(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)
ਮਹਾਂਭਾਰਤ ਦੀ ਕਥਾ ਹੈ ਕਿ ਦ੍ਰੌਪਤੀ ਦੇ ਪੰਜ ਪਤੀ ਸਨ । ਇਹ ਪੰਜ ਪਤੀ ਪਾਂਡਵ ਸਨ, ਜੋ ਆਪਸ ਵਿੱਚ ਭਰਾ ਲੱਗਦੇ ਸਨ । ਇਸ ਤਰ੍ਹਾਂ, ਦ੍ਰੌਪਤੀ ਪੰਜ ਪਤੀਆਂ ਦੀ ਪਤਨੀ ਸੀ ।
ਇਹ ਤਾਂ ਸੀ ਮਹਾਂਭਾਰਤ ਦੀ ਕਥਾ । ਜਦੋਂ ਮੈਂ ਦੇਹਰਾਦੂਨ (ਉੱਤਰਾਖੰਡ ਰਾਜ) ਵਿਖੇ ਰਹਿੰਦਾ ਸੀ, ਤਾਂ ਜੌਨਸਾਰ-ਬਾਵਰ ਇਲਾਕੇ ਦੀਆਂ ਕੁੜੀਆਂ ਤੋਂ ਸੁਣਦਾ ਸੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਜਿਹਾ ਰਿਵਾਜ਼ ਸੀ ਕਿ ਕਈ ਭਰਾਵਾਂ ਦੀ ਇੱਕ ਸਾਂਝੀ ਪਤਨੀ ਹੁੰਦੀ ਹੈ । ਹਾਲਾਂਕਿ ਅਜਿਹਾ ਰਿਵਾਜ਼ ਵਕਤ ਦੇ ਨਾਲ-ਨਾਲ ਲੱਗਭੱਗ ਮੁੱਕਦਾ ਜਾ ਰਿਹਾ ਸੀ ।
ਪਰ, ਹੁਣੇ-ਹੁਣੇ ਹੀ ਹਰਿਆਣਾ ਰਾਜ ਦੇ ਇੱਕ ਸਬ-ਡਿਵੀਜ਼ਨਲ ਜੂਡੀਸ਼ਲ ਮੈਜਿਸਟਰੇਟ ਡਾ. ਅਤੁਲ ਮਾਰੀਆ ਨੇ ਇੰਕਸ਼ਾਫ ਕੀਤਾ ਹੈ ਕਿ ਹਰਿਆਣਾ ਦੇ ਡਬਵਾਲੀ (ਸਿਰਸਾ) ਖੇਤਰ ਵਿੱਚ ਅਜਿਹਾ ਦੇਖਣ ਵਿੱਚ ਆ ਰਿਹਾ ਹੈ, ਜਿੱਥੇ ਕੋਈ ਔਰਤ ਵਿਆਹੀ ਤਾਂ ਕਿਸੇ ਹੋਰ ਨਾਲ ਜਾਂਦੀ ਹੈ, ਪਰ ਰਹਿੰਦੀ ਉਹ ਆਪਣੇ ਕਿਸੇ ਦਿਉਰ ਜਾਂ ਜੇਠ ਨਾਲ ਹੈ । ਅਜਿਹੇ ਵੀ ਵਾਕਿਆਤ ਹਨ, ਜਿੱਥੇ ਇੱਕ ਔਰਤ ਇੱਕੋ ਸਮੇਂ ਦੋ ਜਾਂ ਦੋ ਤੋਂ ਵੀ ਵੱਧੇਰੇ ਮਰਦਾਂ ਨਾਲ ਰਹਿੰਦੀ ਹੈ । ਇਹ ਮਰਦ ਆਪਸ ਵਿੱਚ ਸੱਕੇ ਭਰਾ ਹੀ ਹੁੰਦੇ ਹਨ । (ਦੇਖੋ: http://www.tribuneindia.com/2011/20110815/haryana.htm#8)
ਪਿੱਛਲੇ ਸਮਿਆਂ ਵਿੱਚ ਪੰਜਾਬ ਵਿੱਚ ਵੀ ਅਜਿਹਾ ਦੇਖਣ ਨੂੰ ਮਿਲਦਾ ਸੀ ਕਿ ਆਪਣੀ ਜ਼ਮੀਨ ਦੀ ਵੰਡ ਨੂੰ ਰੋਕਣ ਲਈ ਕਈ ਪਰਿਵਾਰਾਂ ਵਿੱਚ ਕੇਵਲ ਇੱਕ ਭਰਾ ਦਾ ਹੀ ਵਿਆਹ ਕੀਤਾ ਜਾਂਦਾ ਸੀ । ਇਹ ਵੀ, ਅਪ੍ਰਤੱਖ ਰੂਪ ਵਿੱਚ ਬਹੁ-ਪਤੀ ਪ੍ਰਥਾ ਦਾ ਹੀ ਦੁਹਰਾਅ ਸੀ ।
ਆਖਿਰ, ਐਸੀ ਪ੍ਰਥਾ ਅਜੋਕੇ ਸਮੇਂ ਵਿੱਚ ਵੀ ਕਿਉਂ ਚਲ ਰਹੀ ਹੈ? ਕਿਉਂ ਬਹੁ-ਪਤੀ ਪ੍ਰਥਾ ਮੁੜ ਕੇ ਸਾਹਮਣੇ ਆ ਰਹੀ ਹੈ ?
ਅਸਲ ਵਿੱਚ, ਪੁੱਤਰ ਦੀ ਲਾਲਸਾ ਕਈ ਲੋਕਾਂ ਵਿੱਚ ਇੰਨੀ ਵੱਧ ਚੁੱਕੀ ਹੈ ਕਿ ਪੁੱਤਰ ਦੀ ਇੱਛਾ ਵਿੱਚ ਉਹ ਗਰਭ ਵਿੱਚ ਹੀ ਧੀਆਂ ਦੇ ਕਤਲ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ । ਜੰਮਦੀਆਂ ਧੀਆਂ ਨੂੰ ਜਾਨ ਤੋਂ ਮਾਰ ਦਿੱਤਾ ਜਾਂਦਾ ਹੈ । ਧੀਆਂ ਦੀ ਦੇਖਭਾਲ, ਖੁਰਾਕ ਆਦਿ ਵਿੱਚ ਕਮੀ ਰੱਖੀ ਜਾਂਦੀ ਹੈ । ਨਤੀਜਾ ਇਹ ਨਿਕਲਿਆ ਹੈ ਕਿ ਭਾਰਤ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਵਿੱਚ ਚੌਖਾ ਫਰਕ ਦੇਖਣ ਨੂੰ ਮਿਲ ਰਿਹਾ ਹੈ । ਸਿਰਸਾ ਵਿੱਚ 6 ਸਾਲ ਤੱਕ ਦੇ ਬੱਚਿਆਂ ਵਿੱਚ 1000 ਮੁੰਡਿਆਂ ਪਿੱਛੇ ਸਿਰਫ 852 ਕੁੜੀਆਂ ਹਨ । ਜ਼ਾਹਿਰ ਹੈ ਕਿ 148 ਮੁੰਡੇ ਅਜਿਹੇ ਹੋਣਗੇ, ਜਿਨ੍ਹਾਂ ਵਾਸਤੇ ਦੁਲਹਨ ਨਹੀਂ ਮਿਲੇਗੀ । ਅਜਿਹੀ ਸਥਿਤੀ ਵਿੱਚ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਏਗਾ ਕਿ ਦੋ ਜਾਂ ਦੋ ਤੋਂ ਵਧੇਰੇ ਮੁੰਡੇ ਕਿਸੇ ਇੱਕ ਕੁੜੀ ਨਾਲ ਵਿਆਹ ਕਰਵਾਉਣ ।
ਭਾਂਵੇਂ ਬਹੁ-ਪਤੀ ਪ੍ਰਥਾ ਭਾਰਤ ਦੇ ਕਈ ਹਿੱਸਿਆਂ ਵਿੱਚ ਪ੍ਰਚੱਲਿਤ ਰਹੀ ਹੈ ਤੇ ਇਸ ਦੇ ਕਈ ਸਮਾਜਿਕ, ਆਰਥਿਕ ਤੇ ਪ੍ਰੰਪਰਾਗਤ ਕਾਰਣ ਰਹੇ ਹਨ (ਦੇਖੋ: http://www.articlesbase.com/weddings-articles/polyandry-a-social-system-in-india-now-state-of-disappearance-257364.html), ਪਰ ਅਜੋਕੇ ਸਮੇਂ ਹਰਿਆਣਾ ਆਦਿ ਵਿੱਚ ਧਿਆਨ ਵਿੱਚ ਆਏ ਬਹੁ-ਪਤੀ ਪ੍ਰਥਾ ਦੇ ਇਨ੍ਹਾਂ ਰੁਝਾਨਾਂ ਪਿੱਛੇ ਇੱਕੋ-ਇੱਕ ਕਾਰਣ ਕੁੜੀਆਂ ਦੀ ਤੇਜ਼ੀ ਨਾਲ ਘੱਟ ਰਹੀ ਗਿਣਤੀ ਹੀ ਹੈ ।
ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਏ, ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਕੁੜੀਆਂ ਦੀ ਘੱਟ ਰਹੀ ਗਿਣਤੀ ਬਾਰੇ ਜਾਗਰੂਕ ਕੀਤਾ ਜਾਏ ਤੇ ਅਜਿਹਾ ਯਕੀਨੀ ਬਣਾਇਆ ਜਾਏ ਕਿ ਕੁੜੀਆਂ ਤੇ ਮੁੰਡਿਆਂ ਦੀ ਗਿਣਤੀ ਦਾ ਅਨੁਪਾਤ ਲੱਗਭੱਗ ਬਰਾਬਰ ਰਹੇ । ਨਹੀਂ ਤਾਂ, ਆਉਣ ਵਾਲੇ ਸਮੇਂ ਵਿੱਚ ਸਮਾਜ ਅੰਦਰ ਕਈ ਪ੍ਰਕਾਰ ਦੀਆਂ ਵਿਕ੍ਰਿਤੀਆਂ ਪੈਦਾ ਹੋ ਜਾਣਗੀਆਂ, ਜੋ ਕਿ ਲੰਬੇ ਸਮੇਂ ਤਕ ਵੀ ਠੀਕ ਨਹੀਂ ਕੀਤੀਆਂ ਜਾ ਸਕਣਗੀਆਂ । ਆਉ, ਧੀਆਂ ਨੂੰ ਬਚਾਈਏ, ਸਮਾਜ ਨੂੰ ਬਚਾਈਏ, ਖੁਦ ਨੂੰ ਬਚਾਈਏ ।