ ਕੁੱਤਿਆਂ ਦੇ ਇਕੱਠੇ ਬੋਲਣ ਨਾਲ ਮੈਂ ਇੱਕ ਦਮ ਤ੍ਰਭਕ ਗਿਆ ਤੇ ਮੇਰਾ ਸਾਰਾ ਸਰੀਰ ਕੰਬ ਗਿਆ । ਇਸ ਤਰ੍ਹਾਂ ਕੰਬਣ ਨਾਲ ਮੇਰੀ ਨੀਂਦ ਟੁੱਟ ਗਈ । ਦੇਖਿਆ, ਤਾਂ ਮੈਂ ਆਪਣੇ ਘਰ ਵਿੱਚ ਆਪਣੇ ਬਿਸਤਰੇ ‘ਤੇ ਲੇਟਿਆ ਪਿਆ ਸੀ । ਸ਼ੁਕਰ ਹੈ ਰੱਬਾ, ਇਹ ਸਿਰਫ਼ ਸੁਪਨਾ ਹੀ ਸੀ, ਹਕੀਕਤ ਨਹੀਂ । ਕੀ ਪਤਾ ਗ਼ੁੱਸੇ ਵਿੱਚ ਆਏ ਹੋਏ ਕੁੱਤੇ ਕੀ ਕਰ ਬੈਠਦੇ ?