(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)
ਬੱਤਖ ਦੀ ਸ਼੍ਰੇਣੀ ਦਾ ਇੱਕ ਪੰਛੀ ਹੈ, ਜਿਸ ਨੂੰ ਹੰਸ ਕਹਿੰਦੇ ਹਨ । ਹੰਸ ਬਾਰੇ ਪੁਰਾਣੇ ਕਵੀਆਂ ਨੇ ਇਹ ਧਾਰਣਾ ਬਣਾਈ ਹੋਈ ਹੈ ਕਿ ਉਹ ਮੋਤੀ ਖਾਂਦਾ ਹੈ । ਖ਼ਾਸ ਕਰ ਕੇ ਤਿੱਬਤ ਵਿੱਚ ਸਥਿੱਤ ਪ੍ਰਸਿੱਧ ਝੀਲ ਮਾਨਸਰੋਵਰ (ਮਾਨਸਰ) ਦੇ ਹੰਸਾਂ ਦਾ ਜ਼ਿਕਰ ਭਾਰਤੀ ਕਵਿਤਾ ਵਿੱਚ ਮੋਤੀ ਖਾਣ ਵਾਲੇ ਪੰਛੀ ਵਜੋਂ ਬਹੁਤ ਆਉਂਦਾ ਹੈ ।
ਇਸੇ ਸ਼੍ਰੇਣੀ ਦਾ ਇੱਕ ਹੋਰ ਜੀਵ ਵੀ ਹੁੰਦਾ ਹੈ, ਜਿਸਨੂੰ ਬਗਲਾ ਆਖਦੇ ਹਨ । ਹੰਸ ਦਾ ਰੰਗ ਵੀ ਚਿੱਟਾ ਹੁੰਦਾ ਹੈ ਤੇ ਬਗਲੇ ਦਾ ਰੰਗ ਵੀ ਚਿੱਟਾ ਹੁੰਦਾ ਹੈ । ਅਣਜਾਣ ਵਿਅਕਤੀ ਜੇ ਸਰਸਰੀ ਨਜ਼ਰ ਨਾਲ ਦੂਰੋਂ ਵੇਖੇ, ਤਾਂ ਉਸ ਨੂੰ ਇਹ ਇੱਕੋ ਜਿਹੇ ਜਾਪਦੇ ਹਨ ।
ਹੰਸ ਵੀ ਪਾਣੀ ਵਿੱਚੋਂ ਹੀ ਆਪਣੀ ਖੁਰਾਕ ਭਾਲਦਾ ਹੈ ਤੇ ਬਗਲਾ ਵੀ । ਪਰ, ਦੋਹਾਂ ਵਿੱਚ ਇੱਕ ਵੱਡਾ ਫ਼ਰਕ ਹੈ । ਜਿੱਥੇ ਹੰਸ ਦੀ ਖੁਰਾਕ ਮੋਤੀ ਹੈ, ਉੱਥੇ ਬਗਲੇ ਦੀ ਖੁਰਾਕ ਮੱਛੀਆਂ ਤੇ ਡੱਡੂ ਆਦਿ ਹਨ ।
ਗੁਰਬਾਣੀ ਵਿੱਚ ਵੀ ਹੰਸ ਤੇ ਬਗਲੇ ਦੇ ਇਸ ਅੰਤਰ ਦਾ ਜ਼ਿਕਰ ਮਿਲਦਾ ਹੈ : –
ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥
(੯੬੦, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਹੰਸ ਦੀ ਖੁਰਾਕ ਮੋਤੀ ਹੈ । ਉਹ ਮੋਤੀ ਹੀ ਖਾਏਗਾ । ਭਲਾ ਹੰਸ ਵੀ ਕਦੇ ਮੱਛੀਆਂ ਤੇ ਡੱਡੂਆਂ ਨੂੰ ਖਾਣਾ ਪਸੰਦ ਕਰੇਗਾ ? ਮੰਨ ਲਵੋ ਕਿ ਜੇ ਕੋਈ ਹੰਸ ਮਾਨਸਰੋਵਰ ਦਾ ਤਿਆਗ ਕਰ ਕੇ ਕਿਸੇ ਹੋਰ ਸਰੋਵਰ ‘ਤੇ ਜਾ ਬੈਠੇ ਤੇ ਪਾਣੀ ਦੇ ਜੀਵਾਂ ਨੂੰ ਖਾਣ ਲੱਗ ਪਵੇ, ਤਾਂ ਅਜਿਹਾ ਕਰ ਕੇ ਉਹ ਆਪਣੇ ਵੰਸ਼ ਨੂੰ, ਆਪਣੀ ਕੁੱਲ ਨੂੰ ਲਾਜ ਹੀ ਲਾ ਰਿਹਾ ਹੋਏਗਾ । ਭਾਈ ਗੁਰਦਾਸ ਜੀ ਨੇ ਆਖਿਆ ਹੈ: –
ਮਾਨਸਰ ਤ੍ਯਾਗ ਆਨਸਰ ਜਾਇ ਬੈਠੇ ਹੰਸ, ਖਾਇ ਜਲ ਜੰਤ ਹੰਸ ਬੰਸ ਕੋ ਲਜਾਵਈ ॥
(ਕਬਿੱਤ ੩੬੩, ਭਾਈ ਗੁਰਦਾਸ ਜੀ) ।
ਜੇ ਹੰਸ ਵੀ ਡੱਡੂ ਤੇ ਮੱਛੀ ਖਾਣ ਲੱਗ ਪਿਆ, ਤਾਂ ਫਿਰ ਹੰਸ ਤੇ ਬਗਲੇ ਵਿੱਚ ਫ਼ਰਕ ਕੀ ਹੋਇਆ? ਬਾਹਰੀ ਸਰੂਪ ਤਾਂ ਦੋਹਾਂ ਦਾ ਲੱਗਭੱਗ ਇੱਕੋ ਜਿਹਾ ਹੀ ਜਾਪਦਾ ਹੈ । ਫ਼ਰਕ ਹੈ, ਤਾਂ ਖੁਰਾਕ ਦਾ । ਜੋ ਮੱਛੀ ਤੇ ਡੱਡੂ ਖਾਂਦਾ ਹੈ, ਉਹ ਬਗਲਾ ਹੁੰਦਾ ਹੈ, ਹੰਸ ਨਹੀਂ । ਜੇ ਹੰਸ ਵੀ ਇਹੀ ਖ਼ੁਰਾਕ ਖਾਣ ਲੱਗ ਪਵੇ, ਤਾਂ ਉਹ ਹੰਸਾਂ ਦੀ ਕੁੱਲ ਨੂੰ ਦਾਗ਼ ਲਾ ਰਿਹਾ ਹੋਏਗਾ ।
ਗੁਰਸਿੱਖ ਹੰਸ ਵਰਗਾ ਹੈ । ਉਸ ਦੀ ਖ਼ੁਰਾਕ ਪ੍ਰਭੂ ਦਾ ਨਾਮ ਹੈ । ਜੇ ਕੋਈ ਨਾਮ ਦੀ ਖ਼ੁਰਾਕ ਛੱਡ ਕੇ ਦੁਨੀਆਵੀ ਪਦਾਰਥਾਂ ਪਿੱਛੇ ਭੱਜਦਾ ਫਿਰਦਾ ਹੈ, ਤਾਂ ਉਹ ਗੁਰਸਿੱਖ ਨਹੀਂ ਹੋ ਸਕਦਾ । ਦੇਖਣ ਨੂੰ ਭਾਵੇਂ ਉਹ ਗੁਰਸਿੱਖ ਲੱਗਦਾ ਹੋਵੇ, ਪਰ ਅਸਲ ਵਿੱਚ ਉਹ ਮਨਮੁੱਖ ਹੈ, ਜੋ ਆਪਣੇ ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਯਤਨਾਂ ਵਿੱਚ ਰੁੱਝਿਆ ਹੋਇਆ ਹੈ ।
ਕਦੇ ਪਾਣੀ ਵਿੱਚ ਖੜੇ ਬਗਲੇ ਨੂੰ ਦੇਖੋ । ਉਹ ਅਡੋਲ ਖੜਾ ਹੁੰਦਾ ਹੈ, ਜਿਵੇਂ ਕੋਈ ਸਾਧੂ ਧਿਆਨ ਲਗਾ ਕੇ ਬੈਠਾ ਹੋਏ । ਉਹ ਇੰਨਾ ਅਡੋਲ ਖੜਾ ਹੁੰਦਾ ਹੈ ਕਿ ਛੋਟੀਆਂ ਮੱਛੀਆਂ ਆਦਿ ਵੀ ਇਹ ਮਹਿਸੂਸ ਨਹੀਂ ਕਰ ਸਕਦੀਆਂ ਕਿ ਇਹ ਜੀਵ ਉਨ੍ਹਾਂ ਨੂੰ ਫੜਨ ਵਾਸਤੇ ਹੀ ਇਸ ਤਰ੍ਹਾਂ ਸਮਾਧੀ ਲਗਾ ਕੇ ਬੈਠਾ ਹੈ । ਨਿਸ਼ਚਿੰਤ ਹੋਈ ਕੋਈ ਮੱਛੀ ਜਦੋਂ ਉਸ ਦੇ ਕੋਲ ਪੁੱਜਦੀ ਹੈ, ਤਾਂ ਬਗਲਾ ਇੱਕਦਮ ਝਪਟ ਮਾਰ ਕੇ ਉਸ ਮੱਛੀ ਨੂੰ ਖਾ ਜਾਂਦਾ ਹੈ । ਦੇਖਣ ਨੂੰ ਤਾਂ ਉਹ ਸਾਊ ਜਿਹਾ ਜੀਵ ਲੱਗਦਾ ਹੈ, ਪਰ ਹੁੰਦਾ ਹੈ ਹੱਤਿਆਰਾ । ਇਸੇ ਕਰਕੇ, ਧਾਰਮਿਕ ਹੋਣ ਦਾ ਪਾਖੰਡ ਕਰਣ ਵਾਲੇ ਇਨਸਾਨ ਨੂੰ ‘ਬਗਲਾ ਭਗਤ’ ਆਖਿਆ ਜਾਂਦਾ ਹੈ ।
ਜਦੋਂ ਹੰਸ ਦਾ ਵੇਸ ਧਾਰੀ ਬੈਠਾ ਕੋਈ ਬਗਲਾ ਆਪਣੀ ਅਸਲ ਖ਼ੁਰਾਕ ਮੱਛੀ ਆਦਿ ਨੂੰ ਝਪਟ ਕੇ ਫੜਦਾ ਹੈ, ਤਾਂ ਅਣਜਾਣ ਵਿਅਕਤੀ ਇਹ ਹੀ ਸੋਚੇਗਾ ਕਿ ਇਹ ਹੰਸ ਹੈ, ਜੋ ਮੱਛੀ ਖਾ ਰਿਹਾ ਹੈ । ਆਮ ਵਿਅਕਤੀ ਨੂੰ ਹੰਸ ਤੇ ਬਗਲਾ ਦੇਖਣ ਨੂੰ ਇੱਕੋ ਜਿਹੇ ਲੱਗਦੇ ਹਨ, ਪਰ ਹਕੀਕਤ ਤਾਂ ਕੁੱਝ ਹੋਰ ਹੈ ।
ਪਾਰਖੂ ਵਿਅਕਤੀ ਹੀ ਜਾਣਦਾ ਹੈ ਕਿ ਹੰਸ ਤੇ ਬਗਲੇ ਵਿੱਚ ਅੰਤਰ ਹੁੰਦਾ ਹੈ । ਪਾਰਖੂ ਵਿਅਕਤੀ ਕਿਸੇ ਬਗਲੇ ਨੂੰ ਮੱਛੀ ਖਾਂਦਿਆਂ ਦੇਖ ਕੇ ਹੰਸਾਂ ਨੂੰ ਵੀ ਉਹੋ ਜਿਹਾ ਨਹੀਂ ਸਮਝਦਾ । ਪਾਰਖੂ ਵਿਅਕਤੀ ਬਗਲੇ ਦੀਆਂ ਹਰਕਤਾਂ ਦੇਖ ਕੇ ਹੰਸਾਂ ਨੂੰ ਬਦਨਾਮ ਨਹੀਂ ਕਰਦਾ ।
ਹੰਸ ਤੇ ਬਗਲੇ ਵਿੱਚ ਇੱਕ ਹੋਰ ਫ਼ਰਕ ਵੀ ਹੈ । ਹੰਸ ਡੂੰਘੇ ਪਾਣੀਆਂ ਵਿੱਚ ਤਰਦਾ ਹੈ ਤੇ ਬਗਲਾ ਸਿਰਫ਼ ਕਿਨਾਰੇ-ਕਿਨਾਰੇ ਹੀ ਘੱਟ ਪਾਣੀ ਵਿੱਚ ਵਿਚਰਦਾ ਹੈ । ਵੈਸੇ ਤਾਂ ਬਗਲਾ ਸਿਰਫ਼ ਗੱਲਾਂ ਦਾ ਹੀ ਗ਼ਾਜ਼ੀ ਹੁੰਦਾ ਹੈ । ਉਹ ਡੂੰਘੇ ਪਾਣੀ ਵਿੱਚ ਜਾਣ ਦੀ ਹਿੰਮਤ ਕਰਦਾ ਹੀ ਨਹੀਂ । ਪਰ ਹੋ ਸਕਦਾ ਹੈ ਕਿ ਡੂੰਘੇ ਪਾਣੀਆਂ ਵਿੱਚ ਤੈਰ ਰਹੇ ਹੰਸਾਂ ਨੂੰ ਦੇਖ ਕੇ ਉਸ ਨੂੰ ਵੀ ਡੂੰਘੇ ਪਾਣੀ ਵਿੱਚ ਜਾਣ ਦਾ ਚਾਅ ਚੜ੍ਹ ਪਏ । ਜੇ ਉਹ ਚਾਅ-ਚਾਅ ਵਿੱਚ ਡੂੰਘੇ ਪਾਣੀਆਂ ਵਿੱਚ ਜਾ ਵੜਦਾ ਹੈ, ਤਾਂ ਕੀ ਹੁੰਦਾ ਹੈ? ਉਸ ਦਾ ਸਿਰ ਥੱਲੇ ਤੇ ਪੈਰ ਉੱਪਰ ਹੋ ਜਾਂਦੇ ਹਨ ਤੇ ਇਸੇ ਹਾਲਤ ਵਿੱਚ ਉਹ ਡੁੱਬ ਮਰਦਾ ਹੈ: –
ਹੰਸਾ ਦੇਖਿ ਤਰੰਦਿਆ ਬਗਾ ਭਿ ਆਇਆ ਚਾਉ ॥
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥ (੫੮੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਹੰਸ ਹੋਏ ਜਾਂ ਬਗਲਾ, ਗੁਰਮੁੱਖ ਹੋਏ ਜਾਂ ਮਨਮੁੱਖ; ਕੋਈ ਪਾਰਖੂ ਹੀ ਇਨ੍ਹਾਂ ਵਿੱਚਲਾ ਫ਼ਰਕ ਸਮਝ ਸਕਦਾ ਹੈ । ਬਾਹਰੋਂ ਧਾਰਮਿਕ ਦਿੱਖਦੇ ਬਗਲੇ ਵਰਗੇ ਪਾਖੰਡੀ ਨੂੰ ਕੋਈ ਪਾਰਖੂ ਹੀ ਪਹਿਚਾਣ ਸਕਦਾ ਹੈ । ਆਮ ਲੋਕ ਤਾਂ ਪਾਖੰਡੀਆਂ ਪਿੱਛੇ ਹੀ ਲੱਗੇ ਰਹਿੰਦੇ ਹਨ । ਕੋਈ ਫ਼ਰਕ ਨਹੀਂ ਪੈਂਦਾ ਕਿ ਅਜਿਹੇ ਪਾਖੰਡੀ ਆਪਣੇ ਆਪ ਨੂੰ ‘ਸੰਤ’ ਅਖਵਾਉਣ ਜਾਂ ‘ਗੁਰੂ’, ‘ਬਾਬਾ’ ਅਖਵਾਉਣ ਜਾਂ ‘ਭਾਈ’, ‘ਪ੍ਰਚਾਰਕ’ ਅਖਵਾਉਣ ਜਾਂ ‘ਮਿੱਸ਼ਨਰੀ’ । ਪਾਖੰਡੀ ਤਾਂ ਬੱਸ ਪਾਖੰਡੀ ਹੁੰਦਾ ਹੈ ।
ਜੋ ਸੱਚਾ ਜਿਗਿਆਸੂ ਹੈ, ਉਹ ਹਮੇਸ਼ਾ ਹੰਸ ਗੁਰਮੁੱਖਾਂ ਦੀ ਸੰਗਤ ਦੀ ਤਲਾਸ਼ ਕਰਦਾ ਹੈ । ਇਸ ਤਰ੍ਹਾਂ ਅਕਸਰ ਹੁੰਦਾ ਹੈ ਕਿ ਹੰਸ ਗੁਰਮੁੱਖਾਂ ਦੀ ਤਲਾਸ਼ ਕਰਦੇ-ਕਰਦੇ ਕੋਈ ਜਿਗਿਆਸੂ ਬਗਲੇ ਮਨਮੁੱਖਾਂ ਦੀ ਸੰਗਤ ਵਿੱਚ ਜਾ ਪੁੱਜਦਾ ਹੈ । ਬਹੁਤੇ ਤਾਂ ਉਸੀ ਮਨਮੁੱਖੀ ਸੰਗਤ ਵਿੱਚ ਹੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ, ਪਰ ਜਿਨ੍ਹਾਂ ਨੂੰ ਪ੍ਰਭੂ-ਪ੍ਰੀਤ ਦੀ ਤਿੱਖੀ ਪਿਆਸ ਲੱਗੀ ਹੋਈ ਹੋਵੇ, ਉਨ੍ਹਾਂ ਦੀ ਉੱਥੇ ਤ੍ਰਿਪਤੀ ਨਹੀਂ ਹੁੰਦੀ । ਤਿੱਖੀ ਪਿਆਸ ਜਦੋਂ ਬੁੱਝਦੀ ਨਹੀਂ, ਤਾਂ ਉਹ ਸਮਝ ਜਾਂਦੇ ਹਨ ਕਿ ਇਹ ਹੰਸ ਗੁਰਮੁੱਖਾਂ ਦੀ ਸੰਗਤ ਨਹੀਂ ਹੈ । ਉਨ੍ਹਾਂ ਨੂੰ ਪਛਤਾਵਾ ਹੁੰਦਾ ਹੈ ਤੇ ਉਹ ਕਹਿ ਉੱਠਦੇ ਹਨ : –
ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥
ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥
(੫੮੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਪਰ ਸੱਚੇ ਜਿਗਿਆਸੂ ਨਿਰਾਸ਼ ਹੋ ਕੇ ਨਹੀਂ ਬਹਿ ਜਾਂਦੇ, ਸਗੋਂ ਸੱਚੇ ਹੰਸ ਗੁਰਮੁੱਖਾਂ ਦੀ ਤਲਾਸ਼ ਜਾਰੀ ਰੱਖਦੇ ਹਨ । ਅਜਿਹੇ ਖੋਜੀ ਆਖ਼ਿਰ ਸਤਿਗੁਰੂ ਦੀ ਪ੍ਰਾਪਤੀ ਕਰ ਲੈਂਦੇ ਹਨ ।
ਇਤਿਹਾਸ ਵਿੱਚ ਅਜਿਹੇ ਇੱਕ ਮਹਾਨ ਜਿਗਿਆਸੂ ਦਾ ਜ਼ਿਕਰ ਆਉਂਦਾ ਹੈ । ਉਹ ਸਨ ਭਾਈ ਭਿੱਖਾ ਜੀ (ਭੱਟ)। ਉਹਨਾਂ ਨੇ ਆਪਣੀ ਹੱਡ-ਬੀਤੀ ਦਸਦਿਆਂ ਆਖਿਆ ਹੈ ਕਿ ਉਹ ਸੰਤਾਂ ਦੀ ਖੋਜ ਕਰਦੇ ਕਰਦੇ ਰਹਿ ਗਏ । ਬਹੁਤ ਸਾਧ ਦੇਖੇ । ਸੰਨਿਆਸੀ, ਤਪੱਸਵੀ ਤੇ ਮਿੱਠਾ ਬੋਲਣ ਵਾਲੇ ਪੰਡਿਤ (ਵਿਦਵਾਨ) ਆਦਿਕ ਦੇਖੇ । ਪ੍ਰੰਤੂ ਕਿਸੇ ਤੋਂ ਮਨ ਦੀ ਤਸੱਲੀ ਨਾ ਹੋਈ : –
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ਹ੍ਹ ਕੇ ਗੁਣ ਹਉ ਕਿਆ ਕਹਉ ॥
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥੨॥੨੦॥
(੧੩੯੫-੧੩੯੬, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਭਾਈ ਭਿੱਖਾ ਜੀ ਦੀ ਪਿਆਸ ਤਿੱਖੀ ਸੀ । ਤਿੱਖੀ ਪਿਆਸ ਨੇ ਉਨ੍ਹਾਂ ਨੂੰ ਕਿਸੀ ਵੀ ਬਗਲਾ ਸੰਗਤ ਵਿੱਚ ਸੰਤੁਸ਼ਟੀ ਨਾ ਹੋਣ ਦਿੱਤੀ । ਪਰ, ਜਦੋਂ ਉਹ ਸਤਿਗੁਰੂ ਜੀ ਦੀ ਸੰਗਤ ਵਿੱਚ ਆ ਪੁੱਜੇ, ਤਾਂ ਉਨ੍ਹਾਂ ਦੀ ਪਿਆਸ ਬੁੱਝ ਗਈ । ਸਤਿਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਭਾਈ ਭਿਖਾ ਜੀ ਦੀ ਬਾਣੀ ਨੂੰ ਸਤਿਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕੀਤਾ ।
ਹੰਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਸਦੀ ਚੁੰਝ ਵਿੱਚ ਖਟਾਸ ਹੁੰਦੀ ਹੈ । ਜਦੋਂ ਉਹ ਦੁੱਧ ਵਿੱਚ ਆਪਣੀ ਚੁੰਝ ਪਾਉਂਦਾ ਹੈ, ਤਾਂ ਦੁੱਧ ਫੱਟ ਜਾਂਦਾ ਹੈ । ਹੰਸ ਦੁੱਧ ਦੀਆਂ ਫੁੱਟੀਆਂ ਖਾ ਲੈਂਦਾ ਹੈ ਤੇ ਪਾਣੀ ਨੂੰ ਛੱਡ ਦਿੰਦਾ ਹੈ । ਇੱਥੋਂ ਹੀ ‘ਹੰਸ ਬ੍ਰਿਤੀ’ ਦਾ ਸੰਕਲਪ ਪੈਦਾ ਹੋਇਆ ਹੈ । ‘ਹੰਸ ਬ੍ਰਿਤੀ’ ਦੇ ਸੰਕਲਪ ਅਨੁਸਾਰ ਸੱਜਣ ਪੁਰਖ ਕਿਸੇ ਕਹਾਣੀ ਜਾਂ ਘਟਨਾ ਆਦਿ ਤੋਂ ਚੰਗੀ ਸਿੱਖਿਆ ਗ੍ਰਹਿਣ ਕਰ ਲੈਂਦੇ ਹਨ ਤੇ ਬੁਰੇ ਭਾਵ ਦਾ ਤਿਆਗ ਕਰ ਦਿੰਦੇ ਹਨ ।
ਉਦਾਹਰਣ ਵਜੋਂ, ਪ੍ਰਸਿੱਧ ਸਾਖੀ ਹੈ ਕਿ ਪੂਤਨਾ ਨੇ ਸ੍ਰੀ ਕ੍ਰਿਸ਼ਨ ਨੂੰ ਜ਼ਹਿਰ ਵਾਲਾ ਦੁੱਧ ਪਿਲਾ ਕੇ ਮਾਰਣ ਦਾ ਯਤਨ ਕੀਤਾ । ਇਹ ਸਾਖੀ ਆਖਦੀ ਹੈ ਕਿ ਸ੍ਰੀ ਕ੍ਰਿਸ਼ਨ ਦੀ ਰੱਖਿਆ ਹੋਈ ਤੇ ਨਾਲ ਹੀ ਪੂਤਨਾ ਵੀ ਪ੍ਰਭੂ ਕਿਰਪਾ ਦੀ ਪਾਤਰ ਬਣ ਕੇ ਮੁਕਤ ਹੋਈ । ਹੁਣ, ਹੰਸ ਬ੍ਰਿਤੀ ਵਾਲੇ ਸੱਜਣ ਇਸ ਸਾਖੀ ਤੋਂ ਇਹ ਸਿੱਖਿਆ ਪ੍ਰਾਪਤ ਕਰਨਗੇ ਕਿ ਗੁਰਮੁੱਖ ਬੁਰਿਆਂ ਨਾਲ ਵੀ ਚੰਗਾ ਵਿਵਹਾਰ ਕਰਦੇ ਹਨ । ਪਰ, ਜੇ ਕੋਈ ਇਸ ਤੋਂ ਇਹ ਸਿੱਖਿਆ ਪ੍ਰਾਪਤ ਕਰੇ ਕਿ ਦੂਜਿਆਂ ਦੇ ਬੱਚਿਆਂ ਨੂੰ ਜ਼ਹਿਰ ਦੇਣ ਨਾਲ ਇਨਸਾਨ ਦਾ ਉਧਾਰ ਹੋ ਜਾਂਦਾ ਹੈ, ਤਾਂ ਉਹ ਵੱਡੀ ਗ਼ਲਤਫ਼ਹਿਮੀ ਵਿੱਚ ਹੈ । ਭਾਈ ਗੁਰਦਾਸ ਜੀ ਨੇ ਅਜਿਹੇ ਬੰਦਿਆਂ ਨੂੰ ਹੀ ਚੇਤਾਵਨੀ ਦਿੰਦਿਆਂ ਆਖਿਆ ਹੈ: –
ਜੇ ਕਰਿ ਉਧਰੀ ਪੂਤਨਾ ਵਿਹੁ ਪੀਆਲਣੁ ਕੰਮ ਨ ਚੰਗਾ ॥
(ਭਾਈ ਗੁਰਦਾਸ ਜੀ, ਵਾਰ ੩੧, ਪਉੜੀ ੯)।
ਗੁਰਮੁਖ ਹੰਸ ਬ੍ਰਿਤੀ ਦਾ ਧਾਰਣੀ ਹੁੰਦਾ ਹੈ । ਕਿਸੇ ਕਹਾਣੀ ਜਾਂ ਘਟਨਾ ਤੋਂ ਗੁਰਮੁੱਖ ਹੰਸ ਕੋਈ ਉਸਾਰੂ ਪੱਖ ਦੇਖਦਾ ਹੈ ਤੇ ਚੰਗੀ ਸਿੱਖਿਆ ਗ੍ਰਹਿਣ ਕਰਦਾ ਹੈ : –
ਹੰਸਾ ਹੀਰਾ ਮੋਤੀ ਚੁਗਣਾ (੯੬੦, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਮਨਮੁੱਖ ਬਗਲਾ ਕਿਸੇ ਕਹਾਣੀ ਜਾਂ ਘਟਨਾ ਤੋਂ ਮੰਦੀ ਗੱਲ ਹੀ ਗ੍ਰਹਿਣ ਕਰੇਗਾ : –
ਬਗੁ ਡਡਾ ਭਾਲਣ ਜਾਵੈ ॥ (੯੬੦, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਮਨਮੁੱਖ ਦੀ ਤੁਲਣਾ ਬਗਲੇ ਨਾਲ ਕੀਤੀ ਜਾ ਸਕਦੀ ਹੈ । ਬੇਸ਼ਕ ਮਨਮੁੱਖ ਦੇਖਣ ਵਿੱਚ ਗੁਰਮੁੱਖ ਵਰਗਾ ਹੀ ਲੱਗਦਾ ਹੋਏ, ਉਸ ਦੀ ਸੋਚ ਤੇ ਉਸ ਦੀ ਭਾਵਨਾ ਉਸ ਦੀਆਂ ਹਰਕਤਾਂ ਤੇ ਉਸ ਦੇ ਬੋਲਾਂ ਵਿੱਚੋਂ ਪ੍ਰਗਟ ਹੋ ਹੀ ਜਾਂਦੀਆਂ ਹਨ ।
ਜੇ ਕੋਈ ਬਗਲਾ ਕਿਤੇ ਹੰਸਾਂ ਦੀ ਸਭਾ ਵਿੱਚ ਜਾ ਬੈਠੇ, ਤਾਂ ਵੀ ਉਹ ਹੰਸ ਨਹੀਂ ਬਣ ਸਕਦਾ । ਉਸ ਦੀ ਬ੍ਰਿਤੀ, ਉਸ ਦੀ ਸੋਚ, ਉਸ ਦੀਆਂ ਹਰਕਤਾਂ ਉਸ ਨੂੰ ਹੰਸ ਨਹੀਂ ਬਣਨ ਦੇਣਗੀਆਂ । ਜਦੋਂ ਹੰਸ ਉਸ ਬਾਰੇ ਵੀਚਾਰ ਕਰਨਗੇ, ਤਾਂ ਇਸੇ ਨਤੀਜੇ ‘ਤੇ ਪੁੱਜਣਗੇ ਕਿ ਉਹ ਬਗਲਾ ਉਨ੍ਹਾਂ ਨਾਲ ਸਾਂਝੇਦਾਰੀ ਨਹੀਂ ਰੱਖ ਸਕਦਾ: –
ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥
ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥
(੯੬੦, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਗੁਰਮੁੱਖ ਹੰਸਾਂ ਦੀ ਸੰਗਤ ਵਿੱਚ ਬੈਠਾ ਕੋਈ ਮਨਮੁੱਖ ਬਗਲਾ ਕਿਸੇ ਹੋਰ ਦੇ ਮਨ ਵਿੱਚ ਭਾਵੇਂ ਭੁਲੇਖਾ ਪਾਉਣ ਵਿੱਚ ਸਫਲ ਹੋ ਜਾਏ, ਪਰ ਗੁਰਮੁੱਖ ਹੰਸ ਉਸ ਦੀ ਅਸਲੀਅਤ ਜਾਣ ਹੀ ਲੈਣਗੇ । ਆਖ਼ਿਰ ਹੋਏਗਾ ਕੀ? ਹੰਸਾਂ ਦੀ ਸਭਾ ਬਗਲੇ ਨੂੰ ਆਪਣੇ ਵਿੱਚੋਂ ਛੇਕ ਦਏਗੀ ।
ਹੰਸਾਂ ਵਿੱਚ ਬੈਠੇ ਬਗਲੇ ਨੂੰ ਵੀ ਖ਼ਤਰਾ ਬਣਿਆ ਹੀ ਰਹਿੰਦਾ ਹੈ ਕਿ ਕਿਤੇ ਉਸ ਦੀ ਪੋਲ ਨਾ ਖੁੱਲ੍ਹ ਜਾਏ । ਇਸੇ ਡਰ ਕਾਰਣ ਬਗਲਾ ਉੱਥੋਂ ਉਡਾਰੀ ਮਾਰ ਜਾਣ ਵਿੱਚ ਹੀ ਆਪਣੀ ਭਲਾਈ ਸਮਝਦਾ ਹੈ: –
ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥
(੯੬੦, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਆਖ਼ਿਰ, ਬਗਲੇ ਵੀ ਆਪਣੀ ਸਭਾ ਵੱਖਰੀ ਹੀ ਲਗਾਉਣ ਲੱਗ ਪੈਂਦੇ ਹਨ । ਉਹ ਆਪਣੇ ਵੱਖਰੇ ਅਸਥਾਨ ਬਣਾ ਲੈਂਦੇ ਹਨ । ਬਗਲਿਆਂ ਨੇ ਆਖ਼ਿਰ ਬਗਲਿਆਂ ਵਿੱਚ ਹੀ ਜਾ ਬਹਿਣਾ ਹੈ । ਹੰਸਾਂ ਨੇ ਹੰਸਾਂ ਵਿੱਚ ਹੀ ਬਹਿਣਾ ਹੈ । ਕੂੜਿਆਰ ਕੂੜਿਆਰਾਂ ਵਿੱਚ ਜਾ ਰਲਣਗੇ ਤੇ ਸਚਿਆਰ ਆਪਣੇ ਸੱਚੇ ਗੁਰੂ ਦੀ ਸੰਗਤ ਵਿੱਚ ਜਾ ਬਿਰਾਜਣਗੇ: –
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥
(੩੧੪, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਅਤੇ
ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥
(੩੦੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਜੋ ਸਚਿਆਰ ਹੰਸ ਹੈ, ਉਹ ਸਤਿਗੁਰੂ ਦੀ ਬਾਣੀ ਅਨੁਸਾਰ ਜੀਣ ਦੀ ਕੋਸ਼ਿਸ਼ ਕਰੇਗਾ ਤੇ ਜੋ ਕੂੜਿਆਰ ਬਗਲਾ ਹੈ, ਉਹ ਸਤਿਗੁਰੂ ਦੀ ਬਾਣੀ ਵਿੱਚ ਨੁਕਸ ਲੱਭੇਗਾ । ਨਿੰਦਕ ਬਗਲੇ ਦੀ ਆਦਤ ਹੈ ਨੁਕਸ ਕੱਢਣ ਦੀ । ਇਸ ਵਿੱਚ ਉਸ ਨੂੰ ਖ਼ੁਸ਼ੀ ਮਿਲਦੀ ਹੈ : –
ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ ॥
(੮੨੩, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ।
ਹੰਸ ਬ੍ਰਿਤੀ ਵਾਲੇ ਗੁਰਮੁੱਖ ਸੱਜਣ ਵੱਧ ਤੋਂ ਵੱਧ ਸੱਜਣਾਂ ਨੂੰ ਸੰਗਤ ਨਾਲ ਜੋੜ ਲੈਣਗੇ । ਉਹ ਲੋਕਾਂ ਨੂੰ ਦੁਬਿਧਾ ਵਿੱਚੋਂ ਕੱਢਣਗੇ : –
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥
(੧੧੮੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
ਬਗਲਾ ਮਨਮੁੱਖ ਇਸ ਤੋਂ ਬਿਲਕੁਲ ਉਲਟ ਕੰਮ ਕਰਦਾ ਹੈ । ਉਹ ਸੰਗਤ ਵਿੱਚ ਫੁੱਟ ਪਾਉਣ ਦਾ ਯਤਨ ਕਰਦਾ ਹੈ । ਉਹ ਵੱਖਰੀ ਸੰਗਤ ਬਣਾ ਲੈਣ ਲਈ ਉਤਾਵਲਾ ਰਹਿੰਦਾ ਹੈ । ਇੱਥੋਂ ਤਕ ਕਿ ਉਹ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਜਾਂ ਤਖ਼ਤ ਸਾਹਿਬਾਨ ਦਾ ਬਾਈਕਾਟ ਕਰਨ ਦਾ ਸੱਦਾ ਦੇਣ ਤੋਂ ਵੀ ਪਿੱਛੇ ਨਹੀਂ ਹੱਟਦਾ । ਉਸ ਦਾ ਨਿਸ਼ਾਨਾ ਸਿਰਫ਼ ਇਹ ਹੈ ਕਿ ਸੰਗਤ ਆਪਣਾ ਦਾਨ ਜਾਂ ਦਸਵੰਧ ਉਸੇ ਨੂੰ ਹੀ ਦਏ ।
ਜ਼ਾਹਿਰ ਹੈ ਕਿ ਗੁਰਮੁੱਖ ਹੰਸ ਜੋੜਦਾ ਹੈ ਤੇ ਮਨਮੁੱਖ ਬਗਲਾ ਤੋੜਦਾ ਹੈ ।
ਹੰਸ ਤੇ ਬਗਲੇ ਵਿੱਚ ਬਹੁਤ ਅੰਤਰ ਹੈ, ਇਹ ਅਸੀਂ ਉਪਰਲੀ ਵੀਚਾਰ ਤੋਂ ਜਾਣ ਲਿਆ ਹੈ । ਇੱਕ ਆਮ ਵਿਅਕਤੀ ਬਗਲੇ ਵਿੱਚ ਸੁਧਾਰ ਲਿਆ ਸਕਣ ਦੀ ਯੋਗਤਾ ਨਹੀਂ ਰੱਖਦਾ । ਪ੍ਰੰਤੂ, ਗੁਰੂ-ਪ੍ਰਮੇਸ਼ਵਰ ਦੀ ਲੀਲਾ ਜਾਣੀ ਨਹੀਂ ਜਾ ਸਕਦੀ । ਗੁਰੂ-ਪ੍ਰਮੇਸ਼ਵਰ ਚਾਹੇ, ਤਾਂ ਉਹ ਕਾਂ ਬੜਬੋਲੇ ਨੂੰ ਵੀ ਹੰਸ ਗੁਰਮੁੱਖ ਬਣਾ ਸਕਦਾ ਹੈ, ਫਿਰ ਬਗਲੇ ਪਾਖੰਡੀ ਦੀ ਤਾਂ ਗੱਲ ਹੀ ਕੀ ਹੈ: –
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥
(੯੧, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)