ਜਦੋਂ ਆਪਣੇ ਕੀਤੇ ਸਾਰੇ ਯਤਨ ਅਸਫਲ ਹੋ ਜਾਣ, ਜਦੋਂ ਆਪਣੀ ਸਮਰਥਾ ਦਾ ਹੰਕਾਰ ਟੁੱਟ ਜਾਏ, ਜਦੋਂ ਸੰਸਾਰੀ ਰਿਸ਼ਤਿਆਂ ਤੋਂ ਉਮੀਦਾਂ ਖ਼ਤਮ ਹੋ ਜਾਣ, ਉਦੋਂ ਜ਼ਿੰਦਗੀ ਦੀ ਜੰਗ ਲੜ ਰਹੇ ਇਨਸਾਨ ਨੂੰ ਆਪਣੀ ਹਾਰ ਪਰਤੱਖ ਦਿੱਖਣ ਲੱਗਦੀ ਹੈ । ਇਸ ‘ਹਾਰ’ ਉਪਰੰਤ ਹੀ ਉਸ ਨੂੰ ਕੁੱਝ ਸਮਝ ਆਉਂਦੀ ਹੈ । ਇਸ ‘ਹਾਰ’ ਮਗਰੋਂ ਹੀ ਉਹ ਪ੍ਰਭੂ ਠਾਕੁਰ ਦੀ ਸ਼ਰਣ ਵਿੱਚ ਜਾਣ ਦਾ ਫ਼ੈਸਲਾ ਕਰਦਾ ਹੈ । ਪ੍ਰਭੂ ਦੀ ਸ਼ਰਣ ਵਿੱਚ ਜਾ ਕੇ ਉਹ ਪੂਰਣ ਸਮਰਪਣ ਕਰਦਾ ਹੈ ਤੇ ਆਖਦਾ ਹੈ, “ਹੇ ਪ੍ਰਭੂ, ਹੁਣ ਜਦੋਂ ਮੈਂ ਤੇਰੀ ਸ਼ਰਣ ਵਿੱਚ ਆ ਗਿਆ ਹਾਂ, ਤਾਂ ਸਭ ਕੁੱਝ ਤੇਰੇ ਹੁਕਮ ‘ਤੇ ਹੀ ਛੱਡ ਦਿੱਤਾ ਹੈ । ਤੇਰਾ ਹੁਕਮ ਹੈ, ਤਾਂ ਮੈਂਨੂੰ ਭਵਸਾਗਰ ਤੋਂ ਰੱਖ ਲੈ, ਤੇਰਾ ਹੁਕਮ ਹੈ, ਤਾਂ ਮੈਂਨੂੰ ਡੋਬ ਕੇ ਮਾਰ ਹੀ ਦੇ ।”
ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥
(੫੨੭, ਮਹਲਾ ੪, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ।
– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’