(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)
ਮਨ ਦਾ ਕੰਮ ਹੈ ਮਨਨ ਕਰਨਾ, ਵਿਚਾਰ ਕਰਨਾ । ਇੱਛਾ ਜਾਂ ਕਾਮਨਾ ਵੀ ਮਨ ਵਿੱਚ ਹੀ ਪੈਦਾ ਹੁੰਦੀ ਹੈ ।
ਕਾਮਨਾ ਪੂਰੀ ਹੋਣ ਦਾ ਯਕੀਨ ਹੋਣਾ ਹੀ ‘ਆਸ’ ਜਾਂ ‘ਉਮੀਦ’ ਹੈ । ਕਾਮਨਾ ਪੂਰੀ ਨਾ ਹੋਣ ਦਾ ਖ਼ਦਸ਼ਾ ਹੋਣਾ ‘ਬੇਉਮੀਦੀ’ ਜਾਂ ‘ਨਿਰਾਸਤਾ’ ਹੈ । ਆਸ ਮਨ ਵਿੱਚ ‘ਖ਼ੁਸ਼ੀ’ ਦੀ ਲਹਿਰ ਪੈਦਾ ਕਰਦੀ ਹੈ । ਬੇਉਮੀਦੀ ਮਨ ਵਿੱਚ ਗ਼ਮ ਪੈਦਾ ਹੋਣ ਦਾ ਕਾਰਣ ਬਣ ਜਾਂਦੀ ਹੈ ।
ਕਾਮਨਾ ਪੂਰੀ ਹੋ ਜਾਵੇ, ਤਾਂ ਜੀਵ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ । ਉਹ ਇੰਝ ਮਹਿਸੂਸ ਕਰਦਾ ਹੈ, ਜਿਵੇਂ ਆਕਾਸ਼ ਵਿੱਚ ਉੱਚੀ ਉਡਾਰੀ ਪਿਆ ਲਾਉਂਦਾ ਹੋਵੇ ।
ਕਾਮਨਾ ਪੂਰੀ ਨਾ ਹੋਵੇ, ਤਾਂ ਜੀਵ ਉਦਾਸ ਹੋ ਜਾਂਦਾ ਹੈ । ਉਹ ਇਵੇਂ ਮਹਿਸੂਸ ਕਰਦਾ ਹੈ, ਜਿਵੇਂ ਕਿਸੀ ਡੂੰਘੀ ਖੱਡ ਵਿੱਚ ਡਿੱਗ ਪਿਆ ਹੋਵੇ ।
ਖ਼ੁਸ਼ੀ ਮਿਲ ਜਾਣੀ, ਜਾਂ ਖ਼ੁਸ਼ੀ ਦੀ ਸਿਰਫ਼ ਉਮੀਦ ਹੀ ਬਣ ਜਾਣੀ ਬਹੁਤ ਹੁੰਦੀ ਹੈ ਮਨ ਨੂੰ ਉੱਚੇ ਆਕਾਸ਼ ਵਿੱਚ ਉਡਾਰੀਆਂ ਲਾਉਣ ਲਈ । ਗ਼ਮ ਮਿਲ ਜਾਣਾ, ਜਾਂ ਗ਼ਮ ਦਾ ਸਿਰਫ਼ ਖ਼ਦਸ਼ਾ ਹੀ ਪੈਦਾ ਹੋ ਜਾਣਾ ਬਹੁਤ ਹੁੰਦਾ ਹੈ ਮਨ ਨੂੰ ਕਿਸੇ ਹਨੇਰੀ ਡੂੰਘੀ ਖਾਈ ਵਿੱਚ ਸੁੱਟਣ ਲਈ ।
ਇੱਕ ਆਮ ਜਿਹਾ ਇਨਸਾਨ ਕਦੇ ਆਪਣੀ ਸੀਮਿਤ ਜਿਹੀ ਦੁਨੀਆਂ ਦੇ ਆਕਾਸ਼ ਵਿੱਚ ਖ਼ੁਸ਼ੀਆਂ ਦੀਆਂ ਉੱਚੀਆਂ ਉਡਾਰੀਆਂ ਲਾਉਣ ਦੇ ਭਰਮ ਵਿੱਚ ਪਿਆ ਰਹਿੰਦਾ ਹੈ ਤੇ ਕਦੇ ਆਪਣੀ ਛੋਟੀ ਜਿਹੀ ਜ਼ਿੰਦਗੀ ਦੀ ਕਿਸੀ ਡੂੰਘੀ ਖਾਈ ਵਿੱਚ ਡਿੱਗਿਆ ਪਿਆ ਉਹ ਗ਼ਮ ਦੇ ਪਿਆਲੇ ਪੀ ਰਿਹਾ ਹੁੰਦਾ ਹੈ । ਕਦੇ ਸੁੱਖ, ਕਦੇ ਦੁੱਖ । ਕਦੇ ਖ਼ੁਸ਼ੀ ਦਾ ਮੌਸਮ, ਕਦੇ ਗ਼ਮਗੀਨ ਮਾਹੌਲ ।
ਉੱਚੀ ਉਡਾਰੀ ਤੇ ਡੂੰਘੀ ਖਾਈ ਦੇ ਵਿੱਚ ਝੂਲਦਾ ਰਹਿੰਦਾ ਹੈ ਇੱਕ ਸਾਧਾਰਣ ਮਨੁੱਖ । ਕਦੇ ਮਨ ਖ਼ੁਸ਼ੀ ਦੇ ਆਕਾਸ਼ ਵਿੱਚ ਉੱਚਾ ਜਾ ਚੜ੍ਹਦਾ ਹੈ ਤੇ ਕਦੇ ਗ਼ਮ ਦੀ ਡੂੰਘੀ ਖਾਈ ਵਿੱਚ ਪਿਆ ਮਾਤਮ ਮਨਾਉਣ ਲੱਗਦਾ ਹੈ ।
ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥
(੮੭੭, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।