(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)
ਬੱਚਪਨ, ਜਵਾਨੀ ਤੇ ਬੁਢਾਪਾ, ਇਹ ਤਿੰਨ ਅਲਗ-ਅਲਗ ਮੁਕਾਮ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦੇ ਹਨ । ਬਚਪਨ ਖੇਲ-ਕੁੱਦ ਵਿੱਚ ਹੀ ਕਦੋਂ ਬੀਤ ਗਿਆ, ਇਸ ਦਾ ਇਨਸਾਨ ਨੂੰ ਪਤਾ ਹੀ ਨਹੀਂ ਚਲਦਾ । ਜਵਾਨੀ ਵਿੱਚ ਇਨਸਾਨ ਆਪਣੇ ਕੰਮ-ਧੰਧਿਆਂ ਅਤੇ ਦਿਲ ਦੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਵਿੱਚ ਹੀ ਲਗਾ ਦਿੰਦਾ ਹੈ । ਇਸ ਨੂੰ ਹੋਸ਼ ਤਦ ਆਉਂਦਾ ਹੈ, ਜਦ ਬੁੱਢੀ ਉਮਰੇ ਉਹ ਕੋਈ ਕੰਮ ਕਰਨ ਜੋਗਾ ਹੀ ਨਹੀਂ ਰਹਿੰਦਾ ।
ਬਚਪਨ ਬੀਤ ਗਿਆ ਖੇਲ-ਕੁੱਦ ਵਿੱਚ । ਜਵਾਨੀ ਬੀਤ ਗਈ ਕੰਮ-ਧੰਧਿਆਂ ਵਿੱਚ । ਹੁਣ ਬੁਢਾਪੇ ਵਿੱਚ ਬੀਮਾਰੀਆਂ ਨੇ ਘੇਰ ਲਿਆ ਹੈ । ਨਾ ਬਚਪਨ ਵਿੱਚ, ਨਾ ਜਵਾਨੀ, ਤੇ ਨਾ ਹੀ ਬੁਢਾਪੇ ਵਿੱਚ ਆਪਣੇ ਮਾਲਿਕ ਖ਼ੁਦਾ ਨੂੰ ਯਾਦ ਕੀਤਾ । ਰੱਬ ਦੀ ਤਾਂ ਯਾਦ ਆਈ ਹੀ ਨਹੀਂ ।
ਗੁਰੂ ਤੇਗ਼ ਬਹਾਦੁਰ ਸਾਹਿਬ ਫੁਰਮਾਉਂਦੇ ਹਨ ਕਿ ਖ਼ੁਦਾ ਦੇ ਜ਼ਿਕਰ ਤੋਂ ਬਿਨ੍ਹਾਂ, ਰੱਬ ਦੀ ਯਾਦ ਤੋਂ ਬਿਨ੍ਹਾਂ ਬਚਪਨ, ਜਵਾਨੀ ਤੇ ਬੁਢਾਪਾ ਬੇਅਰਥ ਹੀ ਚਲਾ ਗਿਆ ।
ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥
ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥
(੧੪੨੮, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।