ਮੇਰਾ ਉਸਤਾਦ ਕੁੱਤਾ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਕੁੱਤਿਆਂ ਬਾਰੇ ਮੈਂ ਪਹਿਲਾਂ ਆਪਣੇ ਇੱਕ ਵਿਅੰਗ ਲੇਖ ‘ਕੁੱਤਿਆਂ ਦਾ ਅਪਮਾਨ ਨਾ ਕਰੋ‘ ਵਿੱਚ ਕੁੱਝ ਚਰਚਾ ਕੀਤੀ ਸੀ । ਪਿੱਛਲੇ ਕੁੱਝ ਦਿਨਾਂ ਵਿੱਚ ਕੁੱਝ ਹੋਰ ਵੀਚਾਰ ਮੇਰੇ ਮਨ ਵਿੱਚ ਕੁੱਤਿਆਂ ਬਾਰੇ ਆਏ ਹਨ । ਜਦੋਂ ਤੋਂ ਮੈਂ ਦਸਮ ਗ੍ਰੰਥ ਸਾਹਿਬ ਵਿੱਚ ਦਰਜ ਦੱਤ ਅਵਤਾਰ ਦੀ ਕਥਾ ਪੜ੍ਹੀ ਤੇ ਵੀਚਾਰੀ, ਮੈਂਨੂੰ ਇਹ ਅਹਿਸਾਸ ਹੋਇਆ ਕਿ ਵਿਵੇਕੀ ਵਿਅਕਤੀ ਨੂੰ ਸਦਬੁੱਧੀ ਤੇ ਗਿਆਨ ਦੀ ਗੱਲ ਕਿਸੇ ਤੋਂ ਵੀ ਪ੍ਰਾਪਤ ਹੋ ਸਕਦੀ ਹੈ; ਵੇਸਵਾ ਤੋਂ ਵੀ ਤੇ ਕਿਸੇ ਜਾਨਵਰ ਤੋਂ ਵੀ । ਜਿਸ ਤੋਂ ਕੁੱਝ ਪ੍ਰਾਪਤ ਕੀਤਾ ਗਿਆ ਹੋਏ, ਉਸ ਦਾ ਧੰਨਵਾਦ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ । ਨਹੀਂ ਤਾਂ, ਵਿਅਕਤੀ ਅਕ੍ਰਿਤਘਣ ਗਿਣਿਆ ਜਾਂਦਾ ਹੈ । ਜੋ ਵੀਚਾਰ ਮੈਂ ਤੁਹਾਡੇ ਨਾਲ ਹੁਣ ਸਾਂਝੇ ਕਰਨ ਲੱਗਾ ਹਾਂ, ਇਹ ਮੈਂਨੂੰ ਇੱਕ ਕੁੱਤੇ ਤੋਂ ਪ੍ਰਾਪਤ ਹੋਏ, ਤੇ ਇਸ ਲਈ ਮੈਂ ਉਸਦਾ ਧੰਨਵਾਦ ਕਰ ਦੇਣਾ ਬਹੁਤ ਜ਼ਰੂਰੀ ਸਮਝਦਾ ਹਾਂ ।

ਜਿਸ ਕੁੱਤੇ ਦੀ ਮੈਂ ਗੱਲ ਕਰਨ ਲੱਗਾ ਹਾਂ, ਉਹ ਇੱਕ ਪਾਲਤੂ ਕੁੱਤਾ ਹੈ, ਜੋ ਮੇਰੇ ਘਰ ਦੇ ਨੇੜੇ ਹੀ ਇੱਕ ਘਰ ਵਿੱਚ ਰਹਿੰਦਾ ਹੈ । ਜਦੋਂ ਮੈਂ ਆਪਣੇ ਇਸ ਘਰ ਵਿੱਚ ਰਹਿਣਾ ਸ਼ੁਰੂ ਕੀਤਾ, ਉਹ ਕੁੱਤਾ ਉਸ ਤੋਂ ਪਹਿਲਾਂ ਦਾ ਹੀ ਆਪਣੇ ਉਸ ਮਾਲਿਕ ਨਾਲ ਉਸ ਦੇ ਘਰ ਵਿੱਚ ਰਹਿ ਰਿਹਾ ਸੀ ।

ਜਦੋਂ ਮੈਂ ਇਸ ਇਲਾਕੇ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਸੀ, ਉਦੋਂ ਇਹ ਥਾਂ ਬੜੀ ਸ਼ਾਂਤ ਸੀ । ਉਸ ਵਕਤ ਮੇਰੇ ਮੁਹੱਲੇ ਵਿੱਚ ਮੇਰੇ ਤੋਂ ਇਲਾਵਾ ਕੋਈ ਹੋਰ ਵਿਅਕਤੀ ਨਹੀਂ ਸੀ ਰਹਿੰਦਾ । ਮੇਰੇ ਮੁਹੱਲੇ ਵਿੱਚ ਕੋਈ ਹੋਰ ਵਿਅਕਤੀ ਨਾ ਰਹਿੰਦਾ ਹੋਣ ਕਰਕੇ ਕਿਸੇ ਹੋਰ ਨੂੰ ਮਿਲਣ ਆਉਣ ਵਾਲੇ ਲੋਕਾਂ ਦੀ ਆਵਾਜਾਈ ਵੀ ਨਹੀਂ ਸੀ ਹੁੰਦੀ । ਕਿਸੇ ਹੋਰ ਮੁਹੱਲੇ ਦੇ ਲੋਕ ਕਦੇ-ਕਦੇ ਇਸ ਪਾਸਿਉਂ ਲੰਘ ਜਾਂਦੇ । ਜਾਂ ਫਿਰ, ਮੇਰੇ ਘਰ ਦੇ ਬਿਲਕੁਲ ਨਾਲ ਵਾਲੇ ਖਾਲੀ ਪਏ ਪਲਾਟ ਵਿੱਚ ਕਦੇ-ਕਦੇ ਕਿਸੇ ਸੱਪ ਦੇ ਦਰਸ਼ਨ ਹੋ ਜਾਂਦੇ ਸਨ । ਕਦੇ-ਕਦੇ ਕੋਈ ਸੱਪ ਮੇਰੇ ਘਰ ਦੇ ਵਿਹੜੇ ਵਿੱਚ ਗੇੜੀ ਵੀ ਮਾਰ ਜਾਂਦਾ, ਪਰ ਫ਼ਰਸ਼ ਤੇ ਮਾਰਬਲ ਲੱਗਾ ਹੋਣ ਕਾਰਣ ਸੱਪ ਨੂੰ ਉੱਥੇ ਚਲਣ ਵਿੱਚ ਉਸੇ ਤਰ੍ਹਾਂ ਹੀ ਔਖਿਆਈ ਮਹਿਸੂਸ ਹੁੰਦੀ, ਜਿਵੇਂ ਗੁਰੂ-ਨਿੰਦਕ ਨੂੰ ਗੁਰਬਾਣੀ ਸੁਣ ਕੇ ਹੁੰਦੀ ਹੈ । ਸੱਪ ਨੂੰ ਮੈਂ ਮਾੜਾ ਨਹੀਂ ਸਮਝਦਾ, ਕਿਉਂਕਿ ਸੱਪ ਨਿੰਦਾ ਨਹੀਂ ਕਰਦਾ, ਸ਼ੋਰ ਨਹੀਂ ਪਾਉਂਦਾ, ਤੇ ਇੰਝ ਮੇਰੀ ਇਕਾਂਤ ਸਾਧਨਾ ਵਿੱਚ ਕੋਈ ਰੁਕਾਵਟ ਵੀ ਪੈਦਾ ਨਹੀਂ ਹੁੰਦੀ ।

ਪਰ, ਸਾਹਮਣੇ ਵਾਲੇ ਮੁਹੱਲੇ ਦੇ ਕੁੱਤੇ ਦੀ ਗੱਲ ਕੁੱਝ ਹੋਰ ਹੈ । ਉਹ ਭੌਂਕਦਾ ਹੈ, ਤੇ ਇੰਝ ਸ਼ਾਂਤੀ ਭੰਗ ਹੁੰਦੀ ਹੈ ।

ਜਿਵੇਂ ਕਿ ਮੈਂ ਪਹਿਲਾਂ ਆਖਿਆ ਹੈ, ਜਦੋਂ ਮੈਂ ਇਸ ਮੁਹੱਲੇ ਵਿੱਚ ਆਇਆ, ਤਾਂ ਕੋਈ ਹੋਰ ਵਿਅਕਤੀ ਇੱਥੇ ਨਹੀਂ ਰਹਿੰਦਾ ਸੀ । ਕਦੇ ਕੋਈ ਵਿਰਲਾ-ਟਾਂਵਾਂ ਵਿਅਕਤੀ ਇਧਰੋਂ ਲੰਘਦਾ, ਤਾਂ ਇਹ ਕੁੱਤਾ ਭੌਂਕ ਦਿੰਦਾ । ਜਾਂ, ਕਦੇ ਕੋਈ ਹੋਰ ਕੁੱਤਾ ਇਸ ਦੇ ਨਜ਼ਰੀਂ ਪੈ ਜਾਂਦਾ, ਤਾਂ ਇਹ ਭੌਂਕ ਕੇ ਆਪਣਾ ਸ਼ੌਂਕ ਪੂਰਾ ਕਰ ਲੈਂਦਾ । ਬਾਕੀ ਦੇ ਸਮੇਂ ਇਹ ਸ਼ਾਂਤੀ ਬਣਾਈ ਰੱਖਦਾ । ਘਰ ਦਾ ਮਾਲਕ ਤੇ ਮਾਲਕਣ ਨੌਕਰੀ ਕਰਨ ਚਲੇ ਜਾਂਦੇ ਤੇ ਬੱਚੇ ਸਕੂਲ ਪੜ੍ਹਨ ਚਲੇ ਜਾਂਦੇ । ਘਰ ਵਿੱਚ ਬਸ ਇਹ ਕੁੱਤਾ ਹੀ ਰਹਿ ਜਾਂਦਾ, ਬਿਲਕੁਲ ਇਕੱਲਾ । ਹੁਣ ਇਕੱਲਾ ਜੀਅ ਕਰੇ? ਚੁੱਪ ਹੀ ਰਹੇਗਾ ਨਾ ! ਭੌਂਕਿਆ ਵੀ ਤਾਂ ਹੀ ਜਾਂਦਾ ਹੈ, ਜੇ ਕੋਈ ਹੋਰ ਮੌਜੂਦ ਹੋਏ ।

ਹੌਲ਼ੀ-ਹੌਲ਼ੀ ਇਸ ਮੁਹੱਲੇ ਵਿੱਚ ਹੋਰ ਮਕਾਨ ਬਣਦੇ ਗਏ ਤੇ ਲੋਕ ਇਨ੍ਹਾਂ ਮਕਾਨਾਂ ਵਿੱਚ ਰਹਿਣ ਲੱਗ ਪਏ । ਕੁੱਝ ਹੋਰ ਘਰਾਂ ਦਾ ਲਾਂਘਾ ਵੀ ਇਹ ਮੁਹੱਲਾ ਬਣ ਗਿਆ । ਲੋਕਾਂ ਦੀ ਆਵਾਜਾਈ ਵੱਧਣ ਲੱਗ ਪਈ । ਜ਼ਾਹਿਰ ਹੈ ਕਿ ਇਸ ਕੁੱਤੇ ਦਾ ਭੌਂਕਣਾ ਵੀ ਉਸੇ ਅਨੁਪਾਤ ਵਿੱਚ ਵੱਧਣ ਲੱਗ ਪਿਆ । ਕੁੱਤੇ ਦੇ ਭੌਂਕਣ ਦੇ ਅਨੁਪਾਤ ਵਿੱਚ ਮੇਰੀ ਪ੍ਰੇਸ਼ਾਨੀ ਵੀ ਵੱਧਣ ਲੱਗ ਪਈ ।

ਸਵੇਰੇ ਇਕਾਂਤ ਸਾਧਨਾ ਕਰਨ ਬੈਠਣ ਸਮੇਂ ਜਦੋਂ ਹੀ ਕੋਈ ਮੁਹੱਲੇ ਵਿੱਚੋਂ ਲੰਘਣਾ, ਕੁੱਤੇ ਦਾ ਭੌਂਕਣਾ ਸ਼ੁਰੂ ਹੋ ਜਾਣਾ । ਆਸ-ਪਾਸ ਬਣਦੇ ਮਕਾਨਾਂ ਦੇ ਮਜ਼ਦੂਰ ਲੰਘਣੇ, ਤਾਂ ਕੁੱਤੇ ਨੇ ਭੌਂਕਣਾ । ਸ਼ਾਮ ਨੂੰ ਬੱਚਿਆਂ ਨੇ ਖੇਡਣਾ, ਤਾਂ ਕੁੱਤੇ ਨੇ ਭੌਂਕਣਾ । ਕਦੇ-ਕਦੇ ਕੋਈ ਸ਼ਰਾਰਤੀ ਵਿਅਕਤੀ ਕੁੱਤੇ ਨੂੰ ਚਿੜ੍ਹਾਉਣ ਲਈ ਕੁੱਤੇ ਵਾਂਗ ਹੀ ਭੌਂਕਣ ਲੱਗਦਾ, ਤਾਂ ਚਿੜ੍ਹ ਵਿੱਚ ਆ ਕੇ ਕੁੱਤੇ ਨੇ ਹੋਰ ਜ਼ਿਆਦਾ ਭੌਂਕਣਾ । ਜਦ ਵੀ ਕੁੱਤੇ ਨੇ ਭੌਂਕਣਾ, ਮੈਂ ਪ੍ਰੇਸ਼ਾਨ ਹੋ ਜਾਣਾ ।

ਮੈਂਨੂੰ ਹੈਰਾਨੀ ਹੁੰਦੀ ਰਹਿੰਦੀ ਕਿ ਕਈ ਲੋਕ ਰੋਜ਼ਾਨਾ ਉਸ ਘਰ ਦੇ ਅੱਗੋਂ ਲੰਘਦੇ ਹਨ, ਪਰ ਕੁੱਤਾ ਫਿਰ ਵੀ ਉਨ੍ਹਾਂ ਨੂੰ ਪਛਾਣਦਾ ਨਹੀਂ, ਜਾਂ ਇਹ ਨਹੀਂ ਸਮਝਦਾ ਕਿ ਇਹ ਰੋਜ਼ ਦੇ ਲੰਘਣ ਵਾਲੇ ਹਨ । ਮੈਂ ਸੋਚਦਾ ਰਹਿੰਦਾ ਕਿ ਇਹ ਕੁੱਤਾ ਇਹ ਕਿਉਂ ਨਹੀਂ ਸਮਝਦਾ ਕਿ ਕੋਈ ਉਸ ਨੂੰ ਚਿੜ੍ਹਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਹੈ ? ਮੈਂਨੂੰ ਸਮਝ ਨਾ ਆਉਂਦੀ ਕਿ ਇਹ ਕਿਉਂ ਨਹੀਂ ਸਮਝਦਾ ਕਿ ਛੋਟੇ-ਛੋਟੇ ਪਿਆਰੇ-ਪਿਆਰੇ ਬੱਚਿਆਂ ਉੱਤੇ ਭੌਂਕਣਾ ਨਹੀਂ ਚਾਹੀਦਾ, ਉਹ ਡਰ ਜਾਂਦੇ ਹਨ ।

ਲੰਮਾ ਸਮਾਂ ਮੈਂ ਕੁੱਤੇ ਦੇ ਇਸ ਤਰ੍ਹਾਂ ਬੇ-ਵਜ੍ਹਾ ਭੌਂਕਣ ਤੋਂ ਪ੍ਰੇਸ਼ਾਨ ਰਿਹਾ, ਹਾਲਾਂਕਿ ਉਹ ਮੇਰੇ ‘ਤੇ ਕਦੇ ਵੀ ਭੌਂਕਿਆ ਨਹੀਂ ।

ਪਹਿਲਾਂ ਮੈਂ ਅਤੇ ਹੋਰ ਲੋਕ ਘਰ ਦਾ ਕੂੜਾ ਸੁੱਟਣ ਥੋੜੀ ਦੂਰ ਇੱਕ ਨਿਯਤ ਜਗ੍ਹਾ ‘ਤੇ ਜਾਂਦੇ ਸਨ । ਫਿਰ, ਸਾਡੇ ਮੁਹੱਲੇ ਵਿੱਚ ਕੂੜਾ ਇਕੱਠਾ ਕਰਨ ਵਾਲਾ ਆਉਣ ਲੱਗ ਪਿਆ । ਮਹੀਨੇ ਦੇ ੪੦ ਰੁਪਏ ਲੈਂਦਾ ਹੈ । ਹੁਣ ਕੂੜਾ ਸੁੱਟਣ ਆਪ ਨਹੀਂ ਜਾਣਾ ਪੈਂਦਾ । ਪਰ, ਨਵੀਂ ਪ੍ਰੇਸ਼ਾਨੀ ਇਹ ਪੈਦਾ ਹੋ ਗਈ ਕਿ ਜਿੰਨੀ ਦੇਰ ਕੂੜੇ ਵਾਲਾ ਮੁਹੱਲੇ ਵਿੱਚ ਰਹਿੰਦਾ ਹੈ, ਇਹ ਕੁੱਤੇ ਉਤਨੀ ਦੇਰ ਲਗਾਤਾਰ ਭੌਂਕਦਾ ਰਹਿੰਦਾ ਹੈ । ਕਈ ਮਹੀਨੇ ਹੋ ਗਏ ਹਨ ਕੂੜੇ ਵਾਲੇ ਨੂੰ ਇਸ ਮੁਹੱਲੇ ਵਿੱਚ ਆਉਂਦਿਆਂ, ਪਰ ਇਹ ਕੁੱਤਾ ਅਜੇ ਵੀ ਉਸ ਉੱਤੇ ਭੌਂਕਦਾ ਹੈ, ਤੇ ਬੜੀ ਬੁਰੀ ਤਰ੍ਹਾਂ ਭੌਂਕਦਾ ਹੈ । ਕੂੜੇ ਵਾਲਾ ਭਲਾ ਕਿਸੇ ਦਾ ਕੀ ਨੁਕਸਾਨ ਕਰਦਾ ਹੈ ? ਉਹ ਤਾਂ ਸਾਡੀ ਸਹਾਇਤਾ ਹੀ ਕਰ ਰਿਹਾ ਹੈ ਘਰਾਂ ਦਾ ਕੂੜਾ ਲਿਜਾ ਕੇ ।

ਕੂੜੇ ਵਾਲੇ ਦੇ ਆਉਣ ‘ਤੇ ਘਰਾਂ ਦੀਆਂ ਜ਼ਨਾਨੀਆਂ ਆਪੇ ਬਾਹਰ ਆ ਕੇ ਕੂੜਾ ਦੇ ਦਿੰਦੀਆਂ ਹਨ । ਮੈਂਨੂੰ ਕਈ ਵਾਰ ਪਤਾ ਨਹੀਂ ਲੱਗਦਾ ਕਿ ਕੂੜੇ ਵਾਲਾ ਆ ਗਿਆ ਹੈ, ਤੇ ਇੰਝ ਕੂੜਾ ਘਰ ਵਿੱਚ ਹੀ ਪਿਆ ਰਹਿ ਜਾਂਦਾ ।

ਹੌਲ਼ੀ-ਹੌਲ਼ੀ ਮੈਂਨੂੰ ਸਮਝ ਆਈ ਕਿ ਮੁਹੱਲੇ ਵਾਲਾ ਕੁੱਤਾ ਉਸ ਸਮੇਂ ਸਭ ਤੋਂ ਜ਼ਿਆਦਾ ਉੱਚੀ ਤੇ ਸਭ ਤੋਂ ਜ਼ਿਆਦਾ ਦੇਰ ਭੌਂਕਦਾ ਹੈ, ਜਦੋਂ ਕੂੜੇ ਵਾਲਾ ਆਉਂਦਾ ਹੈ । ਇਹ ਨੁਕਤਾ ਮੇਰੇ ਬੜੇ ਕੰਮ ਦਾ ਸਾਬਿਤ ਹੋਇਆ । ਹੁਣ ਜਦੋਂ ਵੀ ਕੁੱਤਾ ਜ਼ਿਆਦਾ ਦੇਰ ਭੌਂਕਦਾ ਹੈ, ਮੈਂ ਸਮਝ ਜਾਂਦਾ ਹਾਂ ਕਿ ਕੂੜੇ ਵਾਲਾ ਆ ਗਿਆ ਹੈ । ਘਰ ਵਿੱਚ ਜੇ ਜ਼ਿਆਦਾ ਕੂੜਾ ਇਕੱਠਾ ਹੋ ਜਾਏ, ਤਾਂ ਸਵੇਰੇ ਇੰਤਜ਼ਾਰ ਕਰਦਾ ਹਾਂ ਕਿ ਕਦੋਂ ਕੁੱਤਾ ਜ਼ਿਆਦਾ ਭੌਂਕੇ । ਜ਼ਿਆਦਾ ਭੌਂਕਿਆ, ਤਾਂ ਸਮਝੋ ਕੂੜੇ ਵਾਲਾ ਆ ਗਿਆ । ਸਾਫ਼ ਹੈ ਕਿ ਹੁਣ ਇਹ ਕੁੱਤਾ ਹੀ ਮੈਂਨੂੰ ਸੂਚਨਾ ਦਿੰਦਾ ਹੈ ਕਿ ਕੂੜੇ ਵਾਲਾ ਆ ਗਿਆ ਹੈ । ਜੇ ਕਦੇ ਅੱਗੇ-ਪਿੱਛੇ ਵੀ ਜ਼ਿਆਦਾ ਭੌਂਕੇ, ਤਾਂ ਮੈਂ ਸਮਝ ਜਾਂਦਾ ਹਾਂ ਕਿ ਕੋਈ ਨਵਾਂ ਬੰਦਾ ਆ ਕੇ ਉਸ ਘਰ ਦੇ ਨੇੜੇ-ਤੇੜੇ ਖੜਾ ਹੋ ਗਿਆ ਹੈ । ਮੈਂ ਬਾਹਰ ਨਿਕਲ ਕੇ ਵੇਖ ਲੈਂਦਾ ਹਾਂ ਕਿ ਕਿਤੇ ਕੋਈ ਮੇਰਾ ਘਰ ਤਾਂ ਨਹੀਂ ਲੱਭ ਰਿਹਾ ।

ਹੁਣ ਮੈਂਨੂੰ ਸਮਝ ਆ ਗਈ ਕਿ ਇਹ ਕੁੱਤਾ ਤਾਂ ਬੜੇ ਕੰਮ ਦੀ ਸ਼ੈਅ ਹੈ । ਮੈਂ ਕਦੇ-ਕਦੇ ਉਸ ਘਰ ਦੇ ਅੱਗੋਂ ਦੀ ਲੰਘਣਾ ਤੇ ਉਸ ਕੁੱਤੇ ਵੱਲ ਦੇਖ ਕੇ ਮੁਸਕੁਰਾ ਦੇਣਾ । ਮੇਰੇ ‘ਤੇ ਉਹ ਕਦੇ ਨਹੀਂ ਭੌਂਕਦਾ, ਪਰ ਜੇ ਮੇਰੇ ਨਾਲ ਕੋਈ ਹੋਵੇ, ਤਾਂ ਭੌਂਕਣ ਦਾ ਆਪਣਾ ਸ਼ੌਂਕ ਪੂਰਾ ਕਰ ਹੀ ਲੈਂਦਾ ਹੈ । ਆਹਿਸਤਾ-ਅਹਿਸਤਾ ਉਹ ਕੁੱਤਾ ਮੈਂਨੂੰ ਚੰਗਾ ਲੱਗਣ ਪਿਆ । ਵੈਸੇ, ਉਹ ਸੋਹਣਾ ਵੀ ਬਹੁਤ ਹੈ ਤੇ ਚੁਸਤ ਵੀ ।

ਮੈਂ ਉਸ ਬਾਰੇ ਹੋਰ ਸੋਚਣਾ ਸ਼ੁਰੂ ਕੀਤਾ । ਸੋਚਣ ‘ਤੇ ਕਿਹੜਾ ਖ਼ਰਚ ਹੁੰਦਾ ਹੈ ! ਮੈਂ ਸੋਚਦਾ ਰਹਿੰਦਾ ਕਿ ਇਹ ਭੌਂਕਦਾ ਕਿਉਂ ਹੈ ।

ਮੈਂਨੂੰ ਸਮਝ ਆਈ ਕਿ ਭੌਂਕਣਾ ਉਸ ਦੀ ਆਦਤ ਹੈ । ਉਹ ਆਪਣੀ ਆਦਤ ਤੋਂ ਮਜਬੂਰ ਹੈ । ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ । ਵਾਰਿਸ ਸ਼ਾਹ ਨੇ ਵੀ ਤਾਂ ਆਖਿਆ ਹੈ, ‘ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਂਵੇਂ ਕੱਟੀਏ ਪੋਰੀਆਂ-ਪੋਰੀਆਂ ਜੀ ।’ ਸੱਚੀ ਗੱਲ ਤਾਂ ਇਹ ਹੈ ਕਿ ਮਾਲਕ ਨੇ ਉਸ ਨੂੰ ਰੱਖਿਆ ਹੀ ਇਸ ਲਈ ਹੈ ਕਿ ਉਹ ਭੌਂਕੇ । ਜੇ ਉਹ ਭੌਂਕਦਾ ਨਾ ਹੁੰਦਾ, ਤਾਂ ਮਾਲਕ ਉਸ ਨੂੰ ਰੱਖਦਾ ਹੀ ਨਾ । ਯਾਨੀ, ਭੌਂਕਣਾ ਉਸ ਦੀ ਆਦਤ ਵੀ ਹੈ ਤੇ ਨੌਕਰੀ ਵੀ ।

ਪਰ, ਮੈਂਨੂੰ ਗੂੜ੍ਹ-ਗਿਆਨ ਤਾਂ ਉਦੋਂ ਹੋਇਆ, ਜਦੋਂ ਦੱਤ ਅਵਤਾਰ ਤੋਂ ਸਿੱਖਿਆ ਲੈ ਕੇ ਮੈਂ ਇਸ ਕੁੱਤੇ ਨੂੰ ਆਪਣਾ ਉਸਤਾਦ ਮੰਨ ਲਿਆ । ਉਸਤਾਦ ਵੀ ਐਸਾ, ਜੋ ਕਿਸੇ ਪ੍ਰਕਾਰ ਦੀ ਕੋਈ ਦੱਖਣਾ ਜਾਂ ਫ਼ੀਸ ਆਦਿ ਨਾ ਲਏ । ਮੇਰੇ ਮਨ ਦੇ ਕਈ ਪ੍ਰਸ਼ਨ ਸਿਰਫ਼ ਇਸ ਕੁੱਤੇ ਨੇ ਹੀ ਹੱਲ ਕਰ ਦਿੱਤੇ । ਪਹਿਲਾਂ ਮੈਂ ਸੋਚਦਾ ਰਹਿੰਦਾ ਸੀ ਕਿ ਕੁੱਝ ਲੋਕ ਕਿਉਂ ਵਾਰ-ਵਾਰ ਗੁਰਬਾਣੀ, ਗੁਰੂ-ਇਤਿਹਾਸ ਤੇ ਰਹਿਤ-ਮਰਯਾਦਾ ਦੇ ਖ਼ਿਲਾਫ਼ ਭੌਂਕਦੇ ਰਹਿੰਦੇ ਹਨ । ਮੇਰੇ ਇਸ ਉਸਤਾਦ ਕੁੱਤੇ ਤੋਂ ਮੈਂਨੂੰ ਸਮਝ ਆਈ ਕਿ ਅਜਿਹੇ ਲੋਕਾਂ ਦਾ ਇੰਝ ਭੌਂਕਣਾ ਉਨ੍ਹਾਂ ਦੀ ਆਦਤ ਵੀ ਹੈ ਤੇ ਨੌਕਰੀ ਵੀ । ਉਨ੍ਹਾਂ ਨੂੰ ਮਾਇਆ ਮਿਲਦੀ ਹੀ ਇਸੀ ਗੱਲ ਦੀ ਹੈ ਕਿ ਉਹ ਇਸ ਸਭ ਦੇ ਖ਼ਿਲਾਫ਼ ਭੌਂਕਣ । ਅਜਿਹੇ ਲੋਕ ਜੇ ਭੌਂਕਣ ਨਾ, ਤਾਂ ਉਨ੍ਹਾਂ ਨੂੰ ਮਾਇਆ ਵੀ ਕੋਈ ਨਾ ਦਵੇ । ਹੁਣ ਮਾਇਆ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਹੁੰਦਾ ਨਾ । ਹਵਾਈ ਜਹਾਜ਼ ਦੇ ਝੂਟੇ ਮਾਇਆ ਦੇ ਸਹਾਰੇ ਹੀ ਮਿਲਦੇ ਹਨ । ਅਖ਼ਬਾਰਾਂ ਤੇ ਰਸਾਲੇ ਮਾਇਆ ਆਸਰੇ ਹੀ ਚਲਦੇ ਹਨ । ਵੈਸੇ ਤਾਂ ਤੋਰੀ-ਫੁਲਕਾ ਵੀ ਮਾਇਆ ਆਸਰੇ ਹੀ ਚਲਦਾ ਹੈ, ਪਰ ਜਿਨ੍ਹਾਂ ਨੇ ਮੁਰਗੇ ਖਾਣੇ ਤੇ ਸ਼ਰਾਬ ਪੀਣੀ ਹੈ, ਉਹ ਇਹ ਸਭ ਮਾਇਆ ਤੋਂ ਬਿਨ੍ਹਾਂ ਕਿਵੇਂ ਕਰਨਗੇ ?

ਸੱਜਣੋ, ਗੁਰਬਾਣੀ ਆਦਿ ਦੇ ਖ਼ਿਲਾਫ਼ ਭੌਂਕਣ ਵਾਲਿਆਂ ਨੂੰ ਤੁਸੀਂ ਮਾਇਆ ਦੇ ਦਵੋ, ਤਾਂ ਉਹ ਤੁਹਾਡੇ ਆਖੇ ਅਨੁਸਾਰ ਵੀ ਭੌਂਕਣਾ ਸ਼ੁਰੂ ਕਰ ਦੇਣਗੇ । ਜਿਹੜੇ ਲੋਕ ਉਜਾੜ-ਬੀਆਬਾਨਾਂ ਵਿੱਚ ਆਲੀਸ਼ਾਨ ਗੁਰਦੁਆਰੇ ਖੜੇ ਕਰਨ ਲਈ ਕਰੋੜਾਂ ਰੁਪਏ ਖ਼ਰਚ ਕਰ ਸਕਦੇ ਹਨ, ਉਹ ਅਜਿਹੇ ਲੋਕਾਂ ਨੂੰ ਖ਼ਰੀਦ ਲੈਣ ਦੀ ਕਿਉਂ ਨਹੀਂ ਸੋਚਦੇ ? ਚਲੋ ਛੱਡੋ, ਸੋਚਣ ਲਈ ਮਾਇਆ ਨਹੀਂ, ਦਿਮਾਗ਼ ਚਾਹੀਦਾ ਹੈ ।

ਮੇਰੇ ਉਸਤਾਦ ਕੁੱਤੇ ਦੀ ਖ਼ਾਸੀਅਤ ਹੈ ਕਿ ਜਦੋਂ ਉਹ ਆਪਣੇ ਘਰ ਤੋਂ ਕਿਤੇ ਬਾਹਰ ਹੁੰਦਾ ਹੈ, ਤਾਂ ਕਿਸੇ ‘ਤੇ ਨਹੀਂ ਭੌਂਕਦਾ । ਆਪਣੇ ਘਰ ਵਿੱਚ ਇਹ ਆਪਣੇ-ਆਪ ਨੂੰ ਸੁਰੱਖਿਅਤ ਸਮਝਦਾ ਹੈ । ਇਸ ਤੋਂ ਮੈਂਨੂੰ ਇਹ ਸਮਝ ਆਈ ਕਿ ਗੁਰਬਾਣੀ ਆਦਿ ਖ਼ਿਲਾਫ਼ ਬੋਲਣ ਵਾਲੇ ਵੀ ਉਦੋਂ ਹੀ ਅਜਿਹਾ ਕਰਦੇ ਹਨ, ਜਦੋਂ ਉਹ ਆਪਣੇ-ਆਪ ਨੂੰ ਸੁਰੱਖਿਅਤ ਸਮਝਦੇ ਹਨ ।

ਜਦੋਂ ਕੋਈ ਪੁਰਾਣਾ ਗੁਰੂ-ਨਿੰਦਕ ਮੁੜ ਕੇ ਆਪਣਾ ਉਹੀ ਨਿੰਦਾ-ਰਾਗ ਆਲਾਪਣਾ ਸ਼ੁਰੂ ਕਰ ਦਵੇ, ਜਾਂ ਕੋਈ ਨਵਾਂ ਗੁਰੂ-ਨਿੰਦਕ ਪੈਦਾ ਜਾਏ, ਤਾਂ ਮੈਂ ਸਮਝ ਜਾਂਦਾ ਹਾਂ ਕਿ ਗੁਰਮਤਿ ਦਾ ਕੋਈ ਨਵਾਂ ਪ੍ਰਚਾਰਕ ਆਇਆ ਹੋਣਾ ਹੈ, ਜਿਸ ਖ਼ਿਲਾਫ਼ ਗੁਰੂ-ਨਿੰਦਕ ਨਿੰਦਾ ਕਰ ਰਹੇ ਹਨ । ਕੋਈ ਨਿੰਦਕ ਭੌਂਕਿਆ ਹੈ, ਤਾਂ ਸ਼ਾਇਦ ਕੋਈ ਗੁਰਮਤਿ ਦਾ ਕੋਈ ਨਵਾਂ ਪਿਆਰਾ ਉਠ ਪਿਆ, ਕੋਈ ਨਵੀਂ ਵੈੱਬ-ਸਾਈਟ, ਕੋਈ ਅਖ਼ਬਾਰ ਜਾਂ ਰਸਾਲਾ ਸ਼ੁਰੂ ਹੋ ਗਿਆ ਹੈ ।

ਮੇਰਾ ਉਸਤਾਦ ਕੁੱਤਾ ਆਪਣੇ ਮਾਲਕ ਖ਼ਿਲਾਫ਼ ਕਦੇ ਨਹੀਂ ਭੌਂਕਦਾ । ਇੱਕ ਦਿਨ ਮੈਂ ਦੇਖਿਆ ਕਿ ਉਹ ਕੁੱਤਾ ਘਰ ਦੇ ਗੇਟ ਨਾਲ ਬੰਨ੍ਹਿਆ ਹੋਇਆ ਸੀ ਤੇ ਮਾਲਕ ਉਸ ਨੂੰ ਸੋਟੀ ਨਾਲ ਬਹੁਤ ਬੁਰੀ ਤਰ੍ਹਾਂ ਮਾਰ ਰਿਹਾ ਸੀ । ਹੈਰਾਨੀ ਦੀ ਗੱਲ ਕਿ ਕੁੱਤਾ ਰੋਣਹਾਕਾ ਹੋਇਆ ‘ਚੂੰ-ਚੂੰ’ ਤਾਂ ਕਰ ਰਿਹਾ ਸੀ, ਪਰ ਆਪਣੇ ਮਾਲਕ ‘ਤੇ ਬਿਲਕੁਲ ਵੀ ਭੌਂਕ ਨਹੀਂ ਰਿਹਾ ਸੀ ।

ਮੈਂ ਉਸਤਾਦ ਜੀ ਦੇ ਮਾਲਕ ਨੂੰ ਪੁੱਛਿਆ, “ਕੀ ਗੱਲ ਹੋ ਗਈ?”

ਕੁੱਤੇ ਦਾ ਮਾਲਕ ਬੋਲਿਆ, “ਮੇਰੀ ਨਵੀਂ ਕਾਰ ਉੱਤੇ ਪੰਜੇ ਮਾਰ-ਮਾਰ ਕੇ ਝਰੀਟਾਂ ਮਾਰ ਦਿੱਤੀਆਂ ।”

ਮੇਰੇ ਉਸਤਾਦ ਜੀ ਦਾ ਕੁਟਾਪਾ ਚੜ੍ਹ ਰਿਹਾ ਸੀ । ਚੰਗਾ ਤਾਂ ਨਹੀਂ ਲੱਗ ਰਿਹਾ ਸੀ, ਪਰ ਗੱਲ ਤਾਂ ਉਸ ਦੇ ਮਾਲਕ ਦੀ ਵੀ ਠੀਕ ਹੀ ਲੱਗੀ । ਉਸਤਾਦ ਜੀ ਨੂੰ ਹੋਰਨਾਂ ਦੇ ਖ਼ਿਲਾਫ਼ ਭੌਂਕਣ ਲਈ ਰੱਖਿਆ ਗਿਆ ਸੀ, ਆਪਣੇ ਮਾਲਕ ਦਾ ਕੋਈ ਨੁਕਸਾਨ ਕਰਨ ਲਈ ਨਹੀਂ ।

ਮੇਰੇ ਕਈ ਭੋਲੇ ਵੀਰ ਪੁੱਛਦੇ ਹੁੰਦੇ ਹਨ ਕਿ ਸਿੱਖ ਪ੍ਰਚਾਰਕ ਹੋਣ ਦਾ ਦਾਅਵਾ ਕਰ ਕੇ ਗੁਰਬਾਣੀ ਆਦਿ ਦੀ ਨਿੰਦਾ ਕਰਨ ਵਾਲੇ ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਕਿਉਂ ਨਹੀਂ ਬੋਲਦੇ । ਅਜਿਹੇ ਵੀਰਾਂ ਨੇ ਜੇ ਕਦੇ ਮੇਰੇ ਉਸਤਾਦ ਕੁੱਤੇ ਨੂੰ ਉਸ ਦੇ ਮਾਲਕ ਕੋਲੋਂ ਕੁੱਟ ਪੈਂਦੀ ਦੇਖੀ ਹੁੰਦੀ, ਤਾਂ ਉਹ ਅਜਿਹੇ ਸਵਾਲ ਨਾ ਪੁੱਛਦੇ । ਆਪਣੇ ਮਾਲਕਾਂ ਖ਼ਿਲਾਫ਼ ਬੋਲ ਕੇ ਆਪਣੇ ਮਾਲਕਾਂ ਤੋਂ ਛਿੱਤਰ ਖਾਣੇ ਸੌਖੇ ਨਹੀਂ ਹੁੰਦੇ । ਛਿੱਤਰ ਵੀ ਖਾਉ ਤੇ ਚੁੱਪ ਵੀ ਰਹੋ । ਕਿਸੇ ਨੂੰ ਦੱਸ ਵੀ ਨਹੀਂ ਸਕਦੇ ਕਿ ਮਾਲਕ ਨੇ ਛਿੱਤਰ ਮਾਰੇ । ਮੈਂ ਮਗਰੋਂ ਦੇਖਿਆ ਸੀ ਕਿ ਮੇਰਾ ਉਸਤਾਦ ਕੁੱਤਾ ਵੀ ਆਪਣੇ ਉਸੇ ਮਾਲਕ ਦੇ ਅੱਗੇ-ਪਿੱਛੇ ਪੂਛ ਹਿਲਾਉਂਦਾ ਫਿਰਦਾ ਸੀ, ਜਿਸ ਨੇ ਉਸ ਦੀ ਚੰਗੀ ਛਿਤਰੌਲ ਕੀਤੀ ਸੀ ।

ਕਈ ਵਾਰ ਜੇ ਉਸਤਾਦ ਕੁੱਤੇ ਦੇ ਘਰ ਦਾ ਦਰਵਾਜ਼ਾ ਖੁੱਲ੍ਹਿਆ ਰਹਿ ਜਾਏ, ਤਾਂ ਉਹ ਬਾਹਰ ਨਿਕਲ ਕੇ ਇਧਰ ਉਧਰ ਸੈਰ ਕਰਨ ਨਿਕਲ ਪੈਂਦਾ ਹੈ । ਵੈਸੇ ਤਾਂ ਮਾਲਕ ਵੀ ਉਸ ਨੂੰ ਸੈਰ ਕਰਵਾਉਂਦੇ ਹਨ । ਜੇ ਮੇਰਾ ਉਸਤਾਦ ਕੁੱਤਾ ਦੂਜੇ ਮੁਹੱਲੇ ਜਾ ਵੜੇ, ਤਾਂ ਕੋਈ ਬੱਚਾ ਵੀ ਉਸ ਨੂੰ ਪੱਥਰ ਦਿਖਾ ਕੇ ਡਰਾ ਦਿੰਦਾ ਹੈ । ਪੱਥਰ ਦਿਖਾਉਣਾ ਤਾਂ ਵੱਡੀ ਗੱਲ ਹੈ, ਜੇ ਕੋਈ ਵੈਸੇ ਹੀ ਦਬਕਾ ਵੀ ਮਾਰ ਦਵੇ, ਤਾਂ ਮੇਰਾ ਉਸਤਾਦ ਕੁੱਤਾ ਬੜੀ ਫੁਰਤੀ ਨਾਲ ਉੱਥੋਂ ਭੱਜ ਨਿਕਲਦਾ ਹੈ । ਉਸਤਾਦ ਜੀ ਦੀ ਇਸ ਆਦਤ ਨੂੰ ਕੋਈ ਉਸ ਦੀ ਕਾਇਰਤਾ ਵੀ ਸਮਝ ਸਕਦਾ ਹੈ, ਤੇ ਗੁਰੂ-ਨਿੰਦਕਾਂ ਦੀ ਬਿਲਕੁਲ ਅਜਿਹੀ ਪ੍ਰਵਿਰਤੀ ਨੂੰ ਇਸੇ ਸੰਦਰਭ ਵਿੱਚ ਦੇਖ ਸਕਦਾ ਹੈ ।

ਇਸ ਕੁੱਤੇ ਦੇ ਭੌਂਕਣ ਤੋਂ ਮੈਂ ਹੁਣ ਪ੍ਰੇਸ਼ਾਨ ਨਹੀਂ ਹੁੰਦਾ । ਗੁਰੂ-ਨਿੰਦਕਾਂ ਤੋਂ ਵੀ ਹੁਣ ਮੈਂਨੂੰ ਪ੍ਰੇਸ਼ਾਨੀ ਨਹੀਂ ਮਹਿਸੂਸ ਹੁੰਦੀ । ਹਾਂ, ਤਰਸ ਜ਼ਰੂਰ ਆਉਂਦਾ ਹੈ ਕਿ ਕੁੱਤਾ ਹੋਣਾ ਕਿੰਨੀ ਵੱਡੀ ਸਜ਼ਾ ਹੈ ।

ਮੈਂ ਇਹ ਜ਼ਰੂਰੀ ਸਮਝਦਾ ਹਾਂ ਕਿ ਇੱਕ ਵਾਰ ਫਿਰ ਆਪਣੇ ਉਸਤਾਦ ਕੁੱਤੇ ਦਾ ਧੰਨਵਾਦ ਕਰ ਦਿਆਂ, ਜਿਸ ਕਾਰਣ ਮੈਂਨੂੰ ਕਈ ਕੰਮ ਦੀਆਂ ਗੱਲਾਂ ਪਤਾ ਲੱਗੀਆਂ । ਉਸਤਾਦ ਜੀ ਤੋਂ ਮੈਂਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਈ ਹੈ ਕਿ ਜਿਨ੍ਹਾਂ ਭੌਂਕਣਾ ਹੈ, ਉਹ ਭੌਂਕਦੇ ਹੀ ਰਹਿਣਗੇ । ਉਨ੍ਹਾਂ ਦੇ ਮਾਲਕਾਂ ਨੇ ਉਨ੍ਹਾਂ ਨੂੰ ਪਾਲਿਆ ਹੀ ਇਸੇ ਲਈ ਹੈ । ਉਹ ਆਪਣੇ ਮਾਲਕਾਂ ਖ਼ਿਲਾਫ਼ ਕੁੱਝ ਨਹੀਂ ਕਰਨਗੇ । ਜੇ ਕਰਨਗੇ, ਤਾਂ ਮਾਲਕਾਂ ਨੇ ਬੜੀ ਛਿਤਰੌਲ ਕਰਨੀ ਹੈ । ਉਹ ਪਾਲੇ ਗਏ ਭੌਂਕਣ ਲਈ, ਪਰ ਉਹ ਉਦੋਂ ਤਕ ਹੀ ਭੌਂਕਣਗੇ, ਜਦ ਤਕ ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹਨ । ਜੇ ਕਦੇ ਉਹ ਕਿਤੇ ਬਾਹਰ ਕਿਸੇ ਬੱਚੇ ਦੇ ਵੀ ਵੱਸ ਪੈ ਗਏ, ਤਾਂ ਬੁਰਾ ਹੋਏਗਾ ਉਨ੍ਹਾਂ ਨਾਲ ।

ਆਪਣੇ ਉਸਤਾਦ ਕੁੱਤੇ ਤੋਂ ਮੈਂ ਬੜਾ ਕੁੱਝ ਸਿੱਖਿਆ ਹੈ । ਸੋਚਦਾ ਹਾਂ ਕਿ ਮੈਂ ਵੀ ਇੱਕ ਗੱਲ ਆਪਣੇ ਉਸਤਾਦ ਕੁੱਤੇ ਨੂੰ ਦੱਸ ਦਿਆਂ । ਉਸਤਾਦ ਜੀ ! ਕੁੱਤੇ ਦੀ ਮੌਤ ਬੜੀ ਬੁਰੀ ਹੁੰਦੀ ਹੈ । ਉਹ ਵੀ ਸੁਣ ਲੈਣ, ਜੋ ਕੁੱਤਿਆਂ ਵਾਂਗ ਭੌਂਕਣ ਦੇ ਆਦੀ ਹੋ ਗਏ ਹਨ । ਕੁੱਤੇ ਵਰਗੇ ਕੰਮ ਕਰਨੇ ਭਾਂਵੇਂ ਆਸਾਨ ਲੱਗਦੇ ਹਨ, ਪਰ ਕੁੱਤੇ ਦੀ ਮੌਤ ਮਰਨਾ ਬੜਾ ਕਸ਼ਟ ਦਿੰਦਾ ਹੈ ।

-0-