(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)
ਗ਼ੁਲਾਮੀ (ਗ਼ੁਲਾਮ ਰੱਖਣ ਦੀ ਰੀਤ) ਇੱਕ ਸੱਚਾਈ ਸੀ ਅਤੇ ਹੈ ।
ਗ਼ੁਲਾਮੀ ਇੱਕ ਸਿਸਟਮ ਹੈ, ਜਿਸ ਵਿੱਚ ਲੋਕਾਂ ਨੂੰ ਪਕੜਿਆ ਜਾਂਦਾ ਹੈ, ਖ਼ਰੀਦਿਆ ਤੇ ਵੇਚਿਆ ਜਾਂਦਾ ਹੈ । ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਦੇ ਖ਼ਿਲਾਫ਼ ਰਖਿਆ ਜਾਂਦਾ ਹੈ । ਗ਼ੁਲਾਮਾਂ ਨੂੰ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਉੱਥੋ ਜਾਣ ਦਾ ਜਾਂ ਕੰਮ ਕਰਨ ਤੋਂ ਇਨਕਾਰ ਕਰਨ ਦਾ ਅਧਿਕਾਰ ਨਹੀਂ । ਉਨ੍ਹਾਂ ਨੂੰ ਤਨਖਾਹ ਜਾਂ ਮੁਆਵਜ਼ਾ ਮੰਗਣ ਦਾ ਕੋਈ ਹੱਕ ਨਹੀਂ ਹੁੰਦਾ ।
ਗ਼ੁਲਾਮਾਂ ਨੂੰ ਉਨ੍ਹਾਂ ਦੇ ਜਨਮ ਦੇ ਸਮੇਂ ਤੋਂ ਵੀ ਪਕੜ ਲਿਆ ਜਾ ਸਕਦਾ ਹੈ । ਇਸ ਦਾ ਮਤਲਬ ਇਹ ਹੈ ਕਿ ਆਪਣੀ ਜ਼ਿੰਦਗੀ ਦੇ ਪਹਿਲੇ ਦਿਨ ਤੋਂ ਹੀ ਇੱਕ ਇਨਸਾਨ ਨੂੰ ਉਸਦੇ ਹੱਕਾਂ ਤੋਂ ਵਾਂਝਿਆਂ ਕਰ ਦਿੱਤਾ ਜਾਂਦਾ ਹੈ ।
ਹਾਲਾਂਕਿ ਪਿੱਛਲੇ ਕੁੱਝ ਸਮੇਂ ਦੌਰਾਨ ਗ਼ੁਲਾਮੀ ‘ਤੇ ਜ਼ਿਆਦਾਤਰ ਦੇਸ਼ਾਂ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ, ਪਰ ਹਕੀਕਤ ਵਿੱਚ ਗ਼ੁਲਾਮੀ ਪ੍ਰਥਾ ਕਈ ਰੂਪਾਂ ਵਿੱਚ ਅਜੇ ਵੀ ਪ੍ਰਚਲਿਤ ਹੈ; ਜਿਵੇਂ ਕਿ ਬੰਧੂਆ ਮਜ਼ਦੂਰੀ, ਕੈਦ ਕਰ ਕੇ ਰੱਖੇ ਗਏ ਘਰੇਲੂ ਨੌਕਰ, ਬਾਲ-ਫ਼ੌਜੀ, ਬੱਚੇ ਗੋਦ ਲੈਣ ਦੀਆਂ ਨਕਲੀ ਘਟਨਾਵਾਂ ਜਿੱਥੇ ਮਗਰੋਂ ਗੋਦ ਲਏ ਬੱਚਿਆਂ ਤੋਂ ਗ਼ੁਲਾਮਾਂ ਵਾਂਗ ਕੰਮ ਲਿਆ ਜਾਂਦਾ ਹੈ । ਇੱਥੋਂ ਤਕ ਕਿ ਜ਼ਬਰਦਸਤੀ ਕੀਤੇ ਗਏ ਵਿਆਹਾਂ ਨੂੰ ਵੀ ਗ਼ੁਲਾਮੀ ਵੱਜੋਂ ਹੀ ਜਾਣਿਆ ਜਾਣਾ ਚਾਹੀਦਾ ਹੈ ।
ਜਦੋਂ ਕੋਈ ਵਿਅਕਤੀ ਲਏ ਗਏ ਕਰਜ਼ੇ ਦੀ ਇਵਜ ਵਿੱਚ ਖ਼ੁਦ ਨੂੰ ਪੇਸ਼ ਕਰਦਾ ਹੈ, ਤਾਂ ਉਸ ਨੂੰ ਬੰਧੂਆ ਮਜ਼ਦੂਰ ਆਖਦੇ ਹਨ । ਕਰਜ਼ਾ ਉਤਾਰਨ ਲਈ ਕੀਤੀ ਜਾਣ ਵਾਲੀ ਮਜ਼ਦੂਰੀ ਤੇ ਇਸ ਦਾ ਸਮਾਂ ਨਿਰਧਾਰਿਤ ਨਹੀਂ ਵੀ ਕੀਤਾ ਹੋਇਆ ਹੋ ਸਕਦਾ । ਅਜਿਹੀ ਬੰਧੂਆ ਮਜ਼ਦੂਰੀ ਅਕਸਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪੁੱਜਦੀ ਰਹਿੰਦੀ ਹੈ । ਇਸ ਦਾ ਭਾਵ ਇਹ ਹੈ ਕਿ ਬੰਧੂਆ ਮਜ਼ਦੂਰ ਦੇ ਬੱਚੇ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਮਾਪਿਆਂ ਦਾ ਕਰਜ਼ਾ ਉਤਾਰੇ । ਇਸ ਕੰਮ ਲਈ ਉਸ ਨੂੰ ਬੰਧੂਆ ਮਜ਼ਦੂਰ ਬਣਨ ਲਈ ਮਜਬੂਰ ਕੀਤਾ ਜਾਂਦਾ ਹੈ । ਬੰਧੂਆ ਮਜ਼ਦੂਰੀ ਨੂੰ ਅਜੋਕੇ ਸਮੇਂ ਵਿੱਚ ਗ਼ੁਲਾਮੀ ਦਾ ਸਭ ਤੋਂ ਜ਼ਿਆਦਾ ਪ੍ਰਚਲਿਤ ਰੂਪ ਮੰਨਿਆ ਜਾਂਦਾ ਹੈ ।
ਗ਼ੁਲਾਮੀ ਦਾ ਇੱਕ ਹੋਰ ਰੂਪ ਹੈ । ਜਦੋਂ ਕਿਸੇ ਵਿਅਕਤੀ ਨੂੰ ਹਿੰਸਾ ਜਾਂ ਸਜ਼ਾ ਦੀ ਧਮਕੀ ਦੇ ਕੇ ਉਸ ਤੋਂ ਉਸ ਦੀ ਮਰਜ਼ੀ ਦੇ ਖ਼ਿਲਾਫ਼ ਕੰਮ ਕਰਵਾਇਆ ਜਾਂਦਾ ਹੈ ਤੇ ਉਸ ਦੀ ਆਜ਼ਾਦੀ ‘ਤੇ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ, ਤਾਂ ਇਸ ਨੂੰ ਜਬਰੀ ਮਜ਼ਦੂਰੀ ਕਰਵਾਉਣਾ ਆਖਿਆ ਜਾਂਦਾ ਹੈ ।
ਅਸੀਂ ਅਕਸਰ ਅੱਡਰੇ-ਅੱਡਰੇ ਦੇਸ਼ਾਂ ਵਿੱਚ ਘਰੇਲੂ ਨੌਕਰਾਂ ਨੂੰ ਕੈਦ ਵਿੱਚ ਰੱਖ ਕੇ ਕੰਮ ਕਰਵਾਏ ਜਾਣ ਦੀਆਂ ਖ਼ਬਰਾਂ ਪੜ੍ਹਦੇ ਹਾਂ । ਇਹ ਗ਼ੁਲਾਮੀ ਦੀ ਇੱਕ ਹੋਰ ਕਿਸਮ ਹੈ ।
ਅਜੋਕੇ ਸਮੇਂ ਵਿੱਚ, ਕਈ ਵਾਰੀ ਬੱਚਿਆਂ ਨੂੰ ਜੰਗਾਂ-ਯੁੱਧਾਂ ਵਿੱਚ ਲੜਾਕਿਆਂ ਦੇ ਤੌਰ ‘ਤੇ, ਖ਼ਾਸ ਕਰ ਕੇ ਦਹਿਸ਼ਤਗਰਦ ਜੱਥੇਬੰਦੀਆਂ ਵੱਲੋਂ ਵਰਤਿਆ ਜਾਂਦਾ ਹੈ । ਇਹ ਬਾਲ-ਸਿਪਾਹੀ ਵੀ ਇੱਕ ਤਰ੍ਹਾਂ ਨਾਲ ਗ਼ੁਲਾਮ ਹੀ ਹਨ ।
ਗ਼ੁਲਾਮੀ ਦੀ ਇੱਕ ਹੋਰ ਕਿਸਮ ਹੈ । ਇਹੋ ਜਿਹੇ ਮਾਮਲਿਆਂ ਵਿੱਚ ਕੋਈ ਵਿਅਕਤੀ ਕਿਸੇ ਬੱਚੇ ਨੂੰ ਗੋਦ ਲੈ ਲੈਂਦਾ ਹੈ ਤੇ ਫਿਰ ਉਸ ਬੱਚੇ ਨੂੰ ਇੱਕ ਗ਼ੁਲਾਮ ਵਾਂਗ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ।
ਕਈ ਭਾਈਚਾਰਿਆਂ ਵਿੱਚ ਜਵਾਨ ਪੀੜ੍ਹੀ ਨੂੰ ਆਪਣੀ ਮਰਜ਼ੀ ਦੇ ਲੜਕੇ ਜਾਂ ਲੜਕੀ ਨਾਲ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੁੰਦੀ । ਉਨ੍ਹਾਂ ਨੂੰ ਕਿਸੇ ਹੋਰ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ । ਜੇ ਉਹ ਅਜਿਹਾ ਕਰਨ ਤੋਂ ਇਨਕਾਰ ਕਰਨ, ਤਾਂ ਉਨ੍ਹਾਂ ਨੂੰ ਅਕਸਰ ਨਿਰਦਈ ਸ਼ਾਰੀਰਿਕ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ । ਕਈ ਵਾਰ ਤਾਂ ਉਨ੍ਹਾਂ ਦਾ ਕਤਲ ਤਕ ਵੀ ਕਰ ਦਿੱਤਾ ਜਾਂਦਾ ਹੈ ਤੇ ਉਹ ਵੀ ਉਨ੍ਹਾਂ ਦੇ ਆਪਣੇ ਪਾਰਿਵਾਰਿਕ ਜੀਆਂ ਵੱਲੋਂ ਹੀ । ਸ਼ਾਰੀਰਿਕ ਸਜ਼ਾ, ਤੇ ਇੱਥੋਂ ਤਕ ਕਿ ਕਤਲ ਕੀਤੇ ਜਾਣ ਤੋਂ ਬਚਣ ਲਈ ਨੌਜਵਾਨ ਲੋਕ, ਆਮ ਤੌਰ ‘ਤੇ ਕੁੜੀਆਂ ਆਪਣੀ ਇਸ ਤਕਦੀਰ ਨੂੰ ਕਬੂਲ ਕਰ ਲੈਂਦੇ ਹਨ । ਅਜਿਹੇ ਵਿਆਹ ਧੱਕੇ ਨਾਲ ਕੀਤੇ ਗਏ ਵਿਆਹ ਹਨ ਤੇ ਇਨ੍ਹਾਂ ਨੂੰ ਵੀ ਇੱਕ ਤਰ੍ਹਾਂ ਦੀ ਗ਼ੁਲਾਮੀ ਹੀ ਸਮਝਿਆ ਜਾਣਾ ਚਾਹੀਦਾ ਹੈ ।
ਦੂਜੇ ਦੇਸ਼ਾਂ ਉੱਤੇ ਹਮਲਿਆਂ ਦੌਰਾਨ ਕਈ ਹਮਲਾਵਰਾਂ ਨੇ ਹਜ਼ਾਰਾਂ ਮਰਦਾਂ, ਔਰਤਾਂ, ਮੁੰਡਿਆਂ ਤੇ ਕੁੜੀਆਂ ਨੂੰ ਗ਼ੁਲਾਮ ਬਣਾਇਆ । ਇਨ੍ਹਾਂ ਗ਼ੁਲਾਮਾਂ ਨੂੰ ਉਨ੍ਹਾਂ ਹਮਲਾਵਰਾਂ ਨੇ ਆਪੋ-ਆਪਣੇ ਦੇਸ਼ ਵਿੱਚ ਜਾ ਕੇ ਸ਼ਰੇਆਮ ਬਾਜ਼ਾਰਾਂ ਵਿੱਚ ਵੇਚਿਆ ।
ਕੁੱਝ ਚਿਰ ਪਹਿਲਾਂ ਤਕ ਵੀ ਕਈ ਔਰਤਾਂ ਨੂੰ ਜੰਗਾਂ ਦੌਰਾਨ ਕਾਮ-ਪੂਰਤੀ ਲਈ ਗ਼ੁਲਾਮ ਬਣਾਇਆ ਜਾਂਦਾ ਰਿਹਾ ਹੈ ।
ਦਸੰਬਰ ੧੦, ੧੯੪੮ ਨੂੰ ਸੰਯੁਕਤ ਰਾਸ਼ਟਰ ਨੇ ਮਨੁੱਖੀ ਅਧਿਕਾਰਾਂ ਬਾਰੇ ਆਲਮੀ ਐਲਾਨਨਾਮਾ ਜਾਰੀ ਕੀਤਾ । ਇਹ ਐਲਾਨਨਾਮਾ ਪਹਿਲੀ ਅੰਤਰਰਾਸ਼ਟਰੀ ਸਵੀਕ੍ਰਿਤੀ ਸੀ ਕਿ ਸਾਰੇ ਇਨਸਾਨਾਂ ਨੂੰ ਮੂਲ ਹੱਕ ਤੇ ਆਜ਼ਾਦੀ ਪ੍ਰਾਪਤ ਹੈ ਤੇ ਇਹ ਐਲਾਨਨਾਮਾ ਅੱਜ ਤਕ ਇੱਕ ਜ਼ਿੰਦਾ ਤੇ ਪ੍ਰਾਸੰਗਿਕ ਦਸਤਾਵੇਜ ਹੈ ।
ਮਨੁੱਖੀ ਅਧਿਕਾਰਾਂ ਬਾਰੇ ਆਲਮੀ ਐਲਾਨਨਾਮੇ ਦੀ ੬੦ਵੀਂ ਵਰ੍ਹੇਗੰਢ (ਦਸੰਬਰ ੧੦, ੨੦੦੮) ਮੌਕੇ ਅੰਮ੍ਰਿਤਵਲਡ ਡੋਟ ਕੋਮ ਨੇ ਆਲਮੀ ਐਲਾਨਨਾਮੇ ਨੂੰ ਅਪਣਾ ਲਿਆ ਸੀ ।
ਮਨੁੱਖੀ ਅਧਿਕਾਰਾਂ ਬਾਰੇ ਆਲਮੀ ਐਲਾਨਨਾਮੇ ਦੇ ਆਰਟੀਕਲ ੪ ਅਨੁਸਾਰ: –
ਕਿਸੇ ਵੀ ਵਿਅਕਤੀ ਨੂੰ ਗੁਲਾਮ ਜਾਂ ਦਾਸ ਨਹੀਂ ਬਣਾਇਆ ਜਾਏਗਾ ਅਤੇ ਗੁਲਾਮਾਂ ਦਾ ਵਾਪਾਰ ਭਾਵੇਂ ਉਹ ਕਿਸੇ ਵੀ ਸ਼ਕਲ ਵਿੱਚ ਹੋਵੇ, ਕਰਨ ਦੀ ਮਨਾਹੀ ਹੈ ।
ਅਸੀਂ ਕਿਸੇ ਵੀ ਤਰ੍ਹਾਂ ਦੀ ਗ਼ੁਲਾਮੀ ਦੇ ਸਖ਼ਤ ਖ਼ਿਲਾਫ਼ ਹਾਂ । ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬੰਧੂਆ ਮਜ਼ਦੂਰੀ, ਬਾਲ-ਸਿਪਾਹੀ, ਜਬਰਨ ਮਜਦੂਰੀ, ਜਬਰਨ ਵਿਆਹ, ਗ਼ੁਲਾਮੀ ਲਈ ਬੱਚਿਆਂ ਨੂੰ ਗੋਦ ਲੈਣ ਦੀਆਂ ਨਕਲੀ ਕਾਰਵਾਈਆਂ, ਤੇ ਜੰਗਾਂ ਤੇ ਦੰਗਿਆਂ ਦੌਰਾਨ ਔਰਤਾਂ ਨੂੰ ਕਾਮ-ਪੂਰਤੀ ਲਈ ਗ਼ੁਲਾਮ ਬਣਾਉਣਾ ਇਹ ਸਭ ਗ਼ੁਲਾਮੀ ਦੇ ਹੀ ਵੱਖ-ਵੱਖ ਰੂਪ ਹਨ ।
ਵਿਅਕਤੀ, ਸਮੂਹ, ਸੰਸਥਾਵਾਂ, ਰਾਜਨੀਤਿਕ ਪਾਰਟੀਆਂ, ਧਾਰਮਿਕ ਸੰਗਠਨ ਤੇ ਸਰਕਾਰਾਂ ਗ਼ੁਲਾਮੀ ਦੀ ਇਸ ਬੁਰੀ ਪ੍ਰਥਾ ਨੂੰ ਰੋਕਣ ਲਈ ਜੋ ਕੁੱਝ ਵੀ ਕਰ ਸਕਦੇ ਹੋਣ, ਉਹ ਕੀਤਾ ਜਾਣਾ ਚਾਹੀਦਾ ਹੈ ।
—
ਹੋਰਨਾਂ ਵੱਲੋਂ ਇਸ ਵਿਸ਼ੇ ਨਾਲ ਸੰਬੰਧਿਤ ਸਾਮਗਰੀ