Category Archives: Punjabi Articles And Comments

ਅਜੇ ਭੁੱਲਿਆ ਨਹੀਂ ਹੈ ਛਤੀਸਿੰਘਪੁਰਾ ਦਾ ਕਤਲ-ਏ-ਆਮ

ਮਾਰਚ ੨੦, ੨੦੧੧ ਦੀ ਸ਼ਾਮ ਨੂੰ ਭਾਰਤੀ ਫੌਜ ਦੀਆਂ ਵਰਦੀਆਂ ਪਾਈ ੧੫-੧੭ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸਥਿੱਤ ਪਿੰਡ ਛਤੀਸਿੰਘਪੁਰਾ ੩੪ ਸਿੱਖਾਂ ਦਾ ਕਤਲ-ਏ-ਆਮ ਕਰ ਦਿੱਤਾ ਗਿਆ ਸੀ | ਇਸ ਤੋਂ ਇਲਾਵਾ ਅਨੇਕ ਹੋਰ ਸਿੱਖ ਇਸ ਘਟਨਾ ਵਿੱਚ ਜਖਮੀ ਹੋ ਗਏ ਸਨ | ਵਾਪਸ ਜਾਂਦਿਆਂ ਹਮਲਾਵਰਾਂ ਨੇ ਹਿੰਦੂ ਪੱਖੀ ਨਾਅਰੇ ਵੀ ਲਾਏ | ਕਸ਼ਮੀਰ ਵਾਦੀ ਵਿੱਚ ਭਾਰਤ ਤੋਂ ਵੱਖ ਹੋਣ ਲਈ ਚੱਲ ਰਹੇ ਅੰਦੋਲਨ ਦੌਰਾਨ ਸਿੱਖਾਂ ਉੱਤੇ ਅਜਿਹਾ ਹਮਲਾ ਪਹਿਲੀ ਵਾਰ ਹੋਇਆ ਸੀ |

ਜਿਕਰਯੋਗ ਹੈ ਕਿ ਇਹ ਕਤਲੇਆਮ ਉਸ ਵਕਤ ਹੋਇਆ, ਜਦੋਂ ਯੂਨਾਈਟਿਡ ਸਟੇਟਸ ਆਫ਼ ਅਮੈਰਿਕਾ ਦੇ ਉਸ ਵਕਤ ਦੇ ਰਾਸ਼ਟਰਪਤੀ ਬਿਲ ਕਲਿੰਟਨ ਭਾਰਤੀ ਉਪਮਹਾਂਦੀਪ ਦਾ ਦੌਰਾ ਕਰ ਰਹੇ ਸਨ |

ਭਾਰਤ ਸਰਕਾਰ ਨੇ ਫੌਰੀ ਤੌਰ ‘ਤੇ ਲਸ਼ਕਰ-ਏ-ਤਏਬਾ ਤੇ ਹਿਜਬੁਲ ਮੁਜਾਹਿਦੀਨ ਨੂੰ ਇਸ ਕਤਲੇਆਮ ਲਈ ਜਿੰਮੇਵਾਰ ਠਹਿਰਾਇਆ, ਜਦਕਿ ਆਲ ਪਾਰਟੀਜ਼ ਹੁਰੀਅਤ ਕਾਨਫਰੰਸ ਨੇ ਇਸ ਕਤਲੇਆਮ ਦਾ ਜਿੰਮੇਵਾਰ ਭਾਰਤ ਸਰਕਾਰ ਨੂੰ ਠਹਿਰਾਇਆ | ਇੱਥੋਂ ਤਕ ਕਿ ਹਿਜਬੁਲ ਮੁਜਾਹਿਦੀਨ ਦੇ ਪ੍ਰਮੁੱਖ ਸਈਦ ਸਲਾਹੁੱਦੀਨ ਨੇ ਵੀ ਇਸ ਕਤਲੇਆਮ ਪਿੱਛੇ ਹਿਜਬੁਲ ਮੁਜਾਹਿਦੀਨ ਦਾ ਹੱਥ ਹੋਣ ਤੋਂ ਇਨਕਾਰ ਕੀਤਾ |

ਭਾਰਤ ਸਰਕਾਰ ਜਾਂ ਭਾਰਤੀ ਫੌਜ ਉੱਤੇ ਇਸ ਕਤਲੇਆਮ ਏ ਇਲਜ਼ਾਮ ਦੇ ਦਰਮਿਆਨ ਹੀ, ਇਸ ਕਤਲੇਆਮ ਦੇ ਸਿਰਫ ਪੰਜ ਦਿਨਾਂ ਮਗਰੋਂ ਭਾਰਤੀ ਸੁਰੱਖਿਆ ਬਲਾਂ ਨੇ ਪੰਜ ਵਿਅਕਤੀਆਂ ਨੂੰ ਮਾਰ ਕੇ ਇਹ ਦਾਅਵਾ ਕੀਤਾ ਕਿ ਇਹ ਪੰਜ ਵਿਅਕਤੀ ਵਿਦੇਸ਼ੀ ਦਹਿਸ਼ਤਗਰਦ ਸਨ, ਜਿਨ੍ਹਾਂ ਨੇ ਛਤੀਸਿੰਘਪੁਰਾ ਕਤਲੇਆਮ ਨੂੰ ਅੰਜਾਮ ਦਿੱਤਾ ਸੀ | ਸਰਕਾਰੀ ਦਾਵਿਆਂ ਦੇ ਬਾਵਜੂਦ ਆਮ ਲੋਕਾਂ ਨੇ ਇਸ ‘ਤੇ ਵਿਸ਼ਵਾਸ਼ ਨਾ ਕੀਤਾ | ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ੨੧ ਤੋਂ ੨੪ ਮਾਰਚ ਦਰਮਿਆਨ ੧੭ ਸਥਾਨਕ ਨਾਗਰਿਕਾਂ ਨੂੰ ਸੁਰਖਿਆ ਬਲਾਂ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਮਾਰੇ ਗਏ ਪੰਜ ਵਿਅਕਤੀ ਉਨ੍ਹਾਂ ੧੭ ਲੋਕਾਂ ਵਿੱਚੋਂ ਹੀ ਸਨ | ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਅਪ੍ਰੈਲ ੫, ੨੦੦੦, ਨੂੰ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਥਿੱਤ ਵਿਦੇਸ਼ੀ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਕਬਰਾਂ ਵਿੱਚੋਂ ਕੱਢ ਕੇ ਡੀ. ਐਂਨ. ਏ. ਟੈਸਟ ਕਰਨ ਦਾ ਹੁਕਮ ਦਿੱਤਾ | ਮਾਰਚ ੨੦੦੨ ਵਿੱਚ ਇਹ ਪਤਾ ਲੱਗਾ ਕਿ ਡੀ. ਐਂਨ. ਏ. ਦੇ ਇਨ੍ਹਾਂ ਨਮੂਨਿਆਂ ਨਾਲ ਛੇੜਛਾੜ ਕੀਤੀ ਗਈ ਸੀ ਤੇ ਅਸਲ ਵਿੱਚ ਇਹ ਨਮੂਨੇ ਮਰਦਾਂ ਦੇ ਨਾ ਹੋ ਕਿ ਔਰਤਾਂ ਦੇ ਸਨ | ਅਪ੍ਰੈਲ, ੨੦੦੨ ਵਿੱਚ ਡੀ. ਐਂਨ. ਏ. ਦੇ ਦੁਬਾਰਾ ਨਮੂਨੇ ਲਏ ਗਏ ਤੇ ਇਹ ਸਿੱਧ ਹੋ ਗਿਆ ਕਿ ਭਾਰਤੀ ਸਰਕਾਰ ਦੇ ਦਾਵਿਆਂ ਦੇ ਉਲਟ ਮਾਰੇ ਗਏ ਪੰਜੇ ਵਿਅਕਤੀ ਵਿਦੇਸ਼ੀ ਅਤਿਵਾਦੀ ਨਾ ਹੋ ਕੇ ਸਥਾਨਕ ਨਿਰਦੋਸ਼ ਨਾਗਰਿਕ ਸਨ |

ਸਿੱਖਾਂ ਦੇ ਇਸ ਕਤਲੇਆਮ ਸੰਬੰਧੀ ਵੱਖ-ਵੱਖ ਦਾਅਵਿਆਂ ਦਰਮਿਆਨ ਕਦੇ ਵੀ ਇਹ ਗੱਲ ਖੁੱਲ ਨਹੀਂ ਸਕੀ ਕਿ ਆਖਿਰ ਨਿਰਦੋਸ਼ ਸਿੱਖਾਂ ਦੇ ਕਾਤਿਲ ਕੌਣ ਸਨ |

ਸਰਕਾਰ ਨੇ ਹਮੇਸ਼ਾਂ ਹੀ ਛਤੀਸਿੰਘਪੁਰਾ ਵਿੱਚ ੩੪ ਸਿੱਖਾਂ ਦੇ ਕਤਲ-ਏ-ਆਮ ਦੀ ਨਤੀਜਾਕਾਰੀ ਜਾਂਚ ਤੋਂ ਟਾਲਮਟੋਲ ਕੀਤੀ ਹੈ | ਪਰ ਇਸ ਦਾ ਇਹ ਮਤਲਬ ਨਹੀਂ ਕਿ ਇਹ ਮੁੱਦਾ ਖ਼ਤਮ ਹੋ ਗਿਆ ਹੈ ਤੇ ਆਮ ਲੋਕ ਜਾਂ ਸਿੱਖ ਇਸ ਘਟਨਾ ਨੂੰ ਵਿਸਾਰ ਬੈਠੇ ਹਨ |

ਹੁਣ ਫੇਰ, ਕਸ਼ਮੀਰ ਵਾਦੀ ਦੀ ਇੱਕ ਜਥੇਬੰਦੀ ਆਲ ਪਾਰਟੀ ਸਿੱਖ ਕੋ-ਆਰਡੀਨੇਸ਼ਨ ਕਮੇਟੀ ਨੇ ਛਤੀਸਿੰਘਪੁਰਾ ਦੇ ੩੪ ਸਿੱਖਾਂ ਦੇ ਕਤਲ-ਏ-ਆਮ ਦੀ ਉਚ-ਪਧਰੀ ਜਾਂਚ ਦੀ ਮੰਗ ਦੁਹਰਾਈ ਹੈ | ਸ਼੍ਰੀਨਗਰ ਵਿੱਚ ਆਲ ਪਾਰਟੀ ਸਿੱਖ ਕੋ-ਆਰਡੀਨੇਸ਼ਨ ਕਮੇਟੀ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਕਸ਼ਮੀਰੀ ਸਿੱਖਾਂ ਦੀਆਂ ਹੋਰ ਮੰਗਾਂ ਵੀ ਪੇਸ਼ ਕੀਤੀਆਂ ਗਈਆਂ | (ਇਸ ਸੰਬੰਧੀ ਖ਼ਬਰ)

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’

ਯੂ. ਐੱਨ. ਮਿਸ਼ਨ ‘ਤੇ ਹਮਲਾ

ਫਲੋਰੀਡਾ ਦੇ ਇੱਕ ਛੋਟੇ ਜਿਹੇ ਚਰਚ ਵਿੱਚ ਇੱਕ ਅਮਰੀਕਨ ਇਵੈਨ੍ਜਲੀਕਲ ਇਸਾਈ ਪ੍ਰਚਾਰਕ ਵੱਲੋਂ ਮੁਸਲਮਾਨਾਂ ਦੇ ਧਰਮ-ਗ੍ਰੰਥ ਕੁਰਾਨ ਨੂੰ ਕੇਰੋਸੀਨ ਵਿੱਚ ਡੁਬਾ ਕੇ ਸਾੜ ਦੇਣ ਦੀ ਘਟਨਾ ਤੋਂ ਭੜਕੇ ਹੋਏ ਹਜਾਰਾਂ ਮੁਜ਼ਾਹਰਾਕਾਰੀਆਂ ਨੇ ਸ਼ੁਕਰਵਾਰ, ਅਪ੍ਰੈਲ ੦੧, ੨੦੧੧ ਨੂੰ ਸੰਯੁਕਤ ਰਾਸ਼ਟਰ (United Nations) ਦੇ ਅਫਗਾਨਿਸਤਾਨ ਦੇ ਸ਼ਹਿਰ ਮਜਾਰ-ਏ-ਸ਼ਰੀਫ਼ ਵਿੱਚ ਸਥਿੱਤ ਇੱਕ ਮਹੱਤਵਪੂਰਣ ਮਿਸ਼ਨ ‘ਤੇ ਹਮਲਾ ਕਰਕੇ ਮਿਸ਼ਨ ਦੇ ੭ ਕਾਮਿਆਂ ਦਾ ਕਤਲ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ੨ ਕਾਮਿਆਂ ਦਾ ਕਤਲ ਉਨ੍ਹਾਂ ਦੇ ਸਿਰ ਉਨ੍ਹਾਂ ਦੇ ਧੜਾਂ ਤੋਂ ਅਲੱਗ ਕਰ ਕੇ ਕੀਤਾ ਗਿਆ |

ਮਜਾਰ-ਏ-ਸ਼ਰੀਫ਼ ਵਿੱਚ ਸਥਿੱਤ ਇਹ ਮਿਸ਼ਨ ਅਫ਼ਗ਼ਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਮਹੱਤਵਪੂਰਣ ਕੰਮਾਂ ਦੀ ਨਿਗਰਾਨੀ ਕਰਦਾ ਹੈ | ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਵੱਲੋਂ ਮਿਸ਼ਨ ਦੇ ਬਾਕੀ ਬਚੇ ਕਾਮਿਆਂ ਨੂੰ ਉੱਥੋਂ ਕੱਢਿਆ ਜਾ ਰਿਹਾ ਹੈ | ਸਪਸ਼ਟ ਹੈ ਕਿ ਇਸ ਨਾਲ ਮਿਸ਼ਨ ਦੇ ਕੰਮਾਂ ਵਿੱਚ ਖੜੋਤ ਆ ਜਾਏਗੀ, ਹਾਲਾਂਕਿ ਮਿਸ਼ਨ ਨੂੰ ਬੰਦ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ |

ਕੁਰਾਨ ਨੂੰ ਸਾੜਨ ਦੀ ਘਟਨਾ ਮਾਰਚ ੨੦, ੨੦੧੧ ਨੂੰ ਫਲੋਰੀਡਾ ਦੇ ਡਵ ਵਲ੍ਡ ਆਉਟਰੀਚ ਸੈਂਟਰ ਵਿੱਚ ਵਾਪਰੀ | ਇੱਕ ਅਤਿ ਨਾਟਕੀ ਘਟਨਾਕ੍ਰਮ ਵਿੱਚ ਕੁਰਾਨ ‘ਤੇ ਮੁਕੱਦਮਾ ਚਲਾਉਣ ਦਾ ਪਾਖੰਡ ਰਚਿਆ ਗਿਆ | ਡਾ ਟੈਰੀ ਜੋਨਸ ਨੇ ਜੱਜ ਦੀ ਭੂਮਿਕਾ ਨਿਭਾਉਣ ਦੀ ਜੁਅਰੱਤ ਕੀਤੀ |

ਟੈਕਸਾਸ ਤੋਂ ਆਏ ਸ਼ੇਖ ਇਮਾਮ ਮੋਹੰਮਦ ਅਲ ਹਸਨ ਨੇ ਕੁਰਾਨ ਸੰਬੰਧੀ ਇਸਲਾਮਿਕ ਪੱਖ ਰਖਿਆ | ਪੰਜ ਘੰਟੇ ਚੱਲੇ ਇਸ ਡਰਾਮੇ ਦੇ ਅਖੀਰ ਵਿੱਚ ਕੁਰਾਨ ਨੂੰ ਦੋਸ਼ੀ ਕਰਾਰ ਦਿੰਦਿਆਂ ਕੁਰਾਨ ਨੂੰ ਸਾੜ ਦਿੱਤੇ ਜਾਣ ਦਾ ਹੁਕਮ ਚਾੜ੍ਹ ਦਿੱਤਾ ਗਿਆ |

ਵਿਸ਼ਵ ਭਰ ਵਿੱਚ ਮੁਸਲਮਾਨਾਂ ਦੇ ਦਿਲਾਂ ਨੂੰ ਦੁਖੀ ਕਰ ਦੇਣ ਵਾਲੇ ਇਸ ਡਰਾਮੇ ਦਾ ਟੈਲੀਵਿਜ਼ਨ ਅਤੇ ਇੰਟਰਨੈੱਟ ਰਾਹੀਂ ਪ੍ਰਸਾਰਣ ਕੀਤਾ ਗਿਆ | ਇਸ ਡਰਾਮੇ ਦਾ ਦੁੱਖਦਾਈ ਪੱਖ ਇਹ ਰਿਹਾ ਕਿ ਕੁਰਾਨ ਨੂੰ ਬਾਕਾਇਦਾ ਮਿੱਟੀ ਦੇ ਤੇਲ ਵਿੱਚ ਡੁਬਾ ਕੇ ਅੱਗ ਲਗਾ ਦਿੱਤੀ ਗਈ, ਭਾਵੇਂਕਿ ਸਿੱਧਾ ਪ੍ਰਸਾਰਣ ਵਿਖਾਉਣ ਵਾਲੇ ਟੈਲੀਵਿਜ਼ਨ ਚੈਨਲ ਨੇ ਕੁਰਾਨ ਨੂੰ ਅੱਗ ਹਵਾਲੇ ਕਰਨ ਵਾਲੇ ਪਲਾਂ ਦਾ ਪ੍ਰਸਾਰਣ ਨਹੀਂ ਕੀਤਾ |

ਅਫਗਾਨਿਸਾਨ ਦੇ ਕੁੱਝ ਹੋਰਨਾਂ ਸ਼ਹਿਰਾਂ ਵਾਂਗ ਮਜ਼ਾਰ-ਏ-ਸ਼ਰੀਫ਼ ਵਿੱਚ ਵੀ ਹਜ਼ਾਰਾਂ ਲੋਕਾਂ ਨੇ ਕੁਰਾਨ ਨੂੰ ਸਾੜਨ ਦੀ ਇਸ ਘਟਨਾ ਖਿਲਾਫ ਭਾਰੀ ਮੁਜਾਹਰਾ ਕੀਤਾ | ਮੁਜਾਹਰੇ ਦੌਰਾਨ ਭੜਕੇ ਹੋਏ ਕੁਝ ਅਨਸਰਾਂ ਨੇ ਸੰਯੁਕਤ ਰਾਸ਼ਟਰ ਮਿਸ਼ਨ ਦੇ ਕੁਝ ਸੁਰੱਖਿਆ ਕਰਮਚਾਰੀਆਂ ਨੂੰ ਕਾਬੂ ਕਰ ਕੇ ਮਿਸ਼ਨ ਦੀ ਇਮਾਰਤ ‘ਤੇ ਹਮਲਾ ਬੋਲ ਦਿੱਤਾ ਗਿਆ | ਬੇਕਾਬੂ ਹੋਏ ਮੁਜ਼ਾਹਰਾਕਾਰੀਆਂ ਨੇ ਸੰਯੁਕਤ ਰਾਸ਼ਟਰ ਦੇ ਚਾਰ ਸੁਰੱਖਿਆ ਕਰਮਚਾਰੀਆਂ ਸਮੇਤ ੭ ਕਰਮੀਆਂ ਦੀ ਹੱਤਿਆ ਕਰ ਦਿੱਤੀ | ਮਾਰੇ ਗਏ ਚਾਰ ਸੁਰੱਖਿਆ ਕਰਮਚਾਰੀ ਨੇਪਾਲੀ ਮੂਲ ਦੇ ਦੱਸੇ ਜਾਂਦੇ ਹਨ | ਮਾਰੇ ਗਏ ਬਾਕੀ ਕਰਮੀ ਵੀ ਵਿਦੇਸ਼ੀ ਹੀ ਸਨ |

ਮਾਰੇ ਗਏ ਸੰਯੁਕਤ ਰਾਸ਼ਟਰ ਦੇ ਕਿਸੇ ਵੀ ਕਰਮਚਾਰੀ ਦਾ ਫਲੋਰੀਡਾ ਦੇ ਡਵ ਵਲ੍ਡ ਆਉਟਰੀਚ ਸੈਂਟਰ ਨਾਲ ਕੋਈ ਵੀ ਨਾਤਾ ਨਹੀਂ ਸੀ | ਸੰਯੁਕਤ ਰਾਸ਼ਟਰ ਦਾ ਇਹ ਮਿਸ਼ਨ ਅਫ਼ਗਾਨੀ ਲੋਕਾਂ ਦੀ ਮਦਦ ਲਈ ਹੀ ਸਥਾਪਿਤ ਕੀਤਾ ਗਿਆ ਹੈ ਤੇ ਇੰਝ ਇਸ ਮਿਸ਼ਨ ਦੇ ਕਰਮਚਾਰੀ ਅਫ਼ਗਾਨੀ ਲੋਕਾਂ ਦੀ ਹੀ ਮਦਦ ਕਰ ਰਹੇ ਸਨ |

ਅਮਰੀਕਾ ਦੇ ਫਲੋਰੀਡਾ ਵਿੱਚ ਕੁਰਾਨ ਜਲਾਏ ਜਾਣ ਦੀ ਘਟਨਾ ਇਸਲਾਮੀ ਜਗਤ ਲਈ ਯਕੀਨਨ ਹੀ ਦੁੱਖਦਾਈ ਹੈ | ਇਸ ਦੇ ਨਾਲ ਹੀ, ਮਜ਼ਾਰ-ਏ-ਸ਼ਰੀਫ਼ ਵਿੱਚ ਸੰਯੁਕਤ ਰਾਸ਼ਟਰ ਦੇ ਮਿਸ਼ਨ ‘ਤੇ ਸੋਚ-ਵਿਹੂਣੇ ਅਨਸਰਾਂ ਵੱਲੋਂ ਹਮਲਾ ਕਰ ਕੇ ਇਸ ਦੇ ਕਰਮਚਾਰੀਆਂ ਦਾ ਕਤਲ ਕੀਤਾ ਜਾਣਾ ਵੀ ਮਨੁੱਖਤਾ ਵਿਰੋਧੀ ਕਾਇਰਾਨਾ ਕੰਮ ਹੈ, ਜਿਸ ਦੀ ਨਿਖੇਧੀ ਕੀਤੀ ਹੀ ਜਾਣੀ ਚਾਹੀਦੀ ਹੈ |

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’

ਫੇਰ ਹੋਇਆ ਦਸਤਾਰ ਦਾ ਅਪਮਾਨ

ਜਿਹੜੇ ਪੰਜਾਬੀ ਮਰਦ ਨੇ ਆਪਣੀ ਦਸਤਾਰ ਆਪ ਹੀ ਲਾਹ ਕੇ ਰੱਖ ਦਿੱਤੀ ਹੋਵੇ, ਉਹ ਸ਼ਾਇਦ ਇਹ ਦੁੱਖ ਨਾ ਸਮਝ ਸਕੇ | ਇਸ ਬੇਇਜ਼ਤੀ ਨੂੰ ਕੋਈ ਪੱਗ ਬੰਨ੍ਹਣ ਵਾਲਾ ਪੰਜਾਬੀ, ਪਠਾਣ, ਹਰਿਆਣਵੀ ਜਾਂ ਰਾਜਸਥਾਨੀ ਮਰਦ ਮਹਿਸੂਸ ਕਰ ਸਕਦਾ ਹੈ |

ਪੰਜਾਬ ਵਿੱਚ ਪਹਿਲਾਂ ਵੀ ਹਜਾਰਾਂ ਵਾਰ ਹੋਇਆ ਤੇ ਹੁਣ ਇੱਕ ਵਾਰ ਫੇਰ ਦਸਤਾਰ ਦਾ ਅਪਮਾਨ ਕੀਤਾ ਗਿਆ ਹੈ | ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਮੁਜਾਹਰਾ ਕਰਦੇ ਇੱਕ ਨੌਜਵਾਨ ਦੀ ਦਸਤਾਰ ਗੁੱਸੇ ਵਿੱਚ ਉੱਬਲਦੇ ਇੱਕ ਪੁਲਿਸ ਅਫਸਰ ਨੇ ਬਿਨ੍ਹਾਂ ਕਿਸੇ ਕਾਰਣ ਤੋਂ ਲਾਹ ਦਿੱਤੀ | ਇਹ ਘਟਨਾ ਵੀ ਅਜਿਹੀਆਂ ਅਨੇਕ ਹੋਰ ਘਟਨਾਵਾਂ ਵਾਂਗ ਅਣਗੌਲੀ ਰਹਿ ਜਾਣੀ ਸੀ ਜੇ ਕੋਈ ਰਾਹਗੀਰ ਇਸ ਘਟਨਾ ਦਾ ਵੀਡੀਓ-ਕਲਿੱਪ ਇੰਟਰਨੈੱਟ ‘ਤੇ ਨਾ ਅਪਲੋਡ ਕਰਦਾ | ਸੁਭਾਵਿਕ ਹੀ ਸੀ, ਦੇਸ਼-ਵਿਦੇਸ਼ ਵਿੱਚ ਇਸ ਬਾਰੇ ਤਿੱਖੀ ਪ੍ਰਤੀਕਿਰਿਆ ਹੋਈ | ਦਸਤਾਰ ਬੰਨ੍ਹਣ ਵਾਲੇ ਹਰ ਇਨਸਾਨ ਨੇ ਇਸ ਨੂੰ ਆਪਣੀ ਹੱਤਕ ਸਮਝਿਆ |

ਇੱਥੇ ਇਹ ਸਮਝ ਲੈਣਾ ਜਰੂਰੀ ਹੈ ਕਿ ਕਿਸੇ ਸਿੱਖ ਨੂੰ ਤਲਾਸ਼ੀ ਲਈ ਆਪਣੀ ਦਸਤਾਰ ਆਪ ਉਤਾਰਣ ਲਈ ਕਹਿਣ ਵਿੱਚ ਅਤੇ ਭਰੇ ਚੌਰਾਹੇ ਹੱਥ ਮਾਰ ਕੇ ਕਿਸੇ ਸਿੱਖ ਦੀ ਦਸਤਾਰ ਲਾਹ ਦੇਣ ਵਿੱਚ ਬਹੁਤ ਫ਼ਰਕ ਹੈ | ਤਲਾਸ਼ੀ ਲਈ ਦਸਤਾਰ ਉਤਾਰਣ ਲਈ ਕਹਿਣ ਵਾਲਾ ਪੁਲਿਸ ਕਰਮਚਾਰੀ ਆਪਣੀ ਡਿਊਟੀ ਪੂਰੀ ਕਰ ਰਿਹਾ ਹੋ ਸਕਦਾ ਹੈ, ਪਰ ਭਰੇ ਚੌਰਾਹੇ ਹੱਥ ਮਾਰ ਕੇ ਕਿਸੇ ਦੀ ਦਸਤਾਰ ਉਸ ਦੇ ਸਿਰ ਤੋਂ ਗਿਰਾਉਣ ਵਾਲਾ ਤਾਂ ਅਪਰਾਧ ਹੀ ਕਰ ਰਿਹਾ ਹੈ | ਜੇ ਕਿਸੇ ਸਿੱਖ ਦੀ ਦਸਤਾਰ ਦੀ ਬੇ-ਅਦਬੀ ਕੀਤੀ ਜਾਵੇ, ਤਾਂ ਇਹ ਉਸਦੇ ਧਾਰਮਿਕ ਅਕੀਦਿਆਂ ਅਤੇ ਧਾਰਮਿਕ ਭਾਵਨਾਵਾਂ ਦੀ ਵੀ ਬੇ-ਅਦਬੀ ਹੈ | ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨਾ ਭਾਰਤੀ ਦੰਡ ਵਿਧਾਨ ਦੀ ਧਾਰਾ ੨੯੫-ਏ ਅਧੀਨ ਇੱਕ ਅਪਰਾਧ ਹੈ |

ਭਾਰਤੀ ਦੰਡ ਵਿਧਾਨ ਦੀ ਧਾਰਾ ੨੯੫-ਏ ਬਿਆਨ ਕਰਦੀ ਹੈ, “Whoever, with deliberate and malicious intention of outraging the religious feelings of any class of citizens of India, by words, either spoken or written, or by signs or by visible representations or otherwise, insults or attempts to insult the religion or the religious beliefs of that class, shall be punished with imprisonment…which may extend to three years, or with fine, or with both.”

ਇੱਥੋਂ ਹੀ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਮੋਹਾਲੀ ਵਿੱਚ ਇੱਕ ਸਿੱਖ ਮੁਜਾਹਰਾਕਾਰੀ ਦੀ ਦਸਤਾਰ ਉਤਾਰਣ ਦੀ ਘਟਨਾ ਫੌਜਦਾਰੀ ਅਪਰਾਧ ਹੈ |

ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਜਿਆਦਾ ਦੂਰ ਨਹੀਂ ਹਨ | ਵਿਦੇਸ਼ਾਂ ਵਿੱਚ ਦਸਤਾਰ ਨੂੰ ਲਾਹ ਕੇ ਲਈ ਜਾ ਰਹੀ ਤਲਾਸ਼ੀ ਦੇ ਖਿਲਾਫ਼ ਕੇਂਦਰ ਸਰਕਾਰ ਨੂੰ ਕੋਈ ਕਾਰਵਾਈ ਕਰਨ ਲਈ ਜੋਰ ਪਾ ਰਹੇ ਅਕਾਲੀ ਸਿਆਸਤਦਾਨ ਮੋਹਾਲੀ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਦਸਤਾਰ ਦਾ ਅਪਮਾਨ ਕਰਨ ਦੀ ਘਟਨਾ ਨੂੰ ਨਜਰ-ਅੰਦਾਜ਼ ਕਰਨ ਦੀ ਗਲਤੀ ਨਹੀਂ ਸਨ ਕਰ ਸਕਦੇ | ਬਸ ਫਿਰ ਕੀ ਸੀ, ਪੰਜਾਬ ਸਰਕਾਰ ਨੇ ਫੌਰੀ ਕਾਰਵਾਈ ਕਰਦਿਆਂ ਇੱਕ ਐੱਸ. ਪੀ. ਅਤੇ ਇੱਕ ਥਾਣਾ-ਮੁਖੀ ਨੂੰ ਮੁਅੱਤਲ ਕਰ ਦਿੱਤਾ | ਡਿਪਟੀ ਮੁੱਖ ਮੰਤਰੀ ਨੇ ਇਸ ਸੰਬੰਧੀ ਨਿਆਂਇਕ ਜਾਂਚ ਦੇ ਹੁਕਮ ਵੀ ਜਾਰੀ ਕੀਤੇ |

ਇਹ ਤਾਂ ਵਕਤ ਹੀ ਦੱਸੇਗਾ ਕਿ ਜਾਂਚ ਦਾ ਕੀ ਨਤੀਜਾ ਨਿਕਲਦਾ ਹੈ ਜਾਂ ਦੋਸ਼ੀਆਂ ਨੂੰ ਕੋਈ ਸਜਾ ਮਿਲਦੀ ਹੈ ਕਿ ਨਹੀਂ, ਪਰ ਨਿਰੀ ਨਿਆਂਇਕ ਜਾਂਚ ਦੇ ਹੁਕਮ ਨਾਕਾਫੀ ਹਨ | ਚਾਹੀਦਾ ਤਾਂ ਇਹ ਸੀ ਕਿ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਕੇ ਘੱਟੋ-ਘੱਟ ਨਿਆਂਇਕ ਹਿਰਾਸਤ ਵਿੱਚ ਰਖਿਆ ਜਾਂਦਾ| ਇਸ ਨਾਲ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਫੈਲਿਆ ਰੋਹ ਕੁਝ ਸ਼ਾਂਤ ਹੋ ਸਕਦਾ ਸੀ | ਪੱਗ ਉਤਾਰਨ ਦਾ ਅਪਰਾਧ ਕਰਨ ਵਾਲਾ ਪੁਲਿਸ ਅਧਿਕਾਰੀ ਕੋਈ ਗੈਰ-ਸਿੱਖ ਹੈ | ਮੌਕਾਪ੍ਰਸਤ ਤੇ ਫਿਰਕੂ ਜ਼ਹਿਨੀਅਤ ਵਾਲੇ ਲੋਕ ਇਸ ਘਟਨਾ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ | ਦੋਸ਼ੀ ਪੁਲਿਸ ਕਰਮਚਾਰੀ ਦੀ ਗ੍ਰਿਫਤਾਰੀ ਨਾਲ ਫਿਰਕੂ ਅਨਸਰਾਂ ਦੀ ਅਜਿਹੀ ਕੋਈ ਕੋਸ਼ਿਸ਼ ਅਸਫ਼ਲ ਹੋ ਜਾਏਗੀ |

ਹੁਣ ਜਦੋਂ ਕਿ ਪੰਜਾਬ ਸਰਕਾਰ ਨੇ ਨਿਆਂਇਕ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ, ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਜਾਂਚ ਜਲਦੀ ਤੋਂ ਜਲਦੀ ਪੂਰੀ ਹੋਏ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਮਿਸਾਲੀ ਸਜਾ ਮਿਲ ਸਕੇ | ਇਨ੍ਹਾਂ ਪੁਲਿਸ ਕਰਮੀਆਂ ਨੂੰ ਮਿਲੀ ਸਜਾ ਤੋਂ ਹੋਰ ਪੁਲਿਸ ਕਰਮਚਾਰੀ ਵੀ ਸਬਕ ਸਿੱਖ ਸਕਣਗੇ ਤੇ ਇੰਝ ਭਵਿੱਖ ਵਿੱਚ ਦਸਤਾਰ ਦੇ ਵਾਰ-ਵਾਰ ਹੁੰਦੇ ਅਪਮਾਨ ਨੂੰ ਕੁਝ ਠੱਲ ਪੈ ਸਕੇਗੀ |

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’

ਮੋਹਾਲੀ ਕ੍ਰਿਕੇਟ ਮੈਚ : ਕੌਣ ਜਿੱਤਿਆ?

ਕ੍ਰਿਕੇਟ ਵੈਸੇ ਤਾਂ ਇੱਕ ਖੇਡ ਹੀ ਹੈ, ਪਰ ਗੱਲ ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦਰਮਿਆਨ ਕ੍ਰਿਕੇਟ ਮੈਚ ਦੀ ਹੋਵੇ, ਤਾਂ ਫਿਰ ਕ੍ਰਿਕੇਟ ਨਿਰੀ ਕ੍ਰਿਕੇਟ ਨਾ ਰਹਿ ਕੇ ਇੱਕ ਯੁੱਧ ਦਾ ਪ੍ਰਭਾਵ ਦੇਣ ਲੱਗਦੀ ਹੈ | ਕੁੱਝ ਅਜਿਹਾ ਹੀ ਮਹਿਸੂਸ ਹੋਇਆ, ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕੇਟ ਟੀਮਾਂ ਦਰਮਿਆਨ ਵਿਸ਼ਵ ਕੱਪ ਮੁਕਾਬਲੇ ਦੇ ਸੈਮੀਫਾਈਨਲ ਮੁਕਾਬਲੇ ਦਾ ਐਲਾਨ ਹੋਇਆ | ਤਾਰੀਖ ਰੱਖੀ ਗਈ ਸੀ ਮਾਰਚ ੩੦, ੨੦੧੧ ਅਤੇ ਮੈਦਾਨ ਨਿਰਧਾਰਿਤ ਹੋਇਆ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦਾ ਕ੍ਰਿਕੇਟ ਸਟੇਡੀਅਮ |

ਭਾਰਤੀ ਪ੍ਰਧਾਨ ਮੰਤਰੀ ਨੇ ਮੌਕੇ ਨੂੰ ਸਮਝਿਆ ਤੇ ਐਨ ਵਕਤ ਸਿਰ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੂੰ ਮੋਹਾਲੀ ਆ ਕੇ ਮੈਚ ਵੇਖਣ ਦਾ ਸੱਦਾ ਦੇ ਦਿੱਤਾ | ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵੀ ਸੱਦਾ ਪ੍ਰਵਾਨ ਕਰਨ ਵਿੱਚ ਕੋਈ ਢਿੱਲ-ਮੱਠ ਨਾ ਵਿਖਾਈ |

ਬਸ, ਫਿਰ ਕੀ ਸੀ? ਸਿਆਸਤ ਸ਼ੁਰੂ ਹੋ ਗਈ | ਮਹਾਰਾਸ਼ਟਰ ਤੋਂ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ਸਾਹਿਬ ਨੇ ਫ਼ੁਰਮਾਇਆ, “ਜੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਸ਼ਾਂਤੀ ਦੇ ਨਾਮ “ਤੇ ਮੋਹਾਲੀ ਵਿੱਚ ਮੈਚ ਵੇਖਣ ਲਈ ਸੱਦੇ ਜਾ ਸਕਦੇ ਹਨ, ਤਾਂ ਮੁੰਬਈ ਹਮਲੇ ਦੇ ਦੋਸ਼ੀ ਕਸਾਬ ਅਤੇ ਸੰਸਦ ਉੱਤੇ ਹਮਲੇ ਦੇ ਜਿੰਮੇਵਾਰ ਅਫਜ਼ਲ ਗੁਰੂ ਨਾਲ ਇਹ ਬੇ-ਇਨਸਾਫੀ ਕਿਉਂ? ਉਹਨਾਂ ਨੂੰ ਵੀ ਬੁਧਵਾਰ ਦਾ ਕ੍ਰਿਕੇਟ ਮੈਚ ਵੇਖਣ ਲਈ ਸੱਦਾ ਦਿੱਤਾ ਜਾਣਾ ਚਾਹੀਦਾ ਹੈ |”

ਠਾਕਰੇ ਸਾਹਿਬ ਨੇ ਇਹ ਟਿੱਪਣੀ ਸ਼ਿਵਸੈਨਾ ਦੇ ਮੁੱਖ ਅਖ਼ਬਾਰ ‘ਸਾਮਨਾ’ ਵਿੱਚ ਲਿਖੇ ਆਪਣੇ ਸੰਪਾਦਕੀ ਵਿੱਚ ਕੀਤੀ |

ਵੈਸੇ, ਜਦੋਂ ਭਾਰਤ ਵਿੱਚ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਸਨ, ਤਾਂ ਪਾਕਿਸਤਾਨ ਤੋਂ ਪਿਆਜ਼ ਮੰਗਵਾਉਣੇ ਪਏ ਸਨ | ਉਦੋਂ ਠਾਕਰੇ ਸਾਹਿਬ ਨੇ ਵਿਰੋਧ ਕਰਨਾ ਸ਼ਾਇਦ ਸਹੀ ਨਹੀਂ ਸਮਝਿਆ ਹੋਣਾ | ਇਰਾਨ ਤੋਂ ਗੈਸ ਮੰਗਵਾਉਣ ਲਈ ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਜੋ ਪਾਕਿਸਤਾਨ ਦੀ ਧਰਤੀ ਤੋਂ ਹੋ ਕੇ ਹੀ ਭਾਰਤ ਤਕ ਪਹੁੰਚ ਸਕਦੀ ਹੈ | ਠਾਕਰੇ ਸਾਹਿਬ ਨੂੰ ਸ਼ਾਇਦ ਇਸ ਦਾ ਵਿਰੋਧ ਕਰਨਾ ਠੀਕ ਨਾ ਲੱਗਦਾ ਹੋਏ | ਕ੍ਰਿਕੇਟ ਦਾ ਵਿਰੋਧ ਕਰ ਕੇ ਕੁਝ ਲੋਕਾਂ ਦਾ ਸਮਰਥਨ ਜ਼ਰੂਰ ਹਾਸਿਲ ਕੀਤਾ ਜਾ ਸਕਦਾ ਹੈ, ਪਰ ਪਿਆਜ਼ ਅਤੇ ਪੈਟ੍ਰੋਲ ਦਾ ਵਿਰੋਧ ਕਰ ਕੇ ਤਾਂ ਲੋਕਾਂ ਦੀ ਨਾਰਾਜ਼ਗੀ ਹੀ ਸਹੇੜਨੀ ਪਏਗੀ | ਵੋਟਾਂ ਦਾ ਭਿਕਸ਼ੂ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦਾ ਹੈ | ਠਾਕਰੇ ਸਾਹਿਬ ਵੀ ਜਰੂਰ ਸਮਝਦੇ ਹੋਣਗੇ | ਪਹਿਲਾਂ ਹੀ ਬਾਲ ਠਾਕਰੇ ਸਾਹਿਬ ਦੇ ਕਈ ਵੋਟਰ ਉਹਨਾਂ ਦੇ ਭਤੀਜੇ ਰਾਜ ਠਾਕਰੇ ਦੀ ਪਾਰਟੀ ਵਿੱਚ ਜਾ ਵੜੇ ਹਨ |

ਬਾਲ ਠਾਕਰੇ ਸਾਹਿਬ ਆਪ ਆਪਣੇ ਮਹਾਰਾਸ਼ਟਰ ਤੋਂ ਬਾਹਰ ਜ਼ਰਾ ਘੱਟ ਹੀ ਨਿਕਲਦੇ ਹਨ | ਉਹਨਾਂ ਦੇ ਵੀਚਾਰਾਂ ਦਾ ਪ੍ਰਭਾਵ ਵੀ ਮਹਾਰਾਸ਼ਟਰ ਤੋਂ ਬਾਹਰ ਜ਼ਰਾ ਘੱਟ ਹੀ ਪੈਂਦਾ ਦਿੱਸਦਾ ਹੈ |

ਮੈਚ ਤੋਂ ਕੁਝ ਹੀ ਦਿਨ ਪਹਿਲਾਂ, ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਭਾਰਤ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਪਿਛਲੇ ੨੭ ਸਾਲਾਂ ਤੋਂ ਪਾਕਿਸਤਾਨੀ ਜੇਲ ਵਿੱਚ ਕੈਦ ਭਾਰਤੀ ਨਾਗਰਿਕ ਗੋਪਾਲ ਦਾਸ ਦੀ ਰਿਹਾਈ ਦੇ ਕਾਗਜਾਂ ‘ਤੇ ਦਸਤਖ਼ਤ ਕੀਤੇ | ਭਾਰਤ ਦੀ ਸੁਪਰੀਮ ਕੋਰਟ ਨੇ ਪਾਕਿਸਤਾਨ ਨੂੰ ਗੋਪਾਲ ਦਾਸ ਦੀ ਰਿਹਾਈ ਲਈ ਅਪੀਲ ਕੀਤੀ ਸੀ | ਪਾਕਿਸਤਾਨ ਵੱਲੋਂ ਗੋਪਾਲ ਦਾਸ ਦੀ ਰਿਹਾਈ ਦੇ ਹੁਕਮ ਨਾਲ ਮਾਹੌਲ ਹੋਰ ਖੁਸ਼ਗਵਾਰ ਹੋ ਗਿਆ |

ਮੈਚ ਵੇਖਣ ਚਾਈਂ-ਚਾਈਂ ਭਾਰਤ ਪੁੱਜੇ ਪਾਕਿਸਤਾਨੀ ਕ੍ਰਿਕੇਟ ਪ੍ਰੇਮੀਆਂ ਦਾ ਭਾਰਤੀ ਪੰਜਾਬ ਦੇ ਨਿਵਾਸੀਆਂ ਨੇ ਨਿੱਘਾ ਸਵਾਗਤ ਕੀਤਾ | ਚੰਡੀਗੜ੍ਹ ਦੇ ਕਈ ਵਸਨੀਕਾਂ ਨੇ ਕਈ ਪਾਕਿਸਤਾਨੀ ਕ੍ਰਿਕੇਟ ਪ੍ਰੇਮੀਆਂ ਨੂੰ ਆਪਣੇ ਘਰ ਠਹਿਰਾ ਕੇ ਸ਼ਾਨਦਾਰ ਭਾਰਤੀ ਮਹਿਮਾਨ-ਨਿਵਾਜੀ ਦੀ ਵਧੀਆ ਮਿਸਾਲ ਪੇਸ਼ ਕੀਤੀ |

ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਇਸ ਮੈਚ ਨੂੰ ਵੇਖਣ ਮੋਹਾਲੀ ਪੁੱਜੇ | ਕ੍ਰਿਕੇਟ ਸਟੇਡੀਅਮ ਵਿੱਚ ਖੁਦ ਭਾਰਤੀ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ | ਇਸ ਮੈਚ ਨੂੰ ਵੇਖਣ ਲਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਸਮੇਤ ਕਈ ਰਾਜਨੇਤਾ ਅਤੇ ਮੁੰਬਈ ਦੇ ਕਈ ਅਭਿਨੇਤਾ ਤੇ ਅਭਿਨੇਤਰੀਆਂ ਪੁੱਜੀਆਂ |

ਵੈਸੇ, ਕ੍ਰਿਕੇਟ ਮੈਚ ਭਾਰਤ ਨੇ ਜਿੱਤਿਆ ਤੇ ਇੰਝ ਵਿਸ਼ਵ ਕੱਪ ਕ੍ਰਿਕੇਟ ਮੁਕਾਬਲਿਆਂ ਵਿੱਚ ਪਾਕਿਸਤਾਨ ਨੂੰ ਹਮੇਸ਼ਾ ਹਰਾਉਣ ਦਾ ਰਿਕਾਰਡ ਬਰਕਰਾਰ ਰੱਖਿਆ; ਪਰ, ਹਕੀਕਤ ਤਾਂ ਇਹ ਹੈ ਕਿ ਇਸ ਕ੍ਰਿਕੇਟ ਮੈਚ ਵਿੱਚ ਜਿੱਤ ਹੋਈ ਖੇਡ ਭਾਵਨਾ ਦੀ | ਜਿੱਤ ਹੋਈ ਭਾਰਤ-ਪਾਕਿਸਤਾਨ ਦਰਮਿਆਨ ਦੋਸਤੀ ਦੀ ਭਾਵਨਾ ਦੀ | ਜਿੱਤ ਹੋਈ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਇੱਕ ਦੂਜੇ ਨਾਲ ਸੰਪਰਕ ਕਾਇਮ ਰੱਖਣ ਦੀ ਇੱਛਾ ਦੀ | ਭਾਰਤੀ ਤੇ ਪੰਜਾਬੀ ਮਹਿਮਾਨ-ਨਿਵਾਜੀ ਦੀ ਪਰੰਪਰਾ ਦੀ ਸ਼ਾਨਦਾਰ ਜਿੱਤ ਹੋਈ ਇਸ ਕ੍ਰਿਕੇਟ ਮੈਚ ਦੌਰਾਨ |

ਵਾਹਿਗੁਰੂ ਕਰੇ ਕਿ ਇਹਨਾਂ ਜਿੱਤਾਂ ਦਾ ਸਿਲਸਿਲਾ ਇੰਝ ਹੀ ਜਾਰੀ ਰਹੇ |

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’

موہالی کرکیٹ میچ : جتیا کون ؟
کرکیٹ ویسے تاں اک کھیڈ ہی ہے، پر گلّ جدوں بھارت اتے پاکستان دیاں ٹیماں درمیان کرکیٹ میچ دی ہووے، تاں پھر کرکیٹ نری کرکیٹ نہ رہِ کے اک یدھ دا پربھاو دین لگدی ہے | کجھ اجیہا ہی محسوس ہویا، جدوں بھارت اتے پاکستان دیاں کرکیٹ ٹیماں درمیان وشو کپ مقابلے دے سیمیفائنل مقابلے دا اعلان ہویا | تاریخ رکھی گئی سی مارچ 30، 2011 اتے میدان نردھارت ہویا صاحب زادہ اجیت سنگھ نگر (موہالی) دا کرکیٹ سٹیڈیم |

بھارتی پردھان منتری نے موقعے نوں سمجھیا تے این وقت سر پاکستانی پردھان منتری یوسف رضا گلانی نوں موہالی آ کے میچ ویکھن دا سدا دے دتا | پاکستانی پردھان منتری نے وی سدا پروان کرن وچّ کوئی ڈھلّ-مٹھل نہ وکھائی |

بس، پھر کی سی؟ سیاست شروع ہو گئی | مہاراشٹر توں شو سینا دے مکھی بال ٹھاکرے صاحب نے فرمایا، “جے پاکستان دے راشٹرپتی آصف علی زرداری اتے پردھان منتری یوسف رضا گلانی شانتی دے نام “تے موہالی وچّ میچ ویکھن لئی سدے جا سکدے ہن، تاں ممبئی حملے دے دوشی قصاب اتے سنسد اتے حملے دے ذمہ وار افضل گورو نال ایہہ بے-انساپھی کیوں؟ اوہناں نوں وی بدھوار دا کرکیٹ میچ ویکھن لئی سدا دتا جانا چاہیدا ہے |”

ٹھاکرے صاحب نے ایہہ ٹپنی شوسینا دے مکھ اخبار ‘سامنا’ وچّ لکھے اپنے سمپادکی وچّ کیتی |

ویسے، جدوں بھارت وچّ پیاز دیاں قیمتاں آسمان چھوہ رہیاں سن، تاں پاکستان توں پیاز منگواؤنے پئے سن | ادوں ٹھاکرے صاحب نے ورودھ کرنا شاید صحیح نہیں سمجھیا ہونا | ایران توں گیس منگواؤن لئی پائیپ لائن وچھائی جا رہی ہے، جو پاکستان دی دھرتی توں ہو کے ہی بھارت تک پہنچ سکدی ہے | ٹھاکرے صاحب نوں شاید اس دا ورودھ کرنا ٹھیک نہ لگدا ہوئے | کرکیٹ دا ورودھ کر کے کجھ لوکاں دا سمرتھن ضرور حاصل کیتا جا سکدا ہے، پر پیاز اتے پیٹرول دا ورودھ کر کے تاں لوکاں دی ناراضگی ہی سہیڑنی پئیگی | ووٹاں دا بھکشو ایہہ گلّ چنگی طرحاں سمجھ سکدا ہے | ٹھاکرے صاحب وی ضرور سمجھدے ہونگے | پہلاں ہی بال ٹھاکرے صاحب دے کئی ووٹر اوہناں دے بھتیجے راج ٹھاکرے دی پارٹی وچّ جا وڑے ہن |

بال ٹھاکرے صاحب آپ اپنے مہاراشٹر توں باہر ذرا گھٹّ ہی نکلدے ہن | اوہناں دے ویچاراں دا پربھاو وی مہاراشٹر توں باہر ذرا گھٹّ ہی پیندا دسدا ہے |

میچ توں کجھ ہی دن پہلاں، پاکستانی راشٹرپتی آصف علی زرداری نے بھارت لئی جاسوسی کرن دے دوش وچّ پچھلے 27 سالاں توں پاکستانی جیل وچّ قید بھارتی ناگرک گوپال داس دی رہائی دے کاغذاں ‘تے دستخط کیتے | بھارت دی سپریم کورٹ نے پاکستان نوں گوپال داس دی رہائی لئی اپیل کیتی سی | پاکستان ولوں گوپال داس دی رہائی دے حکم نال ماحول ہور خوشگوار ہو گیا |

میچ ویکھن چائیں-چائیں بھارت پجے پاکستانی کرکیٹ پریمیاں دا بھارتی پنجاب دے نواسیاں نے نگھا سواگت کیتا | چنڈی گڑھ دے کئی وسنیکاں نے کئی پاکستانی کرکیٹ پریمیاں نوں اپنے گھر ٹھہرا کے شاندار بھارتی مہمان-نواجی دی ودھیا مثال پیش کیتی |

پاکستانی پردھان منتری یوسف رضا گلانی اس میچ نوں ویکھن موہالی پجے | کرکیٹ سٹیڈیم وچّ خود بھارتی پردھان منتری س. من موہن سنگھ نے پاکستانی پردھان منتری دا سواگت کیتا | اس میچ نوں ویکھن لئی پنجاب تے ہریانہ دے مکھ منتریاں سمیت کئی راجنیتا اتے ممبئی دے کئی ابھنیتا تے ابھنیتریاں پجیاں |

ویسے، کرکیٹ میچ بھارت نے جتیا تے انجھ وشو کپ کرکیٹ مقابلیاں وچّ پاکستان نوں ہمیشہ ہراؤن دا ریکارڈ برقرار رکھیا؛ پر، حقیقت تاں ایہہ ہے کہ اس کرکیٹ میچ وچّ جت ہوئی کھیڈ بھاونا دی | جت ہوئی بھارت-پاکستان درمیان دوستی دی بھاونا دی | جت ہوئی دوہاں دیشاں دے لوکاں دی اک دوجے نال سمپرک قایم رکھن دی اچھا دی | بھارتی تے پنجابی مہمان-نواجی دی پرمپرا دی شاندار جت ہوئی اس کرکیٹ میچ دوران |

واہگورو کرے کہ ایہناں جتاں دا سلسلہ انجھ ہی جاری رہے |

– امرت پال سنگھ ‘امرت’