ਮਾਰਚ ੨੦, ੨੦੧੧ ਦੀ ਸ਼ਾਮ ਨੂੰ ਭਾਰਤੀ ਫੌਜ ਦੀਆਂ ਵਰਦੀਆਂ ਪਾਈ ੧੫-੧੭ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸਥਿੱਤ ਪਿੰਡ ਛਤੀਸਿੰਘਪੁਰਾ ੩੪ ਸਿੱਖਾਂ ਦਾ ਕਤਲ-ਏ-ਆਮ ਕਰ ਦਿੱਤਾ ਗਿਆ ਸੀ | ਇਸ ਤੋਂ ਇਲਾਵਾ ਅਨੇਕ ਹੋਰ ਸਿੱਖ ਇਸ ਘਟਨਾ ਵਿੱਚ ਜਖਮੀ ਹੋ ਗਏ ਸਨ | ਵਾਪਸ ਜਾਂਦਿਆਂ ਹਮਲਾਵਰਾਂ ਨੇ ਹਿੰਦੂ ਪੱਖੀ ਨਾਅਰੇ ਵੀ ਲਾਏ | ਕਸ਼ਮੀਰ ਵਾਦੀ ਵਿੱਚ ਭਾਰਤ ਤੋਂ ਵੱਖ ਹੋਣ ਲਈ ਚੱਲ ਰਹੇ ਅੰਦੋਲਨ ਦੌਰਾਨ ਸਿੱਖਾਂ ਉੱਤੇ ਅਜਿਹਾ ਹਮਲਾ ਪਹਿਲੀ ਵਾਰ ਹੋਇਆ ਸੀ |
ਜਿਕਰਯੋਗ ਹੈ ਕਿ ਇਹ ਕਤਲੇਆਮ ਉਸ ਵਕਤ ਹੋਇਆ, ਜਦੋਂ ਯੂਨਾਈਟਿਡ ਸਟੇਟਸ ਆਫ਼ ਅਮੈਰਿਕਾ ਦੇ ਉਸ ਵਕਤ ਦੇ ਰਾਸ਼ਟਰਪਤੀ ਬਿਲ ਕਲਿੰਟਨ ਭਾਰਤੀ ਉਪਮਹਾਂਦੀਪ ਦਾ ਦੌਰਾ ਕਰ ਰਹੇ ਸਨ |
ਭਾਰਤ ਸਰਕਾਰ ਨੇ ਫੌਰੀ ਤੌਰ ‘ਤੇ ਲਸ਼ਕਰ-ਏ-ਤਏਬਾ ਤੇ ਹਿਜਬੁਲ ਮੁਜਾਹਿਦੀਨ ਨੂੰ ਇਸ ਕਤਲੇਆਮ ਲਈ ਜਿੰਮੇਵਾਰ ਠਹਿਰਾਇਆ, ਜਦਕਿ ਆਲ ਪਾਰਟੀਜ਼ ਹੁਰੀਅਤ ਕਾਨਫਰੰਸ ਨੇ ਇਸ ਕਤਲੇਆਮ ਦਾ ਜਿੰਮੇਵਾਰ ਭਾਰਤ ਸਰਕਾਰ ਨੂੰ ਠਹਿਰਾਇਆ | ਇੱਥੋਂ ਤਕ ਕਿ ਹਿਜਬੁਲ ਮੁਜਾਹਿਦੀਨ ਦੇ ਪ੍ਰਮੁੱਖ ਸਈਦ ਸਲਾਹੁੱਦੀਨ ਨੇ ਵੀ ਇਸ ਕਤਲੇਆਮ ਪਿੱਛੇ ਹਿਜਬੁਲ ਮੁਜਾਹਿਦੀਨ ਦਾ ਹੱਥ ਹੋਣ ਤੋਂ ਇਨਕਾਰ ਕੀਤਾ |
ਭਾਰਤ ਸਰਕਾਰ ਜਾਂ ਭਾਰਤੀ ਫੌਜ ਉੱਤੇ ਇਸ ਕਤਲੇਆਮ ਏ ਇਲਜ਼ਾਮ ਦੇ ਦਰਮਿਆਨ ਹੀ, ਇਸ ਕਤਲੇਆਮ ਦੇ ਸਿਰਫ ਪੰਜ ਦਿਨਾਂ ਮਗਰੋਂ ਭਾਰਤੀ ਸੁਰੱਖਿਆ ਬਲਾਂ ਨੇ ਪੰਜ ਵਿਅਕਤੀਆਂ ਨੂੰ ਮਾਰ ਕੇ ਇਹ ਦਾਅਵਾ ਕੀਤਾ ਕਿ ਇਹ ਪੰਜ ਵਿਅਕਤੀ ਵਿਦੇਸ਼ੀ ਦਹਿਸ਼ਤਗਰਦ ਸਨ, ਜਿਨ੍ਹਾਂ ਨੇ ਛਤੀਸਿੰਘਪੁਰਾ ਕਤਲੇਆਮ ਨੂੰ ਅੰਜਾਮ ਦਿੱਤਾ ਸੀ | ਸਰਕਾਰੀ ਦਾਵਿਆਂ ਦੇ ਬਾਵਜੂਦ ਆਮ ਲੋਕਾਂ ਨੇ ਇਸ ‘ਤੇ ਵਿਸ਼ਵਾਸ਼ ਨਾ ਕੀਤਾ | ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ੨੧ ਤੋਂ ੨੪ ਮਾਰਚ ਦਰਮਿਆਨ ੧੭ ਸਥਾਨਕ ਨਾਗਰਿਕਾਂ ਨੂੰ ਸੁਰਖਿਆ ਬਲਾਂ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਮਾਰੇ ਗਏ ਪੰਜ ਵਿਅਕਤੀ ਉਨ੍ਹਾਂ ੧੭ ਲੋਕਾਂ ਵਿੱਚੋਂ ਹੀ ਸਨ | ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਅਪ੍ਰੈਲ ੫, ੨੦੦੦, ਨੂੰ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਥਿੱਤ ਵਿਦੇਸ਼ੀ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਕਬਰਾਂ ਵਿੱਚੋਂ ਕੱਢ ਕੇ ਡੀ. ਐਂਨ. ਏ. ਟੈਸਟ ਕਰਨ ਦਾ ਹੁਕਮ ਦਿੱਤਾ | ਮਾਰਚ ੨੦੦੨ ਵਿੱਚ ਇਹ ਪਤਾ ਲੱਗਾ ਕਿ ਡੀ. ਐਂਨ. ਏ. ਦੇ ਇਨ੍ਹਾਂ ਨਮੂਨਿਆਂ ਨਾਲ ਛੇੜਛਾੜ ਕੀਤੀ ਗਈ ਸੀ ਤੇ ਅਸਲ ਵਿੱਚ ਇਹ ਨਮੂਨੇ ਮਰਦਾਂ ਦੇ ਨਾ ਹੋ ਕਿ ਔਰਤਾਂ ਦੇ ਸਨ | ਅਪ੍ਰੈਲ, ੨੦੦੨ ਵਿੱਚ ਡੀ. ਐਂਨ. ਏ. ਦੇ ਦੁਬਾਰਾ ਨਮੂਨੇ ਲਏ ਗਏ ਤੇ ਇਹ ਸਿੱਧ ਹੋ ਗਿਆ ਕਿ ਭਾਰਤੀ ਸਰਕਾਰ ਦੇ ਦਾਵਿਆਂ ਦੇ ਉਲਟ ਮਾਰੇ ਗਏ ਪੰਜੇ ਵਿਅਕਤੀ ਵਿਦੇਸ਼ੀ ਅਤਿਵਾਦੀ ਨਾ ਹੋ ਕੇ ਸਥਾਨਕ ਨਿਰਦੋਸ਼ ਨਾਗਰਿਕ ਸਨ |
ਸਿੱਖਾਂ ਦੇ ਇਸ ਕਤਲੇਆਮ ਸੰਬੰਧੀ ਵੱਖ-ਵੱਖ ਦਾਅਵਿਆਂ ਦਰਮਿਆਨ ਕਦੇ ਵੀ ਇਹ ਗੱਲ ਖੁੱਲ ਨਹੀਂ ਸਕੀ ਕਿ ਆਖਿਰ ਨਿਰਦੋਸ਼ ਸਿੱਖਾਂ ਦੇ ਕਾਤਿਲ ਕੌਣ ਸਨ |
ਸਰਕਾਰ ਨੇ ਹਮੇਸ਼ਾਂ ਹੀ ਛਤੀਸਿੰਘਪੁਰਾ ਵਿੱਚ ੩੪ ਸਿੱਖਾਂ ਦੇ ਕਤਲ-ਏ-ਆਮ ਦੀ ਨਤੀਜਾਕਾਰੀ ਜਾਂਚ ਤੋਂ ਟਾਲਮਟੋਲ ਕੀਤੀ ਹੈ | ਪਰ ਇਸ ਦਾ ਇਹ ਮਤਲਬ ਨਹੀਂ ਕਿ ਇਹ ਮੁੱਦਾ ਖ਼ਤਮ ਹੋ ਗਿਆ ਹੈ ਤੇ ਆਮ ਲੋਕ ਜਾਂ ਸਿੱਖ ਇਸ ਘਟਨਾ ਨੂੰ ਵਿਸਾਰ ਬੈਠੇ ਹਨ |
ਹੁਣ ਫੇਰ, ਕਸ਼ਮੀਰ ਵਾਦੀ ਦੀ ਇੱਕ ਜਥੇਬੰਦੀ ਆਲ ਪਾਰਟੀ ਸਿੱਖ ਕੋ-ਆਰਡੀਨੇਸ਼ਨ ਕਮੇਟੀ ਨੇ ਛਤੀਸਿੰਘਪੁਰਾ ਦੇ ੩੪ ਸਿੱਖਾਂ ਦੇ ਕਤਲ-ਏ-ਆਮ ਦੀ ਉਚ-ਪਧਰੀ ਜਾਂਚ ਦੀ ਮੰਗ ਦੁਹਰਾਈ ਹੈ | ਸ਼੍ਰੀਨਗਰ ਵਿੱਚ ਆਲ ਪਾਰਟੀ ਸਿੱਖ ਕੋ-ਆਰਡੀਨੇਸ਼ਨ ਕਮੇਟੀ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਕਸ਼ਮੀਰੀ ਸਿੱਖਾਂ ਦੀਆਂ ਹੋਰ ਮੰਗਾਂ ਵੀ ਪੇਸ਼ ਕੀਤੀਆਂ ਗਈਆਂ | (ਇਸ ਸੰਬੰਧੀ ਖ਼ਬਰ)
– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’