(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)
ਸੰਸਾਰ ਭਰ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਇਹ ਸਿਸਟਮ ਹੈ ਕਿ ਗੁਰਦੁਆਰਾ ਪ੍ਰਬੰਧ ਚਲਾਉਣ ਲਈ ਪ੍ਰਬੰਧਕ ਕਮੇਟੀ ਦੀ ਚੋਣ ਵੋਟਰਾਂ ਰਾਹੀਂ ਕੀਤੀ ਜਾਂਦੀ ਹੈ । ਡੈਮੋਕਰੇਸੀ ਦੇ ਇਸ ਯੁੱਗ ਵਿੱਚ, ਲੋਕ ਤੰਤਰ ਦੇ ਇਸ ਯੁੱਗ ਵਿੱਚ ਅਜਿਹਾ ਕਰਨਾ ਠੀਕ ਜਾਪਦਾ ਹੈ । ਇਸ ਵਿੱਚ ਕੁੱਝ ਗ਼ਲਤ ਵੀ ਨਹੀਂ, ਜੇ ਗੁਰਮਤਿ ਦੇ ਜਾਣੂ ਤੇ ਗੁਰਮਤਿ ਦੇ ਧਾਰਨੀ ਵੋਟਰ ਵੋਟਾਂ ਰਾਹੀਂ ਸੁਚੱਜੇ ਪ੍ਰਬੰਧਕਾਂ ਦੀ ਚੋਣ ਕਰ ਲੈਣ । ਮੂਲ ਰੂਪ ਵਿੱਚ ਇਸ ਸਿਸਟਮ ਦੇ ਵਿੱਚ ਕੋਈ ਖ਼ਰਾਬੀ ਨਹੀਂ ਦਿੱਖਦੀ ।
ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਗੁਰਦੁਆਰਾ ਪ੍ਰਬੰਧ ਦਾ ਇਹ ਸਿਸਟਮ ਭ੍ਰਿਸ਼ਟ ਲੋਕਾਂ ਦੇ ਹੱਥ-ਕੰਡਿਆਂ ਦਾ ਸ਼ਿਕਾਰ ਹੋ ਜਾਂਦਾ ਹੈ । ਉਹ ਲੋਕ, ਜੋ ਗੁਰਮਤਿ ਦੇ ਜਾਣੂ ਨਹੀਂ ਤੇ ਜੋ ਗੁਰਮਤਿ ਦੇ ਧਾਰਨੀ ਨਹੀਂ, ਗੁਰਦੁਆਰਾ ਪ੍ਰਬੰਧ ਲਈ ਵੋਟਰ ਬਣਾ ਦਿੱਤੇ ਜਾਂਦੇ ਹਨ । ਉਹ ਲੋਕ, ਜੋ ਗੁਰਮਤਿ ਦੇ ਧਾਰਨੀ ਨਹੀਂ, ਉਹ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋ ਬੈਠਦੇ ਹਨ । ਵੋਟਰ ਜਿਸ ਨੂੰ ਵੀ ਵੋਟਾਂ ਪਾਉਣਗੇ, ਜਿਸ ਦੇ ਵੀ ਹੱਕ ਵਿੱਚ ਫ਼ੈਸਲਾ ਕਰਨਗੇ, ਉਹ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋ ਜਾਏਗਾ । ਦੇਖਣ ਵਿੱਚ ਆਇਆ ਹੈ ਕਿ ਅਯੋਗ ਵਿਅਕਤੀਆਂ ਨੂੰ ਵੋਟਰ ਬਣਾ ਦਿੱਤਾ ਗਿਆ, ਤਾਂਕਿ ਉਨ੍ਹਾਂ ਦੀਆਂ ਵੋਟਾਂ ਦਾ ਫ਼ਾਇਦਾ ਪ੍ਰਾਪਤ ਕੀਤਾ ਜਾ ਸਕੇ । ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਸ਼ਰਾਬ ਤਕ ਦੀ ਵੀ ਵਰਤੋਂ ਕੀਤੀ ਗਈ । ਇਹ ਸਭ ਕਾਰਵਾਈਆਂ ਮਨਮਤਿ ਦੀਆਂ ਹਨ । ਡੈਮੋਕਰੇਸੀ ਦੇ ਇਸ ਸਿਸਟਮ ਨੂੰ ਭ੍ਰਿਸ਼ਟ ਲੋਕਾਂ ਦੁਆਰਾ ਦੂਸ਼ਿਤ ਕਰ ਦਿੱਤਾ ਗਿਆ । ਇਸ ਨਾਲ ਗੁਰਦੁਆਰਾ ਪ੍ਰਬੰਧ ਕੋਈ ਧਾਰਮਿਕ ਪ੍ਰਬੰਧ ਨਾ ਹੋ ਕੇ ਰਾਜਨੀਤਿਕ ਸੰਸਥਾ ਦਾ ਰੂਪ ਧਾਰਣ ਕਰ ਗਿਆ ਹੈ ।
ਗੱਲ ਸਿਰਫ਼ ਭ੍ਰਿਸ਼ਟ ਡੈਮੋਕਰੈਟਿਕ ਸਿਸਟਮ ਤੱਕ ਹੀ ਸੀਮਿਤ ਨਹੀਂ, ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋਣ ਵਾਸਤੇ ਹਿੰਸਾ ਦਾ ਵੀ ਸਹਾਰਾ ਲਿਆ ਗਿਆ । ਗੁਰਦੁਆਰਿਆਂ ਦੇ ਪ੍ਰਬੰਧ ਉੱਤੇ ਕਾਬਜ਼ ਹੋਣ ਲਈ ਚਾਕੂ-ਛੁਰੀਆਂ ਚੱਲੀਆਂ, ਡਾਂਗਾਂ ਚੱਲੀਆਂ, ਗੋਲੀਆਂ ਚੱਲੀਆਂ । ਗੁਰਦੁਆਰਿਆਂ ਦੇ ਬਾਹਰ ਅਤੇ ਅੰਦਰ ਹੋਈ ਹਿੰਸਾ ‘ਤੇ ਕਾਬੂ ਕਰਨ ਵਾਸਤੇ ਪੁਲਿਸ ਨੂੰ ਗੁਰਦੁਆਰੇ ਦੇ ਅੰਦਰ ਪ੍ਰਵੇਸ਼ ਕਰਨਾ ਪਿਆ । ਜ਼ਾਹਿਰ ਹੈ ਕਿ ਅਜਿਹਾ ਕੁੱਝ ਹੋਣ ਨਾਲ ਆਮ ਸਿੱਖ ਸੰਗਤ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ । ਇਸ ਨਾਲ ਹੋਰਨਾਂ ਫ਼ਿਰਕਿਆਂ ਵਿੱਚ ਸਿੱਖਾਂ ਦੀ ਬਦਨਾਮੀ ਹੋਈ ਹੈ ।
ਭ੍ਰਿਸ਼ਟ ਵੋਟਿੰਗ ਸਿਸਟਮ ਤੇ ਹਿੰਸਾ ਦਾ ਸਹਾਰਾ ਲੈਣ ਤੋਂ ਇਲਾਵਾ ਗੁਰਦੁਆਰਿਆਂ ਦੇ ਪ੍ਰਬੰਧ ਉੱਤੇ ਕਾਬਜ਼ ਹੋਣ ਲਈ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਦਾ ਯਤਨ ਵੀ ਕਈ ਲੋਕਾਂ ਨੇ ਕੀਤਾ ਤੇ ਕਈ ਇਸ ਵਿੱਚ ਸਫਲ ਵੀ ਹੋਏ । ਉਹ ਸਥਾਨਕ ਸੰਗਤਾਂ ਪ੍ਰਸੰਸ਼ਾਯੋਗ ਹਨ, ਜਿਨ੍ਹਾਂ ਨੇ ਸੁਚੱਜੇ ਢੰਗ ਨਾਲ ਚੱਲ ਕੇ ਅੱਛੇ ਪ੍ਰਬੰਧਕਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਸੌਂਪਿਆ । ਜਿੱਥੇ ਗ਼ਲਤ ਲੋਕ ਗੁਰਦੁਆਰਿਆਂ ਦੇ ਪ੍ਰਬੰਧ ਉੱਤੇ ਕਾਬਜ਼ ਹੋਏ, ਉੱਥੇ ਸਿੱਖ ਸੰਗਤ ਨੂੰ ਪ੍ਰੇਸ਼ਾਨੀਆਂ ਹੀ ਪ੍ਰੇਸ਼ਾਨੀਆਂ ਮਿਲੀਆਂ ਹਨ । ਜਦੋਂ ਗ਼ਲਤ ਲੋਕ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋਏ, ਤਾਂ ਉਨ੍ਹਾਂ ਨੇ ਆਪ-ਹੁਦਰੀਆਂ ਕਾਰਵਾਈਆਂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ । ਅਜਿਹੇ ਲੋਕ ਗੁਰਦੁਆਰਿਆਂ ਦੇ ਅੰਦਰ ਵੀ ਤੇ ਬਾਹਰ ਵੀ ਬੁਰਛਾਗਰਦੀ ਕਰਦੇ ਹੀ ਰਹੇ ਹਨ । ਸਿੱਖ ਸੰਗਤ ਨੂੰ ਗੁਰਦੁਆਰੇ ਦੇ ਅੰਦਰ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ । ਐਸੀਆਂ ਕਈ ਘਟਨਾਵਾਂ ਹੋਈਆਂ ਹਨ । ਮਨਮਤੀਆਂ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਬੋਲਣ ਦਾ ਮੌਕਾ ਦਿੱਤਾ ਗਿਆ ਤੇ ਗੁਰਮਤਿ ਦੇ ਪ੍ਰਚਾਰਕਾਂ ਨੂੰ ਬੋਲਣ ਤੋਂ ਰੋਕਿਆ ਗਿਆ । ਅਜਿਹਾ ਉਨ੍ਹਾਂ ਗੁਰਦੁਆਰਿਆਂ ਵਿੱਚ ਹੋਇਆ, ਜਿੱਥੇ ਭ੍ਰਿਸ਼ਟ ਲੋਕ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋ ਗਏ ।
ਐਸਾ ਨਹੀਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਉੱਤੇ ਭ੍ਰਿਸ਼ਟ ਲੋਕਾਂ ਦਾ ਕਬਜ਼ਾ ਸਿਰਫ਼ ਸਾਡੇ ਹੀ ਸਮੇਂ ਵਿੱਚ ਹੋਇਆ ਹੋਵੇ । ਬ੍ਰਿਟਿਸ਼ ਹਕੂਮਤ ਦਾ ਜਦੋਂ ਪੰਜਾਬ ਵਿੱਚ ਰਾਜ ਸੀ, ਉਦੋਂ ਕਈ ਗੁਰਦੁਆਰਿਆਂ ਉੱਤੇ ਭ੍ਰਿਸ਼ਟ ਮਹੰਤਾਂ ਦਾ ਕਬਜ਼ਾ ਸੀ । ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਤੇ ਮਹੰਤ ਨਾਰਾਇਣਦਾਸ ਦਾ ਕਬਜ਼ਾ ਸੀ, ਜੋ ਕਈ ਪ੍ਰਕਾਰ ਦੀਆਂ ਮਨਮਤੀ ਕਾਰਵਾਈਆਂ ਕਰਦਾ ਸੀ । ਜਿਵੇਂ ਅੱਜਕੱਲ੍ਹ ਦੇ ਕਈ ਮਨਮਤੀ ਪ੍ਰਬੰਧਕ ਸਿੱਖਾਂ ਨੂੰ ਗੁਰਦਆਰੇ ਦੇ ਅੰਦਰ ਪ੍ਰਵੇਸ਼ ਕਰਨ ਤੋਂ ਰੋਕਦੇ ਹਨ, ਮਹੰਤ ਨਾਰਾਇਣਦਾਸ ਨੇ ਵੀ ਇਸ ਤਰ੍ਹਾਂ ਕੀਤਾ । ਸੈਂਕੜੇ ਸਿੱਖਾਂ ਨੇ ਜਦੋਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦਾ ਯਤਨ ਕੀਤਾ, ਤਾਂ ਮਹੰਤ ਨਾਰਾਇਣਦਾਸ ਦੇ ਇਸ਼ਾਰੇ ਉੱਤੇ ਅਨੇਕ ਸਿੱਖਾਂ ਨੂੰ ਸ਼ਹੀਦ ਵੀ ਕਰ ਦਿੱਤਾ ਗਿਆ । ਭਾਈ ਲਛਮਣ ਸਿੰਘ ਨੂੰ ਜੰਡ ਦੇ ਦਰੱਖਤ ਨਾਲ ਲਟਕਾ ਕੇ ਜ਼ਿੰਦਾ ਜਲਾ ਦਿੱਤਾ ਗਿਆ । ਅਠਾਰ੍ਹਵੀਂ ਸਦੀ ਦੇ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਮੱਸਾ ਰੰਘੜ ਨੇ ਕਬਜ਼ਾ ਕਰ ਲਿਆ ਸੀ । ਸਿੱਖਾਂ ਦਾ ਉੱਥੇ ਪ੍ਰਵੇਸ਼ ਕਰਨਾ ਵਰਜਿਤ ਹੋ ਗਿਆ ਸੀ ।
ਇੰਨਾ ਹੀ ਨਹੀਂ ਕਿ ਸਿੱਖਾਂ ਨੂੰ ਗੁਰਦੁਆਰੇ ਵਿੱਚ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ, ਬਲਕਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਸ ਵਕਤ ਦੇ ਪੁਜਾਰੀਆਂ ਨੇ ਨੌਵੇਂ ਸਤਿਗੁਰੂ, ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਨੂੰ ਵੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਣ ਦਿੱਤਾ ਸੀ । ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਗਏ, ਤਾਂ ਉੱਥੋਂ ਦੇ ਕਾਬਜ਼ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸਨ । ਗੁਰੂ ਸਾਹਿਬ ਨੂੰ ਬਿਨ੍ਹਾਂ ਦਰਸ਼ਨ ਕੀਤੇ ਹੀ ਉੱਥੋਂ ਜਾਣਾ ਪਿਆ ।
ਮੈਂ ਜੋ ਇਹ ਤਿੰਨ ਉਦਾਹਰਣਾਂ ਦਿੱਤੀਆਂ ਹਨ, ਇਨ੍ਹਾਂ ਵਿੱਚ ਸਮਾਨਤਾਵਾਂ ਹਨ । ਸ੍ਰੀ ਨਨਕਾਣਾ ਸਾਹਿਬ ‘ਤੇ ਕਾਬਜ਼ ਮਹੰਤ ਨਾਰਾਇਣਦਾਸ, ਦਰਬਾਰ ਸਾਹਿਬ ‘ਤੇ ਕਾਬਜ਼ ਮੱਸਾ ਰੰਘੜ, ਤੇ ਪਹਿਲਾਂ ਦਰਬਾਰ ਸਾਹਿਬ ਉੱਤੇ ਹੀ ਕਾਬਜ਼ ਉਹ ਪੁਜਾਰੀ ਧਰਮ ਤੋਂ ਗਿਰੇ ਹੋਏ ਲੋਕ ਸਨ । ਉਨ੍ਹਾਂ ਦਾ ਗੁਰਦੁਆਰਾ ਪ੍ਰਬੰਧ ਉੱਤੇ ਕਬਜ਼ਾ ਸੀ, ਤਾਂ ਇਸ ਦਾ ਇਹ ਭਾਵ ਨਹੀਂ ਸੀ ਕਿ ਉਹ ਠੀਕ ਸਨ ਜਾਂ ਉਹ ਗੁਰਮਤਿ ਦੇ ਧਾਰਨੀ ਸਨ ਜਾਂ ਉਹ ਧਾਰਮਿਕ ਸਨ । ਇਸ ਦਾ ਇਹ ਮਤਲਬ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਆਮ ਸਿੱਖ ਸੰਗਤ ਦੀ ਸਹਿਮਤੀ ਪ੍ਰਾਪਤ ਸੀ । ਇਸ ਤੋਂ ਇਲਾਵਾ ਇੱਕ ਗੱਲ ਹੋਰ । ਉਨ੍ਹਾਂ ਦਾ ਗੁਰਦੁਆਰਿਆਂ ਉੱਤੇ ਕਬਜ਼ਾ ਹਮੇਸ਼ਾ ਵਾਸਤੇ ਰਿਹਾ ਵੀ ਨਹੀਂ । ਅਖ਼ੀਰ ਉਨ੍ਹਾਂ ਨੂੰ ਕਬਜ਼ਾ ਛੱਡਣਾ ਹੀ ਪਿਆ । ਮੱਸਾ ਰੰਘੜ ਨੂੰ ਤਾਂ ਮਰਨਾ ਪਿਆ । ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾ ਕੇ ਮੱਸਾ ਰੰਘੜ ਦਾ ਸਿਰ ਵੱਢ ਦਿੱਤਾ ਸੀ । ਆਜ਼ਾਦ ਭਾਰਤ ਦੇ ਵਿੱਚ ਵੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਉੱਤੇ ਮਹੰਤ ਦਾ ਕਬਜ਼ਾ ਸੀ । ਇੱਕ ਸੰਘਰਸ਼ ਤੋਂ ਬਾਅਦ ਸਿੱਖ ਸੰਗਤ ਨੇ ਮਹੰਤ ਦਾ ਉਹ ਕਬਜ਼ਾ ਛੱਡਵਾਇਆ । ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੁਣ ਸਿੱਖ ਸੰਗਤ ਕੋਲ ਹੈ ।
ਕਹਿਣ ਦਾ ਭਾਵ ਇਹ ਹੈ ਕਿ ਜੇ ਕਿਸੇ ਦਾ ਕਿਸੇ ਗੁਰਦੁਆਰੇ ਦੇ ਪ੍ਰਬੰਧ ਉੱਤੇ ਕਬਜ਼ਾ ਹੈ, ਤਾਂ ਇਸ ਦਾ ਇਹ ਭਾਵ ਨਹੀਂ ਕਿ ਉਹ ਧਾਰਮਿਕ ਹਨ । ਇਸ ਦਾ ਇਹ ਭਾਵ ਨਹੀਂ ਕਿ ਉਹ ਗੁਰਮਤਿ ਦੇ ਧਾਰਨੀ ਹਨ । ਇਸ ਦਾ ਇਹ ਭਾਵ ਨਹੀਂ ਕਿ ਉਨ੍ਹਾਂ ਨੂੰ ਗੁਰਮਤਿ ਦੇ ਵਿਸ਼ਿਆ ਦੀ ਪੂਰੀ ਜਾਣਕਾਰੀ ਹੈ । ਜੇ ਕੋਈ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੈ, ਤਾਂ ਹੋ ਸਕਦਾ ਹੈ ਕਿ ਉਸ ਦਾ ਉਹ ਕਬਜ਼ਾ ਕਿਸੇ ਭ੍ਰਿਸ਼ਟ ਤਰੀਕੇ ਨੂੰ ਵਰਤ ਕੇ ਹੋਇਆ ਹੋਵੇ । ਜੇ ਕੋਈ ਗੁਰਦੁਆਰੇ ਦੇ ਪ੍ਰਬੰਧ ਉੱਤੇ ਕਾਬਜ਼ ਹੋ ਕੇ ਮਨਮਤੀ ਕਾਰਵਾਈਆਂ ਕਰ ਰਿਹਾ ਹੈ, ਤਾਂ ਉਹ ਇਹ ਵੀ ਨਾ ਸਮਝੇ ਕਿ ਉਸ ਦਾ ਇਹ ਕਬਜ਼ਾ ਹਮੇਸ਼ਾ ਵਾਸਤੇ ਰਹੇਗਾ । ਉਹ ਇਹ ਵੀ ਨਾ ਸਮਝੇ ਕਿ ਆਮ ਸਿੱਖ ਸੰਗਤ ਉਸ ਨੂੰ ਪ੍ਰਵਾਨਗੀ ਦੇ ਰਹੀ ਹੈ । ਉਹ ਇਹ ਵੀ ਨਾ ਸਮਝੇ ਕਿ ਉਹ ਆਮ ਸਿੱਖ ਸੰਗਤ ਨੂੰ ਜ਼ਿਆਦਾ ਦੇਰ ਤਕ ਧੋਖੇ ਵਿੱਚ ਰੱਖ ਸਕੇਗਾ ।
ਗੁਰਦੁਆਰਾ ਪ੍ਰਬੰਧਕ ਬਣਨ ਨਾਲ ਗੁਰੂ ਦੀ ਤੇ ਗੁਰੂ ਦੀ ਸੰਗਤ ਦੀ ਸੇਵਾ ਕਰਨ ਦਾ ਬਹੁਤ ਵੱਡਾ ਮੌਕਾ ਮਿਲਦਾ ਹੈ । ਮੈਂ ਸਮਝਦਾ ਹਾਂ ਕਿ ਗੁਰਦੁਆਰਾ ਪ੍ਰਬੰਧਕ ਸੰਗਤ ਦੀ ਉਹ ਸੇਵਾ ਕਰ ਸਕਦਾ ਹੈ, ਜੋ ਹੋਰ ਲੋਕ ਸ਼ਾਇਦ ਨਾ ਕਰ ਸਕਦੇ ਹੋਣ । ਗੁਰਦੁਆਰਾ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਸੇਵਾ ਕਰਨ ਦੇ ਮਿਲੇ ਹੋਏ ਇਸ ਮੌਕੇ ਨੂੰ ਐਂਵੇਂ ਅਜਾਂਈਂ ਨਾ ਗੁਆ ਦੇਣ । ਸੁਭਾਗੇ ਹਨ ਉਹ ਜੀਵ, ਜੋ ਗੁਰਦੁਆਰਾ ਪ੍ਰਬੰਧ ਦੀ ਸੇਵਾ ਨੂੰ ਬਹੁਤ ਸੁਚੱਜੇ ਢੰਗ ਨਾਲ ਨਿਭਾਉਂਦੇ ਹਨ ।