ਛਿਪੇ ਰਹਿਣ ਦੀ ਚਾਹ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਸ਼ੁਹਰਤ ਪ੍ਰਾਪਤ ਕਰਨੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ, ਭਾਵੇਂ ਕਈ ਲੋਕ ਇਸਲਈ ਕਈ ਤਰੀਕਿਆਂ ਨਾਲ ਯਤਨ ਕਰਦੇ ਰਹਿੰਦੇ ਹਨ ।

ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿੱਚ ਸ਼ੁਹਰਤ ਪ੍ਰਾਪਤ ਕੀਤੀ, ਉਨ੍ਹਾਂ ਨੂੰ ਇਸ ਵਾਸਤੇ ਲੰਬਾ ਸਮਾਂ ਸਖ਼ਤ ਮਿਹਨਤ ਕਰਨੀ ਪਈ । ਚੰਗੀ ਖ਼ੁਰਾਕ ਤੇ ਸੁਚੱਜੀ ਅਗਵਾਈ ਦੀ ਵੀ ਉਨ੍ਹਾਂ ਨੂੰ ਜ਼ਰੂਰਤ ਪਈ । ਖੇਡਾਂ ਦੇ ਖੇਤਰ ਵਿੱਚ ਸ਼ੁਹਰਤ ਪ੍ਰਾਪਤ ਕਰਨ ਲਈ ਲੰਬੀ ਸਾਧਨਾ ਦੀ ਲੋੜ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ।

ਵਿਦਿਆ ਦੇ ਖੇਤਰ ਵਿੱਚ ਸ਼ੁਹਰਤ ਪ੍ਰਾਪਤ ਕਰਨ ਵਾਲਿਆਂ ਨੇ ਬੜੀ ਮਿਹਨਤ ਨਾਲ ਪੜ੍ਹਾਈ ਕੀਤੀ । ਵਿਦਿਅਕ ਖੇਤਰ ਵਿੱਚ ਆਪਣੀ ਖੋਜੀ ਰੁਚੀ ਨਾਲ ਮਿਹਨਤ ਕਰਦਿਆਂ ਉਹ ਸ਼ੁਹਰਤ ਦੀ ਮੰਜ਼ਿਲ ਤਕ ਪਹੁੰਚ ਸਕੇ ।

ਸ਼ਾਸਤਰੀ ਸੰਗੀਤ ਦੇ ਖੇਤਰ ਵਿੱਚ ਸ਼ੁਹਰਤ ਉਨ੍ਹਾਂ ਦੇ ਹਿੱਸੇ ਹੀ ਆਈ, ਜਿਨ੍ਹਾਂ ਨੇ ਕਈ-ਕਈ ਵਰ੍ਹੇ ਆਪਣੇ ਸੰਗੀਤ-ਗੁਰੂ ਦੀ ਸੇਵਾ ਕਰਕੇ ਰੋਜ਼ਾਨਾ ਘੰਟਿਆਂ-ਬੱਧੀ ਅਭਿਆਸ ਕੀਤਾ ।

ਕਈਆਂ ਨੇ ਦੌਲਤ ਪ੍ਰਾਪਤ ਕਰਨ ਲਈ ਯਤਨ ਕੀਤੇ । ਜਦੋਂ ਉਨ੍ਹਾਂ ਦੇ ਅਜਿਹੇ ਯਤਨਾਂ ਨੂੰ ਭਰਪੂਰ ਸਫਲਤਾ ਮਿਲੀ, ਤਾਂ ਸ਼ੁਹਰਤ ਵੀ ਉਨ੍ਹਾਂ ਦੇ ਕਦਮ ਚੁੰਮਣ ਲਈ ਆ ਪਹੁੰਚੀ । ਸੰਸਾਰ ਦੇ ਪ੍ਰਸਿੱਧ ਖਰਬਪਤੀਆਂ ਦੀ ਸ਼ੁਹਰਤ ਦਾ ਕਾਰਣ ਉਨ੍ਹਾਂ ਦੀ ਬੇਹਿਸਾਬ ਸੰਪਤੀ ਹੀ ਹੈ ।

ਗਿੰਨੀਜ਼ ਬੁੱਕ ਆਫ਼ ਵਲਡ ਰਿਕਾਰਡਜ਼ ਵਲ ਨਿਗਾਹ ਮਾਰੀਏ, ਤਾਂ ਇੰਝ ਜਾਪਦਾ ਹੈ, ਜਿਵੇਂ ਸੰਸਾਰ ਦੇ ਬਹੁਤ ਸਾਰੇ ਲੋਕ ਮਸ਼ਹੂਰੀ ਪ੍ਰਾਪਤ ਕਰਨਾ ਲੋਚਦੇ ਹਨ । ਮਸ਼ਹੂਰੀ ਪ੍ਰਾਪਤ ਕਰਨ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ ।

ਕਈ ਰਿਕਾਰਡ ਐਸੇ ਹਨ, ਜਿਨ੍ਹਾਂ ਨੂੰ ਕੇਵਲ ਰਿਕਾਰਡ ਵਾਸਤੇ ਹੀ ਬਣਾਇਆ ਗਿਆ ਹੈ, ਵਰਨਾ ਉਸ ਦੀ ਆਪਣੀ ਕੋਈ ਮਹੱਤਤਾ ਨਹੀਂ ਹੈ । ਉਦਾਹਰਣ ਵਜੋਂ, ਸਭ ਤੋਂ ਜ਼ੋਰਦਾਰ ਤਾੜੀ ਮਾਰਨ ਦਾ ਰਿਕਾਰਡ ਨਿਊ ਜ਼ੀਲੈਂਡ ਦੇ ਅਲੈਸਟੇਅਰ ਗੈਲਪਿਨ ਦੇ ਨਾਮ ਹੈ, ਜੋ ਉਸ ਨੇ ਨਵੰਬਰ 2, 2008 ਵਿੱਚ ਬਣਾਇਆ ਸੀ । ਕੇਵਲ ਮਸ਼ਹੂਰੀ ਪ੍ਰਾਪਤ ਕਰਨ ਦੀ ਇੱਛਾ ਨਾਲ ਬਣਾਏ ਗਏ ਕਈ ਵਿਸ਼ਵ ਰਿਕਾਰਡ ਤਾਂ ਬਹੁਤ ਹੀ ਹਾਸੋਹੀਣੇ ਜਾਪਦੇ ਹਨ ।

ਐਸੇ ਵੀ ਲੋਕ ਹਨ, ਜਿਨ੍ਹਾਂ ਕੋਲ ਕੋਈ ਵੀ ਐਸੀ ਯੋਗਤਾ ਨਹੀਂ, ਜਿਸ ਨਾਲ ਉਹ ਕੋਈ ਵਿਸ਼ਵ ਰਿਕਾਰਡ ਬਣਾ ਕੇ ਸ਼ੁਹਰਤ ਖੱਟ ਸਕਣ । ਸ਼ੁਹਰਤ ਦੇ ਭੁਖੇ ਅਜਿਹੇ ਲੋਕਾਂ ਲਈ ਹੋਰ ਬਥੇਰੀਆਂ ਪੁੱਠੀਆਂ-ਸਿੱਧੀਆਂ ਹਰਕਤਾਂ ਮੌਜੂਦ ਹਨ । ਕਈ ਅਪਰਾਧੀ ਤਾਂ ਅਪਰਾਧ ਸਿਰਫ਼ ਇਸੇ ਲਈ ਹੀ ਕਰਦੇ ਹਨ ਕਿ ਉਹਨਾਂ ਨੂੰ ਲੋਕ ਜਾਣਨ ਲੱਗ ਪੈਣ ।

ਧਰਮ-ਪ੍ਰਚਾਰਕਾਂ ਦੇ ਰੂਪ ਵਿੱਚ ਫਿਰਦੇ ਕੁੱਝ ਲੋਕ ਧਰਮ-ਗ੍ਰੰਥਾਂ ਅਤੇ ਧਾਰਮਿਕ- ਪਰੰਪਰਾਵਾਂ ਦੇ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰ-ਕਰ ਕੇ ਹੀ ਸਸਤੀ ਅਤੇ ਥੋੜ੍ਹ-ਚਿਰੀ ਸ਼ੁਹਰਤ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲੈਂਦੇ ਹਨ । ਅਜਿਹੀ ਸਸਤੀ ਸ਼ੁਹਰਤ ਉਨ੍ਹਾਂ ਨੂੰ ਮਹਿੰਗੀ ਸੰਪਤੀ ਇਕੱਠੀ ਕਰਨ ਵਿੱਚ ਵੀ ਸਹਾਇਕ ਹੁੰਦੀ ਹੈ । ਅਜਿਹੀ ਸਸਤੀ ਸ਼ੁਹਰਤ ਪ੍ਰਾਪਤ ਕਰਨ ਲਈ ਮਿਹਨਤ ਦੀ ਲੋੜ ਨਹੀਂ ਹੁੰਦੀ ।

ਇਸ ਤਰ੍ਹਾਂ, ਅਸੀਂ ਦੇਖਦੇ ਹਾਂ ਕਿ ਸ਼ੁਹਰਤ ਪ੍ਰਾਪਤ ਕਰਨ ਦੇ ਰਾਸਤੇ ਔਖੇ ਵੀ ਹੋ ਸਕਦੇ ਹਨ ਤੇ ਸੌਖੇ ਵੀ । ਇਹ ਰਾਸਤੇ ਜਾਇਜ਼ ਵੀ ਹੋ ਸਕਦੇ ਹਨ, ਤੇ ਨਾਜਾਇਜ਼ ਵੀ ।

ਦੂਜੇ ਪਾਸੇ, ਅਜਿਹੇ ਲੋਕ ਵੀ ਹਨ, ਜੋ ਸ਼ੁਹਰਤ ਤੋਂ ਦੂਰ ਹੀ ਰਹਿੰਦੇ ਹਨ, ਜਾਂ ਦੂਰ ਹੀ ਰਹਿਣਾ ਚਾਹੁੰਦੇ ਹਨ । ਆਮ ਇਨਸਾਨ ਤਾਂ ਸ਼ੁਹਰਤ ਤੋਂ ਦੂਰ ਰਹਿੰਦਾ ਹੀ ਹੈ, ਕਈ ਵਿਦਵਾਨ ਤੇ ਸੁਯੋਗ ਵਿਅਕਤੀ ਵੀ ਦੁਨੀਆਵੀ ਸ਼ੁਹਰਤ ਤੋਂ ਦੂਰ ਗੁੰਮਨਾਮੀ ਦੀ ਜ਼ਿੰਦਗੀ ਬਿਤਾ ਕੇ ਇਸ ਦੁਨੀਆਂ ਤੋਂ ਵਿਦਾ ਹੋ ਗਏ । ਵਰਤਮਾਨ ਸਮੇਂ ਵਿੱਚ ਵੀ ਕਈ ਵਿਦਵਾਨ, ਗੁਣਵਾਨ ਤੇ ਸੁਯੋਗ ਵਿਅਕਤੀ ਸ਼ੁਹਰਤ ਦੀ ਚਕਾਚੌਂਧ ਤੋਂ ਦੂਰ ਗੁੰਮਨਾਮੀ ਦੀ ਅਵਸਥਾ ਵਿੱਚ ਜ਼ਿੰਦਗੀ ਜੀਊਣ ਨੂੰ ਹੀ ਤਰਜੀਹ ਦਿੰਦੇ ਹਨ ।

ਆਪਣੀ ਪ੍ਰਸਿੱਧ ਕਵਿਤਾ ‘ਮੈਂ ਨਹੀਂ ਰਹਿਣਾ ਤੇਰੇ ਗਿਰਾਂ’ ਵਿੱਚ ਪ੍ਰੋ. ਮੋਹਨ ਸਿੰਘ ਜੀ ਨੇ ਗੁੰਮਨਾਮੀ ਦੀ ਜ਼ਿੰਦਗੀ ਜੀਊਣ ਦੀ ਇੱਛਾ ਨੂੰ ਇਸ ਪ੍ਰਕਾਰ ਜ਼ਾਹਿਰ ਕੀਤਾ ਹੈ:

ਏਦਾਂ ਹੀ ਗੁਮਨਾਮੀ ਅੰਦਰ,
ਚੁਪ ਚੁਪੀਤਾ ਮੈਂ ਮਰ ਜਾਂ ।
ਨਾ ਕੋਈ ਮੈਨੂੰ ਲੰਬੂ ਲਾਵੇ,
ਨਾ ਕੋਈ ਮੇਰੀ ਕਬਰ ਬਣਾਵੇ,
ਨਾ ਕੋਈ ਉਤੇ ਫੁਲ ਚੜ੍ਹਾਵੇ,
ਨਾ ਕੋਈ ਉਤੇ ਦੀਆ ਜਗਾਵੇ,
ਨਾ ਕੋਈ ਹੋਵੇ ਰੋਵਣ ਵਾਲਾ,
ਵੈਣ ਗ਼ਮਾਂ ਦੇ ਛੋਹਣ ਵਾਲਾ,
ਨਾ ਹੀ ਮੇਰੀ ਫੂਹੜੀ ਉਤੇ,
ਜਾਣ ਦੁਹਰਾਏ ਮੇਰੇ ਕਿੱਸੇ,
ਨਾ ਹੀ ਮੇਰੀ ਜਾਇਦਾਦ ਤੇ,
ਲਿਸ਼ਕਣ ਛਵੀਆਂ, ਖੜਕਣ ਸੋਟੇ,
ਚੁਪ ਚੁਪੀਤਾ ਮੈਂ ਮਰ ਜਾਂ,
ਕੋਈ ਨਾ ਜਾਣੇ ਮੇਰਾ ਨਾਂ,
ਮੇਰਾ ਥਾਂ, ਮੇਰਾ ਨਿਸ਼ਾਂ ।
ਛਡ ਦੇ, ਚੂੜੇ ਵਾਲੀਏ ਕੁੜੀਏ !
ਛਡ ਦੇ, ਸੋਨੇ ਲਦੀਏ ਪਰੀਏ !
ਛਡ ਦੇ, ਛਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਆਪਣੀ ਇੱਕ ਹੋਰ ਕਵਿਤਾ ‘ਜੰਗਲ ਦਾ ਫੁਲ’ ਵਿੱਚ ਪ੍ਰੋ. ਮੋਹਨ ਸਿੰਘ ਕਿਸੇ ਫੁੱਲ ਵਾਂਗ ਜੀਣ ਦੀ ਇੱਛਾ ਕਰਦੇ ਹਨ: –

ਜੂਨ ਬੰਦੇ ਦੀ ਚੰਗੀ ਹੋਸੀ
ਐਪਰ ਮੈਂ ਪਛਤਾਂਦਾ ।
ਚੰਗਾ ਹੁੰਦਾ ਜੇ ਰੱਬ ਮੈਨੂੰ,
ਜੰਗਲੀ ਫੁੱਲ ਬਣਾਂਦਾ ।
ਦੂਰ ਦੁਰੇਡੇ ਪਾਪਾਂ ਕੋਲੋਂ,
ਕਿਸੇ ਜੂਹ ਦੇ ਖੂੰਜੇ,
ਚੁਪ ਚੁਪੀਤਾਂ ਉਗਦਾ, ਫੁਲਦਾ,
ਹਸਦਾ ਤੇ ਮਰ ਜਾਂਦਾ ।

ਇੱਥੇ ‘ਫੁੱਲ’ ਦਾ ਜ਼ਿਕਰ ਇਸ ਗੱਲ ਦਾ ਪ੍ਰਤੀਕ ਹੈ ਕਿ ਕਵੀ ਮਹਿਕਾਂ ਵੰਡਦਿਆਂ ਜੀਊਣ ਦੀ ਇੱਛਾ ਤਾਂ ਕਰਦਾ ਹੈ, ਪਰ ਨਾਲ ਹੀ ਕਿਸੇ ਸ਼ੁਹਰਤ ਤੋਂ ਦੂਰ ਰਹਿਣ ਦੀ ਵੀ ਕਾਮਨਾ ਕਰਦਾ ਹੈ ।

ਕੋਈ ਫੁੱਲ ਕਿਸੇ ਨੁੱਕਰੇ ਖਿੜਦਾ ਹੈ, ਮਹਿਕਾਂ ਵੰਡਦਾ ਹੈ, ਮੁਸਕੁਰਾਉਂਦਾ ਹੈ ਤੇ ਬਿਨ੍ਹਾਂ ਆਪਾ ਜਣਾਏ, ਇਸ ਦੁਨੀਆਂ ਤੋਂ ਵਿਦਾ ਹੋ ਜਾਂਦਾ ਹੈ ।

ਫ਼ਕੀਰਾਨਾ ਸੁਭਾਅ ਵਾਲਾ ਕੋਈ ਵਿਅਕਤੀ ਵੀ ਕਿਸੇ ਫੁੱਲ ਵਾਂਗ ਹੀ ਹੁੰਦਾ ਹੈ । ਉਸ ਵਿੱਚ ਭਰੇ ਹੋਏ ਗੁਣ ਉਸ ਦੀ ਸੁਗੰਧੀ ਹੁੰਦੇ ਹਨ । ਫ਼ਕੀਰਾਨਾ ਤਬੀਅਤ ਵਾਲਾ ਕੋਈ ਗੁਣਵਾਨ ਇਨਸਾਨ ਆਪਣੇ ਗੁਣਾਂ ਦੀ ਸੁਗੰਧੀ ਖਿਲਾਰਦਾ ਹੋਇਆ ਇਸ ਸੰਸਾਰ ਵਿੱਚ ਰਹਿੰਦਾ ਹੈ । ਉਹ ਚਕਾਚੌਂਧ ਵਾਲੀ ਸ਼ੁਹਰਤ ਦਾ ਭੁੱਖਾ ਨਹੀਂ ਹੁੰਦਾ । ਸਸਤੀ ਸ਼ੁਹਰਤ ਪ੍ਰਾਪਤ ਕਰਨ ਲਈ ਉਹ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਛੇੜ-ਛਾੜ ਨਹੀਂ ਕਰਦਾ । ਜਲਦੀ ਤੋਂ ਜਲਦੀ ਸ਼ੁਹਰਤ ਪ੍ਰਾਪਤ ਕਰਨ ਲਈ ਉਹ ਕਿਸੇ ਧਰਮ-ਗ੍ਰੰਥ ਜਾਂ ਧਾਰਮਿਕ-ਪਰੰਪਰਾ ਪ੍ਰਤੀ ਅਪਮਾਨਜਨਕ ਟਿੱਪਣੀਆਂ ਨਹੀਂ ਕਰਦਾ ਫਿਰਦਾ । ਫ਼ੌਰਨ ਪ੍ਰਾਪਤ ਹੋਣ ਵਾਲੀ, ਪ੍ਰੰਤੂ ਥੋੜ੍ਹਾ ਹੀ ਚਿਰ ਰਹਿਣ ਵਾਲੀ ਅਜਿਹੀ ਸ਼ੁਹਰਤ ਨੂੰ ਪਾਉਣ ਲਈ ਉਹ ਆਪਣੇ ਗੁਰੂ ਤੋਂ ਬੇਮੁੱਖ ਨਹੀਂ ਹੁੰਦਾ ।

ਕਿਸੇ ਫੁੱਲ ਨੂੰ ਅਜਿਹਾ ਕਰਨ ਦੀ ਜ਼ਰੂਰਤ ਵੀ ਕੀ ਹੈ ? ਸ਼ੁਹਰਤ ਪਿੱਛੇ ਭੱਜਣਾ ਤਾਂ ਉਸ ਦੀ ਫ਼ਿਤਰਤ ਹੀ ਨਹੀਂ ਹੈ । ਉਸ ਦਾ ਉਦੇਸ਼ ਹੈ ਖ਼ੁਸ਼ਬੂ ਵੰਡਣਾ ਤੇ ਉਹ ਆਪਣਾ ਉਦੇਸ਼ ਪੂਰਾ ਕਰਨ ਵਿੱਚ ਰੁੱਝਾ ਰਹਿੰਦਾ ਹੈ ।

ਫੁੱਲ ਜਿੱਥੇ ਵੀ ਖਿੜੇ, ਉੱਥੇ ਹੀ ਸੁਗੰਧੀ ਵੰਡਣਾ ਸ਼ੁਰੂ ਕਰ ਦਿੰਦਾ ਹੈ । ਉਦਾਸ ਵਿਅਕਤੀ ਜੇ ਫੁੱਲਾਂ ਨੂੰ ਦੇਖ ਲਏ, ਤਾਂ ਉਸ ਦਾ ਹਿਰਦਾ ਖਿੜ ਪੈਂਦਾ ਹੈ । ਫੁੱਲ ਸਦਾ ਮੁਸਕੁਰਾਉਂਦੇ ਹਨ । ਸੁਗੰਧੀਆਂ ਵੰਡਣਾ ਫੁੱਲ ਦਾ ਗੁਣ ਹੈ । ਮੁਸਕੁਰਾਉਂਦੇ ਰਹਿਣਾ ਫੁੱਲ ਦਾ ਗੁਣ ਹੈ । ਫੁੱਲ ਦੇ ਇਹ ਗੁਣ ਸੁਭਾਵਿਕ ਹਨ ਤੇ ਉਹ ਇਨ੍ਹਾਂ ਦਾ ਤਿਆਗ ਨਹੀਂ ਕਰ ਸਕਦਾ । ਫੁੱਲ ਦੇ ਇਨ੍ਹਾਂ ਗੁਣਾਂ ਕਾਰਣ ਹੀ ਉਹ ਤੋੜ ਲਿਆ ਜਾਂਦਾ ਹੈ, ਭਾਵ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ।

ਕਬੀਰ ਸਾਹਿਬ ਜੀ ਨੇ ਜੀਊਂਦੇ ਜਾਗਦੇ ਫੁੱਲਾਂ ਨੂੰ ਤੋੜ ਕੇ ਪੱਥਰ ਅੱਗੇ ਅਰਪਿਤ ਕਰਨ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਉਚਾਰਿਆ: –

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥ ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥ ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥
(੪੭੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਮਾਲਣ ਭੁੱਲੀ ਹੋਈ ਹੈ । ਉਹ ਨਹੀਂ ਜਾਣਦੀ ਕਿ ਜੀਊਂਦੇ ਫੁੱਲਾਂ ਨੂੰ ਤੋੜ ਕੇ ਉਹ ਜਿਸ ਪੱਥਰ ਅੱਗੇ ਅਪਰਣ ਕਰ ਰਹੀ ਹੈ, ਉਹ ਪੱਥਰ ਤਾਂ ਨਿਰਜਿੰਦ ਹੈ ।

ਫਿਰ ਵੀ, ਮਹਿਕਾਂ ਵੰਡਦੇ ਤੇ ਮੁਸਕੁਰਾਹਟਾਂ ਖਿਲਾਰਦੇ ਫੁੱਲਾਂ ਦਾ ਕਤਲ ਜਾਰੀ ਹੈ । ਫੁੱਲ ਨੂੰ ਵੀ ਕਤਲ ਹੋਣਾ ਤਾਂ ਮਨਜ਼ੂਰ ਹੈ, ਪਰ ਆਪਣੇ ਗੁਣਾਂ ਦਾ ਤਿਆਗ ਕਰਨਾ ਮਨਜ਼ੂਰ ਨਹੀਂ ਹੈ । ਉਹ ਬੇਖ਼ਬਰ ਤੁਰੇ ਜਾਂਦੇ ਰਾਹੀ ਨੂੰ ਵੀ ਖ਼ੁਸ਼ਬੂ ਵੰਡਦਾ ਹੈ । ਇਹ ਫੁੱਲ ਦੀ ਉਦਾਰਤਾ ਹੈ ।

ਫੁੱਲ ਦੀ ਇਸੇ ਉਦਾਰਤਾ ਦਾ ਵਰਣਨ ਪ੍ਰੋ. ਮੋਹਨ ਸਿੰਘ ਨੇ ਆਪਣੀ ਕਵਿਤਾ ‘ਉਦਾਰਤਾ’ ਵਿੱਚ ਕੀਤਾ ਹੈ । ਕਵੀ ਕਹਿੰਦਾ ਹੈ: –

ਇਕ ਦਿਨ ਮੈਂ ਫੁਲਵਾੜੀ ਵਿਚੋਂ
ਲੰਘ ਰਿਹਾ ਸਾਂ ਕੱਲਾ,
ਕੰਡੇ ਇਕ ਗੁਲਾਬੀ ਫੁਲ ਦੇ
ਬਹਿ ਗਏ ਫੜ ਕੇ ਪੱਲਾ ।

ਫੁੱਲ ਦੇ ਜਵਾਬ ਨੂੰ ਕਵੀ ਨੇ ਇੰਝ ਕਲਪਿਆ ਹੈ: –

ਨਾ ਕਰ ਐਡੀ ਕਾਹਲੀ ਰਾਹੀਆ,
ਪਲ ਦਾ ਪਲ ਖਲੋਵੀਂ,
ਖ਼ੁਸ਼ਬੂਆਂ ਦੇ ਢੋਏ ਬਾਝੋਂ,
ਅਸਾਂ ਜਾਣ ਨਹੀ ਦੇਣਾ ਮੱਲਾ ।

ਤੋੜ ਦਿੱਤੇ ਜਾਣ ਦੇ ਖ਼ਤਰੇ ਦੇ ਬਾਵਜੂਦ ਫੁੱਲ ਨਾ ਤਾਂ ਸੁਗੰਧੀ ਵੰਡਣਾ ਛੱਡਦਾ ਹੈ ਤੇ ਨਾ ਹੀ ਮੁਸਕੁਰਾਉਣਾ ਬੰਦ ਕਰਦਾ ਹੈ । ਆਪਣੀ ਕਵਿਤਾ ‘ਹੱਸਣਾ’ ਵਿੱਚ ਪ੍ਰੋ. ਮੋਹਨ ਸਿੰਘ ਇੱਕ ਫੁੱਲ ਨੂੰ ਸੰਬੋਧਨ ਕਰਦੇ ਹਨ : –

ਬੇ ਖ਼ਬਰਾ ਬੇ ਹੋਸ਼ਾ ਫੁੱਲਾ,
ਹੱਸ ਨਾ ਚਾਈਂ ਚਾਈਂ ।
ਇਸ ਹਾਸੇ ਵਿਚ ਮੌਤ ਗਲੇਫੀ,
ਖ਼ਬਰ ਨਾ ਤੇਰੇ ਤਾਈਂ ।

ਕਵੀ ਨੇ ਫੁੱਲ ਦੇ ਜਵਾਬ ਨੂੰ ਇਸ ਪ੍ਰਕਾਰ ਕਲਪਿਆ ਹੈ: –

ਪੈ ਜਾ ਆਪਣੇ ਰਾਹੇ ਰਾਹੀਆ,
ਨਾ ਕਰ ਪੈਂਡਾ ਖੋਟਾ,
ਦੋ ਘੜੀਆਂ ਅਸਾਂ ਜੀਉਣਾ, ਸਾਨੂੰ
ਹਸਣੋਂ ਨਾ ਅਟਕਾਈਂ ।

ਗੁਣਵਾਨ ਧਰਮੀ ਜੀਊੜਾ ਫੁੱਲ ਵਾਂਗ ਹੈ । ਉਸ ਨੂੰ ਮਰਣਾ ਮਨਜ਼ੂਰ ਹੈ, ਪਰ ਆਪਣੇ ਗੁਣ ਵੰਡਣ ਦੀ ਆਪਣੀ ਆਦਤ ਦਾ ਉਹ ਕਦੇ ਤਿਆਗ ਨਹੀਂ ਕਰਦਾ । ਆਪਣੇ ਗੁਣ ਸਭ ਨਾਲ ਸਾਂਝੇ ਕਰਦਿਆਂ ਉਹ ਸ਼ੁਹਰਤ ਦੀ ਭੁੱਖ ਨਹੀਂ ਰੱਖਦਾ, ਬਲਕਿ ਗੁੰਮਨਾਮੀ ਨੂੰ ਹੀ ਪਸੰਦ ਕਰਦਾ ਹੈ ।

ਫੁੱਲਾਂ ਦੀ ਗੱਲ ਛਿੜੀ ਹੈ, ਤਾਂ ਬਨਫ਼ਸ਼ਾਂ ਦੇ ਫੁੱਲ ਦਾ ਵੀ ਜ਼ਿਕਰ ਕਰ ਲਵਾਂ । ਬਨਫ਼ਸ਼ਾਂ ਦੇ ਫੁੱਲ ਇਸ ਢੰਗ ਨਾਲ ਉੱਗਦੇ ਹਨ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਨਾ ਆਉਣ, ਪਰ ਇਨ੍ਹਾਂ ਦੀ ਖ਼ੁਸ਼ਬੂ ਲੋਕਾਂ ਤਕ ਜਾ ਪੁੱਜਦੀ ਹੈ । ਗੁਣਵਾਨ ਧਰਮੀ ਇਨਸਾਨ ਵੀ ਅਜਿਹੇ ਹਨ । ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਨਹੀਂ ਆਉਣਾ ਚਾਹੁੰਦੇ, ਪਰ ਉਨ੍ਹਾਂ ਦੇ ਗੁਣ ਅਜਿਹੇ ਹਨ ਕਿ ਉਹ ਛਿਪੇ ਹੋਏ ਵੀ ਨਹੀਂ ਰਹਿੰਦੇ । ਬਨਫ਼ਸ਼ਾਂ ਦਾ ਫੁੱਲ ਹੋਵੇ ਜਾਂ ਕੋਈ ਗੁਣਵਾਨ ਧਰਮੀ ਜੀਊੜਾ, ਇਨ੍ਹਾਂ ਵਿੱਚੋਂ ਕੋਈ ਵੀ ਸ਼ੁਹਰਤ ਦੇ ਪਿੱਛੇ ਨਹੀਂ ਭੱਜਦਾ । ਹਾਂ, ਉਨ੍ਹਾਂ ਦੇ ਗੁਣ ਹੀ ਉਨ੍ਹਾਂ ਨੂੰ ਸੰਸਾਰ ਵਿੱਚ ਜ਼ਾਹਿਰ ਕਰ ਦਿੰਦੇ ਹਨ ।

ਭਾਈ ਸਾਹਿਬ ਵੀਰ ਸਿੰਘ ਜੀ ਨੇ ਆਪਣੀ ਕਮਾਲ ਦੀ ਕਵਿਤਾ ‘ਬਨਫਸ਼ਾਂ ਦਾ ਫੁੱਲ’ ਵਿੱਚ ਫੁੱਲ ਦੀ ਇੱਛਾ ਬਾਰੇ ਆਪਣੇ ਮਨ ਦੀਆਂ ਤਰੰਗਾਂ ਦਾ ਬਹੁਤ ਹੀ ਕੋਮਲ ਸ਼ਬਦਾਂ ਵਿੱਚ ਬਿਆਨ ਕੀਤਾ ਹੈ ।

ਭਾਈ ਸਾਹਿਬ ਵੀਰ ਸਿੰਘ ਜੀ ਦੀ ਕਵਿਤਾ ਭਾਵੇਂ ਬਿਆਨ ਤਾਂ ਬਨਫ਼ਸ਼ਾਂ ਦੇ ਫੁੱਲ ਦਾ ਕਰ ਰਹੀ ਹੈ, ਪਰ ਇਸ ਵਿੱਚੋਂ ਉਸ ਗੁਣੀ ਧਰਮੀ ਇਨਸਾਨ ਦੀ ਇੱਛਾ ਵੀ ਜ਼ਾਹਿਰ ਹੋ ਰਹੀ ਹੈ, ਜੋ ਸਸਤੀ ਸ਼ੁਹਰਤ ਤੋਂ ਦੂਰ ਰਹਿਣਾ ਚਾਹੁੰਦਾ ਹੈ ਤੇ ‘ਛਿਪੇ ਰਹਿਣ ਦੀ ਚਾਹ’ ਰੱਖਦਾ ਹੈ । ਪੂਰੀ ਕਵਿਤਾ ਇਸ ਪ੍ਰਕਾਰ ਹੈ:

ਮਿਰੀ ਛਿਪੀ ਰਹੇ ਗੁਲਜ਼ਾਰ,
ਮੈਂ ਨੀਵਾਂ ਉੱਗਿਆ ;
ਕੁਈ ਲਗੇ ਨ ਨਜ਼ਰ ਟਪਾਰ,
ਮੈਂ ਪਰਬਤ ਲੁੱਕਿਆ ।

ਮੈਂ ਲਿਆ ਅਕਾਸ਼ੋਂ ਰੰਗ
ਜੁ ਸ਼ੋਖ਼ ਨ ਵੰਨ ਦਾ;
ਹਾਂ, ਧੁਰੋਂ ਗ਼ਰੀਬੀ ਮੰਗ,
ਮੈਂ ਆਯਾ ਜਗਤ ਤੇ ।

ਮੈਂ ਪੀਆਂ ਅਰਸ਼ ਦੀ ਤ੍ਰੇਲ,
ਪਲਾਂ ਮੈਂ ਕਿਰਨ ਖਾ ;
ਮੇਰੀ ਨਾਲ ਚਾਂਦਨੀ ਖੇਲ,
ਰਾਤਿ ਰਲ ਖੇਲੀਏ ।

ਮੈਂ ਮਸਤ ਆਪਣੇ ਹਾਲ,
ਮਗਨ ਗਂਧਿ ਆਪਣੀ ।
ਹਾਂ, ਦਿਨ ਨੂੰ ਭੌਰੇ ਨਾਲ
ਭਿ ਮਿਲਨੋਂ ਸੰਗਦਾ ।

ਆ ਸ਼ੋਖੀ ਕਰਕੇ ਪਉਣ
ਜਦੋਂ ਗਲ ਲੱਗਦੀ,
ਮੈਂ ਨਾਂਹਿ ਹਿਲਾਵਾਂ ਧਉਣ
ਵਾਜ ਨਾ ਕੱਢਦਾ ।

ਹੋ, ਫਿਰ ਬੀ ਟੁੱਟਾਂ, ਹਾਇ!
ਵਿਛੋੜਨ ਵਾਲਿਓ
ਮਿਰੀ ਭਿੰਨੀ ਇਹ ਖ਼ੁਸ਼ਬੋਇ
ਕਿਵੇਂ ਨਾ ਛਿੱਪਦੀ ।

ਮਿਰੀ ਛਿਪੇ ਰਹਿਣ ਦੀ ਚਾਹ
ਤੇ ਛਿਪ ਟੁਰ ਜਾਣ ਦੀ;
ਹਾ, ਪੂਰੀ ਹੁੰਦੀ ਨਾਂਹ,
ਮੈਂ ਤਰਲੇ ਲੈ ਰਿਹਾ ।

-0-