(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)
ਸੁੱਖਬੀਰਪਾਲ ਕੌਰ ਪ੍ਰਾਇਮਰੀ ਤੇ ਮਿਡਲ ਸਕੂਲ ਵਿੱਚ ਮੇਰੇ ਨਾਲ ਪੜ੍ਹਦੀ ਸੀ । ੩੦-੩੨ ਵਰ੍ਹੇ ਹੋ ਗਏ ਹਨ ।
ਸਕੂਲ ਦੇ ਦਿਨਾਂ ਵਿੱਚ ਸੁੱਖਬੀਰ ਇੱਕ ਸਾਊ, ਸ਼ਰਮੀਲੀ ਤੇ ਡਰਪੋਕ ਜਿਹੀ ਬੱਚੀ ਸੀ । ਸਾਊ ਤਾਂ ਉਹ ਹੁਣ ਵੀ ਹੈ, ਪਰ ਡਰਪੋਕ ਨਹੀਂ ਰਹੀ । ਕਈ ਵਰ੍ਹਿਆਂ ਬਾਅਦ ਉਸ ਨਾਲ ਗੱਲ ਹੋਈ । ਲੱਗਿਆ ਕਿ ਉਸ ਵਿੱਚ ਅਤੇ ਮੇਰੇ ਵਿੱਚ ਕੋਈ ਸਾਂਝੀ ਗੱਲ ਨਹੀਂ ਰਹੀ । ਉਹ ਗਿੱਧਾ ਪਾਉਂਦੀ ਹੈ, ਤੇ ਮੈਂ ਹੁਣ ਨਾਚ ਦੇਖਦਾ ਵੀ ਨਹੀਂ । ਉਹ ਥੀਏਟਰ ਕਰਦੀ ਹੈ, ਮੈਂਨੂੰ ਜ਼ਿੰਦਗੀ ਦਾ ਅਸਲ ਨਾਟਕ ਦੇਖਣ ਦਾ ਸ਼ੌਂਕ ਹੈ (ਵੈਸੇ, ਕਦੇ ਮੈਂ ਵੀ ਸਟੇਜ ‘ਤੇ ਨਾਟਕ ਖੇਡੇ ਸਨ)। ਉਹ ਅਜੇ ਵੀ ਗਤਕਾ ਖੇਡ ਲੈਂਦੀ ਹੈ, ਤੇ ਮੈਂ ਵਿਰਾਟ ਸ੍ਰੀ ਕਾਲ ਜੀ ਦੀ ਚਲਦੀ ਵਿਰਾਟ ਕਿਰਪਾਨ ਦੇਖ ਕੇ ਹੀ ਆਨੰਦਿਤ ਹੁੰਦਾ ਰਹਿੰਦਾ ਹਾਂ । ਉਹ ਕੁੱਝ ਬਾਹਰਮੁਖੀ ਹੈ, ਮੈਂ ਹੁਣ ਬਹੁਤ ਅੰਤਰਮੁਖੀ ਹਾਂ । ਉਹ ਟੱਬਰਦਾਰ ਹੈ, …ਤੇ ਮੈਂ ਯਤੀਮ ਦੀ ਜ਼ਿੰਦਗੀ ਗੁਜ਼ਾਰ ਰਿਹਾ ਹਾਂ ।
ਪਰ, ਉਸ ਕੋਲ ਬਹੁਤ ਕੁੱਝ ਐਸਾ ਹੈ, ਜੋ ਮੈਂ ਸਿੱਖ ਸਕਦਾ ਹਾਂ । ਉਦਾਹਰਣ ਵਜੋਂ, ਰਸੋਈ ਦੀ ਕਲਾ । ਮੇਰੀ ਇੱਛਾ ਤਾਂ ਇਹੀ ਹੈ ਕਿ ਮੈਂਨੂੰ ਕਦੇ ਵੀ ਭੁੱਖ-ਪਿਆਸ ਨਾ ਲੱਗੇ ਤੇ ਕਦੇ ਨੀਂਦ ਨਾ ਆਵੇ, ਪਰ ਰੱਬ ਨੇ ਸਰੀਰ ਬਣਾਇਆ ਹੀ ਇਸ ਤਰ੍ਹਾਂ ਹੈ ਕਿ ਜੱਦ ਤਕ ਜੀਵ ਜ਼ਿੰਦਾ ਹੈ, ਉਸ ਨੂੰ ਭੁੱਖ ਵੀ ਲੱਗਦੀ ਹੈ ਤੇ ਪਿਆਸ ਵੀ । ਸੁੱਖਬੀਰ ਨੇ ਦੱਸਿਆ ਕਿ ਦਲੀਆ ਤੇ ਦਾਲ ਮਿਲਾ ਕੇ ਖਾਧਾ ਜਾ ਸਕਦਾ ਹੈ । ਰੋਟੀਆਂ ਪਕਾਉਣ ਦੀ ਵੀ ਜ਼ਰੂਰਤ ਨਹੀਂ । ਫਿਰ, ਦਾਲ ਤੇ ਦਲੀਆ ਦੋ-ਤਿੰਨ ਦਿਨਾਂ ਲਈ ਇੱਕਠਾ ਬਣਾ ਕੇ ਵੀ ਰੱਖਿਆ ਜਾ ਸਕਦਾ ਹੈ । ਮੈਂਨੂੰ ਇਸੇ ਤਰ੍ਹਾਂ ਦੇ ਭੋਜਨ ਦੀ ਤਲਾਸ਼ ਸੀ । ਕੌਣ ਰੋਜ਼-ਰੋਜ਼ ਖਾਣਾ ਪਕਾਏ ? ਸੁੱਖਬੀਰ ਦਾ ਨੁਕਤਾ ਮੇਰੇ ਲਈ ਬੜੇ ਕੰਮ ਦੀ ਚੀਜ਼ ਸਿੱਧ ਹੋਇਆ ।
ਸੁੱਖਬੀਰ ਕਹਿੰਦੀ ਹੈ ਕਿ ਫ਼ਾਲਤੂ ਦਾ ਸਾਮਾਨ ਘਰ ਵਿੱਚ ਰੱਖਣ ਦਾ ਕੋਈ ਫ਼ਾਇਦਾ ਨਹੀਂ । ਐਂਵੇਂ ਵਾਧੂ ਦੀ ਜਗ੍ਹਾ ਘੇਰੀ ਜਾਂਦੀ ਹੈ । ਫ਼ਾਲਤੂ ਦਾ ਸਾਮਾਨ ਕੀ ਹੈ? ਜੋ ਸਾਮਾਨ ਇੱਕ ਸਾਲ ਤੋਂ ਨਹੀਂ ਵਰਤਿਆ, ਉਹ ‘ਫ਼ਾਲਤੂ ਦਾ ਸਾਮਾਨ’ ਹੈ । ਉਸ ਨੇ ਫ਼ਾਲਤੂ ਦੇ ਸਾਮਾਨ ਲਈ ‘ਕਬਾੜ’ ਲਫ਼ਜ਼ ਵਰਤਿਆ ।
ਕੁੱਝ ਦਿਨ ਤਾਂ ਮੈਂ ਇਸ ਗੱਲ ਵੱਲ ਧਿਆਨ ਨਾ ਦਿੱਤਾ । ਫਿਰ, ਕਿਸੇ ਜਾਣਕਾਰ ਨੇ ਮੈਂਨੂੰ ਪੁੱਛਿਆ ਕਿ ਕੋਈ ਪੁਰਾਣਾ ਕੂਲਰ ਵਿਕਾਊ ਹੈ ? ਮੇਰੇ ਘਰ ਵਿੱਚ ਦੋ ਕੂਲਰ ਸਨ ਤੇ ਇੱਕ ਏਅਰ ਕੰਡੀਸ਼ਨਰ । ਇਨ੍ਹਾਂ ਵਿੱਚੋਂ ਇੱਕ ਕੂਲਰ ਬਾਹਰ ਵਿਹੜੇ ਵਿੱਚ ਪਿਆ ਸੀ । ਪਿੱਛਲੇ ਇੱਕ ਸਾਲ ਤੋਂ ਵਰਤਿਆ ਨਹੀਂ । ਸਾਲ ਪਹਿਲਾਂ ਵੀ ਸਿਰਫ਼ ਦੋ ਦਿਨ ਵਰਤਿਆ ਸੀ । ਭੂਆ ਦੀ ਕੁੜੀ ਆਈ ਸੀ ਆਪਣੇ ਬੱਚਿਆਂ ਨਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ । ਦੋ ਰਾਤਾਂ ਰਹੀ ਸੀ । ਬੱਸ, ਉਦੋਂ ਹੀ ਇਹ ਕੂਲਰ ਵਰਤਿਆ ਸੀ । ਲੱਗਿਆ ਕਿ ‘ਫ਼ਾਲਤੂ ਦੇ ਸਾਮਾਨ’ ਦੀ ਪਰਿਭਾਸ਼ਾ ਵਿੱਚ ਇਹ ਕੂਲਰ ਬਿਲਕੁਲ ਫਿੱਟ ਬੈਠਦਾ ਹੈ । ਸੁੱਖਬੀਰ ਦੀ ਸ਼ਬਦਾਵਲੀ ਵਰਤੀਏ, ਤਾਂ ਇਹ ਕੂਲਰ ‘ਕਬਾੜ’ ਸੀ ।
ਫਿਰ ਕੀ ਸੀ, ਮੈਂ ਉਹ ਕੂਲਰ ਉਸ ਦੇ ਸਟੈਂਡ ਸਮੇਤ ਉਸੇ ਜਾਣਕਾਰ ਬੰਦੇ ਨੂੰ ਵੇਚ ਦਿੱਤਾ । ਨਾਲੇ ਚਾਰ ਪੈਸੇ ਆ ਗਏ, ਨਾਲੇ ਵਿਹੜੇ ਵਿੱਚ ਕੁੱਝ ਜਗ੍ਹਾ ਬਣ ਗਈ । ‘ਕਬਾੜ’ ਘਰੋਂ ਬਾਹਰ ਕੱਢਣ ਦਾ ਵੀਚਾਰ ਵਧੀਆ ਲੱਗਿਆ ।
ਹੁਣ ਮੈਂ ਘਰ ਦੇ ਸਾਰੇ ਸਾਮਾਨ ਵੱਲ ਗ਼ੌਰ ਨਾਲ ਦੇਖਣ ਲੱਗ ਪਿਆ । ਮੈਂਨੂੰ ਲੱਗਿਆ ਕਿ ਘਰ ਵਿੱਚ ਹੋਰ ਵੀ ‘ਫ਼ਾਲਤੂ ਦਾ ਸਾਮਾਨ’ ਜਾਂ ‘ਕਬਾੜ’ ਪਿਆ ਹੈ । ਡਾਈਨਿੰਗ ਟੇਬਲ ਵੀ ਫ਼ਾਲਤੂ ਹੈ । ਮੈਂ ਇਕੱਲਾ ਹੀ ਤਾਂ ਰਹਿੰਦਾ ਹਾਂ ਇਸ ਘਰ ਵਿੱਚ । ਐਸੇ ਮਹਿਮਾਨ ਵੀ ਘੱਟ ਹੀ ਆਉਂਦੇ ਹਨ, ਜਿਨ੍ਹਾਂ ਨੇ ਮੇਰੇ ਘਰ ਆ ਕੇ ਰੋਟੀ ਖਾਣੀ ਹੋਵੇ । ਭਲਾ ਮੇਰੇ ਹੱਥ ਦੀ ਰੋਟੀ ਖਾਣ ਦੀ ਹਿੰਮਤ ਕੌਣ ਕਰ ਸਕਦਾ ਹੈ? ਛੇ ਕੁਰਸੀਆਂ ਵਾਲਾ ਡਾਈਨਿੰਗ ਟੇਬਲ ਕੀ ਕਰਨਾ ਹੈ ? ਐਂਵੇ ‘ਕਬਾੜ’ ਹੀ ਹੈ ।
‘ਟ੍ਰੈੱਡ ਮਿਲ’ ਵੀ ‘ਫ਼ਾਲਤੂ’ ਹੈ । ਜਦ ਦਾ ਲਿਆਂਦਾ ਹੈ, ਸਿਰਫ਼ ਇੱਕ ਵਾਰ ਵਰਤਿਆ । ਬਸ ਇੱਕ ਵਾਰ ਵਰਤ ਕੇ ਹੀ ਸ਼ੌਂਕ ਉਤਰ ਗਿਆ ਸੀ । ਮੋਟਾਪਾ ਬਿਲਕੁਲ ਨਹੀਂ ਘੱਟਿਆ । ਹੁਣ, ‘ਟ੍ਰੈੱਡ ਮਿਲ’ ਨੂੰ ਸਿਰਫ਼ ਦੇਖਣ ਨਾਲ ਹੀ ਤਾਂ ਮੋਟਾਪਾ ਨਹੀਂ ਘੱਟ ਹੋ ਜਾਣਾ ਨਾ । ਜਦ ਵਰਤਣਾ ਹੀ ਨਹੀਂ, ਫਿਰ ਐਂਵੇ ਜਗ੍ਹਾ ਘੇਰੀ ਰੱਖਣ ਦਾ ਕੀ ਫ਼ਾਇਦਾ? ਉਲਟਾ, ਕਮਰੇ ਵਿੱਚ ਝਾੜੂ ਫੇਰਨ ਵਿੱਚ ਔਖਿਆਈ ਹੁੰਦੀ ਹੈ । ਬਸ, ਫ਼ੈਸਲਾ ਕਰ ਲਿਆ ਕਿ ਇਹ ‘ਕਬਾੜ’ ਵੀ ਕੱਢ ਦੇਣਾ ਹੈ ।
ਦੋ ਪ੍ਰੈਸ਼ਰ ਕੁੱਕਰ ਹਨ । ਜ਼ਾਹਿਰ ਹੈ ਕਿ ਇੱਕ ‘ਕਬਾੜ’ ਹੀ ਹੈ ।
ਫ਼ਾਲਤੂ ਦੇ ਪਰਦੇ ਟੰਗੇ ਹਨ । ਬੈੱਡ-ਰੂਮ ਵਿੱਚ ਪਰਦੇ ਕੀ ਕਰਨੇ ਹਨ? ਜਦ ਘਰ ਵਿੱਚ ਮੇਰੇ ਤੋਂ ਇਲਾਵਾ ਹੋਰ ਕੋਈ ਹੈ ਹੀ ਨਹੀਂ, ਤਾਂ ਬੈੱਡ-ਰੂਮ ਵਿੱਚ ਕਿਸ ਤੋਂ ਪਰਦਾ?
ਗੱਲ ਸਿਰਫ਼ ਕੂਲਰ, ਡਾਈਨਿੰਗ ਟੇਬਲ, ਟ੍ਰੈਡ ਮਿਲ ਜਾਂ ਬਰਤਨਾਂ ਤਕ ਹੀ ਨਹੀਂ ਰਹੀ । ਮੈਂਨੂੰ ਤਾਂ ਇੰਝ ਲੱਗਣ ਲੱਗ ਪਿਆ ਹੈ ਕਿ ਮੇਰੇ ਘਰ ਵਿੱਚ ਕੰਮ ਦੀਆਂ ਚੀਜ਼ਾਂ ਤਾਂ ਬਹੁਤ ਥੋੜੀਆਂ ਹੀ ਹਨ, ਜ਼ਿਆਦਾ ਤਾਂ ਕਬਾੜ ਹੀ ਹੈ । ਘਰ ਕਾਹਦਾ ਹੈ, ਪੂਰਾ ਕਬਾੜਖ਼ਾਨਾ ਹੀ ਹੈ ।
ਸੱਚ ਪੁੱਛੋ, ਤਾਂ ਘਰ ਹੀ ਕਬਾੜ ਹੈ । ਭਲਾ ਦੋ ਬੈੱਡ-ਰੂਮ ਕੀ ਕਰਨੇ ਹਨ, ਜਦ ਇੱਕ ਨਾਲ ਵਧੀਆ ਸਰ ਸਕਦਾ ਹੈ? ਕਈ-ਕਈ ਦਿਨ ਝਾੜੂ-ਪੋਚਾ ਨਹੀਂ ਕਰ ਹੁੰਦਾ । ਇੱਕ ਕਮਰਾ ਹੋਵੇ, ਬਸ ਬਹੁਤ ਹੈ । ਜੇ ਕਮਰਾ ਇੱਕ ਹੀ ਹੋਏਗਾ, ਤਾਂ ਕਦੇ-ਕਦੇ ਝਾੜੂ-ਪੋਚਾ ਕਰਨਾ ਵੀ ਔਖਾ ਨਹੀਂ ਲੱਗੇਗਾ । ਐਂਵੇਂ ਰਾਜ-ਮਿਸਤਰੀ ਤੋਂ ਇੰਨੀ ਮਿਹਨਤ ਕਰਵਾ ਕੇ ਪੌੜੀਆਂ ਬਣਵਾਈਆਂ । ਕਦੇ ਛੱਤ ‘ਤੇ ਚੜ੍ਹ ਕੇ ਆਲੇ-ਦੁਆਲੇ ਝਾਤੀ ਮਾਰਣ ਨੂੰ ਦਿਲ ਤਾਂ ਕਰਦਾ ਨਹੀਂ । ਫਿਰ ਲੋਕ ਕੀ ਕਹਿਣਗੇ… ਛੜਾ ਬੰਦਾ ਛੱਤ ‘ਤੇ ਕਿਉਂ ਘੁੰਮਦਾ-ਫਿਰਦਾ ਹੈ ? ਦੁਨੀਆਂ ਕਿਤੇ ਜੀਣ ਦਿੰਦੀ ਹੈ ? ਵਧੀਆ ਤਾਂ ਇਹੀ ਹੈ ਕਿ ਛੋਟਾ ਜਿਹਾ ਫ਼ਲੈਟ ਹੋਵੇ, ਬਸ । ਉਹ ਵੀ ਕਿਸੀ ਵਿਚਲੀ ਮੰਜ਼ਿਲ ਉੱਤੇ । ਛੱਤ ‘ਤੇ ਜਾਣ ਦਾ ਸਵਾਲ ਹੀ ਨਹੀਂ ਰਹਿਣਾ । ਐਂਵੇ ਸੱਤ ਮਹੀਨੇ ਇਸ ਕਬਾੜ ਨੂੰ ਬਣਾਉਣ ਵਿੱਚ ਬਰਬਾਦ ਕਰ ਦਿੱਤੇ ।
ਪਰ, ਇਹ ਗੱਲਾਂ ਮੈਂ ਪਹਿਲਾਂ ਕਿਉਂ ਨਾ ਸੋਚੀਆਂ?
ਸੋਚਣ ਲਈ ਦਿਮਾਗ਼ ਚਾਹੀਦਾ ਹੈ । ਦਿਮਾਗ਼ ਤਾਂ ਹੈ ਸੀ ਮੇਰੇ ਕੋਲ ਉਦੋਂ ਵੀ, ਪਰ ਵਰਤਿਆ ਨਹੀਂ ।
ਸੁੱਖਬੀਰ ਦੀ ਦਲੀਲ ਮੰਨੀਏ, ਤਾਂ ਜਿਹੜੀ ਚੀਜ਼ ਅਸੀਂ ਵਰਤਦੇ ਨਹੀਂ, ਉਹ ‘ਕਬਾੜ’ ਹੈ । ਦਿਮਾਗ਼ ਮੈਂ ਵਰਤਿਆ ਨਹੀਂ । ਇਸ ਦਾ ਮਤਲਬ ਤਾਂ ਇਹ ਹੀ ਹੋਇਆ ਕਿ ਮੇਰੀ ਖੋਪੜੀ ਵਿੱਚ ਪਿਆ ਦਿਮਾਗ਼ ਵੀ ‘ਕਬਾੜ’ ਹੀ ਹੈ । ਜਦੋਂ ਦਿਮਾਗ਼ ਨੂੰ ਮੈਂ ਵਰਤ ਹੀ ਨਹੀਂ ਰਿਹਾ, ਫਿਰ ਇਸ ਨੂੰ ‘ਕਬਾੜ’ ਕਿਉਂ ਨਾ ਆਖਾਂ?
ਦਿਮਾਗ਼ ਦਾ ਇਹ ‘ਕਬਾੜ’ ਵੀ ਮੈਂ ਵੇਚ ਹੀ ਦਿੰਦਾ, ਪਰ ਸਮੱਸਿਆ ਇਹ ਹੈ ਕਿ ਮੇਰਾ ਦਿਮਾਗ਼ ਕਿਸੇ ਨੇ ਖ਼ਰੀਦਣਾ ਨਹੀਂ । ਕੌਣ ਖ਼ਰੀਦਦਾ ਹੈ ਫ਼ਤੂਰ ਨਾਲ ਭਰਿਆ ਦਿਮਾਗ਼? ਮੈਂ ਇਹ ਨਹੀਂ ਕਹਿੰਦਾ ਕਿ ਲੋਕ ਆਪਣੇ ਦਿਮਾਗ਼ ਵੇਚਦੇ ਨਹੀਂ । ਵੱਡੇ-ਵੱਡੇ ਵਪਾਰੀ, ਉਦਯੋਗਪਤੀ ਤੇ ਰਾਜਨੇਤਾ ਕਈਆਂ ਦਾ ਦਿਮਾਗ਼ ਖ਼ਰੀਦ ਲੈਂਦੇ ਹਨ । ਇਹ ਵਿਕੇ ਹੋਏ ਦਿਮਾਗ਼ ‘ਨਿਜੀ ਸਹਾਇਕ’ (ਪਰਸਨਲ ਅਸਿਸਟੈਂਟ) ਬਣ ਜਾਂਦੇ ਹਨ। ਤਨਖ਼ਾਹਦਾਰ ‘ਸਲਾਹਕਾਰ’ ਕੀ ਹਨ? ਵਿਕੇ ਹੋਏ ਦਿਮਾਗ਼ ਹੀ ਤਾਂ ਹਨ । ਪੈਸੇ ਲੈਂਦੇ ਹਨ ਤੇ ਆਪਣੇ ਦਿਮਾਗ਼ ਵਿੱਚ ਆਏ ਨੁਕਤੇ ਖ਼ਰੀਦਦਾਰ ਨੂੰ ਦਿੰਦੇ ਜਾਂਦੇ ਹਨ । ਕੋਈ ਅਪਰਾਧੀ ਕਾਨੂੰਨ ਦੇ ਸ਼ਿਕੰਜੇ ਵਿੱਚ ਫੱਸ ਜਾਏ, ਤਾਂ ਬੱਚ ਨਿਕਲਣ ਲਈ ਕਿਸੇ ਵਕੀਲ ਦਾ ਦਿਮਾਗ਼ ਖ਼ਰੀਦ ਲੈਂਦਾ ਹੈ ।
ਮੇਰਾ ਦਿਮਾਗ਼ ਕੌਣ ਖ਼ਰੀਦੇਗਾ ?? ਕੌਣ ‘ਵਿਵੇਕ ਖ਼ਿਆਤੀ’ ਜਾਂ ‘ਨਿਰਸੰਕਲਪ ਸਮਾਧੀ’ ਵਿੱਚ ਜਾਣਾ ਚਾਹੁੰਦਾ ਹੈ ?? ਕੌਣ ‘ਜੜ੍ਹ ਭਰਤ’ ਜਾਂ ‘ਉਤਕਲ’ ਬਣਨਾ ਚਾਹੁੰਦਾ ਹੈ? ਕੌਣ ਇਹ ਜਾਣਨਾ ਚਾਹੁੰਦਾ ਹੈ ਕਿ ਹਰ ਪ੍ਰਕਾਰ ਦਾ ਦੁਨੀਆਵੀ ਗਿਆਨ ਅੰਤ ਨੂੰ ਨਾਲ ਨਹੀਂ ਜਾਣਾ ਤੇ ਇੰਝ ਇਹ ਸਭ ਦੁਨੀਆਵੀ ਗਿਆਨ ਸਹੀ ਅਰਥਾਂ ਵਿੱਚ ‘ਕਬਾੜ’ ਹੀ ਹੈ?
ਮੈਂ ਆਪਣਾ ਦਿਮਾਗ਼ ਵੇਚ ਦਿਆਂ, ਜੇ ਕੋਈ ਖ਼ਰੀਦਦਾਰ ਮਿਲੇ । ਕੀਮਤ ਕੀ ਚਾਹੀਦੀ ਹੈ ਮੈਂਨੂੰ? ਬੱਸ, ਮੇਰਾ ਪ੍ਰੀਤਮ ਪਿਆਰਾ ਮੈਂਨੂੰ ਦੇ ਦਿਉ, ਮੇਰਾ ਦਿਮਾਗ਼ ਲੈ ਲਉ । ਮੇਰਾ ‘ਸਤਿ’ ਮੈਂਨੂੰ ਦੇ ਦਿਉ, ਮੇਰਾ ‘ਚਿੱਤ’ ਮੈਂਨੂੰ ਦੇ ਦਿਉ, ਮੇਰਾ ‘ਆਨੰਦ’ ਮੈਂਨੂੰ ਦੇ ਦਿਉ । ਹਾਂ, ਮੇਰਾ ‘ਸਚਿੱਦਾਨੰਦ’ ਮੈਂਨੂੰ ਦੇ ਦਿਉ । ਮੈਂ ਇਹ ਨਿਰਾਰਥਕ ਸੋਚਾਂ ਵਾਲਾ ਕਬਾੜ ਦਿਮਾਗ਼ ਕੀ ਕਰਨਾ ਹੈ ?
ਵਿਕਣ ਨੂੰ ਕੀ ਨਹੀਂ ਵਿਕਦਾ ? ਵੇਚਣ ਵਾਲੇ ਆਪਣਾ ਈਮਾਨ ਵੇਚ ਦਿੰਦੇ ਹਨ । ‘ਪੰਥਪ੍ਰਸਤ’ ਜਦੋਂ ਆਪਣਾ ਈਮਾਨ ਵੇਚਦੇ ਹਨ, ਤਾਂ ਉਹ ਵੱਡੇ ਪੰਥ-ਦ੍ਰੋਹੀ ਬਣ ਜਾਂਦੇ ਹਨ । ਇਹ ਤਾਂ ਕਲਗੀਆਂ ਵਾਲਾ ਖ਼ੁਦ ਹੀ ਆਪਣੇ ਪੰਥ ਦਾ ਰਾਖਾ ਬੈਠਾ ਹੈ, ਵਰਨਾ ਕੁੱਝ ਲੋਕਾਂ ਦਾ ਵੱਸ ਚਲਦਾ, ਤਾਂ ਉਹ ਪੰਥ ਨੂੰ ਹੀ ਵੇਚ ਦਿੰਦੇ ।
ਖ਼ੈਰ, ਗੱਲ ਤਾਂ ਮੇਰੇ ਕਬਾੜ ਦੀ ਹੋ ਰਹੀ ਸੀ । ਮੇਰਾ ਦਿਮਾਗ਼ ਕਬਾੜ ਹੈ, ਇਹ ਤਾਂ ਦਿੱਖ ਹੀ ਗਿਆ ਹੈ । ਇਹ ਗੱਲ ਸਭ ਜਾਣਦੇ ਹਨ ਕਿ ਜਿਸ ਜਗ੍ਹਾ ਕਬਾੜ ਪਿਆ ਹੋਵੇ, ਉਹ ਜਗ੍ਹਾ ਕਬਾੜਖ਼ਾਨਾ ਹੀ ਹੁੰਦੀ ਹੈ । ਜਿਸ ਸਰੀਰ ਵਿੱਚ ਕਬਾੜ ਦਿਮਾਗ਼ ਪਿਆ ਹੈ, ਉਹ ਸਰੀਰ ਵੱਡਾ ਕਬਾੜਖ਼ਾਨਾ ਹੈ, ਜਾਂ ਉਹ ਖ਼ੁਦ ਵੱਡਾ ਕਬਾੜ ਹੀ ਹੈ ।
ਮੇਰੇ ਨੈਣ ਕਬਾੜ ਹਨ, ਜੋ ਹਰ ਥਾਂ ਪ੍ਰਭੂ ਨੂੰ ਨਹੀਂ ਦੇਖ ਸਕਦੇ । ਮੇਰੀ ਜੀਭ ਕਬਾੜ ਹੈ, ਜੋ ਹਰੀ-ਗੁਣ ਨਹੀਂ ਗਾਉਂਦੀ । ਮੇਰੇ ਹੱਥ ਕਬਾੜ ਹਨ, ਜੋ ਪ੍ਰਭੂ-ਸੇਵਾ ਵਿੱਚ ਨਹੀਂ ਲੱਗੇ । ਮੇਰੇ ਪੈਰ ਕਬਾੜ ਹਨ, ਜੋ ਰਾਮ ਦੇ ਪਿਆਰਿਆਂ ਦੀ ਤਲਾਸ਼ ਵਿੱਚ ਨਹੀਂ ਤੁਰੇ । ਮੇਰੇ ਕੰਨ ਕਬਾੜ ਹਨ, ਜਿਨ੍ਹਾਂ ਵਾਹਿਗੁਰੂ ਦਾ ਨਾਮ ਨਹੀਂ ਸੁਣਿਆ । ਮੇਰੇ ਵਿੱਚ ਸਭ ਕਬਾੜ ਹੀ ਕਬਾੜ ਹੈ ।
ਇਹ ਹੀ ਸੱਚ ਹੈ… ਮੇਰੇ ਘਰ ਵਿੱਚ ਸਭ ਤੋਂ ਵੱਡਾ ਕਬਾੜ ਮੈਂ ਖ਼ੁਦ ਹੀ ਹਾਂ ।
–0–