Category Archives: Punjabi Articles And Comments

ਜੋ ਤੁਰੇ ਸੀ ਮੇਰੇ ਨਾਲ

(ਇਸ ਪੰਨੇ ਨਾਲ ਸੰਬੰਧਿਤ ਪੰਨਾ: ਮੈਂ ਕਿਸੇ ਕਹੂੰ ਮੇਰੇ ਸਾਥ ਚਲ).

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਧਰਮ, ਦੇਸ਼ ਤੇ ਕੌਮ ਲਈ ਸਾਹਿਤਿਕ ਤੇ ਵਿਦਿਅਕ ਸੇਵਾ ਲਈ ਇੱਕ ਟੀਮ ਬਣਾ ਕੇ ਆਪਣੀ ਜ਼ਿੰਦਗੀ ਸਮਰਪਿਤ ਕਰਨ ਦੀਆਂ ਗੱਲਾਂ ਕਈ ਸਾਲ ਪਹਿਲਾਂ ਅਸੀਂ ਇੱਕ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਕਰਦੇ ਸਾਂ । ਲੱਗਭੱਗ ਰੋਜ਼ਾਨਾ ਉਸ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕੀਰਤਨ ਤੇ ਗੁਰਮਤਿ ਵੀਚਾਰ ਕਰਨ ਵਿੱਚ ਬੜਾ ਮਜ਼ਾ ਆਉਂਦਾ ਸੀ ।

ਵਕਤ ਬੀਤਦਾ ਗਿਆ । ਫਿਰ ਉਹ ਸਮਾਂ ਵੀ ਆਇਆ, ਜਦੋਂ ਉਸ ਰਾਸਤੇ ਉੱਤੇ ਮੈਂ ਆਪਣੇ ਆਪ ਨੂੰ ਬਿਲਕੁਲ ਇਕੱਲਾ ਹੀ ਤੁਰਦਾ ਪਾਇਆ । ਪਾਰਿਵਾਰਿਕ ਜ਼ਿੰਦਗੀ ਦੀ ਘੁੰਮਣਘੇਰੀ ਵਿੱਚ ਮੇਰੇ ਸਾਰੇ ਸਾਥੀ ਗੁੰਮ ਹੁੰਦੇ ਚਲੇ ਗਏ । ਹੁਣ ਕਦੇ ਮੈਂ ਤੁਰਨ ਲੱਗ ਪੈਂਦਾ ਹਾਂ ਤੇ ਕਦੇ ਬਹਿ ਕੇ ਆਰਾਮ ਕਰਨ ਲੱਗਦਾ ਹਾਂ । ਆਪਣੇ ਆਪ ਨੂੰ ਇਹ ਧੋਖਾ ਜਿਹਾ ਹੀ ਦੇ ਰਿਹਾ ਹਾਂ ਕਿ ਮੈਂ ਕੁੱਝ ਕਰ ਰਿਹਾ ਹਾਂ ।

ਕੁੱਝ ਮਿੱਤਰ ਕੁੱਝ ਦਿਨ ਪਹਿਲਾਂ ਮੇਰੇ ਘਰ ਆਏ । ਪੁਰਾਣੇ ਦਿਨਾਂ ਦੀਆਂ ਗੱਲਾਂ ਛਿੜੀਆਂ । ਉਨ੍ਹਾਂ ਆਖਿਆ ਕਿ ਕੁੱਝ ਕਰੋ ਜੋ ਸੋਚਿਆ ਸੀ ।

ਕਰਨਾ ਕੀ ਹੈ ? ਆਪੇ ਪਰਮਾਤਮਾ ਹੀ ਸੇਵਾ ਲੈ ਲੈਂਦਾ ਹੈ, ਬੰਦਾ ਕੀ ਕਰਨ ਜੋਗਾ ? ਐਸੀ ਸਕੀਮ ਅਸਫ਼ਲ ਹੋ ਜਾਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜਿਸ ਵਿੱਚ ਕਿਸੇ ਹੋਰ ਦਾ ਸਹਿਯੋਗ ਜ਼ਰੂਰੀ ਹੋਵੇ । ਕੀ ਪਤਾ ਉਹ ਸਹਿਯੋਗ ਦਵੇ ਜਾਂ ਨਾ? ਜਾਂ ਭਵਿੱਖ ਵਿੱਚ ਕਦੇ ਸਹਿਯੋਗ ਦੇਣਾ ਬੰਦ ਕਰ ਦਵੇ ? ਜੋ ਕੰਮ ਕੋਈ ਵਿਅਕਤੀ ਇਕੱਲਾ ਕਰ ਸਕੇ, ਬਸ ਉਸੇ ਕੰਮ ਲਈ ਹੀ ਯਤਨ ਕਰਨਾ ਚਾਹੀਦਾ ਹੈ ।

ਇਹ ਪੰਕਤੀਆਂ ਕਦੇ ਮੈਂ ਹੀ ਲਿੱਖੀਆਂ ਸਨ : –

ਜੋ ਤੁਰੇ ਸੀ ਮੇਰੇ ਨਾਲ ਉਹ ਪਿੱਛੇ ਹੀ ਰਹਿ ਗਏ,
ਮੰਜ਼ਿਲ ‘ਤੇ ਹੈ ਅੱਖ ਮੇਰੀ, ਮੈਂ ਤੁਰਦਾ ਹੀ ਜਾ ਰਿਹਾ । (‘ਅੰਮ੍ਰਿਤ’)

(ਇਸ ਪੰਨੇ ਨਾਲ ਸੰਬੰਧਿਤ ਪੰਨਾ: ਮੈਂ ਕਿਸੇ ਕਹੂੰ ਮੇਰੇ ਸਾਥ ਚਲ).

ਕੁੱਤਿਆਂ ਦਾ ਅਪਮਾਨ ਨਾ ਕਰੋ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਸ਼ਾਂਤ ਜਿਹੇ ਮਾਹੌਲ ਵਿੱਚ ਮੈਂ ਇਕੱਲਾ ਹੀ ਸੈਰ ਕਰਨ ਨਿਕਲਿਆ । ਹਰ ਪਾਸੇ ਹਰਿਆਲੀ । ਖ਼ੂਬਸੂਰਤ ਦਰਖ਼ਤਾਂ ਦੇ ਖ਼ੂਬਸੂਰਤ ਦ੍ਰਿਸ਼ । ਕੁਦਰਤ ਕਿੰਨੀ ਖ਼ੂਬਸੂਰਤ ਹੈ ! ਆਕਾਸ਼ ਵਿੱਚ ਪੰਛੀ ਉਡਾਰੀ ਲਾਉਂਦੇ ਪਏ ਹਨ । ਦਰਖ਼ਤਾਂ ਦੀਆਂ ਟਾਹਣੀਆਂ ‘ਤੇ ਬੈਠੀਆਂ ਚਿੜੀਆਂ ਇਕੱਠੀਆਂ ਹੋ ਕੇ ਜਿਵੇਂ ਕੋਈ ਸੁਹਾਗ-ਗੀਤ ਗਾ ਰਹੀਆਂ ਹਨ । ਕਿਤੇ ਹਿਰਨਾਂ ਦਾ ਕੋਈ ਝੁੰਡ ਚੁੰਗੀਆਂ ਭਰ ਰਿਹਾ ਹੈ ਤੇ ਕਿਤੇ ਖ਼ਰਗੋਸ਼ ਇੱਧਰ ਉੱਧਰ ਦੌੜਦੇ ਦਿੱਖ ਜਾਂਦੇ ਹਨ ।

ਮੇਰਾ ਮਨ ਜਿਵੇਂ ਕੋਈ ਗੀਤ ਗੁਣਗੁਣਾ ਰਿਹਾ ਸੀ । ਪਰ, ਇਹ ਸਭ ਬਹੁਤੀ ਦੇਰ ਤਕ ਨਾ ਚੱਲਿਆ ਤੇ ਮੈਂ ਦੇਖਿਆ ਕਿ ਮੈਂਨੂੰ ਕੁੱਤਿਆਂ ਦੇ ਇੱਕ ਝੁੰਡ ਨੇ ਘੇਰ ਲਿਆ ਹੋਇਆ ਸੀ ।

ਮੇਰੇ ਦਿਮਾਗ਼ ਵਿੱਚ ਖ਼ਿਆਲ ਆਇਆ ਕਿ ਜਦੋਂ ਕੁੱਤਿਆਂ ਨੇ ਘੇਰਿਆ ਹੋਵੇ, ਤਾਂ ਬੀਰ-ਰਸ ਤੋਂ ਪਰਹੇਜ਼ ਕਰਨਾ ਹੀ ਚੰਗਾ ਹੈ । ਹਾਂ, ਜੇ ਸ਼ੇਰ ਘੇਰ ਲਵੇ, ਤਾਂ ਬਹਾਦੁਰੀ ਦਿਖਾਉਣੀ ਬਣਦੀ ਹੈ । ਕਾਰਣ ਸਾਫ਼ ਹੈ । ਸ਼ੇਰ ਨੇ ਵੱਢਿਆ, ਤਾਂ ਕੋਈ ਗੱਲ ਨਹੀਂ, ਕੁੱਤੇ ਨੇ ਵੱਢ ਲਿਆ, ਤਾਂ ਰੈਬੀਜ਼ ਦੇ ਇੰਜੈਕਸ਼ਨ ਲਗਵਾਉਣੇ ਪੈਂਦੇ ਹਨ । ਬੱਸ, ਇੰਜੈਕਸ਼ਨ ਲਗਵਾਉਣਾ ਮੈਂਨੂੰ ਚੰਗਾ ਨਹੀਂ ਲੱਗਦਾ ।

ਅਚਾਨਕ ਇੱਕ ਕੁੱਤਾ ਬੋਲਿਆ, “ਕੀ ਗੱਲ? ਡਰ ਗਏ?”

ਮੈਂ ਹੈਰਾਨ ਰਹਿ ਗਿਆ । ਇੱਕ ਕੁੱਤਾ ਇਨਸਾਨ ਵਾਂਗੂੰ ਬੋਲ ਰਿਹਾ ਸੀ ।

ਘਬਰਾਹਟ ਜਿਹੀ ਵਿੱਚ ਮੈਂ ਕੁੱਤੇ ਨੂੰ ਪੁੱਛਿਆ, “ਤੂੰ ਇਨਸਾਨਾਂ ਵਾਂਗੂੰ ਕਿਵੇਂ ਬੋਲ ਰਿਹਾ ਹੈਂ?”

ਕੁੱਤਾ ਹੱਸਿਆ ਤੇ ਬੋਲਿਆ, “ਜੇ ਇਨਸਾਨ ਕੁੱਤਿਆਂ ਵਾਂਗ ਭੌਂਕ ਸਕਦੇ ਹਨ, ਤਾਂ ਕੁੱਤੇ ਇਨਸਾਨਾਂ ਵਾਂਗ ਨਹੀਂ ਬੋਲ ਸਕਦੇ?”

ਮੈਂ ਸੋਚਿਆ ਕਿ ਗੱਲ ਤਾਂ ਕੁੱਤੇ ਦੀ ਸਹੀ ਹੈ । ਨਾਲੇ, ਹਜ਼ਾਰਾਂ ਸਾਲਾਂ ਤੋਂ ਇਨਸਾਨਾਂ ਦੇ ਨਾਲ ਰਹਿ ਕੇ ਕੁੱਤੇ ਹੋਰ ਵੀ ਤਾਂ ਕਿੰਨਾ ਕੁੱਝ ਸਿੱਖ ਗਏ ਹਨ । ਇਹ ਘਰਾਂ, ਪਾਲਤੂ ਜਾਨਵਰਾਂ ਅਤੇ ਫ਼ੈਕਟਰੀਆਂ ਆਦਿ ਦੀ ਰੱਖਵਾਲੀ ਕਰਦੇ ਹਨ । ਅੱਖਾਂ ਤੋਂ ਮੁਹਤਾਜ ਵਿਅਕਤੀਆਂ ਦੀ ਸਹਾਇਤਾ ਕਰਨ ਵਾਲੇ ਵਿਸ਼ੇਸ਼ ਕੁੱਤੇ ਹੁੰਦੇ ਹਨ । ਕੁੱਤਿਆਂ ਦੀ ਸੁੰਘਣ ਸ਼ਕਤੀ ਬੜੀ ਤਿੱਖੀ ਹੁੰਦੀ ਹੈ । ਇਹ ਸੁੰਘ ਕੇ ਇਸ਼ਾਰਾ ਕਰ ਦਿੰਦੇ ਹਨ ਕਿ ਇੱਥੇ ਕੋਈ ਬੰਬ ਜਾਂ ਬਾਰੂਦੀ ਸੁਰੰਗ ਹੈ । ਇਸੇ ਲਈ ਪੁਲਿਸ ਤੇ ਫ਼ੌਜ ਦੇ ਇਹ ਬੜੇ ਕੰਮ ਆਉਂਦੇ ਹਨ ।

ਕੁੱਤੇ ਕਈ ਤਰ੍ਹਾਂ ਦੇ ਹੁੰਦੇ ਹਨ, ਕਈ ਨਸਲਾਂ ਦੇ ਹੁੰਦੇ ਹਨ । ਜੰਗਲੀ ਕੁੱਤੇ ਵੀ ਹੁੰਦੇ ਹਨ ਤੇ ਘਰੇਲੂ (ਸ਼ਹਿਰੀ) ਕੁੱਤੇ ਵੀ ਹੁੰਦੇ ਹਨ । ਸ਼ਹਿਰੀ ਕੁੱਤੇ ਤੋਂ ਭਾਵ ਪਾਲਤੂ ਬਣਾਏ ਜਾ ਚੁੱਕੇ ਕੁੱਤਿਆਂ ਦੀਆਂ ਨਸਲਾਂ ਦਾ ਕੋਈ ਵੀ ਕੁੱਤਾ ਹੈ । ਇਸ ਕਿਸਮ ਦੇ ਕੁੱਤਿਆਂ ਨੂੰ ਇਸ ਹੱਦ ਤਕ ਪਾਲਤੂ ਬਣਾ ਲਿਆ ਗਿਆ ਕਿ ਉਹ ਹੁਣ ਜੰਗਲੀ ਕੁੱਤਿਆਂ ਜਿੰਨੇ ਖ਼ੂੰਖਾਰ ਨਹੀਂ ਰਹੇ । ਸ਼ਹਿਰੀ ਕੁੱਤੇ ਵੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਤਾਂ ਉਹ, ਜਿਹੜੇ ਸ਼ਹਿਰਾਂ, ਕਸਬਿਆਂ ਜਾਂ ਪਿੰਡਾਂ ਵਿੱਚ ਆਵਾਰਾ ਘੁੰਮਦੇ ਫਿਰਦੇ ਹਨ ਤੇ ਦੂਜੇ ਉਹ, ਜਿਹੜੇ ਕਿਸੇ ਪਰਿਵਾਰ ਨੇ ਪਾਲੇ ਹੁੰਦੇ ਹਨ ।

ਆਮ ਲੋਕਾਂ ਨੂੰ ਸ਼ਾਇਦ ਇਹ ਜਾਣਕਾਰੀ ਨਾ ਹੋਵੇ ਕਿ ਸ਼ਹਿਰੀ ਕੁੱਤੇ (domestic dog / Canis lupus familiaris) ਭੇੜੀਏ (gray wolf ਜਾਂ Canis lupus) ਦੇ ਹੀ ਵੰਸ਼ਜ ਹਨ । ਇਸ ਦਾ ਭਾਵ ਇਹ ਹੈ ਕਿ ਖ਼ਤਰਨਾਕ ਭੇੜੀਏ ਜਦੋਂ ਇਨਸਾਨ ਦੇ ਸੰਪਰਕ ਵਿੱਚ ਆਏ, ਤਾਂ ਉਨ੍ਹਾਂ ਵਿੱਚੋਂ ਕਈ ਇਨਸਾਨਾਂ ਦੇ ਨਾਲ ਰਹਿਣਾ ਸਿੱਖ ਗਏ ।

ਇਸ ਤੋਂ ਇਹ ਭਾਵ ਵੀ ਲਿਆ ਜਾ ਸਕਦਾ ਹੈ ਕਿ ਇਨਸਾਨੀ ਸਭਿਅਤਾ ਦੇ ਵਿਕਾਸ ਦੇ ਨਾਲ-ਨਾਲ ਕੁੱਤੇ ਵੀ ਵਿਕਾਸ ਕਰਦੇ ਗਏ । ਅਜਿਹਾ ਨਹੀਂ ਕਿ ਕੇਵਲ ਕੁੱਤਿਆਂ ਨੇ ਹੀ ਇਨਸਾਨ ਦੇ ਨਾਲ ਰਹਿਣਾ ਸਿੱਖਿਆ । ਹੋਰ ਜਾਨਵਰਾਂ ਨੇ ਵੀ ਇਨਸਾਨ ਦੇ ਨਾਲ ਰਹਿਣਾ ਸ਼ੁਰੂ ਕੀਤਾ ਤੇ ਅਜਿਹੇ ਜਾਨਵਰ ਇਨਸਾਨ ਦੇ ਕੰਮ ਵੀ ਆਏ (ਤੇ ਹੁਣ ਵੀ ਆ ਰਹੇ ਹਨ)। ਉਦਾਹਰਣ ਵਜੋਂ, ਗਾਵਾਂ, ਮੱਝਾਂ, ਘੋੜੇ, ਊਠ ਤੇ ਹਾਥੀ ਵਗ਼ੈਰਾ । ਹਾਂ, ਇੰਨਾ ਜ਼ਰੂਰ ਹੋ ਸਕਦਾ ਹੈ ਕਿ ਕੁੱਤਾ ਸਾਰੇ ਜਾਨਵਰਾਂ ਵਿੱਚੋਂ ਪਹਿਲਾ ਜਾਨਵਰ ਹੋਵੇ, ਜਿਸ ਨੇ ਇਨਸਾਨਾਂ ਨਾਲ ਰਹਿਣਾ ਸ਼ੁਰੂ ਕੀਤਾ ।

ਖੋਜੀਆਂ ਦਾ ਕਹਿਣਾ ਹੈ ਕਿ ਕੁੱਤੇ ਦਾ ਸਾਥ ਮਨੁੱਖ ਦੀ ਸ਼ਾਰੀਰਿਕ ਤੇ ਮਨੋਵਿਗਿਆਨਿਕ ਸਿਹਤ ਵਾਸਤੇ ਬਹੁਤ ਵਧੀਆ ਹੈ । ਜਿਨ੍ਹਾਂ ਲੋਕਾਂ ਨੇ ਕੁੱਤੇ ਪਾਲੇ ਹੋਏ ਹਨ, ਉਨ੍ਹਾਂ ਦੀ ਸਿਹਤ ਬਾਕੀ ਲੋਕਾਂ ਦੇ ਮੁਕਾਬਲੇ ਵਧੀਆ ਰਹਿੰਦੀ ਹੈ ਤੇ ਦਿਲ ਵੀ ਖ਼ੁਸ਼ ਰਹਿੰਦਾ ਹੈ । ਜੋ ਲੋਕ ਕੁੱਤੇ ਪਾਲਦੇ ਹਨ, ਉਨ੍ਹਾਂ ਦੀ ਸਿਹਤ ਵਧੀਆ ਰਹਿਣ ਦਾ ਇੱਕ ਕਾਰਣ ਇਹ ਵੀ ਹੈ ਕਿ ਕੁੱਤੇ ਦੀ ਦੇਖਭਾਲ ਕਰਦਿਆਂ ਉਨ੍ਹਾਂ ਦੀ ਚੰਗੀ ਕਸਰਤ ਹੋ ਜਾਂਦੀ ਹੈ ।

ਕੁੱਤਾ ਇੱਕ ਚੰਗਾ ਦੋਸਤ ਸਾਬਿਤ ਹੁੰਦਾ ਹੈ । ਇੱਕ ਚੰਗੇ ਦੋਸਤ ਵਾਂਗ ਹੀ ਉਹ ਆਪਣੇ ਮਾਲਕ ਦੇ ਦੁੱਖ ਤੇ ਸੁੱਖ ਨੂੰ ਮਹਿਸੂਸ ਕਰਨ ਦੀ ਸਮਰਥਾ ਰੱਖਦਾ ਹੈ । ਇਸ ਬਾਰੇ ਕਈ ਕਹਾਣੀਆਂ ਸਾਨੂੰ ਸੁਣਨ ਲਈ ਮਿਲ ਜਾਂਦੀਆਂ ਹਨ । ਉਹ ਅਪਾਹਿਜ ਲੋਕ, ਜਿਨ੍ਹਾਂ ਨੇ ਕੁੱਤਾ ਰੱਖਿਆ ਹੁੰਦਾ ਹੈ, ਅਜਨਬੀ ਲੋਕਾਂ ਨੂੰ ਮਿਲਣ ਲੱਗਿਆਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਨ । ਡਿਪ੍ਰੈਸ਼ਨ ਆਦਿ ਮਾਨਸਿਕ ਸਮੱਸਿਆਵਾਂ ਤੋਂ ਪ੍ਰੇਸ਼ਾਨ ਲੋਕਾਂ ਲਈ ਕੁੱਤਾ ਬਹੁਤ ਵਧੀਆ ਮਦਦਗਾਰ ਸਾਬਿਤ ਹੁੰਦਾ ਹੈ ।

ਕੁੱਤਾ ਹਜ਼ਾਰਾਂ ਸਾਲਾਂ ਤੋਂ ਮਨੁੱਖਾਂ ਦੇ ਨਾਲ ਵਿਚਰਦਾ ਆ ਰਿਹਾ ਹੈ । ਮਨੁੱਖੀ ਇਤਿਹਾਸ ਵਿੱਚ ਕੁੱਤਿਆਂ ਦਾ ਜ਼ਿਕਰ ਮੁੱਢ ਤੋਂ ਹੀ ਮਿਲਦਾ ਹੈ । ਦੁਨੀਆਂ ਭਰ ਦੇ ਸਾਹਿਤ ਵਿੱਚ ਕੁੱਤਿਆਂ ਦਾ ਵਰਣਨ ਹੈ । ਬੁੱਲ੍ਹੇ ਸ਼ਾਹ ਵਰਗੇ ਦਰਵੇਸ਼ ਨੇ ਕੁੱਤਿਆਂ ਦਾ ਜ਼ਿਕਰ ਕਰਦਿਆਂ ਆਖਿਆ :

ਬੁਲ੍ਹਿਆ ! ਰਾਤੀਂ ਜਾਗੇਂ, ਦਿਨੇਂ ਪੀਰ ਸਦਾਵੇਂ,
ਰਾਤੀਂ ਜਾਗਣ ਕੁੱਤੇ,
ਤੈਂ ਥੀਂ ਉੱਤੇ ।

ਗੁਰਬਾਣੀ ਵਿੱਚ ਅਨੇਕ ਥਾਵਾਂ ਉੱਤੇ ਬਾਣੀਕਾਰਾਂ ਨੇ ਆਪਣੇ-ਆਪ ਨੂੰ ਕੁੱਤਾ (ਕੂਕਰ) ਆਖਿਆ ਹੈ, ਜਿਵੇਂ :

ਹਮ ਕੂਕਰ ਤੇਰੈ ਦਰਬਾਰਿ ॥ (ਅੰਗ ੯੬੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ

ਕਬੀਰ ਕੂਕਰੁ ਰਾਮ ਕਉ (ਅੰਗ ੧੩੬੮, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਕੁੱਤੇ ਵਿੱਚ ਕੁੱਝ ਔਗੁਣ ਵੀ ਹਨ । ਕੁੱਤੇ ਨੂੰ ਲਾਲਚੀ ਜੀਵ ਵਜੋਂ ਜਾਣਿਆ ਜਾਂਦਾ ਹੈ, ਜੋ ਹੋਰਨਾਂ ਕੁੱਤਿਆਂ ਨਾਲ ਵੰਡ ਕੇ ਨਹੀਂ ਖਾ ਸਕਦਾ । ਇਸੇਲਈ, ਗੁਰਬਾਣੀ ਨੇ ‘ਲਬ’ (ਲਾਲਚ) ਨੂੰ ‘ਕੁੱਤਾ’ ਆਖਿਆ ਹੈ:

ਲਬੁ ਕੁਤਾ ਕੂੜੁ ਚੂਹੜਾ (ਸਿਰੀਰਾਗੁ ਮਹਲਾ ੧, ਅੰਗ ੧੫, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ).

ਕੁੱਤੇ ਭੌਂਕਦੇ ਵੀ ਬਹੁਤ ਹਨ । ਕਈ ਵਾਰ ਥੋੜੀ ਜਿਹੀ ਗੱਲ ‘ਤੇ ਹੀ ਭੌਂਕ-ਭੌਂਕ ਕੇ ਲੋਕਾਂ ਦੇ ਸਿਰ ਦੁੱਖਣ ਲਾ ਦਿੰਦੇ ਹਨ । ਸ਼ਾਇਦ ਇਸੇ ਕਰਕੇ ਹੀ ਗੁਰਬਾਣੀ ਵਿੱਚ ਨਿੰਦਕ ਦੀ ਗੱਲ ਕਰਦਿਆਂ ਕੁੱਤੇ ਦਾ ਜ਼ਿਕਰ ਆਇਆ ਹੈ :

ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥
ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥
(ਮਾਰੂ ਮਹਲਾ ੩, ੧੦੪੬, ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ,

ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥
(ਸਿਰੀਰਾਗੁ ਮਹਲਾ ੧, ਅੰਗ ੨੧, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਜੇ ਕੁੱਤਾ ਹਲਕ ਜਾਵੇ (ਪਾਗਲ ਹੋ ਜਾਵੇ), ਤਾਂ ਬਹੁਤ ਖ਼ਤਰਨਾਕ ਹੋ ਜਾਂਦਾ ਹੈ । ਇਸਲਈ, ਗੁਰਬਾਣੀ ਵਿੱਚ ਕੁੱਤਾ (ਜਾਂ ਕੂਕਰ) ਲਫ਼ਜ਼ ਦੀ ਵਰਤੋਂ ਇਸ ਸੰਦਰਭ ਵਿੱਚ ਵੀ ਕੀਤੀ ਗਈ ਮਿਲਦੀ ਹੈ :

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
(ਸਿਰੀਰਾਗੁ ਮਹਲਾ ੫, ਅੰਗ ੫੦, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ,

ਬਿਨੁ ਸਿਮਰਨ ਕੂਕਰ ਹਰਕਾਇਆ ॥
(ਗਉੜੀ ਮਹਲਾ ੫, ਅੰਗ ੨੩੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਜੋ ਵੀ ਹੋਵੇ, ਕੁੱਤਿਆਂ ਦੇ ਔਗੁਣਾਂ ਨਾਲੋਂ ਉਸ ਦੇ ਗੁਣ ਜ਼ਿਆਦਾ ਹਨ । ਇੱਕ ਗੁਣ ਕੁੱਤੇ ਵਿੱਚ ਅਜਿਹਾ ਹੈ, ਜੋ ਉਸ ਦੇ ਔਗੁਣਾਂ ਨੂੰ ਛੁਪਾ ਲੈਂਦਾ ਹੈ । ਇਹ ਗੁਣ ਹੈ ਵਫ਼ਾਦਾਰੀ ਦਾ । ਗੁਰੂ ਤੇਗ਼ ਬਹਾਦੁਰ ਸਾਹਿਬ ਨੇ ਵੀ ਕੁੱਤੇ (ਸੁਆਨ) ਦੇ ਆਪਣੇ ਮਾਲਕ (ਸੁਆਮੀ) ਪ੍ਰਤੀ ਵਫ਼ਾਦਾਰ ਹੋਣ ਦੇ ਗੁਣ ਦਾ ਜ਼ਿਕਰ ਕਰਦਿਆਂ ਇੱਕ-ਮਨ ਤੇ ਇੱਕ-ਚਿੱਤ ਹੋ ਕੇ ਹਰੀ ਦੀ ਭਗਤੀ ਕਰਨ ਦੀ ਗੱਲ ਆਖੀ ਹੈ :

ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥
ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕਿ ਚਿਤਿ ॥੪੫॥
(੧੪੨੮, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

“ਕੀ ਗੱਲ? ਕਿੱਧਰ ਗੁਆਚ ਗਏ? ਕੀ ਸੋਚਣ ਲੱਗ ਪਏ?” ਉਹ ਕੁੱਤਾ ਫਿਰ ਭੌਂਕਿਆ… ਮੇਰਾ ਮਤਲਬ ਹੈ ਬੋਲਿਆ ।

“ਕ… ਕ… ਕ… ਕੁੱਝ ਨਹੀਂ, ਕੁੱਝ ਨਹੀਂ, ਬੱਸ ਐਵੇਂ ਹੀ”, ਮੈਂ ਜਿਵੇਂ ਨੀਂਦ ਤੋਂ ਜਾਗਿਆ ਹੋਵਾਂ ।

“ਘਬਰਾਉ ਨਾ, ਅਸੀਂ ਤੁਹਾਨੂੰ ਵੱਢਣ ਤਾਂ ਨਹੀਂ ਲੱਗੇ”, ਕੁੱਤੇ ਨੇ ਹੱਸਦਿਆਂ-ਹੱਸਦਿਆਂ ਆਖਿਆ ।

ਮੇਰੇ ਸਾਹ ਵਿੱਚ ਸਾਹ ਆਇਆ । ‘ਇਹ ਕੁੱਤਾ ਹੈ, ਕੋਈ ਇਨਸਾਨ ਨਹੀਂ, ਜੋ ਭਰੋਸਾ ਦਵਾ ਕੇ ਫਿਰ ਆਪ ਹੀ ਮੈਂਨੂੰ ਧੋਖਾ ਦੇ ਦਵੇ’, ਮੈਂ ਸੋਚਿਆ ।

ਮੈਂ ਕਿਹਾ, “ਕਿਵੇਂ ਯਾਦ ਕੀਤਾ ਮੈਂਨੂੰ? ਕੋਈ ਖ਼ਾਸ ਗੱਲ?”

“ਗੱਲ ਤਾਂ ਬਹੁਤ ਹੀ ਖ਼ਾਸ ਹੈ । ਤੁਸੀਂ ਮਨੁੱਖੀ ਆਜ਼ਾਦੀ ਦੀ ਬਹੁਤ ਗੱਲ ਕਰਦੇ ਹੋ । ਜਾਨਵਰਾਂ ਦੇ ਹੱਕਾਂ ਦੇ ਵੀ ਤੁਸੀਂ ਵੱਡੇ ਸਮਰਥਕ ਹੋ”, ਕੁੱਤਾ ਇੱਕ ਦਮ ਗੰਭੀਰ ਮੁਦਰਾ ਵਿੱਚ ਆ ਗਿਆ ।

ਮੈਂ ਕਿਹਾ, “ਹਾਂ, ਜਾਨਵਰਾਂ ਦੇ ਵੀ ਹੱਕ ਹਨ । ਕਿਸੇ ਹੱਦ ਤਕ ਮਨੁੱਖਾਂ ਤੇ ਜਾਨਵਰਾਂ ਨੂੰ ਆਜ਼ਾਦੀ ਪ੍ਰਾਪਤ ਹੈ ਤੇ ਜਿੱਥੋਂ ਤਕ ਹੋ ਸਕੇ, ਇਸ ਆਜ਼ਾਦੀ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ।”

ਕੁੱਤਾ ਇੱਕ ਦਮ ਬੋਲਿਆ, “ਕੇਵਲ ਸ਼ਾਰੀਰਿਕ ਆਜ਼ਾਦੀ ਹੀ ਨਹੀਂ, ਬਲਕਿ ਮਾਣ-ਮਰਿਯਾਦਾ ਦੀ ਵੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ । ਆਖ਼ਿਰ, ਕੁੱਤਿਆਂ ਦੀ ਵੀ ਕੋਈ ਇੱਜ਼ਤ ਹੈ ।”

ਮੈਂ ਇੱਕ ਦਮ ਚੌਂਕਿਆ । ਕੁੱਤਿਆਂ ਦੀ ਇੱਜ਼ਤ ? ਇਨਸਾਨ ਨੇ ਤਾਂ ਅਜੇ ਇਨਸਾਨ ਦੀ ਇੱਜ਼ਤ ਕਰਨੀ ਨਹੀਂ ਸਿੱਖੀ । ਕਿਸੇ ਨਾਲ ਕਿਸੇ ਗੱਲ ਤੋਂ ਝਗੜਾ ਹੋ ਜਾਏ, ਤਾਂ ਸਭ ਤੋਂ ਪਹਿਲਾਂ ਇਨਸਾਨ ਆਪਣੇ ਵਿਰੋਧੀ ਨੂੰ ਮਾਂ ਜਾਂ ਭੈਣ ਦੀ ਗਾਲ੍ਹ ਕੱਢਦਾ ਹੈ । ਸਾਫ਼ ਹੈ ਕਿ ਮਰਦ ਤਾਂ ਅਜੇ ਉਸ ਔਰਤ ਦੀ ਇੱਜ਼ਤ ਕਰਨੀ ਨਹੀਂ ਸਿੱਖਿਆ, ਜਿਸ ਨੇ ਮਰਦਾਂ ਨੂੰ ਜਨਮ ਦਿੱਤਾ । ਇਤਿਹਾਸ ਪੜ੍ਹ ਕੇ ਦੇਖ ਲਉ, ਜਦੋਂ ਕਿਸੀ ਫ਼ੌਜ ਨੇ ਕਿਸੇ ਹੋਰ ਦੇਸ਼ ਜਾਂ ਇਲਾਕੇ ‘ਤੇ ਹਮਲਾ ਕੀਤਾ, ਤਾਂ ਉੱਥੋਂ ਦੀਆਂ ਔਰਤਾਂ ਨਾਲ ਬਲਾਤਕਾਰ ਕੀਤੇ, ਅਗਵਾ ਕੀਤਾ ਤੇ ਬਾਜ਼ਾਰਾਂ ਵਿੱਚ ਸ਼ਰੇਆਮ ਵੇਚਿਆ । ਤੇ ਇਹ ਕੁੱਤਾ ‘ਕੁੱਤਿਆਂ ਦੀ ਇੱਜ਼ਤ’ ਦੀ ਗੱਲ ਕਰ ਰਿਹਾ ਹੈ ।

ਮੈਂ ਕਿਹਾ, “ਗੱਲ ਕੀ ਹੈ? ਜ਼ਰਾ ਖੁੱਲ੍ਹ ਕੇ ਦੱਸੋ?”

“ਦੇਖੋ ਜੀ”, ਕੁੱਤਾ ਜਿਵੇਂ ਸਾਫ਼ ਤੇ ਸਪੱਸ਼ਟ ਗੱਲ ਕਰਨਾ ਚਾਹੁੰਦਾ ਸੀ, “ਤੁਸੀਂ ਲੋਕ ਇੰਟਰਨੈੱਟ ‘ਤੇ ਆਪਸ ਵਿੱਚ ਵੀਚਾਰ ਚਰਚਾ ਕਰਦੇ ਰਹਿੰਦੇ ਹੋ ।”

“ਬਿੱਲਕੁਲ ਕਰਦੇ ਹਾਂ, ਪਰ ਇਸ ਨਾਲ ਕੁੱਤਿਆਂ ਦੀ ਇੱਜ਼ਤ ਨੂੰ ਕੋਈ ਖ਼ਤਰਾ ਕਿਵੇਂ ਹੋ ਗਿਆ”, ਮੈਂ ਤੇਜ਼ੀ ਨਾਲ ਕਿਹਾ ।

ਮੇਰੀ ਗੱਲ ਕੱਟਦਿਆਂ ਕੁੱਤਾ ਬੋਲਿਆ, “ਕਾਹਲੇ ਨਾ ਪਉ । ਧੀਰਜ ਰੱਖੋ, ਧੀਰਜ । ਠਰੰਮੇ ਨਾਲ ਗੱਲ ਕਰੋ ।”

ਮੈਂਨੂੰ ਸ਼ਰਮ ਜਿਹੀ ਮਹਿਸੂਸ ਹੋਈ । ਇੱਕ ਕੁੱਤਾ ਇੱਕ ਇਨਸਾਨ ਨੂੰ ਮੱਤ ਦੇ ਰਿਹਾ ਸੀ ।

ਕੁੱਝ ਰੁਕ ਕੇ ਮੈਂ ਕਿਹਾ, “ਗੱਲ ਕੀ ਹੈ?”

ਕੁੱਤਾ ਹੋਰ ਗੰਭੀਰ ਹੋ ਗਿਆ । ਥੋੜੀ ਦੇਰ ਚੁੱਪ ਰਹਿਣ ਮਗਰੋਂ ਬੋਲਿਆ, “ਪਿੱਛਲੇ ਕਾਫ਼ੀ ਸਮੇਂ ਤੋਂ ਇੰਟਰਨੈੱਟ ਉੱਤੇ ਗੁਰਬਾਣੀ ਦੇ ਸਮਰਥਕਾਂ ਤੇ ਵਿਰੋਧੀਆਂ ਦਰਮਿਆਨ ਬਹਿਸਾਂ ਚਲਦੀਆਂ ਆ ਰਹੀਆਂ ਹਨ । ਨਿਤਨੇਮ ਦੀਆਂ ਬਾਣੀਆਂ ਬਾਰੇ ਚਰਚਾ ਹੋ ਰਹੀ ਹੈ । ਖ਼ਾਸ ਕਰ ਕੇ ਫ਼ੇਸਬੁੱਕ ਵੈੱਬਸਾਈਟ ‘ਤੇ ਕਈ ਗਰੁੱਪ ਇਸ ਪ੍ਰਕਾਰ ਦੀਆਂ ਬਹਿਸਾਂ ਕਰ ਰਹੇ ਹਨ ।”

ਮੈਂ ਹੈਰਾਨ ਹੋ ਕੇ ਕੁੱਤੇ ਦੇ ਮੂੰਹ ਵੱਲ ਦੇਖ ਰਿਹਾ ਸੀ । ਬਾਕੀ ਕੁੱਤੇ ਵੀ ਬੜੇ ਦੁਖੀ ਜਾਪ ਰਹੇ ਸਨ ।

ਮੈਂ ਕਿਹਾ, “ਹਾਂ, ਇਹ ਸਹੀ ਹੈ । ਨਿਤਨੇਮ ਦੀਆਂ ਬਾਣੀਆਂ ਬਾਰੇ ਚਰਚਾ ਹੁੰਦੀ ਰਹਿੰਦੀ ਹੈ । ਨਿਤਨੇਮ ਦੀਆਂ ਕੁੱਝ ਬਾਣੀਆਂ ਨੂੰ ਗੁਰੂ-ਕ੍ਰਿਤ ਮੰਨਣ ਵਾਲੇ ਇੱਕ ਪਾਸੇ ਹੁੰਦੇ ਹਨ ਤੇ ਇਸ ਨੂੰ ਸਿੱਖ-ਵਿਰੋਧੀ ਲਿਖਤਾਂ ਆਖਣ ਵਾਲੇ ਦੂਜੇ ਪਾਸੇ ਹੁੰਦੇ ਹਨ । ਪਰ, ਨਿਤਨੇਮ ਦੀਆਂ ਬਾਣੀਆਂ ਨਾਲ ਤੁਹਾਨੂੰ ਕੀ ਮਤਲਬ ਹੈ?”

ਕੁੱਤੇ ਨੇ ਲੰਬਾ ਸਾਹ ਭਰਿਆ ਤੇ ਬੋਲਿਆ, “ਸਿੱਧੇ ਰੂਪ ਵਿੱਚ ਤਾਂ ਸਾਨੂੰ ਕੋਈ ਮਤਲਬ ਨਹੀਂ । ਨਿੱਤਨੇਮ ਦੀਆਂ ਬਾਣੀਆਂ ਇਨਸਾਨ ਪੜ੍ਹਦੇ ਹਨ । ਅਸੀਂ ਕੁੱਤੇ ਹਾਂ । ਸਿੱਖਾਂ ਵਿੱਚੋਂ ਕਈ ਆਖਦੇ ਹਨ ਕਿ ਕੁੱਤਿਆਂ ਨੂੰ ਗੁਰਦੁਆਰੇ ਦਾ ਪ੍ਰਸ਼ਾਦ ਨਹੀਂ ਦੇਣਾ ਚਾਹੀਦਾ । ਜੇ ਅਸੀਂ ਪ੍ਰਸ਼ਾਦ ਹੀ ਲੈਣ ਦੇ ਯੋਗ ਨਹੀਂ, ਤਾਂ ਹੋਰ ਗੱਲਾਂ ਤਾਂ ਦੂਰ ਦੀਆਂ ਹਨ ।”

ਉਹ ਕੁੱਤਾ ਕੁੱਝ ਦੇਰ ਆਕਾਸ਼ ਵੱਲ ਤੱਕਦਾ ਰਿਹਾ । ਫਿਰ ਬੋਲਿਆ, “ਦੇਖੋ, ਕਿਹੜੀ ਬਾਣੀ ਕਿਸੇ ਨੇ ਪੜ੍ਹਨੀ ਹੈ ਤੇ ਕਿਹੜੀ ਨਹੀਂ, ਇਹ ਉਸਦਾ ਨਿਜੀ ਮਾਮਲਾ ਹੈ । ਗੁਰੂ ਨੂੰ ਕੀ ਲਿੱਖਣਾ ਚਾਹੀਦਾ ਸੀ ਤੇ ਕੀ ਨਹੀਂ, ਇਹ ਗੁਰੂ ਦੀ ਮਰਜ਼ੀ ਸੀ । ਹੁਣ, ਸਿੱਖ ਨੇ ਕੀ ਮੰਨਣਾ ਹੈ ਤੇ ਕੀ ਨਹੀਂ, ਇਹ ਸਿੱਖ ਦੀ ਮਰਜ਼ੀ ਹੈ । ਇਹ ਗੁਰੂ ਦੀ ਮਰਜ਼ੀ ਸੀ ਕਿ ਤਿਲਕ ਤੇ ਜੰਝੂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨੀ ਹੈ ਕਿ ਨਹੀਂ । ਇਹ ਸਿੱਖ ਦੀ ਮਰਜ਼ੀ ਹੈ ਕਿ ਤਿਲਕ ਤੇ ਜੰਝੂ ਧਾਰਣ ਕਰਨ ਵਾਲਿਆਂ ਦਾ ਅਪਮਾਨ ਕਰਨਾ ਹੈ ਕਿ ਨਹੀਂ ।”

ਕੁੱਤੇ ਨੇ ਬੋਲਣਾ ਜਾਰੀ ਰੱਖਿਆ, “ਨਿੱਤਨੇਮ ਦੀਆਂ ਬਾਣੀਆਂ ਦੀ ਪ੍ਰਮਾਣੀਕਤਾ ਬਾਰੇ ਵੀਚਾਰ ਕਰਨਾ ਅੱਜਕਲ੍ਹ ਦੇ ਸਿੱਖਾਂ ਦਾ ਹੱਕ ਹੋ ਸਕਦਾ ਹੈ । ਪਰ ਅਜਿਹਾ ਕਰਦਿਆਂ, ਉਨ੍ਹਾਂ ਨੂੰ ਕੋਈ ਹੱਕ ਨਹੀਂ ਕਿ ਉਹ ਹੋਰਨਾਂ ਨੂੰ ਮੱਲੋਮੱਲੀ ਇਸ ਵਿਵਾਦ ਵਿੱਚ ਘੜੀਸ ਲੈਣ ।”

ਮੈਂ ਪੁੱਛਿਆ, “ਕਿਸ ਨੇ ਇਸ ਵਿਵਾਦ ਵਿੱਚ ਕਿਸ ਨੂੰ ਘੜੀਸਿਆ ਹੈ?”

ਕੁੱਤਾ ਬੋਲਿਆ, “ਦੇਖੋ, ਨਿੱਤਨੇਮ ਅਤੇ ਹੋਰ ਬਾਣੀਆਂ ਬਾਰੇ ਵਿਵਾਦ ਦੋ ਧਿਰਾਂ ਕਰ ਰਹੀਆਂ ਹਨ । ਪਹਿਲੀ ਧਿਰ ਉਹ ਹੈ, ਜੋ ਇਸਨੂੰ ਗੁਰਬਾਣੀ ਮੰਨਦੀ ਹੈ । ਦੂਜੀ ਧਿਰ ਉਹ ਹੈ, ਜੋ ਇਸਨੂੰ ਗੁਰਬਾਣੀ ਨਹੀਂ ਮੰਨਦੀ । ਦੂਜੀ ਧਿਰ ਤਾਂ ਨਿਤਨੇਮ ਵਿੱਚ ਸ਼ਾਮਿਲ ਕੁੱਝ ਬਾਣੀਆਂ ਨੂੰ ਗੁਰਮਤਿ ਵਿਰੋਧੀ ਤਕ ਆਖ ਰਹੀ ਹੈ ।”

ਕੁੱਤਾ ਬੋਲਦਾ ਰਿਹਾ, “ਆਪਣੇ ਵੀਚਾਰ ਰੱਖਣੇ ਹੋਰ ਗੱਲ ਹੈ, ਪਰ ਵੀਚਾਰ ਰੱਖਦਿਆਂ ਗਾਲ੍ਹੀ-ਗਲੋਚ ‘ਤੇ ਉਤਰ ਆਉਣਾ ਹੋਰ ਗੱਲ ਹੈ । ਤੁਸੀਂ ਲੋਕ ਕੁੱਤੇ ਨਹੀਂ ਹੋ, ਇਨਸਾਨ ਹੋ, ਇਸਲਈ ਗਾਲ੍ਹੀ-ਗਲੋਚ ‘ਤੇ ਉਤਰ ਆਉਂਦੇ ਹੋ । ਜਿਸ ਨਾਲ ਝਗੜਾ ਹੋ ਰਿਹਾ ਹੁੰਦਾ ਹੈ, ਉਸ ਦੀ ਮਾਂ ਜਾਂ ਭੈਣ ਨੂੰ ਗਾਲ੍ਹਾਂ ਕੱਢਣ ‘ਤੇ ਉਤਰ ਆਉਂਦੇ ਹੋ । ਕਿਸੇ ਦੋਸ਼ੀ ਦੀ ਗ਼ਲਤੀ ਲਈ ਸਜ਼ਾ ਦੇਣ ਲਈ ਉਸ ਦੀ ਭੈਣ ਨਾਲ ਬਲਾਤਕਾਰ ਕਰਨ ਤਕ ਦੇ ਫ਼ੁਰਮਾਨ ਤੁਸੀਂ ਇਨਸਾਨ ਜਾਰੀ ਕਰ ਦਿੰਦੇ ਹੋ । ਪਾਕਿਸਤਾਨ ਵਰਗੇ ਮੁਲਕਾਂ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਸਾਰੇ ਵਿਸ਼ਵ ਦੇ ਲੋਕਾਂ ਸਾਹਮਣੇ ਆ ਚੁੱਕੀਆਂ ਹਨ । ਇਨਸਾਨਾਂ ਦੀਆਂ ਅਜਿਹੀਆਂ ਹਰਕਤਾਂ ਨੂੰ ਅਸੀਂ ‘ਇਨਸਾਨਪੁਣਾ’ ਆਖ ਕੇ ਦੁਰਕਾਰਦੇ ਹਾਂ । ਅਸੀਂ ‘ਇਨਸਾਨਪੁਣਾ’ ਨਹੀਂ ਕਰਦੇ, ਬਸ ‘ਕੁੱਤਪੁਣੇ’ ਤਕ ਹੀ ਸੀਮਿਤ ਰਹਿੰਦੇ ਹਾਂ ।”

ਮੈਂ ਡੂੰਘੀਆਂ ਸੋਚਾਂ ਵਿੱਚ ਪਿਆ ਹੋਇਆ ਸੀ । ਮੈਂ ਪੁੱਛਿਆ, “ਪਰ ਗੁਰਬਾਣੀ ਸੰਬੰਧੀ ਵਿਵਾਦ ਕਰਨ ਵਿੱਚ ਸਿੱਖਾਂ ਵੱਲੋਂ ਕੀਤੇ ਜਾ ਰਹੇ ‘ਇਨਸਾਨਪੁਣੇ’ ਤੋਂ ਕੁੱਤਿਆਂ ਦੀ ਇੱਜ਼ਤ ਨੂੰ ਕਿਵੇਂ ਨੁਕਸਾਨ ਹੋ ਰਿਹਾ ਹੈ?”

ਕੁੱਤਾ ਇੱਕਦਮ ਬੋਲਿਆ, “ਹੋ ਰਿਹਾ ਹੈ, ਹੋ ਰਿਹਾ ਹੈ । ਬਾਣੀਆਂ ਬਾਰੇ ਕਿੰਤੂ-ਪ੍ਰੰਤੂ ਕਰਨ ਵਾਲੇ ਬਾਣੀਆਂ ਨੂੰ ਮੰਨਣ ਵਾਲੇ ਵਿਅਕਤੀਆਂ ਨੂੰ ‘ਕੰਜਰ’ ਆਖਦੇ ਹਨ ਤੇ ਬਾਣੀਆਂ ਨੂੰ ‘ਕੰਜਰ-ਕਵਿਤਾ’ ਆਖਦੇ ਹਨ । ਕੁੱਤਿਆਂ ਵਿੱਚ ਕੰਜਰ ਨਹੀਂ ਹੁੰਦੇ, ਇਸਲਈ ਬਾਣੀਆਂ ਬਾਰੇ ਕਿੰਤੂ-ਪ੍ਰੰਤੂ ਕਰਨ ਵਾਲੇ ‘ਕੰਜਰ’ ਜਾਂ ‘ਕੰਜਰ-ਕਵਿਤਾ’ ਲਫ਼ਜ਼ ਵਰਤ ਕੇ ਕੁੱਤਿਆਂ ਦੀ ਕੋਈ ਬੇਇਜ਼ਤੀ ਨਹੀਂ ਕਰਦੇ । ਸਾਡੀ ਇੱਜ਼ਤ ਨੂੰ ਦਾਗ਼ ਤਾਂ ਉਦੋਂ ਲੱਗਦਾ ਹੈ, ਜਦੋਂ ਬਾਣੀਆਂ ਦੇ ਸਮਰਥਕ ਬਾਣੀ ਨੂੰ ‘ਕੰਜਰ-ਕਵਿਤਾ’ ਆਖੇ ਜਾਣ ‘ਤੇ ਗ਼ੁੱਸੇ ਵਿੱਚ ਆ ਕੇ ਬਾਣੀ-ਵਿਰੋਧੀ ਲੋਕਾਂ ਨੂੰ “ਕੁੱਤਾ” ਆਖ ਦਿੰਦੇ ਹਨ ।”

ਮੈਂ ਹੋਰ ਉਲਝ ਕੇ ਰਹਿ ਗਿਆ । ਮੈਂਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਸੇ ਨੂੰ ‘ਕੁੱਤਾ’ ਕਹਿਣ ਨਾਲ ਕੁੱਤਿਆਂ ਦੀ ਕੀ ਬੇਇੱਜ਼ਤੀ ਹੋ ਰਹੀ ਸੀ । ਮੈਂ ਕੁੱਝ ਦੇਰ ਕੁੱਤੇ ਨੂੰ ਗ਼ੌਰ ਨਾਲ ਦੇਖਦਾ ਰਿਹਾ, ਫਿਰ ਬੋਲਿਆ, “ਹਾਂ, ਅਜਿਹਾ ਹੋ ਰਿਹਾ ਹੈ । ਨਿਤਨੇਮ ਦੀਆਂ ਬਾਣੀਆਂ ਨੂੰ ਗੁਰਬਾਣੀ ਮੰਨਣ ਵਾਲੇ ਲੋਕ ਇਸ ਦੇ ਵਿਰੋਧੀਆਂ ਨੂੰ ਗ਼ੁੱਸੇ ਵਿੱਚ ‘ਕੁੱਤਾ’ ਆਖ ਦਿੰਦੇ ਹਨ । ਇਸ ਵਿੱਚ ਤੁਹਾਡਾ ਅਪਮਾਨ ਕਿਵੇਂ ਹੋ ਰਿਹਾ ਹੈ?”

ਕੁੱਤਾ ਇੱਕਦਮ ਗ਼ੁੱਸੇ ਵਿੱਚ ਬੋਲਿਆ, “ਹੋ ਰਿਹਾ ਹੈ, ਹੋ ਰਿਹਾ ਹੈ । ਜ਼ਰਾ ਗਹਿਰਾਈ ਵਿੱਚ ਜਾਉ । ਕੱਲ੍ਹ ਤਕ ਤੁਹਾਡਾ ਇੱਕ ਜੱਥੇਦਾਰ ਜਿਹੜੀਆਂ ਬਾਣੀਆਂ ਗੁਰਦੁਆਰਿਆਂ ਦੀਆਂ ਸਟੇਜਾਂ ‘ਤੇ ਗਾ-ਗਾ ਕੇ ਮਾਇਆ ਇਕੱਠੀ ਕਰਦੀ ਫਿਰਦਾ ਸੀ, ਜੱਥੇਦਾਰੀ ਖੁੱਸ ਜਾਣ ਮਗਰੋਂ ਉਹੀ ‘ਇਨਸਾਨ’ ਅੱਜ ਉਨ੍ਹਾਂ ਬਾਣੀਆਂ ਬਾਰੇ ਹੀ ਅਪਸ਼ਬਦ ਬੋਲ ਰਿਹਾ ਹੈ । ਦੱਸੋ ਅਜਿਹਾ ਕਿਹੜਾ ਗਿਰਿਆ ਹੋਇਆ ਕੁੱਤਾ ਹੈ, ਜੋ ਪਹਿਲਾਂ ਜਿਸ ਦਾ ਪ੍ਰਚਾਰ ਕਰਦਾ ਰਿਹਾ ਹੋਵੇ ਤੇ ਜਿਸ ਦੇ ਸਹਾਰੇ ਟੁੱਕੜ ਖਾਂਦਾ ਰਿਹਾ ਹੋਵੇ, ਫਿਰ ਉਸ ਦੇ ਖ਼ਿਲਾਫ਼ ਹੀ ਭੌਂਕਣ ਲੱਗ ਪਏ?”

ਮੈਂ ਡੌਰ-ਭੌਰ ਜਿਹਾ ਹੋਇਆ ਪਿਆ ਸੀ । ਕੁੱਤੇ ਨੇ ਬੋਲਣਾ ਜਾਰੀ ਰੱਖਿਆ, “ਅਸੀਂ ਕੁੱਤੇ ਹਾਂ ਕੁੱਤੇ, ਇਨਸਾਨ ਨਹੀਂ । ਕੋਈ ਕੁੱਤਾ ਇੰਨਾ ਗਿਰਿਆ ਹੋਇਆ ਨਹੀਂ ਹੋ ਸਕਦਾ ਕਿ ਜਿਸ ਬਾਣੀ ਦਾ ਪ੍ਰਚਾਰ ਕਰ-ਕਰ ਕੇ ਉਸ ਨੇ ਟੁੱਕੜ ਇਕੱਠੇ ਕੀਤੇ ਹੋਣ, ਉਸ ਹੀ ਬਾਣੀ ਦੇ ਖ਼ਿਲਾਫ਼ ਭੌਂਕਣਾ ਸ਼ੁਰੂ ਕਰ ਦਵੇ । ਅਜਿਹਾ ਕਰਨ ਵਾਲੇ ਇਨਸਾਨ ਦੀ ਤੁੱਲਣਾ ਕਿਸੇ ਕੁੱਤੇ ਨਾਲ ਕਰ ਕੇ ਪੂਰੀ ਕੁੱਤਾ ਜਾਤੀ ਦਾ ਅਪਮਾਨ ਕੀਤਾ ਗਿਆ ਹੈ ।”

ਸੱਚੀ ਗੱਲ ਤਾਂ ਇਹ ਹੈ ਕਿ ਮੈਂਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਕੁੱਤਾ ਜੋ ਆਖ ਰਿਹਾ ਹੈ, ਉਸ ਦਾ ਭਾਵ ਕੀ ਹੈ । ਮੈਂ ਬੱਸ ਸੁਣਦਾ ਹੀ ਜਾ ਰਿਹਾ ਸੀ ।

ਕੁੱਤਾ ਬੋਲਦਾ ਜਾ ਰਿਹਾ ਸੀ, “ਇਹ ਕਿਸੇ ਵੀ ਇਨਸਾਨ ਦੀ ਆਪਣੀ ਸੋਚ ਹੈ ਕਿ ਕੁਰਾਨ, ਵੇਦ, ਬਾਈਬਲ, ਦਸਮ ਗ੍ਰੰਥ ਜਾਂ ਕਿਸੇ ਵੀ ਹੋਰ ਗ੍ਰੰਥ ਨੂੰ ਮੰਨੇ ਜਾਂ ਨਾ, ਪਰ ਕਿਸੇ ਨੂੰ ਇਹ ਅਧਿਕਾਰ ਬਿਲਕੁਲ ਨਹੀਂ ਕਿ ਉਹ ਇਨ੍ਹਾਂ ਨੂੰ ਮੰਨਣ ਵਾਲਿਆਂ ਨੂੰ ‘ਕੰਜਰ’ ਆਖੇ ਜਾਂ ਕਿਸੇ ਵੀ ਤਰ੍ਹਾਂ ਜ਼ਲੀਲ ਕਰੇ । ਅਜਿਹਾ ਕਰਨਾ ਕਾਨੂੰਨਨ ਅਪਰਾਧ ਤਾਂ ਹੈ ਹੀ, ਇਹ ਮਨੁੱਖਤਾ ਅਤੇ ਸਮਾਜ ਪ੍ਰਤੀ ਅਪਰਾਧ ਵੀ ਹੈ । ਇਸੇ ਤਰ੍ਹਾਂ, ਕਿਸੇ ਵੀ ਧਾਰਮਿਕ ਗ੍ਰੰਥ ਪ੍ਰਤੀ ਘਿਰਣਾ ਰੱਖਣ ਵਾਲੇ ਕਿਸੇ ਇਨਸਾਨ ਨੂੰ ‘ਕੁੱਤਾ’ ਆਖਣਾ ਦੁਨੀਆਂ ਭਰ ਦੇ ਕੁੱਤਿਆਂ ਦੀ ਇੱਜ਼ਤ ‘ਤੇ ਹਮਲਾ ਹੈ । ਕੁੱਤਾ ਹੋਰ ਜੋ ਮਰਜ਼ੀ ਕਰੇ, ਪਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ‘ਤੇ ਚੋਟ ਨਹੀਂ ਕਰ ਸਕਦਾ । ਦਿੱਲੀ ਦੀਆਂ ਸੜਕਾਂ ‘ਤੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੋਈ ਕੁੱਤਾ ਨਹੀਂ ਕਰ ਸਕਦਾ । ਨਿਤਨੇਮ ਦੀਆਂ ਬਾਣੀਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਦੁਖਾਉਣ ਦਾ ਕੰਮ ਕੋਈ ਕੁੱਤਾ ਨਹੀਂ ਕਰ ਸਕਦਾ । ਅਸੀਂ ਕੁੱਤੇ ਹਾਂ ਕੁੱਤੇ, ਇਨਸਾਨ ਨਹੀਂ ।”

ਕੁੱਤਾ ਹੁਣ ਹੋਰ ਜੋਸ਼ ਵਿੱਚ ਸੀ, “ਕੋਈ ਇਨਸਾਨ ਪਹਿਲਾਂ ਤਾਂ ਗੁਰਦੁਆਰੇ ਵਿੱਚ ਗ੍ਰੰਥੀ ਬਣ ਜਾਂਦਾ ਹੈ, ਫਿਰ ਉਹੀ ਵਿਅਕਤੀ ਸਿੱਖ ਪ੍ਰੰਪਰਾਵਾਂ ਦੇ ਖ਼ਿਲਾਫ਼ ਭੌਂਕਦਾ-ਭੌਂਕਦਾ ਸਿੱਖ ਪ੍ਰੰਪਰਾਵਾਂ ਨੂੰ ‘ਬਿਪਰਨ ਕੀ ਰੀਤ’ ਗਰਦਾਨ ਦਿੰਦਾ ਹੈ । ਕੋਈ ਕੁੱਤਾ ਅਜਿਹਾ ਕਰਦਾ ਹੈ ਕਦੇ? ਕਦੇ ਸੁਣਿਆ ਕੋਈ ਕੁੱਤਾ ਸਿੱਖ ਪ੍ਰੰਪਰਾ ਦੇ ਖ਼ਿਲਾਫ਼ ਭੌਂਕਦਾ?”

ਕੁੱਤਾ ਚੁੱਪ ਹੀ ਨਹੀਂ ਹੋ ਰਿਹਾ ਸੀ, “ਸਿੱਖ ਪ੍ਰੰਪਰਾਵਾਂ ਤੇ ਸਿੱਖ ਗ੍ਰੰਥਾਂ ਦਾ ਅਪਮਾਨ ਕਰਨ ਵਾਲੇ ਲੋਕਾਂ ਨਾਲ ਤੁਸੀਂ ਜੋ ਮਰਜ਼ੀ ਸਲੂਕ ਕਰੋ, ਪਰ ਉਨ੍ਹਾਂ ਨੂੰ ‘ਕੁੱਤਾ’ ਕਹਿ ਕੇ ਸਾਰੇ ਕੁੱਤਿਆਂ ਦਾ ਅਪਮਾਨ ਨਾ ਕਰੋ । ਅਸੀਂ ਆਪਣਾ ਇਹ ਅਪਮਾਨ ਕਦੇ ਬਰਦਾਸ਼ਤ ਨਹੀਂ ਕਰਾਂਗੇ ।”

ਉਸ ਦੇ ਨਾਲ ਖੜੇ ਸਾਰੇ ਕੁੱਤੇ ਵੀ ਇਕੱਠੇ ਬੋਲੇ, “ਹਾਂ, ਹਾਂ, ਅਸੀਂ ਆਪਣਾ ਇਹ ਅਪਮਾਨ ਕਦੇ ਬਰਦਾਸ਼ਤ ਨਹੀਂ ਕਰਾਂਗੇ ।”

ਇੰਨੇ ਸਾਰੇ ਕੁੱਤਿਆਂ ਦੇ ਇਕੱਠੇ ਬੋਲਣ ਨਾਲ ਮੈਂ ਇੱਕ ਦਮ ਤ੍ਰਭਕ ਗਿਆ ਤੇ ਮੇਰਾ ਸਾਰਾ ਸਰੀਰ ਕੰਬ ਗਿਆ । ਇਸ ਤਰ੍ਹਾਂ ਕੰਬਣ ਨਾਲ ਮੇਰੀ ਨੀਂਦ ਟੁੱਟ ਗਈ । ਦੇਖਿਆ, ਤਾਂ ਮੈਂ ਆਪਣੇ ਘਰ ਵਿੱਚ ਆਪਣੇ ਬਿਸਤਰੇ ‘ਤੇ ਲੇਟਿਆ ਪਿਆ ਸੀ । ਸ਼ੁਕਰ ਹੈ ਰੱਬਾ, ਇਹ ਸਿਰਫ਼ ਸੁਪਨਾ ਹੀ ਸੀ, ਹਕੀਕਤ ਨਹੀਂ । ਕੀ ਪਤਾ ਗ਼ੁੱਸੇ ਵਿੱਚ ਆਏ ਹੋਏ ਕੁੱਤੇ ਕੀ ਕਰ ਬੈਠਦੇ ?

ਅਹਿਲਿਆ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥
(ਪ੍ਰਭਾਤੀ ਮਹਲਾ ੧ ਦਖਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਗੋਤਮ ਤੱਪ ਕਰਨ ਵਾਲਾ ਗ੍ਰਿਹਸਥੀ ਰਿਸ਼ੀ (ਤਪਾ) ਸੀ । ਅਹਿਲਿਆ ਉਸ ਦੀ ਇਸਤਰੀ (ਪਤਨੀ) ਸੀ ।

(ਅਹਿਲਿਆ ਤੇ ਗੋਤਮ ਰਿਸ਼ੀ ਜਿਸ ਜਗ੍ਹਾ ‘ਤੇ ਰਹਿੰਦੇ ਸਨ, ਉਹ ਦੇਹਰਦੂਨ ਦੇ ਕੋਲ ਹੈ । ਇਸ ਜਗ੍ਹਾ ‘ਤੇ ਹਰ ਸਾਲ ਮੇਲਾ ਲੱਗਦਾ ਹੈ । ਕਈ ਸਾਲ ਪਹਿਲਾਂ ਮੈਂ ਇਸ ਮੇਲੇ ਵਿੱਚ ਵੀ ਸ਼ਿਰਕਤ ਕੀਤੀ ਸੀ । ਹੁਣ ਉਹ ਫ਼ੁਰਸਤ ਕਿੱਥੇ !)

ਇੰਦਰ ਅਹਿਲਿਆ ਦੇ ਰੂਪ ‘ਤੇ ਮੋਹਿਤ ਹੋ ਕੇ ਉਸੇ ਪ੍ਰਕਾਰ ਕਾਮੀ ਹੋ ਗਿਆ, ਜਿਸ ਪ੍ਰਕਾਰ ਕੁੱਝ ਸਿੱਖਿਆਦਾਇਕ ਰਚਨਾਵਾਂ ਪੜ੍ਹ ਕੇ ਵੀ ਕੁਝ ਲੋਕਾਂ ਵਿੱਚ ਕਾਮ-ਵਾਸਨਾ ਦਾ ਸੰਚਾਰ ਹੋਣ ਲੱਗਦਾ ਹੈ ।

ਵੈਸੇ ਅਹਿਲਿਆ ਦੇ ਰੂਪ ਦਾ ਕੋਈ ਕਸੂਰ ਨਹੀਂ ਸੀ, (ਜਿਸ ਪ੍ਰਕਾਰ ਕੁੱਝ ਸਿੱਖਿਆਦਾਇਕ ਰਚਨਾਵਾਂ ਦਾ ਵੀ ਕੋਈ ਕਸੂਰ ਨਹੀਂ ਹੁੰਦਾ), ਇਹ ਇੰਦਰ ਹੀ ਸੀ, ਜਿਸ ਦੀ ਪ੍ਰਸਿੱਧ ਕਾਮੀ ਬਿਰਤੀ ਨੇ ਅਹਿਲਿਆ ਦੇ ਰੂਪ ਨੂੰ ਦੇਖ ਕੇ ਉਸੇ ਪ੍ਰਕਾਰ ਇੰਦਰ ਵਿੱਚ ਕਾਮ ਦਾ ਸੰਚਾਰ ਕੀਤਾ, ਜਿਸ ਪ੍ਰਕਾਰ ਕਿਸੇ ਕਾਮੀ ਇਸਤਰੀ ਜਾਂ ਪੁਰਸ਼ ਦਾ ਜ਼ਿਕਰ ਕਰਨ ਵਾਲੀ ਕਿਸੇ ਰਚਨਾ ਨੂੰ ਪੜ੍ਹ ਕੇ ਕਿਸੇ ਕਾਮੀ ਪੁਰਸ਼ ਜਾਂ ਇਸਤਰੀ ਵਿੱਚ ਕਾਮ ਦਾ ਸੰਚਾਰ ਬੜੀ ਤੀਬਰਤਾ ਨਾਲ ਹੁੰਦਾ ਹੈ ।

ਇੰਦਰ ਨੂੰ ਵੀ ਉਸ ਦੀ ਕਾਲੀ ਕਰਤੂਤ ਵਿੱਚ ਉਸ ਦਾ ਸਾਥ ਦੇਣ ਵਾਸਤੇ ਉਸੇ ਪ੍ਰਕਾਰ ਚੰਦਰ ਮਿਲ ਗਿਆ, ਜਿਸ ਪ੍ਰਕਾਰ ਅੱਜਕੱਲ੍ਹ ਕਿਸੇ ਸਿੱਖਿਆਦਾਇਕ ਰਚਨਾ ਨੂੰ ਭੰਡਣ ਵਾਸਤੇ ਭੰਡਾਂ ਨੂੰ ਕਿਸੇ ਰੋਜ਼ਾਨਾ ਅਖ਼ਬਾਰ ਦਾ ਸਾਥ ਮਿਲ ਸਕਦਾ ਹੈ ।

ਰਿਸ਼ੀ ਗੋਤਮ ਰੋਜ਼ਾਨਾ ਗੰਗਾ ਵਿੱਚ ਇਸ਼ਨਾਨ ਕਰਨ ਜਾਂਦਾ ਸੀ । ਇੰਦਰ ਉਸ ਸਮੇਂ ਭੇਸ ਵਟਾ ਕੇ ਅਹਿਲਿਆ ਕੋਲ ਜਾ ਪੁੱਜਾ, ਜਦੋਂ ਗੋਤਮ ਗੰਗਾ ਇਸ਼ਨਾਨ ਲਈ ਗਿਆ ਹੋਇਆ ਸੀ । ਜਦੋਂ ਇੰਦਰ ਅਹਿਲਿਆ ਨਾਲ ਮੂੰਹ ਕਾਲਾ ਕਰਨ ਆਇਆ, ਉਸ (ਇੰਦਰ) ਨੇ ਆਪਣਾ ਰੂਪ ਉਸੇ ਤਰ੍ਹਾਂ ਗੋਤਮ ਰਿਸ਼ੀ ਵਰਗਾ ਬਣਾਇਆ ਹੋਇਆ ਸੀ, ਜਿਸ ਤਰ੍ਹਾਂ ਗੁਰਬਾਣੀ-ਨਿੰਦਕਾਂ ਨੇ ਆਪਣਾ ਰੂਪ ਗੁਰਬਾਣੀ ਦੇ ਪ੍ਰਚਾਰਕਾਂ ਵਰਗਾ ਬਣਾਇਆ ਹੁੰਦਾ ਹੈ ਜੀ । ਭਗਤ-ਬਾਣੀ ਦੇ ਵਿਰੋਧੀ ਪੁ੍ਰਸ਼ ਇਸ ਦੀ ਇੱਕ ਮਿਸਾਲ ਹਨ ।

ਇੰਦਰ ਅਹਿਲਿਆ ਨੂੰ ਕਲੰਕਿਤ ਕਰਕੇ ਉਸੇ ਤਰ੍ਹਾਂ ਚੁੱਪ-ਚਾਪ ਵਾਪਸ ਜਾ ਕੇ ਬੈਠ ਗਿਆ, ਜਿਸ ਤਰ੍ਹਾਂ ਭਗਤ-ਬਾਣੀ ਖ਼ਿਲਾਫ਼ ਰੌਲਾ ਪਾਉਣ ਵਾਲੇ ਪਟਿਆਲਾ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਣ ਮਗਰੋਂ ਮੌਨ ਹੋ ਗਏ ।

ਜਦੋਂ ਗੋਤਮ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸ ਨੇ ਚੰਦਰ ਨੂੰ ਸਰਾਪ ਦਿੱਤਾ ਕਿ ਤੂੰ ਰਹਿੰਦੀ ਦੁਨੀਆਂ ਤਕ ਕਲੰਕੀ ਰਹੇਂ ।

ਇੰਦਰ ਨੂੰ ਕਾਮ ਦਾ ਚਸਕਾ ਸੀ, ਜਿਸ ਕਾਰਣ ਉਹ ਔਰਤਾਂ ਦਾ ਚਰਿੱਤਰ ਉਸੇ ਪ੍ਰਕਾਰ ਖ਼ਰਾਬ ਕਰਦਾ ਰਹਿੰਦਾ ਸੀ, ਜਿਸ ਪ੍ਰਕਾਰ ਗੁਰਬਾਣੀ ਵਿਰੋਧੀ ਲੋਕ ਗੁਰਸਿੱਖਾਂ ਦੀ ਸਿੱਖੀ ਨੂੰ ਦਾਗ਼ੀ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ।

ਕਾਮੀ ਪੁਰਸ਼ ਕਿਸੇ ਔਰਤ ਨੂੰ ਇੱਕ ਇਨਸਾਨ ਵਜੋਂ ਨਹੀਂ ਪਹਿਚਾਣਦਾ, ਸਗੋਂ ਕੇਵਲ ਉਸਦੇ ਔਰਤ ਅੰਗ (ਜਿਸਨੂੰ ਗੁਰਬਾਣੀ ਨੇ ‘ਭਗ’ ਕਿਹਾ ਹੈ) ਦੀ ਮਾਲਿਕਾ ਵਜੋਂ ਜਾਣਦਾ ਹੈ । ਰਿਸ਼ੀ ਗੋਤਮ ਨੇ ਇੰਦਰ ਨੂੰ ਉਸੇ ਪ੍ਰਕਾਰ ਦੁਖੀ ਹੋ ਕੇ ਬਦਅਸੀਸ ਦਿੱਤੀ, ਜਿਸ ਪ੍ਰਕਾਰ ਗੁਰਬਾਣੀ-ਨਿੰਦਾ ਤੋਂ ਦੁਖੀ ਹੋਏ ਗੁਰਸਿੱਖ ਕਿਸੇ ਗੁਰਬਾਣੀ-ਨਿੰਦਕ ਨੂੰ ਦੁਰ-ਫਿਟੇ ਆਖਦੇ ਹਨ । ਕਿਉਂਜੋ, ਇੰਦਰ ਔਰਤ ਦੀ ਪਹਿਚਾਣ ਸਿਰਫ਼ ‘ਭਗ’ ਦੀ ਮਾਲਿਕਾ ਵਜੋਂ ਹੀ ਕਰਨ ਦਾ ਆਦੀ ਸੀ, ਗੋਤਮ ਨੇ ਕਿਹਾ, “ਤੂੰ ਔਰਤ ਦੇ ਭਗ ਦੀ ਇੱਛਾ ਕਰਦਾ ਹੈਂ, ਜਾ, ਤੇਰੇ ਸਾਰੇ ਸਰੀਰ ‘ਤੇ ਭਗ ਦੇ ਹੀ ਨਿਸ਼ਾਨ ਹੋ ਜਾਣ” ।

ਗੋਤਮ ਦੇ ਵਾਕ ਪੂਰੇ ਹੋਏ ਤੇ ਇੰਦਰ ਦੇ ਸਾਰੇ ਸਰੀਰ ਉੱਪਰ ਥਾਂ-ਥਾਂ ‘ਤੇ ਭਗ ਦੇ ਨਿਸ਼ਾਨ ਬਣ ਗਏ : –

ਤਬ ਹੀ ਰਿਸਿ ਕੈ ਰਿਖਿ ਸ੍ਰਾਪ ਦਿਯੋ ॥
ਸੁਰ ਨਾਯਕ ਕੋ ਭਗਵਾਨ ਕਿਯੋ ॥
ਭਗ ਤਾਹਿ ਸਹੰਸ੍ਰ ਭਏ ਤਨ ਮੈ ॥
ਤ੍ਰਿਦਸੇਸ ਲਜਾਇ ਰਹਿਯੋ ਮਨ ਮੈ ॥੨੧॥
(ਚਰਿਤ੍ਰ ੧੧੫, ਸ੍ਰੀ ਦਸਮ ਗ੍ਰੰਥ ਸਾਹਿਬ)

ਗੋਤਮ ਦੇ ਸਰਾਪ ਸਦਕਾ ਅਹਿਲਿਆ ਪੱਥਰ (ਸ਼ਿਲਾ) ਰੂਪ ਹੋ ਗਈ । ਜਦੋਂ ਦਸ਼ਰਥ-ਪੁੱਤਰ ਸ੍ਰੀ ਰਾਮ ਦਾ ਪੈਰ ਉਸ ਨਾਲ ਛੋਹਿਆ, ਤਾਂ ਉਸ ਸ਼ਿਲਾ-ਰੂਪ ਹੋਈ ਅਹਿਲਿਆ ਦੀ ਮੁਕਤੀ ਹੋਈ :

ਗੋਤਮ ਨਾਰ ਅਹਿਲਿਆ ਤਿਸਨੋਂ ਦੇਖ ਇੰਦ੍ਰ ਲੋਭਾਣਾ ॥
ਪਰ ਘਰ ਜਾਇ ਸਰਾਪ ਲੈ ਹੋਇ ਸਹਸ ਭਗ ਪਛੋਤਾਣਾ ॥
ਸੁੰਞਾ ਹੋਆ ਇੰਦ੍ਰਲੋਕ ਲੁਕਿਆ ਸਰਵਰ ਮਨ ਸ਼ਰਮਾਣਾ ॥
ਸਹਸ ਭਗਹੁ ਲੋਇਣ ਸਹਸ ਲੈਂਦੋਈ ਇੰਦ੍ਰਪੁਰੀ ਸਿਧਾਣਾ ॥
ਸਤੀ ਸਤਹੁੰ ਟਲ ਸਿਲਾ ਹੋਇ ਨਦੀ ਕਿਨਾਰੇ ਬਾਝ ਪਰਾਣਾ ॥
ਰਘੁਪਤਿ ਚਰਣ ਛੁਹੰਦਿਆਂ ਚਲੀ ਸੁਰਗਪੁਰ ਬਣੇ ਬਿਬਾਣਾ ॥
ਭਗਤ ਵਛਲ ਭਲਯਾਈਅਹੁੰ ਪਤਿਤ ਉਧਾਰਣ ਪਾਪ ਕਮਾਣਾ ॥
ਗੁਣਨੋਂ ਗੁਣ ਸਭਕੋ ਕਰੈ ਅਉਗਣ ਕੀਤੇ ਗੁਣ ਤਿਸ ਜਾਣਾ ॥
ਅਵਿਗਤ ਗਤਿ ਕਿਆ ਆਖ ਵਖਾਣਾ ॥੧੮॥
(ਪਉੜੀ ੧੮, ਵਾਰ ੧੦, ਭਾਈ ਗੁਰਦਾਸ ਜੀ)

ਇਹ ਕਹਿਣਾ ਸ਼ਾਇਦ ਗ਼ਲਤ ਹੋਏ ਕਿ ਸਜ਼ਾ ਮਿਲਣ ਮਗਰੋਂ ਸਭ ਪਛਤਾਉਂਦੇ ਹਨ । ਗੁਰੂ ਪੰਥ ਦੇ ਦੋਖੀ ਪੰਥ ਵੱਲੋਂ ਪ੍ਰਾਪਤ ਸਜ਼ਾ ਮਗਰੋਂ ਵੀ ਕਈ ਵਾਰ ਪਛਤਾਉਂਦੇ ਹੋਏ ਮਹਿਸੂਸ ਨਹੀਂ ਹੁੰਦੇ । ਇੰਦਰ ਅਜਿਹੇ ਲੋਕਾਂ ਨਾਲੋਂ ਕੁੱਝ ਵੱਖਰਾ ਜਾਪਦਾ ਹੈ, ਕਿਉਂਕਿ ਗੁਰਬਾਣੀ ਦਾ ਉਪਰੋਕਤ ਫ਼ੁਰਮਾਨ ਸਾਨੂੰ ਦਸਦਾ ਹੈ:

ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥

ਭਾਵ, ਆਪਣੀ ਕਾਲੀ ਕਰਤੂਤ ਮਗਰੋਂ ਇੰਦਰ ਪਛਤਾਇਆ । ਸ਼ਾਇਦ ਬਾਕੀ ਦੇਵਾਂ ਨੇ ਉਸ ਨੂੰ ਫਿਟਕਾਰਿਆ ਵੀ ਹੋਵੇ । ਉਸ ਵੇਲੇ ਕਥਿਤ ਸੋਸ਼ਲ ਮੀਡਿਆ ਵੀ ਨਹੀਂ ਸੀ, ਜੋ ਫ਼ੇਸਬੁੱਕ ਵਗ਼ੈਰਾ ‘ਤੇ ਆ ਕੇ ਝੂਠੀਆਂ ਪ੍ਰੋਫ਼ਾਈਲਾਂ ਬਣਾ ਕੇ ਹੀ ਸਹੀ, ਉਸਦਾ ਸਾਥ ਦਿੰਦਾ ।

ਇਹ ਆਖਣਾ ਬਿਲਕੁਲ ਗ਼ਲਤ ਹੈ ਕਿ ਕੋਈ ਖ਼ੁਦ ਹੀ, ਜਾਣਬੁੱਝ ਕੇ ਭੁੱਲ ਜਾਂਦਾ ਹੈ, ਕੁਰਾਹੇ ਪੈ ਜਾਂਦਾ ਹੈ । ਉਪਰੋਕਤ ਸਬਦ ਵਿੱਚ ਹੀ ਇਹ ਫ਼ੁਰਮਾਨ ਹੈ:

ਕੋਈ ਜਾਣਿ ਨ ਭੂਲੈ ਭਾਈ ॥
ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥
(ਪ੍ਰਭਾਤੀ ਮਹਲਾ ੧ ਦਖਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਭਾਵ, ਕੋਈ ਜਾਣ-ਬੁੱਝ ਕੇ ਕੁਰਾਹੇ ਨਹੀਂ ਪੈਂਦਾ । ਉਹੀ ਭੁੱਲਦਾ ਹੈ, ਉਹੀ ਕੁਰਾਹੇ ਪੈਂਦਾ ਹੈ, ਜਿਸਨੂੰ ਉਹ ਵਾਹਿਗੁਰੂ ਆਪ ਭੁਲਾਉਂਦਾ ਹੈ, ਕੁਰਾਹੇ ਪਾਉਂਦਾ ਹੈ । ਸਮਝਦਾ ਵੀ ਉਹੀ ਹੈ, ਜਿਸਨੂੰ ਵਾਹਿਗੁਰੂ ਆਪ ਸਮਝਾਉਂਦਾ ਹੈ ।

ਇਸ ਲਈ, ਉਸ ਵਿਅਕਤੀ ਨੂੰ ਨਫ਼ਰਤ ਨਹੀਂ ਕੀਤੀ ਜਾਣੀ ਚਾਹੀਦੀ, ਜੋ ਗੁਰੂ-ਨਿੰਦਾ ਕਰੇ, ਜਾਂ ਗੁਰਬਾਣੀ-ਨਿੰਦਾ ਕਰੇ । ਉਸ ਦੇ ਹੱਥ-ਵੱਸ ਵੀ ਕੀ? ਉਹ ਅਜਿਹਾ ਤਾਂ ਕਰ ਰਿਹਾ ਹੈ, ਕਿਉਂਕਿ ਵਾਹਿਗੁਰੂ ਨੇ ਆਪ ਹੀ ਉਸ ਨੂੰ ਕੁਰਾਹੇ ਪਾ ਦਿੱਤਾ ਹੈ ।

ਹਾਂ, ਅਜਿਹਾ ਵਿਅਕਤੀ ਸਗੋਂ ਤਰਸ ਦਾ ਪਾਤਰ ਹੈ । ਉਸ ਦੀ ਅਜਿਹੀ ਹਰਕਤ ਦੇਖ ਕੇ ਕਿਸੇ ਦੇ ਮਨ ਵਿੱਚ ‘ਬੀਰ-ਰਸ’ ਦਾ ਸੰਚਾਰ ਹੋ ਸਕਦਾ ਹੈ ਤੇ ਉਹ ਅਜਿਹੇ ਨਿੰਦਕ ਦੀ ਸਾਰੀਰਿਕ ਦੁਰ-ਦਸ਼ਾ ਵੀ ਕਰ ਸਕਦਾ ਹੈ । ਪਰ ਅਜਿਹਾ ਵੀ ਹੋ ਸਕਦਾ ਹੈ ਕਿ ਕਿਸੇ ਗੁਰਸਿੱਖ ਦੇ ਮਨ ਵਿੱਚ ਕਿਸੇ ਨਿੰਦਕ ਨੂੰ ਦੇਖ ਕੇ ਉਸ ਪ੍ਰਤੀ ‘ਕਰੁਣਾ’ ਪੈਦਾ ਹੋਏ । ਇਸ ਪ੍ਰਕਾਰ ਕਿਸੇ ਗੁਰਸਿੱਖ ਦੇ ਮਨ ਵਿੱਚ ‘ਬੀਰ-ਰਸ’ ਦੀ ਜਗ੍ਹਾ ‘ਕਰੁਣਾ-ਰਸ’ ਦਾ ਸੰਚਾਰ ਵੀ ਹੋ ਸਕਦਾ ਹੈ ।

ਗੁਰੂ ਸਾਹਿਬ ਨੇ ਸੰਕੇਤ ਮਾਤਰ ਜ਼ਿਕਰ ਕੀਤਾ ਅਹਿਲਿਆ ਦਾ, ਉਨ੍ਹਾਂ ਲੋਕਾਂ ਵਾਸਤੇ, ਜੋ ਅਹਿਲਿਆ ਦੀ ਕਹਾਣੀ ਬਾਰੇ ਪਹਿਲਾਂ ਤੋਂ ਹੀ ਜਾਣਦੇ ਹਨ । ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ਦੀ ਪਉੜੀ ੧੮ ਵਿੱਚ ਇਸ ਕਹਾਣੀ ਦਾ ਜ਼ਿਕਰ ਕੀਤਾ ਹੈ ।

ਇਸੇ ਕਹਾਣੀ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪਾਖਿਆਨ ਚਰਿਤ੍ਰ ਵਿੱਚ ਵਿਸਥਾਰ ਨਾਲ 115ਵੇਂ ਚਰਿੱਤ੍ਰ ਵਿੱਚ ਵਰਣਿਤ ਕੀਤਾ ਗਿਆ ਹੈ । ਦਸਮ ਗ੍ਰੰਥ ਸਾਹਿਬ ਵਿੱਚ ਵਰਣਿਤ ਕਥਾ ਅਨੁਸਾਰ ਇੰਦਰ ਨੂੰ ਖ਼ੁਦ ਅਹਿਲਿਆ ਨੇ ਹੀ ਬੁਲਾਇਆ ਸੀ ਤੇ ਇੰਦਰ ਨੇ ਅਹਿਲਿਆ ਨਾਲ ਕੁਕਰਮ ਅਹਿਲਿਆ ਦੀ ਮਰਜ਼ੀ ਨਾਲ ਹੀ ਕੀਤਾ ਸੀ :

ਜੋਗਨੇਸੁਰੀ ਸਹਚਰੀ ਸੋ ਤਿਨ ਲਈ ਬੁਲਾਇ ॥
ਸਕਲ ਭੇਦ ਸਮੁਝਾਇ ਕੈ ਹਰਿ ਪ੍ਰਤਿ ਦਈ ਪਠਾਇ ॥੮॥
ਜਾਇ ਕਹਿਯੋ ਸੁਰਰਾਜ ਸੋ ਭੇਦ ਸਖੀ ਸਮਝਾਇ ॥
ਸੁਨਤ ਅਹਿਲਯਾ ਕੀ ਬ੍ਰਿਥਾ ਰੀਝਿ ਰਹਿਯੋ ਸੁਰਰਾਇ ॥੯॥
(ਚਰਿਤ੍ਰ ੧੧੫, ਸ੍ਰੀ ਦਸਮ ਗ੍ਰੰਥ ਸਾਹਿਬ)

ਗੁਰੂ ਗ੍ਰੰਥ ਸਾਹਿਬ ਅਹਿਲਿਆ ਤੇ ਇੰਦਰ ਦੀ ਘਟਨਾ ਦਾ ਜ਼ਿਕਰ ਕਰਦੇ ਹਨ, ਪਰ ਇਸ ਤੋਂ ਅਜਿਹਾ ਭਾਵ ਨਹੀਂ ਕੱਢਿਆ ਜਾ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਘਟਨਾ ਸੰਬੰਧੀ ਸਾਰੇ ਨੁਕਤਿਆਂ ਨੂੰ ਪ੍ਰਮਾਣੀਕ ਮੰਨ ਲਿਆ ਹੈ । ਇਸ ਘਟਨਾ ਤੋਂ ਕੋਈ ਜਿਗਿਆਸੂ ਸਬਕ ਪ੍ਰਾਪਤ ਕਰਦਾ ਹੈ ਕਿ ਅਜਿਹਾ ਕਰਨਾ ਗ਼ਲਤ ਹੈ । ਜੇ ਅਹਿਲਿਆ ਤੇ ਇੰਦਰ ਦੀ ਘਟਨਾ ਤੋਂ ਕੋਈ ਕਾਮੀ ਪੁਰਸ਼ ਇਹ ਸਬਕ ਪ੍ਰਾਪਤ ਕਰੇ ਕਿ ਪਰਾਈ ਇਸਤਰੀ ਨਾਲ ਭੇਸ ਵਟਾ ਕੇ ਕੁਕਰਮ ਕੀਤਾ ਜਾਣਾ ਚਾਹੀਦਾ ਹੈ, ਤਾਂ ਅਜਿਹਾ ਕਰਨ ਵਿੱਚ ਗੁਰਬਾਣੀ ਦਾ ਕੋਈ ਦੋਸ਼ ਤਾਂ ਨਹੀਂ ਹੋ ਸਕਦਾ । ਇਹ ਤਾਂ ਉਸ ਵਿਅਕਤੀ ਦੀ ਆਪਣੀ ਸੋਚ ਹੈ, ਜੋ ਉਸ ਨੂੰ ਵਾਹਿਗੁਰੂ ਨੇ ਦਿੱਤੀ ਹੈ । ਗੁਰਸਿੱਖ ਉਸ ਪ੍ਰਤੀ ਕਰੁਣਾ ਰੱਖ ਕੇ ਉਸ ਲਈ ਅਰਦਾਸ ਹੀ ਕਰ ਸਕਦਾ ਹੈ । ਨਫ਼ਰਤ ਕਰਨੀ ਤਾਂ ਗੁਰੂ ਨੇ ਸਿਖਾਈ ਹੀ ਨਹੀ….।

ਅਜੀਬ ਸੱਦਾ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਆਪਣੀ ਜ਼ਿੰਦਗੀ ਵਿੱਚ ਅਸੀਂ ਕਈ ਪ੍ਰਕਾਰ ਦੇ ਸੱਦੇ ਪ੍ਰਾਪਤ ਕਰਦੇ ਹਾਂ । ਕਦੇ ਸਾਡਾ ਕੋਈ ਸੰਬੰਧੀ/ਰਿਸ਼ਤੇਦਾਰ ਜਾਂ ਕੋਈ ਦੋਸਤ ਆਪਣੇ ਵਿਆਹ ਵਿੱਚ ਸ਼ਾਮਿਲ ਹੋਣ ਦਾ ਸੱਦਾ ਸਾਨੂੰ ਦਿੰਦਾ ਹੈ ਤੇ ਕਦੇ ਨਵੇਂ ਘਰ ਦੇ ਉਦਘਾਟਨ ਸਮਾਗਮ ਲਈ ਸਾਨੂੰ ਕੋਈ ਸੱਦਾ ਮਿਲਦਾ ਹੈ ।

ਕਿਸੇ ਵੱਲੋਂ ਇਸ ਪ੍ਰਕਾਰ ਦਾ ਸੱਦਾ ਮਿਲਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਸਾਡਾ ਕੁੱਝ ਮਹੱਤਵ ਹੈ । ਇਹ ਇਸ ਗੱਲ ਦਾ ਸਬੂਤ ਹੈ ਕਿ ਕੋਈ ਆਪਣੀ ਜ਼ਿੰਦਗੀ ਦੀ ਉਸ ਮਹੱਤਵਪੂਰਣ ਘਟਨਾ ਵਿੱਚ ਸਾਡੀ ਸ਼ਮੂਲੀਅਤ ਨਾਲ ਖ਼ੁਸ਼ੀ ਮਹਿਸੂਸ ਕਰਦਾ ਹੈ । ਅਜਿਹਾ ਸੱਦਾ ਮਿਲਣਾ ਆਪਸੀ ਸੰਬੰਧਾਂ ਨੂੰ ਹੋਰ ਨਿੱਘਾ ਕਰਦਾ ਹੈ ।

ਅਜਿਹਾ ਨਹੀਂ ਕਿ ਕੇਵਲ ਖ਼ੁਸ਼ੀ ਦੇ ਮੌਕੇ ‘ਤੇ ਹੀ ਸੱਦਾ ਦਿੱਤਾ ਜਾਂਦਾ ਹੈ । ਘਰ-ਪਰਿਵਾਰ ਵਿੱਚ ਕਿਸੇ ਜੀਅ ਦੀ ਮੌਤ ਹੋਣ ‘ਤੇ ਵੀ ਦੋਸਤਾਂ-ਮਿੱਤਰਾਂ ਤੇ ਸੰਬੰਧੀਆਂ-ਰਿਸ਼ਤੇਦਾਰਾਂ ਨੂੰ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ ਲਈ ਆਖਿਆ ਜਾਂਦਾ ਹੈ । ਪਰਿਵਾਰ ਦੇ ਕਿਸੇ ਜੀਅ ਦੇ ਅੰਤਿਮ ਸੰਸਕਾਰ ਜਾਂ ਭੋਗ ਆਦਿ ਲਈ ਸੱਦਾ ਦਿੱਤਾ ਜਾਂਦਾ ਹੈ ।

ਦੁੱਖ ਦੇ ਮੌਕੇ ‘ਤੇ ਦਿੱਤੇ ਅਜਿਹੇ ਸੱਦੇ ਵੀ ਇਹੀ ਸੰਕੇਤ ਕਰਦੇ ਹਨ ਕਿ ਸੱਦੇ ਗਏ ਵਿਅਕਤੀ ਨਾਲ ਪਰਿਵਾਰ ਦੀ ਕੋਈ ਨੇੜਤਾ ਹੈ ।

ਬਜ਼ੁਰਗਾਂ ਤੋਂ ਸੁਣਦੇ ਆਏ ਹਾਂ ਕਿ ਖ਼ੁਸ਼ੀ ਦੇ ਪਲ ਸਾਂਝੇ ਕਰਨ ਨਾਲ ਖ਼ੁਸ਼ੀ ਵੱਧ ਜਾਂਦੀ ਹੈ ਤੇ ਦੁੱਖ ਦੇ ਪੱਲ ਸਾਂਝੇ ਕਰਨ ਨਾਲ ਦੁੱਖ ਘੱਟ ਹੋ ਜਾਂਦਾ ਹੈ । ਇਸ ਗੱਲ ਵਿੱਚ ਕੁੱਝ ਸੱਚਾਈ ਤਾਂ ਜ਼ਰੂਰ ਹੈ ।

ਘਟਨਾ ਭਰਪੂਰ ਆਪਣੀ ਜ਼ਿੰਦਗੀ ਵਿੱਚ ਮੈਨੂੰ ਵੀ ਕਈ ਵਾਰ ਅਜਿਹੇ ਸੱਦੇ ਮਿਲੇ । ਉਨ੍ਹਾਂ ਵਿੱਚੋਂ ਕਈ ਸੱਦਿਆਂ ‘ਤੇ ਮੈਂ ਸੰਬੰਧਿਤ ਪਰਿਵਾਰ ਨਾਲ ਉਨ੍ਹਾਂ ਦੀ ਖ਼ੁਸ਼ੀ ਜਾਂ ਦੁੱਖ ਸਾਂਝਾਂ ਕਰਨ ਲਈ ਉਨ੍ਹਾਂ ਨਾਲ ਸ਼ਾਮਿਲ ਵੀ ਹੋਇਆ ।

ਮੇਰੇ (ਸਵਰਗੀ) ਪਿਤਾ ਜੀ ਦੇ ਮਾਮੀ ਜੀ ਬੀਬੀ ਚਤਰ ਕੌਰ ਜੀ, ਸੁਪਤਨੀ (ਸਵਰਗੀ) ਸ. ਮਨੋਹਰ ਸਿੰਘ ਜੀ ਨਾਲ ਮੇਰਾ ਚੰਗਾ ਪਿਆਰ ਬਣਿਆ ਹੋਇਆ ਸੀ । ਬਹੁਤ ਜ਼ਿਆਦਾ ਉਮਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਯਮੁਨਾਨਗਰ ਜ਼ਿਲ੍ਹੇ ਦੇ ਕਸਬੇ ਛਛਰੌਲੀ ਵਿੱਚ ਇਕੱਲਿਆਂ ਰਹਿਣਾ ਹੀ ਮਨਜ਼ੂਰ ਕੀਤਾ । ਮੈਂ ਵੀ ਇਕੱਲਾ ਹੀ ਰਹਿੰਦਾ ਹਾਂ, ਇਸ ਕਰਕੇ ਇਕੱਲੇ ਰਹਿਣ ਦੀ ਮੁਸ਼ਕਿਲ ਅਤੇ ਦੁੱਖ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ । ਜਦ ਵੀ ਛਛਰੌਲੀ ਜਾਂਦਾ, ਤਾਂ ਉਨ੍ਹਾਂ ਨੂੰ ਜ਼ਰੂਰ ਮਿਲ ਕੇ ਆਉਂਦਾ । ਕੁੱਝ ਵਰ੍ਹੇ ਇਸੇ ਤਰ੍ਹਾਂ ਬੀਤ ਗਏ ।

ਵਕਤ ਦੇ ਨਾਲ ਨਾਲ ਮਾਮੀ ਜੀ ਦੀ ਸਿਹਤ ਵਿੱਚ ਗਿਰਾਵਟ ਆਉਣ ਲੱਗੀ । ਪੁੱਤਰਾਂ ਨੇ ਬੜਾ ਜ਼ੋਰ ਪਾਇਆ ਕਿ ਉਹ ਉਨ੍ਹਾਂ ਦੇ ਨਾਲ ਰਹਿਣ, ਪਰ ਮਾਮੀ ਜੀ ਛਛਰੌਲੀ ਵਾਲਾ ਆਪਣਾ ਘਰ ਛੱਡ ਕੇ ਕਿਤੇ ਹੋਰ ਜਾਣ ਲਈ ਤਿਆਰ ਨਾ ਹੋਏ । ਹਾਂ, ਕਦੇ-ਕਦੇ ਉਹ ਕਦੇ ਇੱਕ ਅਤੇ ਕਦੇ ਦੂਜੇ ਪੁੱਤਰ ਕੋਲ ਕੁੱਝ ਦਿਨਾਂ ਲਈ ਚਲੇ ਜਾਂਦੇ ।

ਜਦੋਂ ਮੈਂ ਉਨ੍ਹਾਂ ਕੋਲ ਜਾਣਾ, ਤਾਂ ਉਹ ਆਪਣਾ ਦੁੱਖ-ਸੁੱਖ ਮੇਰੇ ਨਾਲ ਫਰੋਲ ਲੈਂਦੇ । ਮੈਂ ਵੀ ਉਨ੍ਹਾਂ ਅੱਗੇ ਆਪਣਾ ਦੁੱਖ-ਸੁੱਖ ਸਾਂਝਾ ਕਰ ਲੈਂਦਾ । ਉੁਨ੍ਹਾਂ ਮੈਂਨੂੰ ਬਹੁਤ ਜ਼ੋਰ ਪਾਉਣਾ ਕਿ ਮੈਂ ਵਿਆਹ ਕਰ ਲਵਾਂ । ਜਦੋਂ ਵੀ ਮੈਂ ਉਨ੍ਹਾਂ ਨੂੰ ਮੇਰੇ ਘਰ ਆਉਣ ਦਾ ਆਖਣਾ, ਤਾਂ ਉਨ੍ਹਾਂ ਕਹਿਣਾ, “ਮੇਰੀ ਸਿਹਤ ਠੀਕ ਨਹੀਂ ਰਹਿੰਦੀ, ਪਰ ਜੇ ਤੂੰ ਵਿਆਹ ਕਰੇਂਗਾ, ਤਾਂ ਮੈਂ ਜ਼ਰੂਰ ਤੇਰੇ ਵਿਆਹ ਵਿੱਚ ਆਵਾਂਗੀ ।”

ਖ਼ੈਰ, ਉਹ ਮੌਕਾ ਕਦੇ ਨਾ ਆਇਆ ।

ਜਦੋਂ ਉਨ੍ਹਾਂ ਨੇ ਆਪਣੇ ਸਵਰਗੀ ਪਤੀ ਦੀ 14ਵੀਂ ਬਰਸੀ ਕਰਨ ਦਾ ਸੋਚਿਆ, ਤਾਂ ਮੈਨੂੰ ਕਹਿਣ ਲੱਗੇ, “ਮੈਂ ਉਨ੍ਹਾਂ ਦੀ ਬਰਸੀ ਕਰਾਂਗੀ, ਤਾਂ ਤੈਨੂੰ ਜ਼ਰੂਰ ਸੱਦਾ ਦਿਆਂਗੀ । ਤੂੰ ਜ਼ਰੂਰ ਆਉਣਾ ਹੈ ।”

ਮੈਂ ਕਿਹਾ, “ਮਾਮੀ ਜੀ, ਮੈਂ ਜ਼ਰੂਰ ਆਵਾਂਗਾ ।”

ਅਜੇ ਬਰਸੀ ਦਾ ਪ੍ਰੋਗਰਾਮ ਪੱਕਾ ਬਣਿਆ ਹੀ ਨਹੀਂ ਸੀ, ਤਾਂ ਇੱਕ ਦਿਨ ਮੈਨੂੰ ਆਖਣ ਲੱਗੇ, “ਤੂੰ ਮੇਰਾ ਪੁੱਤਰ ਹੈਂ । ਜਦੋਂ ਮੈਂ ਮਰ ਜਾਵਾਂਗੀ, ਤਾਂ ਤੂੰ ਮੇਰੇ ਸਸਕਾਰ ‘ਤੇ ਜ਼ਰੂਰ ਆਉਣਾ ਹੈ । ਕੋਈ ਹੋਰ ਆਏ, ਜਾਂ ਨਾ ਆਏ, ਮੈਂਨੂੰ ਕੋਈ ਪ੍ਰਵਾਹ ਨਹੀਂ ।”

ਮੈਂ ਉਨ੍ਹਾਂ ਵੱਲ ਗ਼ੌਰ ਨਾਲ ਤੱਕਿਆ । ਉਹ ਬਹੁਤ ਗੰਭੀਰ ਸਨ । ਮੈਂ ਕੁੱਝ ਆਖਣ ਦੀ ਜ਼ੁਰਅੱਤ ਨਾ ਕੀਤੀ ।

ਛੇਤੀ ਹੀ ਉਨ੍ਹਾਂ ਨੇ ਆਪਣੇ ਸਵਰਗੀ ਪਤੀ (ਮੇਰੇ ਪਿਤਾ ਜੀ ਦੇ ਮਾਮਾ ਜੀ) ਦੀ ਬਰਸੀ ਕੀਤੀ । ਮੈਂ ਉਸ ਮੌਕੇ ਸ਼ਾਮਿਲ ਹੋਇਆ । ਉਸੇ ਦਿਨ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ । ਅਗਲੇ ਦਿਨ ਉਹ ਆਪਣੇ ਛੋਟੇ ਬੇਟੇ ਦੇ ਘਰ ਚਲੇ ਗਏ ।

ਕੁੱਝ ਦਿਨਾਂ ਮਗਰੋਂ ਜਦੋਂ ਉਨ੍ਹਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਗਈ, ਤਾਂ ਉਨ੍ਹਾਂ ਨੂੰ ਯਮੁਨਾਨਗਰ ਦੇ ਗਾਬਾ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ । ਮੈਂ ਉਨ੍ਹਾਂ ਨੂੰ ਮਿਲਣ ਹਸਪਤਾਲ ਗਿਆ । ਉਹ ਬਹੁਤ ਪੀੜਾ ਵਿੱਚ ਸਨ ਤੇ ਗੱਲ ਨਹੀਂ ਕਰ ਸਕਦੇ ਸਨ । ਉਨ੍ਹਾਂ ਨੇ ਮੈਂਨੂੰ ਕੁੱਝ ਕਿਹਾ, ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂਨੂੰ ਸਮਝ ਨਹੀਂ ਲੱਗੀ ਕਿ ਉਹ ਕੀ ਆਖ ਰਹੇ ਸਨ ।

ਡਾਇਲਸਿਜ਼ ਕਰਨ ਤੋਂ ਬਾਅਦ ਉਹ ਹੋਸ਼ ਵਿੱਚ ਨਾ ਆਏ । ਡਾਕਟਰਾਂ ਵੱਲੋਂ ਜਵਾਬ ਦਿੱਤੇ ਜਾਣ ਮਗਰੋਂ ਉਨ੍ਹਾਂ ਨੂੰ ਉਸੀ ਹਾਲਤ ਵਿੱਚ ਉਨ੍ਹਾਂ ਦੇ ਘਰ ਲੈ ਆਉਂਦਾ ਗਿਆ । ਆਪਣੇ ਪਤੀ ਦੀ 14ਵੀਂ ਬਰਸੀ ਕੀਤਿਆਂ ਅਜੇ ਇੱਕ ਮਹੀਨਾ ਵੀ ਪੂਰਾ ਨਹੀਂ ਹੋਇਆ ਸੀ ਕਿ ਮਾਰਚ 17, 2012 ਨੂੰ ਛਛਰੌਲੀ ਦੇ ਆਪਣੇ ਘਰ ਵਿੱਚ ਉਨ੍ਹਾਂ ਨੇ ਆਪਣਾ ਆਖ਼ਰੀ ਸਾਹ ਲਿਆ ਤੇ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਦਿੱਤੀ ।

ਉਨ੍ਹਾਂ ਦੀ ਮੌਤ ਦੇ ਅੱਧੇ ਘੰਟੇ ਵਿੱਚ ਹੀ ਉਨ੍ਹਾਂ ਦੇ ਵੱਡੇ ਬੇਟੇ ਨੇ ਮੈਨੂੰ ਇਹ ਦੁੱਖਦਾਈ ਖ਼ਬਰ ਫ਼ੋਨ ਰਾਹੀਂ ਦਿੱਤੀ ।

ਖ਼ਬਰ ਸੁਣਦਿਆਂ ਹੀ ਪਹਿਲੀ ਗੱਲ ਜੋ ਮੇਰੇ ਧਿਆਨ ਵਿੱਚ ਆਈ, ਉਹ ਇਹ ਸੀ ਕਿ ਮਾਮੀ ਜੀ ਨੇ ਮੈਂਨੂੰ ਆਖਿਆ ਸੀ, “ਜਦੋਂ ਮੈਂ ਮਰ ਜਾਵਾਂਗੀ, ਤਾਂ ਤੂੰ ਮੇਰੇ ਸਸਕਾਰ ‘ਤੇ ਜ਼ਰੂਰ ਆਉਣਾ ਹੈ ।”

ਮਾਮੀ ਜੀ ਵੱਲੋਂ ਅਗਾਊਂ ਹੀ ਦਿੱਤਾ ਗਿਆ ਇਹ ਸੱਦਾ ਬੜਾ ਅਜੀਬ ਸੀ । ਮੈਂਨੂੰ ਪਹਿਲਾਂ ਕਦੇ ਵੀ ਅਜਿਹਾ ਸੱਦਾ ਨਹੀਂ ਸੀ ਮਿਲਿਆ ।

ਜਦੋਂ ਮੈਂ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇ ਰਿਹਾ ਸੀ, ਉਦੋਂ ਵੀ ਮੇਰੇ ਦਿਮਾਗ਼ ਵਿੱਚ ਮਾਮੀ ਜੀ ਦੀ ਉਹ ਹੀ ਗੱਲ ਘੁੰਮਦੀ ਰਹੀ । ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਕੇਵਲ ਤਿੰਨ ਇਨਸਾਨ ਹੀ ਐਸੇ ਸਨ, ਜੋ ਮੇਰੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ, ਜਾਂ ਇਉਂ ਕਹਿ ਲਉ ਕਿ ਜਿਨ੍ਹਾਂ ਅੱਗੇ ਮੈਂ ਆਪਣੀਆਂ ਭਾਵਨਾਵਾਂ ਬਿਆਨ ਕਰ ਸਕਦਾ ਸੀ । ਇਹ ਤਿੰਨ ਵਿਅਕਤੀ ਸਨ, ਮੇਰੇ ਨਾਨੀ ਜੀ, ਮੇਰੇ ਵੱਡੇ ਭੂਆ ਜੀ ਅਤੇ ਮੇਰੇ (ਪਿਤਾ ਜੀ ਦੇ) ਇਹ ਮਾਮੀ ਜੀ । ਮੇਰੇ ਨਾਨੀ ਜੀ ਤੇ ਵੱਡੇ ਭੂਆ ਜੀ ਤਾਂ ਪਹਿਲਾਂ ਹੀ ਇਸ ਸੰਸਾਰ ਤੋਂ ਵਿਦਾ ਹੋ ਚੁੱਕੇ ਸਨ । ਹੁਣ ਮਾਮੀ ਜੀ ਦੀ ਅਰਥੀ ਨੂੰ ਵੀ ਮੈਂ ਮੋਢਾ ਦੇ ਰਿਹਾ ਸੀ ।

ਜਦਕਿ ਮਾਮੀ ਜੀ ਦੀ ਅਰਥੀ ਮੇਰੇ ਮੋਢੇ ‘ਤੇ ਸੀ, ਮੈਂਨੂੰ ਖ਼ਿਆਲ ਆਇਆ, “ਮੇਰੀ ਅਰਥੀ ਨੂੰ ਮੋਢਾ ਕੌਣ-ਕੌਣ ਦਏਗਾ? ਮੈਂ ਕਿਸ ਨੂੰ ਆਪਣੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਆਖਾਂ?”

ਆਪਣੀ ਇਹ ਭਾਵਨਾ ਮੈਂ ਕਿਸ ਨਾਲ ਸਾਂਝੀ ਕਰਦਾ? ਹੁਣ ਮੇਰਾ ਇੰਨਾ ਕਰੀਬੀ ਰਿਹਾ ਹੀ ਕੌਣ ਸੀ?

(ਮਾਰਚ 30, 2012, ਖਰੜ, ਪੰਜਾਬ)

ਪ੍ਰਚਾਰਕ ਦੀ ਸਫਲਤਾ ਜਾਂ ਅਸਫਲਤਾ ਦੇ ਕਾਰਣ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਕਿਸੇ ਵੀ ਵਿਚਾਰ ਜਾਂ ਸਿੱਧਾਂਤ ਦਾ ਸੰਸਾਰ ਵਿੱਚ ਫੈਲਾਅ ਪ੍ਰਚਾਰ ਨਾਲ ਹੀ ਹੁੰਦਾ ਹੈ । ਕਿਸੇ ਵਿਚਾਰ ਜਾਂ ਸਿੱਧਾਂਤ ਦਾ ਪ੍ਰਚਾਰ ਕਰਨ ਵਾਲਾ ਵਿਅਕਤੀ ਪ੍ਰਚਾਰਕ ਆਖਿਆ ਜਾਂਦਾ ਹੈ । ਕਿਸੇ ਵੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਕਿਸੇ ਪ੍ਰਚਾਰਕ ਦੀ ਸਫਲਤਾ ਬਹੁਤ ਸਾਰੇ ਬਿੰਦੂਆਂ ‘ਤੇ ਨਿਰਭਰ ਕਰਦੀ ਹੈ। ਪ੍ਰਚਾਰਕ ਦੀ ਸਫਲਤਾ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਪਰਿਵਾਰਿਕ ਅਤੇ ਆਰਥਿਕ ਹਾਲਤਾਂ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ।

ਕਿਸੇ ਸਮਾਜ ਦੀ ਬਣਤਰ ਕਿਸੇ ਪ੍ਰਚਾਰਕ ਦੀ ਸਫਲਤਾ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਕਿਸੇ ਪਿਛਾਂਹ-ਖਿੱਚੂ ਸਮਾਜ ਵਿੱਚ ਆਧੁਨਿਕ ਵਿਚਾਰਧਾਰਾ ਦਾ ਪ੍ਰਚਾਰਕ ਆਪਣੇ ਆਪ ਨੂੰ ਬਹੁਤ ਮੁਸ਼ਕਿਲ ਸਥਿਤੀ ਵਿੱਚ ਫੱਸਿਆ ਦੇਖਦਾ ਹੈ। ਉਦਾਹਰਣ ਵਜੋਂ, ਨਾਰੀ ਪ੍ਰਤੀ ਬੜੀ ਸੌੜੀ ਸੋਚ ਰੱਖਣ ਵਾਲੇ ਸਮਾਜ ਵਿੱਚ ਨਾਰੀ ਨੂੰ ਪੂਰਣ ਆਜ਼ਾਦੀ ਦੇਣ ਦੀ ਵਿਚਾਰਧਾਰਾ ਦੇ ਪ੍ਰਚਾਰਕ ਨੂੰ ਪ੍ਰਚਾਰ ਕਰਨ ਵਿੱਚ ਬੜੀ ਔਖ ਹੋਏਗੀ। ਨਾਰੀ ਨੂੰ ਪੂਰਣ ਆਜ਼ਾਦੀ ਦੇਣ ਦੀ ਉਸ ਦੀ ਸੋਚ ਉਸ ਨੂੰ ਲੰਪਟ ਘੋਸ਼ਿਤ ਕਰਵਾ ਸਕਦੀ ਹੈ।

ਜੇ ਕੋਈ ਪ੍ਰਚਾਰਕ ਕਿਸੇ ਕਮਿਊਨਿਸਟ ਦੇਸ਼ ਵਿੱਚ ਪੂੰਜੀਵਾਦ ਦਾ ਪ੍ਰਚਾਰ ਕਰਨਾ ਚਾਹੇ, ਤਾਂ ਉਹ ਆਪਣੀ ਜਾਨ ਖ਼ਤਰੇ ਵਿੱਚ ਪਾ ਰਿਹਾ ਹੋਏਗਾ। ਕਿਸੇ ਇਸਲਾਮਿਕ ਮੁਲਕ ਵਿੱਚ ਇਸਲਾਮ ਦਾ ਪ੍ਰਚਾਰ ਕਰਨ ਨਾਲੋਂ ਕਿਸੇ ਕਮਿਊਨਿਸਟ ਦੇਸ਼ ਵਿੱਚ ਇਸਲਾਮ ਦਾ ਪ੍ਰਚਾਰ ਕਰਨਾ ਯਕੀਨਨ ਇੰਨਾ ਆਸਾਨ ਨਹੀਂ ਹੋਏਗਾ। ਇਸਲਾਮ ਦੇ ਪ੍ਰਚਾਰਕ ਨੂੰ ਜੋ ਸਹੂਲਤ ਇਸਲਾਮਿਕ ਨਿਜ਼ਾਮ ਵਿੱਚ ਮਿਲ ਸਕਦੀ ਹੈ, ਉਹ ਕਿਸੇ ਹੋਰ ਰਾਜਨੀਤਿਕ ਸਿਸਟਮ ਵਿੱਚ ਪ੍ਰਾਪਤ ਨਹੀਂ ਹੋ ਸਕਦੀ। ਕਿਸੇ ਦੇਸ਼ ਵਿੱਚ ਕਿਸੇ ਵਿਸ਼ੇਸ਼ ਰਾਜਨੀਤਿਕ ਦਲ ਦੀ ਸਰਕਾਰ ਕਿਸੀ ਵਿਚਾਰਧਾਰਾ ਦੇ ਪ੍ਰਚਾਰ ਵਿੱਚ ਬਹੁਤ ਸਹਾਈ ਵੀ ਹੋ ਸਕਦੀ ਹੈ ਤੇ ਬਹੁਤ ਵੱਡੀ ਰੁਕਾਵਟ ਵੀ ਬਣ ਸਕਦੀ ਹੈ। ਕਈ ਵਾਰ ਕੋਈ ਵਿਚਾਰਧਾਰਕ ਲਹਿਰ ਕਿਸੇ ਵਿਸ਼ੇਸ਼ ਸੱਤਾਧਾਰੀ ਰਾਜਨੀਤਿਕ ਦਲ ਲਈ ਰਾਜਨੀਤਿਕ ਜਾਂ ਰਣਨੀਤਿਕ ਤੌਰ ‘ਤੇ ਫ਼ਾਇਦੇਮੰਦ ਹੋਏ, ਤਾਂ ਅਜਿਹਾ ਰਾਜਨੀਤਿਕ ਦਲ ਪ੍ਰਗਟ ਜਾਂ ਗੁਪਤ ਤੌਰ ‘ਤੇ ਉਸ ਲਹਿਰ ਦੀ ਭਰਪੂਰ ਮਦਦ ਕਰਦਾ ਹੈ। ਭਾਰਤੀ ਪੰਜਾਬ ਵਿੱਚ ਦੋ ਪ੍ਰਮੁੱਖ ਰਾਜਨੀਤਿਕ ਦਲਾਂ ਵਿੱਚੋਂ ਇੱਕ ਸਿਰਸਾ ਸ਼ਹਿਰ ਵਾਲੇ ਡੇਰਾ ਸੱਚਾ ਸੌਦਾ ਦਾ ਵਿਰੋਧ ਕਰਦਾ ਹੈ ਤੇ ਦੂਜਾ ਸਮਰਥਨ ਕਰਦਾ ਹੈ। ਅਜਿਹਾ ਅਸਲ ਵਿੱਚ ਰਾਜਨੀਤਿਕ ਕਾਰਣਾਂ ਕਰਕੇ ਹੀ ਹੈ। ਜ਼ਾਹਿਰ ਹੈ ਕਿ ਰਾਜਨੀਤਿਕ ਹਾਲਾਤ ਵੀ ਕਿਸੇ ਪ੍ਰਚਾਰਕ ਦੀ ਸਫਲਤਾ ਜਾਂ ਅਸਫਲਤਾ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।

ਕਈ ਵਾਰ ਪਾਰਿਵਾਰਿਕ ਹਾਲਾਤ ਵੀ ਕਿਸੇ ਪ੍ਰਚਾਰਕ ਨੂੰ ਸਫਲ ਜਾਂ ਅਸਫਲ ਕਰ ਦਿੰਦੇ ਹਨ। ਘਰ ਵਿੱਚ ਬਿਮਾਰ ਪਏ ਤੁਰਨ-ਫਿਰਨ ਤੋਂ ਲਾਚਾਰ ਕਿਸੇ ਬਜ਼ੁਰਗ ਦੀ ਸੇਵਾ ਛੱਡ ਕੇ ਪ੍ਰਚਾਰ ਕਰਨਾ ਬਹੁਤੀ ਵਾਰ ਸੰਭਵ ਨਹੀਂ ਹੁੰਦਾ। ਕਈ ਵਾਰ ਪਾਰਿਵਾਰਿਕ ਰੁਝੇਵੇਂ ਪ੍ਰਚਾਰ ਲਈ ਵਕਤ ਹੀ ਬਾਕੀ ਨਹੀਂ ਛੱਡਦੇ। ਕਿਸੇ ਵਿਅਕਤੀ ਨੂੰ ਆਪਣੀ ਗੱਲਬਾਤ ਰਾਹੀਂ ਆਸਾਨੀ ਨਾਲ ਪ੍ਰਭਾਵਤ ਕਰ ਲੈਣ ਵਾਲਾ ਪ੍ਰਚਾਰਕ ਕਈ ਵਾਰ ਆਪਣੇ ਘਰੋਗੀ ਹਾਲਾਤ ਕਾਰਣ ਹੀ ਪ੍ਰਚਾਰ ਕਰਨ ਵਿੱਚ ਅਸਮਰਥ ਹੋ ਜਾਂਦਾ ਹੈ। ਪਰਿਵਾਰਿਕ ਜਾਂ ਨਿਜੀ ਕਾਰਣ ਕਿਸੇ ਪ੍ਰਚਾਰਕ ਦੀ ਸਫਲਤਾ ਜਾਂ ਅਸਫਲਤਾ ਵਿੱਚ ਵੱਡਾ ਹਿੱਸਾ ਪਾਉਂਦੇ ਹਨ।

ਕਿਸੇ ਪ੍ਰਚਾਰਕ ਦੀ ਸਫਲਤਾ ਜਾਂ ਅਸਫਲਤਾ ਵਿੱਚ ਵਿਸ਼ੇਸ਼ ਯੋਗਦਾਨ ਉਸ ਦੀ ਆਰਥਿਕ ਸਥਿਤੀ ਦਾ ਵੀ ਹੁੰਦਾ ਹੈ। ਬੁੱਧ ਮਤਿ ਦਾ ਜੋ ਪ੍ਰਚਾਰ ਸਮਰਾਟ ਅਸ਼ੋਕ ਦੀ ਭਾਰੀ ਆਰਥਿਕ ਮਦਦ ਨਾਲ ਹੋਇਆ, ਉਹ ਉਸ ਤੋਂ ਪਹਿਲਾਂ ਸੰਭਵ ਹੀ ਨਹੀਂ ਸੀ ਹੋ ਸਕਿਆ। ਸਮਰਾਟ ਦੀ ਭਾਰੀ ਆਰਥਿਕ ਅਤੇ ਰਾਜਨੀਤਿਕ ਮਦਦ ਨਾਲ ਬੁੱਧ ਵਿਚਾਰਧਾਰਾ ਦਾ ਪ੍ਰਚਾਰ ਨਾ ਕੇਵਲ ਭਾਰਤ ਵਿੱਚ ਹੀ, ਬਲਕਿ ਵਿਦੇਸ਼ਾਂ ਵਿੱਚ ਵੀ ਖ਼ੂਬ ਹੋਇਆ। ਬੁੱਧ ਵਿਚਾਰਧਾਰਾ ਦੇ ਪ੍ਰਚਾਰਕ ਅਸ਼ੋਕ ਤੋਂ ਪਹਿਲਾਂ ਵੀ ਮੌਜੂਦ ਸਨ, ਪਰ ਉਨ੍ਹਾਂ ਨੂੰ ਉਹ ਆਰਥਿਕ ਤੇ ਰਾਜਨੀਤਿਕ ਸਹਿਯੋਗ ਨਹੀਂ ਮਿਲ ਸਕਿਆ ਸੀ, ਜੋ ਅਸ਼ੋਕ ਦੇ ਸਮੇਂ ਦੇ ਬੁੱਧ ਵਿਚਾਰਧਾਰਾ ਦੇ ਪ੍ਰਚਾਰਕਾਂ ਨੂੰ ਮਿਲਿਆ। ਅਸ਼ੋਕ ਤੋਂ ਪਹਿਲਾਂ ਦੇ ਬੋਧੀ ਪ੍ਰਚਾਰਕਾਂ ਦੀ ਲਿਆਕਤ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਬਸ, ਉਨ੍ਹਾਂ ਦੇ ਆਰਥਿਕ ਤੇ ਰਾਜਨੀਤਿਕ ਹਾਲਾਤ ਉਨ੍ਹਾਂ ਨੂੰ ਉਹ ਸਫਲਤਾ ਨਾ ਦੇ ਸਕੇ।

ਕਿਸੇ ਖੇਤਰ ਦਾ ਸਭਿਆਚਾਰ ਵੀ ਕਿਸੇ ਵਿਸ਼ੇਸ਼ ਵਿਚਾਰਧਾਰਾ ਦੇ ਪ੍ਰਚਾਰਕ ਦੀ ਸਫਲਤਾ ਵਿੱਚ ਸਹਾਇਕ ਜਾਂ ਰੁਕਾਵਟ ਬਣਦਾ ਹੈ। ਭਾਰਤੀ ਪ੍ਰਚਾਰਕ ਓਸ਼ੋ (ਰਜਨੀਸ਼) ਨੂੰ ਜੋ ਸਫਲਤਾ ਸੰਯੁਕਤ ਰਾਜ ਅਮਰੀਕਾ ਜਾ ਕੇ ਪ੍ਰਾਪਤ ਹੋਈ, ਉਹ ਸਿਰਫ਼ ਭਾਰਤ ਵਿੱਚ ਰਹਿਣ ਨਾਲ ਪ੍ਰਾਪਤ ਹੋਣੀ ਅਸੰਭਵ ਸੀ। ਉਸਦੀ ਵਿਚਾਰਧਾਰਾ ਦਾ ਸਭਿਆਚਾਰਕ ਪੱਖ ਭਾਰਤੀ ਸਭਿਆਚਾਰ ਨਾਲ ਮੇਲ ਨਹੀਂ ਖਾਂਦਾ ਸੀ। ਜਦੋਂ ਉਹ ਭਾਰਤ ਵਾਪਸ ਆਇਆ ਵੀ, ਤਾਂ ਉਸ ਦੀ ਵਿਸ਼ੇਸ਼ ਵਿਚਾਰਧਾਰਾ ਉਸਦੇ ਆਪਣੇ ਆਸ਼ਰਮ ਤੋਂ ਬਾਹਰ ਉਸ ਤਰ੍ਹਾਂ ਦਾ ਸਥਾਨ ਪ੍ਰਾਪਤ ਕਰਨ ਵਿੱਚ ਸਫਲ ਨਾ ਹੋ ਸਕੀ।

ਉੱਪਰ ਜ਼ਿਕਰ ਕੀਤੇ ਗਏ ਕਾਰਣਾਂ ਵਿੱਚੋਂ ਕੋਈ ਇੱਕ ਕਾਰਣ ਵੀ ਕਿਸੇ ਪ੍ਰਚਾਰਕ ਦੀ ਸਫਲਤਾ ਜਾਂ ਅਸਫਲਤਾ ਨਿਰਧਾਰਿਤ ਕਰਨ ਦੀ ਸਮਰਥਾ ਰੱਖਦਾ ਹੈ। ਕੋਈ ਬਹੁਤ ਹੀ ਕਾਬਿਲ ਪ੍ਰਚਾਰਕ ਉੱਪਰ ਦੱਸੇ ਗਏ ਕਿਸੇ ਕਾਰਣ ਜਾਂ ਕਾਰਣਾਂ ਕਰਕੇ ਅਸਫਲ ਹੋ ਸਕਦਾ ਹੈ। ਦੂਜੇ ਪਾਸੇ, ਉੱਪਰ ਵਰਣਿਤ ਕਿਸੇ ਕਾਰਣ ਜਾਂ ਕਾਰਣਾਂ ਕਰਕੇ ਕੋਈ ਘੱਟ ਕਾਬਲੀਅਤ ਰੱਖਣ ਵਾਲਾ ਪ੍ਰਚਾਰਕ ਵੀ ਵੱਡੀ ਸਫਲਤਾ ਪ੍ਰਾਪਤ ਕਰ ਸਕਦਾ ਹੈ।

ਅਜੋਕੀ ਬਹੁ-ਪਤੀ ਪ੍ਰਥਾ

(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’)

ਮਹਾਂਭਾਰਤ ਦੀ ਕਥਾ ਹੈ ਕਿ ਦ੍ਰੌਪਤੀ ਦੇ ਪੰਜ ਪਤੀ ਸਨ । ਇਹ ਪੰਜ ਪਤੀ ਪਾਂਡਵ ਸਨ, ਜੋ ਆਪਸ ਵਿੱਚ ਭਰਾ ਲੱਗਦੇ ਸਨ । ਇਸ ਤਰ੍ਹਾਂ, ਦ੍ਰੌਪਤੀ ਪੰਜ ਪਤੀਆਂ ਦੀ ਪਤਨੀ ਸੀ ।

ਇਹ ਤਾਂ ਸੀ ਮਹਾਂਭਾਰਤ ਦੀ ਕਥਾ । ਜਦੋਂ ਮੈਂ ਦੇਹਰਾਦੂਨ (ਉੱਤਰਾਖੰਡ ਰਾਜ) ਵਿਖੇ ਰਹਿੰਦਾ ਸੀ, ਤਾਂ ਜੌਨਸਾਰ-ਬਾਵਰ ਇਲਾਕੇ ਦੀਆਂ ਕੁੜੀਆਂ ਤੋਂ ਸੁਣਦਾ ਸੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਜਿਹਾ ਰਿਵਾਜ਼ ਸੀ ਕਿ ਕਈ ਭਰਾਵਾਂ ਦੀ ਇੱਕ ਸਾਂਝੀ ਪਤਨੀ ਹੁੰਦੀ ਹੈ । ਹਾਲਾਂਕਿ ਅਜਿਹਾ ਰਿਵਾਜ਼ ਵਕਤ ਦੇ ਨਾਲ-ਨਾਲ ਲੱਗਭੱਗ ਮੁੱਕਦਾ ਜਾ ਰਿਹਾ ਸੀ ।

ਪਰ, ਹੁਣੇ-ਹੁਣੇ ਹੀ ਹਰਿਆਣਾ ਰਾਜ ਦੇ ਇੱਕ ਸਬ-ਡਿਵੀਜ਼ਨਲ ਜੂਡੀਸ਼ਲ ਮੈਜਿਸਟਰੇਟ ਡਾ. ਅਤੁਲ ਮਾਰੀਆ ਨੇ ਇੰਕਸ਼ਾਫ ਕੀਤਾ ਹੈ ਕਿ ਹਰਿਆਣਾ ਦੇ ਡਬਵਾਲੀ (ਸਿਰਸਾ) ਖੇਤਰ ਵਿੱਚ ਅਜਿਹਾ ਦੇਖਣ ਵਿੱਚ ਆ ਰਿਹਾ ਹੈ, ਜਿੱਥੇ ਕੋਈ ਔਰਤ ਵਿਆਹੀ ਤਾਂ ਕਿਸੇ ਹੋਰ ਨਾਲ ਜਾਂਦੀ ਹੈ, ਪਰ ਰਹਿੰਦੀ ਉਹ ਆਪਣੇ ਕਿਸੇ ਦਿਉਰ ਜਾਂ ਜੇਠ ਨਾਲ ਹੈ । ਅਜਿਹੇ ਵੀ ਵਾਕਿਆਤ ਹਨ, ਜਿੱਥੇ ਇੱਕ ਔਰਤ ਇੱਕੋ ਸਮੇਂ ਦੋ ਜਾਂ ਦੋ ਤੋਂ ਵੀ ਵੱਧੇਰੇ ਮਰਦਾਂ ਨਾਲ ਰਹਿੰਦੀ ਹੈ । ਇਹ ਮਰਦ ਆਪਸ ਵਿੱਚ ਸੱਕੇ ਭਰਾ ਹੀ ਹੁੰਦੇ ਹਨ । (ਦੇਖੋ: http://www.tribuneindia.com/2011/20110815/haryana.htm#8)

ਪਿੱਛਲੇ ਸਮਿਆਂ ਵਿੱਚ ਪੰਜਾਬ ਵਿੱਚ ਵੀ ਅਜਿਹਾ ਦੇਖਣ ਨੂੰ ਮਿਲਦਾ ਸੀ ਕਿ ਆਪਣੀ ਜ਼ਮੀਨ ਦੀ ਵੰਡ ਨੂੰ ਰੋਕਣ ਲਈ ਕਈ ਪਰਿਵਾਰਾਂ ਵਿੱਚ ਕੇਵਲ ਇੱਕ ਭਰਾ ਦਾ ਹੀ ਵਿਆਹ ਕੀਤਾ ਜਾਂਦਾ ਸੀ । ਇਹ ਵੀ, ਅਪ੍ਰਤੱਖ ਰੂਪ ਵਿੱਚ ਬਹੁ-ਪਤੀ ਪ੍ਰਥਾ ਦਾ ਹੀ ਦੁਹਰਾਅ ਸੀ ।

ਆਖਿਰ, ਐਸੀ ਪ੍ਰਥਾ ਅਜੋਕੇ ਸਮੇਂ ਵਿੱਚ ਵੀ ਕਿਉਂ ਚਲ ਰਹੀ ਹੈ? ਕਿਉਂ ਬਹੁ-ਪਤੀ ਪ੍ਰਥਾ ਮੁੜ ਕੇ ਸਾਹਮਣੇ ਆ ਰਹੀ ਹੈ ?

ਅਸਲ ਵਿੱਚ, ਪੁੱਤਰ ਦੀ ਲਾਲਸਾ ਕਈ ਲੋਕਾਂ ਵਿੱਚ ਇੰਨੀ ਵੱਧ ਚੁੱਕੀ ਹੈ ਕਿ ਪੁੱਤਰ ਦੀ ਇੱਛਾ ਵਿੱਚ ਉਹ ਗਰਭ ਵਿੱਚ ਹੀ ਧੀਆਂ ਦੇ ਕਤਲ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ । ਜੰਮਦੀਆਂ ਧੀਆਂ ਨੂੰ ਜਾਨ ਤੋਂ ਮਾਰ ਦਿੱਤਾ ਜਾਂਦਾ ਹੈ । ਧੀਆਂ ਦੀ ਦੇਖਭਾਲ, ਖੁਰਾਕ ਆਦਿ ਵਿੱਚ ਕਮੀ ਰੱਖੀ ਜਾਂਦੀ ਹੈ । ਨਤੀਜਾ ਇਹ ਨਿਕਲਿਆ ਹੈ ਕਿ ਭਾਰਤ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਵਿੱਚ ਚੌਖਾ ਫਰਕ ਦੇਖਣ ਨੂੰ ਮਿਲ ਰਿਹਾ ਹੈ । ਸਿਰਸਾ ਵਿੱਚ 6 ਸਾਲ ਤੱਕ ਦੇ ਬੱਚਿਆਂ ਵਿੱਚ 1000 ਮੁੰਡਿਆਂ ਪਿੱਛੇ ਸਿਰਫ 852 ਕੁੜੀਆਂ ਹਨ । ਜ਼ਾਹਿਰ ਹੈ ਕਿ 148 ਮੁੰਡੇ ਅਜਿਹੇ ਹੋਣਗੇ, ਜਿਨ੍ਹਾਂ ਵਾਸਤੇ ਦੁਲਹਨ ਨਹੀਂ ਮਿਲੇਗੀ । ਅਜਿਹੀ ਸਥਿਤੀ ਵਿੱਚ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਏਗਾ ਕਿ ਦੋ ਜਾਂ ਦੋ ਤੋਂ ਵਧੇਰੇ ਮੁੰਡੇ ਕਿਸੇ ਇੱਕ ਕੁੜੀ ਨਾਲ ਵਿਆਹ ਕਰਵਾਉਣ ।

ਭਾਂਵੇਂ ਬਹੁ-ਪਤੀ ਪ੍ਰਥਾ ਭਾਰਤ ਦੇ ਕਈ ਹਿੱਸਿਆਂ ਵਿੱਚ ਪ੍ਰਚੱਲਿਤ ਰਹੀ ਹੈ ਤੇ ਇਸ ਦੇ ਕਈ ਸਮਾਜਿਕ, ਆਰਥਿਕ ਤੇ ਪ੍ਰੰਪਰਾਗਤ ਕਾਰਣ ਰਹੇ ਹਨ (ਦੇਖੋ: http://www.articlesbase.com/weddings-articles/polyandry-a-social-system-in-india-now-state-of-disappearance-257364.html), ਪਰ ਅਜੋਕੇ ਸਮੇਂ ਹਰਿਆਣਾ ਆਦਿ ਵਿੱਚ ਧਿਆਨ ਵਿੱਚ ਆਏ ਬਹੁ-ਪਤੀ ਪ੍ਰਥਾ ਦੇ ਇਨ੍ਹਾਂ ਰੁਝਾਨਾਂ ਪਿੱਛੇ ਇੱਕੋ-ਇੱਕ ਕਾਰਣ ਕੁੜੀਆਂ ਦੀ ਤੇਜ਼ੀ ਨਾਲ ਘੱਟ ਰਹੀ ਗਿਣਤੀ ਹੀ ਹੈ ।

ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਏ, ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਕੁੜੀਆਂ ਦੀ ਘੱਟ ਰਹੀ ਗਿਣਤੀ ਬਾਰੇ ਜਾਗਰੂਕ ਕੀਤਾ ਜਾਏ ਤੇ ਅਜਿਹਾ ਯਕੀਨੀ ਬਣਾਇਆ ਜਾਏ ਕਿ ਕੁੜੀਆਂ ਤੇ ਮੁੰਡਿਆਂ ਦੀ ਗਿਣਤੀ ਦਾ ਅਨੁਪਾਤ ਲੱਗਭੱਗ ਬਰਾਬਰ ਰਹੇ । ਨਹੀਂ ਤਾਂ, ਆਉਣ ਵਾਲੇ ਸਮੇਂ ਵਿੱਚ ਸਮਾਜ ਅੰਦਰ ਕਈ ਪ੍ਰਕਾਰ ਦੀਆਂ ਵਿਕ੍ਰਿਤੀਆਂ ਪੈਦਾ ਹੋ ਜਾਣਗੀਆਂ, ਜੋ ਕਿ ਲੰਬੇ ਸਮੇਂ ਤਕ ਵੀ ਠੀਕ ਨਹੀਂ ਕੀਤੀਆਂ ਜਾ ਸਕਣਗੀਆਂ । ਆਉ, ਧੀਆਂ ਨੂੰ ਬਚਾਈਏ, ਸਮਾਜ ਨੂੰ ਬਚਾਈਏ, ਖੁਦ ਨੂੰ ਬਚਾਈਏ ।

ਪ੍ਰਮਾਤਮਾ ਦੀ ਕ੍ਰਿਪਾ

(ਸਵਰਗੀ ਗਿਆਨੀ ਨਾਨਕ ਸਿੰਘ ‘ਰਿਸ਼ੀ’)

ਸਰਬਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਸ ਦੀ ਕ੍ਰਿਪਾਲਤਾ ਨਾਲ ਸਾਨੂੰ ਮਾਨਸ ਜਨਮ ਪ੍ਰਾਪਤ ਹੋਇਆ ਹੈ । ਜਿਸ ਦੀ ਕ੍ਰਿਪਾ ਨਾਲ ੮੪ ਲੱਖ ਜੂਨਾਂ ਵਿਚੋਂ (ਭਾਈ ਗੁਰਦਾਸ –  ਚੌਰਾਸੀ ਲਖ ਜੂਨ ਵਿਚ ਉਤਮ ਜਨਮ ਸੁ ਮਾਨਸ ਦੇਹੀ।) ਮਾਨਸ ਜਨਮ ਨੂੰ ਵਡਿਆਈ ਮਿਲੀ ਹੈ । ਜਿਸ ਦੀ ਮੇਹਰ ਨਾਲ ਪੁਰਸ਼ ਨੂੰ ਪ੍ਰਮਾਰਥਕ ਅਤੇ ਸੁਆਰਥਕ ਸੁਖਾਂ ਦਾ ਗਿਆਨ ਹੋਇਆ ਹੈ । ਜਿਸ ਨੇ ਰਹਿਮ ਕਰ ਕੇ ਕੰਚਨ ਵਤ ਅਰੋਗ ਦੇਹੀ ਬਖ਼ਸ਼ ਕੇ ਸਾਡੇ ਤੇ ਬੜਾ ਭਾਰੀ ਉਪਕਾਰ ਕੀਤਾ ਹੈ । ਹੋਰ ਬੇਅੰਤ ਸੁਖ ਦਿਤੇ ਹਨ । ਜਿਸ ਦੇ ਬਦਲੇ ਸਵਾਸ-ਸਵਾਸ ਸਾਨੂੰ ਵਾਹਿਗੁਰੂ ਦੇ ਧੰਨਯਵਾਦੀ ਬਣਨਾ ਚਾਹੀਦਾ ਹੈ, ਪ੍ਰੰਤੂ ਉਲਟ ਇਸ ਦੇ, ਅਸੀ ਇਹ ਕਹਿ ਕੇ, ‘ਕਰੇ ਕਰਾਏ ਆਪੇ ਆਪ’ (ਜੋ ਕਿ ਗੁਰਬਾਣੀ ਨਹੀ ਹੈ) ਢੇਰੀ ਢਾਹ ਦਿੰਦੇ ਹਾਂ । ਸੁਖ ਦੁਖ ਵਾ ਜੋ ਕੰਮ ਹੈ, ਉਹ ਪ੍ਰਮਾਤਮਾ ਦੇ ਅਧੀਨ ਹੈ ਖੋਜ ਕਰਨੋ ਹਟ ਹਥ ਤੇ ਹਥ ਧਰ ਕੇ ਬੈਠ ਜਾਂਦੇ ਹਾਂ, ਪ੍ਰੰਤੂ ‘ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ’ ਸੁਨਹਿਰੀ ਕਥਨ ਨੂੰ ਛਿਕੇ ਤੇ ਟੰਗ ਬਿਪਤਾ ਨੂੰ ਪਏ ‘ਵਾਜਾਂ ਮਾਰਦੇ ਹਾਂ ।

ਯਾਦ ਰਖੋ, ਪਰਜਾ ਦੇ ਸੁਖਾਂ ਵਾਸਤੇ ਬਾਦਸ਼ਾਹਾਂ ਨੇ ਕਾਨੂੰਨ ਘੜ ਰਖੇ ਹਨ । ਅਪਰਾਧਾਂ ਦੀ ਸਜ਼ਾ ਲਈ ਅੰਗ (ਦਫ਼ਾ) ਬਣਾ ਦਿੱਤੇ। ਉਨ੍ਹਾਂ ਦੇ ਅਨੁਸਾਰ ਜੋ ਭੀ ਕੋਈ ਨੀਚ ਕਰਮ ਕਰਦਾ ਹੈ, ਉਸ ਦਫ਼ਾ ਅਨੁਸਾਰ ਉਹ ਦੰਡ ਦਾ ਭਾਗੀ ਹੁੰਦਾ ਹੈ । ਭਲਾ ਦੱਸੋ ਤਾਂ, ਇਹ ਕਹਿ ਕੇ ਕੋਈ ਪੁਰਸ਼ ਛੁਟਕਾਰਾ ਪਾ ਸਕਦਾ ਹੈ ਕਿ ਮੈਨੂੰ ਇਸ ਕਾਨੂੰਨ ਦਾ ਉੱਕਾ ਪਤਾ ਨਹੀ ਸੀ, ਨਹੀ ਤਾਂ ਮੈਂ ਕਦੇ ਪਾਪ ਨਾ ਕਰਦਾ? ਕਦਾਚਿਤ ਨਹੀਂ । ਬਾਜਵਾਬ ਹਾਕਮ ਕਹੇਗਾ, “ਸਰਕਾਰ ਨੇ ਕਾਨੂੰਨ ਲੁਕਾ ਛਿਪਾ ਕੇ ਨਹੀਂ ਰੱਖੇ । ਕਿਤਾਬਾਂ ਵਿਚ ਦਰਜ ਹੈਨ । ਹਰ ਕੋਈ ਵੇਖ ਵਿਖਾ ਸਕਦਾ ਹੈ । ਇਸ ਦਾ ਜਾਣੂ ਹੋਣਾ ਤੇਰਾ ਫ਼ਰਜ਼ (ਧਰਮ) ਹੈ ।”

ਜੇ ਕੋਈ ਆਦਮੀ ਖ਼ੂਨ ਕਰਕੇ ਫ਼ਾਂਸੀ ਚੜ੍ਹਨ ਲੱਗਾ ਇਹ ਗੱਲ ਆਖੇ ਕਿ ਮੇਰੇ ਸਾਥ ਬੇਇਨਸਾਫ਼ੀ (ਅਨਯਾਇ) ਹੋਇਆ ਹੈ, ਤਾਂ ਸਿਆਣਾ ਪੁਰਸ਼ ਉਸ ਨੂੰ ਇਹ ਆਖੇਗਾ, “ਸਹੁ ਵੇ ਜੀਆ ਅਪਣਾ ਕੀਆ” । ਇਸ ਤੋਂ ਸਿੱਧ ਹੋਇਆ ਕਿ ਜੀਵ ਦੁਖ ਸੁਖ ਕਰਮਾਂ ਅਨੁਸਾਰ ਹੀ ਭੋਗਦਾ ਹੈ । ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਵਿਰਤੀ ਕਰਨੀ – ਇਹ ਪੁਰਸ਼ ਦੇ ਗਿਆਨ ਤੇ ਨਿਰਭਰ ਹੈ । ਜੈਸੇ, ਹਨੇਰੇ ਘਰ ਲਈ ਦੀਵਾ ਬਣਿਆ ਹੋਇਆ ਹੈ । ਜੇ ਕਰ ਕੋਈ ਨਾ ਜਗਾਏ, ਤਾਂ ਕਿਸ ਦਾ ਦੋਸ਼? “ਦੀਵਾ ਬਲੈ ਅੰਧੇਰਾ ਜਾਇ”, “ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ”, “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ” ਵਗੈਰਾ ।

ਆਪ ਪੁਰਸ਼ਾਰਥ ਕਰੋ । ਹਰ ਗੱਲ ਪ੍ਰਮਾਤਮਾ ਤੇ ਨਾ ਭੰਨੋ । ਕਈ ਤੁਰੀਆ ਪਦ ਦੀਆਂ ਗੱਲਾਂ ਉਚ ਪਦ ਦੇ ਪੁਰਸ਼ਾਂ ਪਰਥਾਏ ਹੈਨ, ਜੋ ਦੁਖ ਸੁੱਖ ਦੋਨੋ ਸਮ ਕਰ ਜਾਣੈ, ਸੋਰਠ ਮਹਲਾ ੯  ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ” । ਪੁਰਸ਼ਾਰਥ ਕਰਨੇ ਕਰ ਹਰ ਚੀਜ਼ ਨੂੰ ਮਾਨਸ਼ ਪ੍ਰਾਪਤ ਕਰ ਸਕਦਾ ਹੈ । ਹਰ ਕੰਮ ਵਿਚ ਪੂਰਨ ਸਫਲਤਾ ਪ੍ਰਾਪਤ ਕਰ ਸਕਦਾ ਹੈ ।

ਜੈਸੇ, ਤੁਹਾਡੇ ਪਿੰਡ ਵਿੱਚ ਯਾ ਘਰ ਵਿੱਚ ਚੋਰ ਯਾਂ ਸ਼ੇਰ, ਹਲਕਾ ਕੁੱਤਾ ਆਣ ਵੜੇ, ਤਾਂ ਤੁਸੀਂ ਸੋਟੇ, ਸ਼ਸਤਰ ਲੈ ਕੇ ਉਨ੍ਹਾਂ ਦੇ ਮਗਰ ਹੋ ਜਾਂਦੇ ਹੋ । ਜੋ ਸੁੱਤੇ ਰਹਿਣ, ਆਲਸ ਕਰਨ ਤੇ ਉਹ ਨੁਕਸਾਨ ਉਠਾਂਦੇ ਹਨ । ਜੋ ਮਗਰ ਪਏ, ਆਪਣੀ ਬੁੱਧ ਅਨੁਸਾਰ, ਉਹ ਸਫਲ ਹੋਏ ਤੇ ਸੁੱਖ ਦਾ ਜੀਵਨ ਬਤੀਤ ਕਰਦੇ ਹਨ । ਅਨੇਕ ਮਿਸਾਲਾਂ, ਉਦਾਹਰਣ ਹਨ । ਜੈਸੇ, ੧. ਬੀਮਾਰ ਪੁਰਸ਼ ਨੂੰ ਦਵਾਈ, ੨. ਭੁੱਖੇ ਨੂੰ ਰੋਟੀ, ੩. ਤਿਹਾਏ ਨੂੰ ਪਾਣੀ, ੪. ਨੰਗੇ ਨੂੰ ਕਪੜਾ ਵਗੈਰਾ ।

ਮੇਰੀ ਉਪਰੋਕਤ ਵੀਚਾਰ ਤੋਂ ਇਹ ਭਾਵ ਨਹੀਂ ਕਿ ਵਾਹਿਗੁਰੂ, ‘ਰੱਬ’ ਦੇ ਹੱਥ ਵਿੱਚ ਹੀ ਕੁੱਝ ਨਹੀਂ । ਉਹ ਤਾਂ ਸ਼ਕਤੀਮਾਨ ਹੈ, ਜਥਾ ਕਰਮ, ਤਥਾ ਫਲ ਦੇਣ ਵਾਲਾ ਹੈ । “ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ”, “ਜਲ ਤੇ ਥਲ ਕਰਿ ਥਲ ਤੇ ਕੂੰਆ, ਕੂਪ ਤੇ ਮੇਰੁ ਕਰਾਵੈ ॥” “ਰੀਤੇ ਭਰੇ  ਭਰੇ ਸਖਨਾਵੈ”

ਜੈਸੇ, ਸੂਲੀ ਤੋਂ ਸੂਲ ਕਰ ਦੇਵੇ ਵਾ ਜਿਸ ਪ੍ਰਕਾਰ ਰਹਿਮ ਦੀ ਅਰਜ਼ੀ ਕਰਨ ਨਾਲ ਕਈ ਵਾਰੀ ਖ਼ੂਨੀ ਪੁਰਸ਼ ਭੀ ਛੱਡੇ ਜਾਂਦੇ ਹਨ, ਪ੍ਰੰਤੂ ਹਰ ਇਕ ਖ਼ੂਨੀ ਨੂੰ ਇਹ ਛੋਟ ਨਹੀਂ ਮਿਲਦੀ । ਐਸਾ ਮੂਰਖ ਕੌਣ ਹੈ ਜੋ ਇਹ ਸਮਝ ਲਏ ਕਿ ਮੇਰਾ ਮਿੱਤਰ ਤਾਂ ਬੜਾ ਲਾਇਕ ਡਾਕਟਰ ਹੈ । ਜੇ ਕਦੇ ਮੈਂ ਜ਼ਹਿਰ ਖਾ ਲਵਾਂ, ਮਹੁਰਾ ਖਾ ਲਵਾਂ, ਤੇ ਡਾਕਟਰ ਬਚਾ ਲਏਗਾ । ਕੋਈ ਡਰ ਨਹੀਂ । ਪ੍ਰੰਤੂ ਇਸ ਤਰ੍ਹਾਂ ਕਰਦਾ ਕੋਈ ਨਹੀਂ । ਇਸੇ ਪ੍ਰਕਾਰ, ਸਾਨੂੰ ਬੁਰੇ ਕਰਮ ਤਿਆਗ ਕੇ ਸ਼ੁਭ ਕੰਮ ਕਰਨੇ ਚਾਹੀਦੇ ਹਨ, ਜਿਸ ਕਰ ਕੇ ਸਾਨੂੰ ਸੰਸਾਰ ਵਿੱਚ ਸੁੱਖ ਮਿਲੇ ਤੇ ਪ੍ਰਲੋਕ ਵਿੱਚ ਸੁਰਖ਼ਰੂ ਹੋਈਏ ।

ਮਾਰਕ ਸਟ੍ਰੋਮਨ ਨੂੰ ਸਜ਼ਾ-ਏ-ਮੌਤ

ਅਮਰੀਕਾ ਵਿੱਚ ਮਾਰਕ ਐਂਥਨੀ ਸਟ੍ਰੋਮਨ ਨੇ ਜਦੋਂ ਅਕਤੂਬਰ ੦੪, ੨੦੦੧ ਨੂੰ ਵਾਸੂਦੇਵ ਪਟੇਲ ਦੀ ਛਾਤੀ ‘ਚ ਆਪਣੀ ਪਿਸਤੋਲ ਨਾਲ ਗੋਲੀ ਮਾਰ ਕੇ ਉਸਦਾ ਕਤਲ ਕੀਤਾ, ਉਹ (ਸਟ੍ਰੋਮਨ) ਇਸ ਕਤਲ ਨੂੰ ਦੇਸ਼-ਭਗਤੀ ਦਾ ਕਾਰਨਾਮਾ ਸਮਝ ਰਿਹਾ ਸੀ.

ਇਸ ਕਤਲ ਤੋਂ ਲਗਭਗ ਇੱਕ ਸਾਲ ਬਾਅਦ ਤੱਕ ਵੀ ਉਸ ਦਾ ਵਿਚਾਰ ਬਦਲਿਆ ਨਹੀਂ ਸੀ. ਆਪਣੇ ਬਲੋਗ ਉੱਤੇ ਉਸਨੇ ਕੁਝ ਇੰਝ ਲਿਖਿਆ, “ਇਹ ਕੋਈ ਨਫ਼ਰਤ ਦਾ ਅਪਰਾਧ ਨਹੀਂ, ਬਲਕਿ ਭਾਵਨਾ ਤੇ ਦੇਸ਼-ਭਗਤੀ ਦਾ ਕੰਮ ਸੀ, ਦੇਸ਼ ਤੇ ਸਮਰਪਣ ਦਾ ਕੰਮ, ਬਦਲਾ ਲੈਣ, ਸਜ਼ਾ ਦੇਣ ਦਾ ਕੰਮ ਸੀ. ਇਹ ਸ਼ਾਂਤੀ ਦੇ ਸਮੇਂ ਨਹੀਂ, ਬਲਕਿ ਯੁੱਧ ਦੇ ਵੇਲੇ ਕੀਤਾ ਗਿਆ ਸੀ.”

ਪਰ ਜਦੋਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਉਸ ਤੋਂ ਬਾਅਦ ਉਸ ਨੇ ਫੁਰਮਾਇਆ, “ਮੈਂ ਅਫ਼ਸੋਸ ਨਾਲ ਆਖਦਾ ਹਾਂ ਕਿ ਮੇਰੇ ਗੁੱਸੇ, ਦੁੱਖ ਤੇ ਨੁਕਸਾਨ ਦੀ ਕੀਮਤ ਬੇਦੋਸ਼ ਲੋਕਾਂ ਨੂੰ ਚੁਕਾਉਣੀ ਪਈ. ਮੈਂ ਆਪਣੇ ਅਤੇ ਮੇਰਾ ਸ਼ਿਕਾਰ ਬਣੇ ਲੋਕਾਂ ਦੇ ਪਰਿਵਾਰਾਂ ਨੂੰ ਤਬਾਹ ਕਰ ਛੱਡਿਆ ਹੈ. ਨਿਰੇ ਗੁੱਸੇ ਤੇ ਮੂਰਖਤਾ ਨਾਲ ਮੈਂ ਪਾਕਿਸਤਾਨ, ਭਾਰਤ, ਬੰਗਲਾਦੇਸ਼ ਤੇ ਸਾਊਦੀ ਅਰਬ ਦੇ ਕੁਝ ਲੋਕਾਂ ਨਾਲ ਕੁਝ ਕੀਤਾ. ਤੇ ਹੁਣ ਮੈਂ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਿਹਾ ਹਾਂ. ਅਤੇ, ਕਿਸੀ ਤਰ੍ਹਾਂ ਵੀ ਮੈਨੂੰ ਉਸ ‘ਤੇ ਫ਼ਖਰ ਨਹੀਂ ਹੈ, ਜੋ ਮੈਂ ਕੀਤਾ.”

ਵਾਸੂਦੇਵ ਪਟੇਲ ਦੇ ਕਤਲ ਤੋਂ ਪਹਿਲਾਂ ਮਾਰਕ ਐਂਥਨੀ ਸਟ੍ਰੋਮਨ ਨੇ ਸਤੰਬਰ ੧੫ ਨੂੰ ਪਾਕਿਸਤਾਨੀ ਮੂਲ ਦੇ ਵੱਕਾਰ ਹਸਨ ਦੇ ਸਿਰ ‘ਚ ਗੋਲੀ ਕੇ ਉਸਦਾ ਕਤਲ ਕਰ ਦਿੱਤਾ ਸੀ. ਮਹਿਜ਼ ਛੇ ਦਿਨਾਂ ਮਗਰੋਂ ਹੀ ਮਾਰਕ ਸਟ੍ਰੋਮਨ ਨੇ ਰਈਸਉੱਦੀਨ ਦੇ ਚਿਹਰੇ ‘ਤੇ ਗੋਲੀ ਦਾਗ ਦਿੱਤੀ. ਰਈਸਉੱਦੀਨ ਦੀ ਜਾਨ ਤਾਂ ਬੱਚ ਗਈ, ਪਰ ਉਸ ਦੀ ਇੱਕ ਅੱਖ ਹਮੇਸ਼ਾ-ਹਮੇਸ਼ਾ ਲਈ ਨਕਾਰਾ ਹੋ ਗਈ.

ਸਤੰਬਰ ੧੧, ੨੦੦੧ ਨੂੰ ਸੰਯੁਕਤ ਰਾਜ ਅਮਰੀਕਾ ਦੇ ਅੰਦਰ ਹੋਏ ਹਮਲਿਆਂ ਦੇ ਕਾਰਣ ਮਾਰਕ ਸਟ੍ਰੋਮਨ ਬੜੇ ਗੁੱਸੇ ‘ਚ ਸੀ. ਉਸਨੂੰ ਲੱਗਦਾ ਸੀ ਕਿ ਅਮਰੀਕੀ ਸਰਕਾਰ ਨੇ ਇਹਨਾਂ ਹਮਲਿਆਂ ਦਾ ਬਦਲਾ ਲੈਣ ਲਈ ਕੁਝ ਨਹੀਂ ਕੀਤਾ ਤੇ ਉਸ ਨੂੰ ਹੀ ਕੁਝ ਕਰਨਾ ਪਏਗਾ. ਉਸਨੇ ਤਿੰਨ ਜਣਿਆਂ ਨੂੰ ਮਧ-ਪੂਰਬ ਦੇ ਲੋਕ (ਅਰਬ ਮੁਸਲਮਾਨ) ਸਮਝ ਕੇ ਉਹਨਾਂ ‘ਤੇ ਹਮਲੇ ਕੀਤੇ. ਇਹਨਾਂ ਵਿੱਚੋਂ ਦੋ ਜਣੇ (ਪਟੇਲ ਤੇ ਹਸਨ) ਦੀ ਮੌਤ ਹੋ ਗਈ.

ਪਟੇਲ ਤੇ ਵੱਕਾਰ ਹਸਨ ਦਾ ਅਮਰੀਕਾ ਅੰਦਰ ਹੋਏ ਉਹਨਾਂ ਹਮਲਿਆਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਹੱਥ ਨਹੀਂ ਸੀ. ਗੁੱਸੇ ‘ਚ ਪਾਗਲ ਹੋਏ ਇੱਕ ਵਿਅਕਤੀ ਦੇ ਫ਼ਤੂਰ ਦਾ ਸ਼ਿਕਾਰ ਬਣੇ ਇਹਨਾਂ ਮਜ਼ਲੂਮਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਨ੍ਹਾਂ ‘ਤੇ ਹਮਲਾ ਆਖਿਰ ਕੀਤਾ ਕਿਉਂ ਗਿਆ.

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਾਸੂਦੇਵ ਪਟੇਲ ਨਾ ਤਾਂ ਮੁਸਲਮਾਨ ਸੀ, ਨਾ ਹੀ ਕਿਸੀ ਅਰਬ ਦੇਸ਼ ਦਾ ਨਾਗਰਿਕ. ਉਹ ਭਾਰਤੀ ਮੂਲ ਦਾ ਹਿੰਦੂ ਸੀ. ਉਹ ਤਾਂ ਸਿਰਫ਼ ਇਸੇ ਲਈ ਮਾਰਿਆ ਗਿਆ, ਕਿਉਕਿਂ ਕੋਈ ਸਿਰ-ਫਿਰਿਆ ਕਾਤਿਲ ਉਸ ਨੂੰ ਮੁਸਲਮਾਨ ਸਮਝ ਰਿਹਾ ਸੀ.

ਅਮਰੀਕਾ ‘ਚ ਵਾਸੂਦੇਵ ਪਟੇਲ ਇਕੱਲਾ ਹੀ ਅਜਿਹਾ ਵਿਅਕਤੀ ਨਹੀਂ ਸੀ, ਜੋ ਕਿਸੇ ਸਿਰ-ਫਿਰੇ ਦੀ ਗਲਤਫ਼ਹਮੀ ਦਾ ਸ਼ਿਕਾਰ ਬਣਿਆ. ਬਹੁਤ ਸਾਰੇ ਸਿੱਖ ਵੀ ਸਿਰਫ਼ ਇਸ ਲਈ ਨਿਸ਼ਾਨਾ ਬਣੇ, ਕਿਉਂਕਿ ਹਮਲਾਵਰ ਉਨ੍ਹਾਂ ਨੂੰ ਮੁਸਲਮਾਨ ਸਮਝ ਰਹੇ ਸਨ.

ਕੁਝ ਦੇਰ ਦੀ ਨਫ਼ਰਤ ਨੇ ਸਾਰੇ ਸੰਸਾਰ ਵਿੱਚ ਕਿੰਨੇ ਹੀ ਲੋਕਾਂ ਦੇ ਕਤਲ ਕਰਵਾਏ ਹਨ ! ਨਫ਼ਰਤ ਦੀ ਹਨੇਰੀ ਵਿੱਚ ਕਿੰਨੀਆਂ ਹੀ ਸੱਤਵੰਤੀ ਔਰਤਾਂ ਨਾਲ ਦੁਰਾਚਾਰ ਹੋਇਆ ਹੈ ! ਚਾਹੇ ੧੯੪੭ ਦੇ ਅਗਸਤ ਮਹੀਨੇ ‘ਚ ਭਾਰਤ ਦੀ ਵੰਡ ਦੀ ਗੱਲ ਹੋਏ, ੧੯੮੪ ‘ਚ ਸਿੱਖਾਂ ਦਾ ਕਤਲੇਆਮ ਹੋਏ, ਪੰਜਾਬ ‘ਚ ਬੱਸਾਂ ਤੋਂ ਉਤਾਰ ਕੇ ਹਿੰਦੂਆਂ ਦੇ ਕਤਲ ਕਰਨਾ ਹੋਏ, ਗੁਜਰਾਤ ‘ਚ ਮੁਸਲਮਾਨਾਂ ਦਾ ਨਰਸੰਘਾਰ ਹੋਏ ਜਾਂ ਕਸ਼ਮੀਰ ‘ਚ ਪੰਡਤਾਂ ਦਾ ਦਮਨ, ਇਨਸਾਨ ਦੇ ਅੰਦਰ ਰਹਿੰਦੇ ਸ਼ੈਤਾਨ ਦੇ ਕਾਲੇ ਕਾਰਨਾਮਿਆਂ ਦੀ ਸੂਚੀ ਬੜੀ ਲੰਬੀ ਹੈ.

ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰਦਿਆਂ ਮਾਰਕ ਸਟ੍ਰੋਮਨ ਨੇ ਕਿਹਾ ਸੀ, “ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਨਿਰਦੋਸ਼ ਵਿਅਕਤੀ ਹਾਂ. ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਮੇਰੇ ਲਈ ਅਫ਼ਸੋਸ ਕਰੋ, ਤੇ ਮੈਂ ਸੱਚਾਈ ਨਹੀਂ ਛੁਪਾਂਵਾਂਗਾ. ਮੈਂ ਇੱਕ ਇਨਸਾਨ ਹਾਂ ਤੇ ਮੈਂ ਪਿਆਰ, ਦੁੱਖ ਤੇ ਗੁੱਸੇ ਵਿੱਚ ਇੱਕ ਭਿਅੰਕਰ ਭੁੱਲ ਕੀਤੀ. ਅਤੇ ਮੇਰੇ ‘ਤੇ ਯਕੀਨ ਕਰੋ ਕਿ ਮੈਂ ਦਿਨ ਦੇ ਇੱਕ-ਇੱਕ ਮਿਨਟ ਵਿੱਚ ਇਸ ਦੀ ਕੀਮਤ ਚੁਕਾ ਰਿਹਾ ਹਾਂ.”

ਕੁਝ ਵੀ ਹੋਵੇ, ਮਾਰਕ ਸਟ੍ਰੋਮਨ ਨੇ ਆਪਣਾ ਗੁਨਾਹ ਕਬੂਲ ਕੀਤਾ ਤੇ ਆਪਣੇ ਪਛਤਾਵੇ ਦਾ ਇਜ਼ਹਾਰ ਵੀ ਕੀਤਾ. ਆਪਣੇ ਗੁਨਾਹ ਨੂੰ ਮੰਨ ਲੈਣ ਨਾਲ ਗੁਨਾਹਗਾਰ ਦਾ ਗੁਨਾਹ ਮਾਫ਼ ਤਾਂ ਨਹੀਂ ਹੁੰਦਾ, ਪਰ ਇਸ ਨਾਲ ਕੁਝ ਹੋਰ ਲੋਕਾਂ ਨੂੰ ਗੁਨਾਹਗਾਰ ਨਾ ਬਣਨ ਦੀ ਪ੍ਰੇਰਣਾ ਜ਼ਰੂਰ ਮਿਲਦੀ ਹੈ. ਗੁਨਾਹਗਾਰ ਦਾ ਪਛਤਾਵਾ ਕੁਝ ਹੱਦ ਤਕ ਕੁਝ ਲੋਕਾਂ ਨੂੰ ਉਹੀ ਗੁਨਾਹ ਕਰਨ ਤੋਂ ਰੋਕਦਾ ਹੈ.

੧੯੮੪ ਵਿੱਚ ਸਿੱਖਾਂ ਦਾ ਕਤਲੇਆਮ, ਪੰਜਾਬ ‘ਚ ਹਿੰਦੂਆਂ ਦੇ ਕਤਲ, ਗੁਜਰਾਤ ‘ਚ ਮੁਸਲਮਾਨਾਂ ਦਾ ਨਰਸੰਘਾਰ ਜਾਂ ਕਸ਼ਮੀਰ ‘ਚ ਪੰਡਤਾਂ ਦਾ ਦਮਨ ਕਰਨ ਲਈ ਕਿਸੀ ਵੀ ਤਰ੍ਹਾਂ ਦੇ ਦੋਸ਼ੀ ਕੀ ਮਾਰਕ ਸਟ੍ਰੋਮਨ ਦੀ ਰੀਸ ਕਰਨਗੇ? ਕੀ ਉਹ ਆਪਣਾ ਗੁਨਾਹ ਕਬੂਲ ਕਰਨਗੇ? ਗੁਨਾਹ ਕਬੂਲ ਕਰਨਾ ਵੀ ਕੁਝ ਹੱਦ ਤੱਕ ਬਹਾਦਰੀ ਹੀ ਹੈ. ਕੀ ਨਿਰਦੋਸ਼ਾਂ ਦੇ ਕਤਲ ਕਰਨ ਵਾਲੇ ਆਪਣਾ ਗੁਨਾਹ ਕਬੂਲ ਕਰ ਕੇ ਕੁਝ ਬਹਾਦਰੀ ਦਿਖਾਉਣਗੇ?

ਜੁਲਾਈ ੨੦, ੨੦੧੧ ਨੂੰ ਟੈੱਕਸਾਸ ਦੀ ਇੱਕ ਜੇਲ੍ਹ ਵਿੱਚ ਮਾਰਕ ਸਟ੍ਰੋਮਨ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ.

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’

ਭਾਈ ਮਤੀ ਦਾਸ ਜੀ ਨੂੰ ਯਾਦ ਕਰਦਿਆਂ…

ਦੰਦ ਦਾ ਦਰਦ ਵੀ ਬੜਾ ਦੁੱਖਦਾਈ ਹੁੰਦਾ ਹੈ, ਇਹ ਮੈਂਨੂੰ ਬਸ ਕੁਝ-ਕੁ ਦਿਨ ਪਹਿਲਾਂ ਹੀ ਚੰਗੀ ਤਰ੍ਹਾਂ ਸਮਝ ਆਇਆ. ਕੁਝ ਹਫ਼ਤੇ ਪਹਿਲਾਂ ਮੈਨੂੰ ਆਪਣੀ ਥੱਲੇ ਵਾਲੀ ਖੱਬੀ ਜਾੜ੍ਹ ਵਿੱਚ ਦਰਦ ਮਹਿਸੂਸ ਹੋਣਾ ਸ਼ੁਰੂ ਹੋਇਆ. ਕੁਝ ਦਿਨਾਂ ਵਿੱਚ ਹੀ ਇਹ ਦਰਦ ਤੇਜ਼ ਹੋਣ ਲੱਗ ਪਿਆ. ਫਿਰ, ਇੱਕ ਦਿਨ ਜਦੋਂ ਮੈਂ ਗੁਰਬਾਣੀ ਦਾ ਸਹਿਜ ਪਾਠ ਕਰ ਰਿਹਾ ਸੀ, ਤਾਂ ਇਹ ਦਰਦ ਬਰਦਾਸ਼ਤ ਕਰਨਾ ਔਖਾ ਹੋ ਗਿਆ. ਮਹਿਜ਼ ੨੦ ਮਿੰਟਾਂ ਮਗਰੋਂ ਹੀ ਮੈਂ ਗੁਰਬਾਣੀ ਦੀ ਪੋਥੀ ਸੁਖਾਸਨ ਕਰ ਕੇ ਰੱਖ ਦਿੱਤੀ. ਦਰਦ ਬਹੁਤ ਜ਼ਿਆਦਾ ਸੀ.

ਸ਼ਾਮ ਨੂੰ ਜਦੋਂ ਮੈਂ ਦੰਦਾਂ ਦੇ ਡਾਕਟਰ (ਡੇੰਟਿਸਟ) ਡਾ. ਸੰਦੀਪ ਸਿੰਘ ਦੇਵ ਕੋਲ ਚੈੱਕ-ਅੱਪ ਲਈ ਗਿਆ, ਤਾਂ ਮੈਂ ਉਹਨਾਂ ਨੂੰ ਕਿਹਾ, “ਪਤਾ ਨਹੀਂ ਕਿਵੇਂ, ਭਾਈ ਮਤੀ ਦਾਸ ਜੀ ਨੇ ਆਰੇ ਨਾਲ ਚੀਰੇ ਜਾਣ ਦਾ ਦਰਦ ਬਰਦਾਸ਼ਤ ਕਰਦਿਆਂ ਸ੍ਰੀ ਜਪੁਜੀ ਸਾਹਿਬ ਦਾ ਪਾਠ ਸੰਪੂਰਣ ਕੀਤਾ ਹੋਇਗਾ?”

Bhai Mati Das Jiਭਾਈ ਮਤੀ ਦਾਸ ਜੀ ਦੀ ਸ਼ਹਾਦੱਤ

ਖੈਰ, ਡਾਕਟਰ ਸਾਹਿਬ ਨੇ ਮੁਆਇਨਾ ਕਰਨ ਮਗਰੋਂ ਦੱਸਿਆ ਕਿ ੧੦ ਦੰਦਾਂ ਦੀ ਫਿਲਿੰਗ ਕਰਨ ਦੀ ਜ਼ਰੂਰਤ ਹੈ, ਪਰ ਇਸ ਤੋਂ ਵੱਡੀ ਗੱਲ ਇਹ ਸੀ ਕਿ ਦੋ ਅਕਲ-ਜਾੜ੍ਹਾਂ ਨੂੰ ਵੀ ਕਢਣਾ ਪੈਣਾ ਸੀ. ਇਹ ਅਕਲ-ਜਾੜ੍ਹਾਂ ਅਲਗ-ਅਲਗ ਦਿਨ ਕਢੀਆਂ ਜਾਣੀਆਂ ਸਨ ਤੇ ਅਜਿਹਾ ਕਰਨ ਲਈ ਚੀਰਾ ਲਗਾਇਆ ਜਾਣਾ ਸੀ.

ਦੰਦਾਂ ਦੀ ਫਿਲਿੰਗ ਕਰਵਾ ਕੇ ਤੇ ਪਹਿਲੀ ਅਕਲ-ਜਾੜ੍ਹ ਕਢਣ ਦਾ ਦਿਨ ਤੇ ਵਕਤ ਮੁਕਰਰ ਕਰ ਕੇ ਮੈਂ ਘਰ ਪਰਤ ਤਾਂ ਆਇਆ, ਪਰ ਭਾਈ ਮਤੀ ਦਾਸ ਵੱਲੋਂ ਆਰੇ ਨਾਲ ਚੀਰੇ ਜਾਣ ਦਾ ਦਰਦ ਬਰਦਾਸ਼ਤ ਕਰਦਿਆਂ ਸ੍ਰੀ ਜਪੁਜੀ ਸਾਹਿਬ ਦਾ ਪਾਠ ਸੰਪੂਰਣ ਕਰਨਾ ਮੇਰੇ ਖਿਆਲ ਵਿੱਚ ਉਵੇਂ ਹੀ ਛਾਇਆ ਰਿਹਾ.

ਨਿਯਤ ਸਮੇਂ ‘ਤੇ ਮੈਂ ਆਪਣੇ ਘਰ ਤੋਂ ੧੨-੧੩ ਕਿਲੋਮੀਟਰ ਦੂਰ ਸਥਿਤ ਇਸ ਡੈਂਟਲ ਕਲੀਨਿਕ ‘ਤੇ ਆਪਣੇ ਮੋਟਰ-ਸਾਈਕਲ ‘ਤੇ ਪੁੱਜਾ, ਕਿਉਂਕਿ ਮੇਰੇ ਘਰ ਦੇ ਨਜ਼ਦੀਕ ਰਸਤਾ ਖ਼ਰਾਬ ਹੋਣ ਕਾਰਣ ਕਾਰ ਨਹੀਂ ਸੀ ਨਿਕਲ ਸਕਦੀ. ਦੋ ਡਾਕਟਰਾਂ (ਡਾ. ਸੰਦੀਪ ਸਿੰਘ ਦੇਵ ਤੇ ਡਾ. ਅੰਜਲੀ ਦੇਵ) ਨੇ ਲਗਭਗ ਸਵਾ ਘੰਟਾ ਲਾ ਕੇ ਬੜੀ ਮਿਹਨਤ ਨਾਲ ਮੇਰੀ ਦਰਦ ਕਰਦੀ ਅਕਲ-ਜਾੜ੍ਹ ਨੂੰ ਇੱਕ ਛੋਟੇ ਜਿਹੇ ਆਪ੍ਰੇਸ਼ਨ ਨਾਲ ਕਢ ਕੇ ਟਾਂਕੇ ਲਗਾ ਦਿੱਤੇ.

ਜਾੜ੍ਹ ਤਾਂ ਕਢਵਾ ਲਈ ਸੀ, ਪਰ ਹੁਣ ਖੁਦ ਮੋਟਰ-ਸਾਈਕਿਲ ਚਲਾ ਕੇ ਵਾਪਸ ੧੨-੧੩ ਕਿਲੋਮੀਟਰ ਦੂਰ ਘਰ ਵੀ ਪਹੁੰਚਣਾ ਸੀ. ਅਜੇ ਡਾਕਟਰ ਵੱਲੋਂ ਲਿਖੀ ਦਵਾਈ ਵੀ ਖਰੀਦਣੀ ਸੀ, ਤੇ ਪੀਣ ਲਈ ਫਲਾਂ ਦਾ ਰਸ ਵਗੈਰਾ ਵੀ, ਕਿਉਂਕਿ ਜਾੜ੍ਹ ਕਢਵਾਉਣ ਤੋਂ ਬਾਅਦ ਕੁਝ ਦਿਨਾਂ ਤਕ ਕੁਝ ਸਖ਼ਤ ਚੀਜ਼ ਖਾਣਾ ਤਾਂ ਅਸੰਭਵ ਹੀ ਸੀ. ਜਿਵੇਂ ਕਿ ਪਹਿਲਾਂ ਵੀ ਕਈ ਵਾਰ ਹੋਇਆ, ਮੈਂ ਇਸ ਸੰਸਾਰ ਵਿੱਚ ਇੱਕਲਿਆਂ ਰਹਿਣ ਦਾ ਕਸ਼ਟ ਫਿਰ ਮਹਿਸੂਸ ਕੀਤਾ.

ਡੈਂਟਲ ਕਲੀਨਿਕ ਤੋਂ ਬਾਹਰ ਆ ਕੇ ਮੈਂ ਇੱਕ ਵਾਰ ਫਿਰ ਭਾਈ ਮਤੀ ਦਾਸ ਜੀ ਨੂੰ ਯਾਦ ਕੀਤਾ. ਮੈਨੂੰ ਕੁਝ ਹੌਸਲਾ ਮਹਿਸੂਸ ਹੋਇਆ. ਮੈਂ ਨੇੜੇ ਹੀ ਇੱਕ ਕੈਮਿਸਟ ਤੋਂ ਡਾਕਟਰ ਵੱਲੋਂ ਲਿਖੀ ਦਵਾਈ ਖਰੀਦ ਲਈ. ਯਾਦ ਆਇਆ ਕਿ ਮੋਟਰਸਾਈਕਲ ਵਿਚ ਪੈਟ੍ਰੋਲ ਵੀ ਪੁਆਉਣਾ ਹੈ. ਪੈਟ੍ਰੋਲ ਪੁਆ ਕੇ, ਪੀਣ ਲਈ ਫਲਾਂ ਦਾ ਰਸ ਵਗੈਰਾ ਕੇ ਮੈਂ ਲਗਭਗ ਇੱਕ ਘੰਟੇ ਮਗਰੋਂ ਆਪਣੇ ਘਰ ਜਾ ਪੁੱਜਾ. ਜੋ ਸੁੱਖ ਛੱਜੂ ਦੇ ਚੌਬਾਰੇ, ਉਹ ਬਲਖ ਨਾ ਬੁਖਾਰੇ.

ਘਰ ਪਹੁੰਚਣ ਤਕ ਕਢੀ ਗਈ ਜਾੜ੍ਹ ਵਾਲੀ ਥਾਂ ‘ਤੇ ਦਰਦ ਬਹੁਤ ਹੀ ਤੇਜ਼ ਹੋ ਗਿਆ. ਭਾਈ ਮਤੀ ਦਾਸ ਜੀ ਦੀ ਸ਼ਹੀਦੀ ਦਾ ਵਾਕਿਆ ਮੇਰੇ ਖਿਆਲਾਂ ਵਿੱਚ ਹੋਰ ਡੂੰਘਾ ਉਤਰਨ ਲੱਗਾ. ਬੜੀ ਔਖ ਨਾਲ ਮੈਂ ਦਰਦ ਨਿਵਾਰਕ ਦਵਾਈ ਲਈ ਤੇ ਬਿਸਤਰ ‘ਤੇ ਪਸਰ ਗਿਆ.

ਭਾਵੇਂ ਮੈਂ ਬਿਸਤਰੇ ‘ਤੇ ਅੱਖਾਂ ਬੰਦ ਕਰ ਕੇ ਪਿਆ ਹੋਇਆ ਸੀ, ਪਰ ਮੈਨੂੰ ਇੰਝ ਜਾਪ ਰਿਹਾ ਸੀ, ਜਿਵੇਂ ਮੈਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰੇ ਜਾਂਦਿਆਂ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਦੇ ਦੇਖ ਰਿਹਾ ਸੀ. ਖਿਆਲਾਂ ਦਾ ਵੀ ਅਜਬ ਨਜ਼ਾਰਾ ਹੁੰਦਾ ਹੈ. ਖਿਆਲਾਂ ਦਾ ਵੀ ਆਪਣੀ ਹੀ ਤਾਕਤ ਹੁੰਦੀ ਹੈ.

ਮੈਂ ਹੌਲੀ-ਹੌਲੀ ਉਠ ਕੇ ਬੈਠ ਗਿਆ ‘ਤੇ ਮਨ ਹੀ ਮਨ ਸ੍ਰੀ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ. ਪਾਠ ਕਰਦਿਆਂ ਵੀ ਉਸ ਮਹਾਨ ਗੁਰਸਿਖ ਦਾ ਖਿਆਲ ਦਿਮਾਗ਼ ਵਿੱਚ ਰਿਹਾ, ਜੋ ਸ੍ਰੀ ਸਤਿਗੁਰੂ ਤੇਗ ਬਹਾਦੁਰ ਸਾਹਿਬ ਜੀ ਵੱਲ ਮੂੰਹ ਕਰ ਕੇ ਸ਼ਹੀਦੀ ਪ੍ਰਾਪਤ ਕਰਨ ਦੀ ਆਪਣੀ ਇਛਾ ਨੂੰ ਪੂਰੀ ਕਰਵਾ ਕੇ ਗੁਰਪੁਰੀ ਜਾ ਬਿਰਾਜਿਆ.

ਆਰੇ ਥੱਲੇ ਬਹਿ ਕੇ ਵੀ ਉਸ ਨੇ ਜਪੁਜੀ ਸਾਹਿਬ ਦਾ ਪਾਠ ਕਰ ਕੇ ਉਹ ਆਨੰਦ ਪ੍ਰਾਪਤ ਕਰ ਲਿਆ, ਜੋ ਮੇਰੇ ਵਰਗੇ ਏਅਰ-ਕੰਡੀਸ਼ਨਡ ਕਮਰੇ ਵਿੱਚ ਵੀ ਪਾਠ ਕਰ ਕੇ ਪ੍ਰਾਪਤ ਨਹੀਂ ਕਰ ਸਕਦੇ.

ਧੰਨ ਧੰਨ ਸਤਿਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਇਸ ਗੁਰਸਿੱਖ ਨੂੰ ਯਾਦ ਕਰਦਿਆਂ ਮੂੰਹੋਂ ਸਿਰਫ਼ ਇਹੀ ਨਿਕਲਦਾ ਹੈ, “ਧੰਨ ਧੰਨ ਭਾਈ ਮਤੀ ਦਾਸ ਜੀ, ਧੰਨ ਧੰਨ ਭਾਈ ਮਤੀ ਦਾਸ ਜੀ.”

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’

ਸਵਾਮੀ ਨਿਗਮਾਨੰਦ ਜੀ ਦੀ ਸ਼ਹਾਦਤ

ਆਮ ਜਨਤਾ ਦੇ ਮਨਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਭਾਰੀ ਰੋਹ ਹੈ | ਇਹੀ ਵਜ੍ਹਾ ਸੀ ਕਿ ਗਾਂਧੀਵਾਦੀ ਅੰਨਾ ਹਜ਼ਾਰੇ ਦੀ ਅਗਵਾਈ ਵਾਲੇ ਅੰਦੋਲਨ ਨੂੰ ਇਸਦੇ ਸ਼ੁਰੂਆਤੀ ਪੜਾਅ ‘ਤੇ ਭਾਰੀ ਸਮਰਥਨ ਮਿਲਿਆ | ਮਗਰੋਂ, ਛੇਤੀ ਹੀ ਇਹ ‘ਅਹਿੰਸਕ’ ਸੰਘਰਸ਼ ਆਪਣੀ ਤੇਜ਼ ਧਾਰ ਗੁਆ ਰਿਹਾ ਜਾਪਣ ਲੱਗਾ |

ਜਦੋਂ ਇਸ ਸੰਘਰਸ਼ ਨੇ ਅਜੇ ਆਪਣੇ ਸਿਖਰ ਵੱਲ ਵਧਣਾ ਸ਼ੁਰੂ ਕੀਤਾ ਹੀ ਸੀ, ਯੋਗਾਚਾਰੀਆ ਰਾਮਦੇਵ ਨੂੰ ਇਸ ਵਿਸ਼ਾਲ ਦ੍ਰਿਸ਼ ਵਿੱਚ ਪ੍ਰਵੇਸ਼ ਕਰਦੇ ਦੇਖਿਆ ਗਿਆ | ਕੁਝ ਵਿਚਾਰਵਾਨਾਂ ਨੇ ਰਾਮਦੇਵ ਦੇ ਇਸ ਪ੍ਰਵੇਸ਼ ਨੂੰ ਅੰਨਾ ਹਜ਼ਾਰੇ ਦੇ ਸਮਾਜਿਕ ਕੱਦ ਨੂੰ ਛੋਟਾ ਕਰਨ ਦੀ ਸਰਕਾਰੀ ਚਾਲ ਦਾ ਹਿੱਸਾ ਸਮਝਿਆ | ਕੁਝ ਵੀ ਸੀ, ਇੱਕ ਵਾਰ ਤਾਂ ਸਾਰੇ ਮੀਡੀਆ ਦੀ ਨਜਰ ਦਾ ਕੇਂਦਰ ਬਿੰਦੂ ਹਜ਼ਾਰੇ ਨਾ ਹੋ ਕੇ ਰਾਮਦੇਵ ਬਣ ਗਿਆ | ਜਦੋਂ ਹੀ ਰਾਮਦੇਵ ਨੇ ਸਰਕਾਰ ਨੂੰ ਟਰਕਾਉਣ ਦੀ ਕੋਸ਼ਿਸ਼ ਕੀਤੀ, ਸਰਕਾਰ ਨੇ ਉਸ ਗੁਪਤ ਪੱਤਰ ਨੂੰ ਜ਼ਾਹਿਰ ਕਰ ਦਿੱਤਾ, ਜਿਸ ਤੋਂ ਸਪਸ਼ਟ ਹੋ ਰਿਹਾ ਸੀ ਕਿ ਰਾਮਦੇਵ ਆਪਣੇ ਮਰਣ-ਵਰਤ ਦੇ ਆਰੰਭ ਤੋਂ ਪਹਿਲਾਂ ਹੀ ਸਰਕਾਰ ਨਾਲ ਸਮਝੌਤਾ ਕਰੀ ਬੈਠਾ ਸੀ | ਤੈਸ਼ ਵਿੱਚ ਆਏ ਰਾਮਦੇਵ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਆਪਣਾ ਮਰਣ-ਵਰਤ ਸ਼ੁਰੂ ਕਰ ਦਿੱਤਾ | ਕਈਆਂ ਨੇ ਸੋਚਿਆ, ‘ਕ੍ਰਾਂਤੀਕਾਰੀ’ ਜਿਹਾ ਜਾਪਣ ਦੀ ਕੋਸ਼ਿਸ਼ ਕਰਦਾ ਇਹ ਸੰਨਿਆਸੀ ਆਪਣੀਆਂ ਮੰਗਾਂ ਪੂਰੀਆਂ ਹੋਣ ਤਕ ਮਰਣ-ਵਰਤ ਜਾਰੀ ਰੱਖੇਗਾ |

ਵਕਤ ਦੀ ਸਰਕਾਰ ਨਾਲ ਟੱਕਰ ਲੈਣੀ ਹਰ ਕਿਸੇ ਦੇ ਵੱਸ ਦੀ ਖੇਡ ਨਹੀਂ ਹੁੰਦੀ | ਅੱਧੀ ਰਾਤ ਨੂੰ ਜਦੋਂ ਪੁਲਿਸ ਰਾਮਦੇਵ ਦੇ ਮਰਣ-ਵਰਤ ਵਾਲੇ ਪੰਡਾਲ ਵਿੱਚ ਦਾਖ਼ਲ ਹੋਈ, ਤਾਂ ਰਾਮਦੇਵ ਨੇ ਸਟੇਜ ਤੋਂ ਛਾਲ ਮਾਰਣ ਵਿੱਚ ਦੇਰ ਨਾ ਲਾਈ | ਸੰਸਾਰ ਨੇ ‘ਕ੍ਰਾਂਤੀਕਾਰੀ’ ਵਿਚਾਰਾਂ ਦਾ ਪ੍ਰਚਾਰ ਕਰਨ ਵਾਲੇ ਸੰਨਿਆਸੀ ਰਾਮਦੇਵ ਨੂੰ ਆਪਣੀ ਕਿਸੀ ਚੇਲੀ ਦੀ ਸਲਵਾਰ ਕਮੀਜ਼ ਪਾ ਕੇ ਇੱਕ ਔਰਤ ਦਾ ਭੇਸ ਧਾਰਣ ਕਰ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਦੇਖਿਆ | ਹਾਲਾਂਕਿ ਰਾਮਦੇਵ ਦੀ ਇਹ ਕੋਸ਼ਿਸ਼ ਅਸਫਲ ਹੀ ਰਹੀ ਤੇ ਪੁਲਿਸ ਨੇ ਲੋਕ-ਸੰਘਰਸ਼ ਦੇ ਇਸ ਭਗੌੜੇ ਨੂੰ ਹਰਦੁਆਰ ਸਥਿਤ ਇਸ ਦੇ ਆਸ਼ਰਮ ਵਿੱਚ ਪਹੁੰਚਾ ਦਿੱਤਾ |

ਰਾਮਦੇਵ ਨੇ ਉੱਥੇ ਪਹੁੰਚ ਕੇ ਵੀ ਮਰਣ-ਵਰਤ ਜਾਰੀ ਰੱਖਣ ਦਾ ਐਲਾਨ ਕਰ ਮਾਰਿਆ | ਛੇਤੀ ਹੀ, ਸੰਸਾਰ ਨੇ ਮਰਣ-ਵਰਤ ‘ਤੇ ਬੈਠੇ ਰਾਮਦੇਵ ਨੂੰ ਨਿੰਬੂ-ਪਾਣੀ ਪੀਂਦੇ ਵੇਖਿਆ | ਇਹ ਵੀ ਜਿਆਦਾ ਦੇਰ ਤਕ ਨਾ ਚੱਲਿਆ ਤੇ ਰਾਮਦੇਵ ਨੇ ਰਿਸ਼ੀਕੇਸ਼ ਨੇੜੇ ਇੱਕ ਹਸਪਤਾਲ ਵਿੱਚ ‘ਸ੍ਰੀ ਸ਼੍ਰੀ’ ਰਵਿਸ਼ੰਕਰ ਦੇ ਹੱਥੋਂ ਫਲਾਂ ਦਾ ਰਸ ਪੀ ਕੇ ਆਖਿਰ ਇਸ ‘ਅਧ-ਕਚਰੇ’ ਜਿਹੇ ਮਰਣ-ਵਰਤ ਤੋਂ ਵੀ ਕਿਨਾਰਾ ਕਰ ਲਿਆ |

ਜਦੋਂ ਰਿਸ਼ੀਕੇਸ਼ ਨੇੜੇ ਇੱਕ ਹਸਪਤਾਲ ਵਿੱਚ ਰਾਮਦੇਵ ਆਪਣਾ ਕਥਿਤ ਮਰਣ-ਵਰਤ ਤੋੜ ਰਿਹਾ ਸੀ, ਉਸੇ ਹਸਪਤਾਲ ਵਿੱਚ ਸਵਾਮੀ ਨਿਗਮਾਨੰਦ ਜੀ ਇੱਕ ਮਰਦ ਵਾਂਗੂ ਆਪਣੇ ਵਚਨ ‘ਤੇ ਕਾਇਮ ਰਹਿੰਦਿਆਂ ਆਪਣਾ ਮਰਣ-ਵਰਤ ਜਾਰੀ ਰੱਖ ਰਹੇ ਸਨ | ਉਹ ਗੰਗਾ ਨਦੀ ਵਿੱਚ ਜਾਰੀ ਗੈਰ-ਕਾਨੂੰਨੀ ਖੁਦਾਈ ਤੇ ਪ੍ਰਦੂਸ਼ਣ ਖਿਲਾਫ਼ ਫ਼ਰਵਰੀ ੧੯, ੨੦੧੧ ਤੋਂ ਮਰਣ-ਵਰਤ ‘ਤੇ ਬੈਠੇ ਸਨ | ਸਵਾਮੀ ਨਿਗਮਾਨੰਦ ਜੀ ਨੇ ਪਹਿਲਾਂ ਵੀ ਜਨਵਰੀ ੨੦, ੨੦੦੮ ਤੋਂ ਅਪ੍ਰੈਲ ੨੦੦੮ ਤਕ ਗੰਗਾ ਨਦੀ ਵਿੱਚ ਜਾਰੀ ਗੈਰ-ਕਾਨੂੰਨੀ ਖੁਦਾਈ ਤੇ ਪ੍ਰਦੂਸ਼ਣ ਖਿਲਾਫ਼ ਵਰਤ ਰਖਿਆ ਸੀ, ਜਿਸ ਦੇ ਨਤੀਜੇ ਵਜੋਂ ਇਸ ਖੁਦਾਈ ‘ਤੇ ਪਾਬੰਦੀ ਲੱਗ ਗਈ ਸੀ | ਕੁਝ ਹੀ ਚਿਰ ਮਗਰੋਂ, ਇਹ ਪਾਬੰਦੀ ਫਿਰ ਹਟਾ ਲਈ ਗਈ |

ਰਾਮਦੇਵ ਤਾਂ ਫਲਾਂ ਦਾ ਰਸ ਪੀ ਕੇ ਹਸਪਤਾਲ ਵਿਚੋਂ ਤੁਰ ਗਿਆ, ਪਰ ਕੁਝ ਹੀ ਘੰਟਿਆਂ ਮਗਰੋਂ ਮਰਦ ਸਵਾਮੀ ਨਿਗਮਾਨੰਦ ਜੀ ਨੇ ੧੧੫ ਦਿਨਾਂ ਤਕ ਮਰਣ-ਵਰਤ ਜਾਰੀ ਰਖਦਿਆਂ ੧੩ ਜੂਨ, ੨੦੧੧ ਨੂੰ ਆਖਿਰ ਉਸੇ ਹਸਪਤਾਲ ਵਿੱਚ ਸ਼ਹਾਦਤ ਦਾ ਜਾਮ ਪੀ ਲਿਆ | (http://www.tribuneindia.com/2011/20110614/main7.htm)

ਬੱਸ, ਇਹੀ ਮੌਕਾ ਸੀ, ਜਦੋਂ ਮੈਨੂੰ ਭਾਈ ਦਰਸ਼ਨ ਸਿੰਘ ਫੇਰੂਮਾਨ ਫਿਰ ਯਾਦ ਆਏ | ਸਟੇਜ ‘ਤੇ ਬਹਿ ਕੇ ਲੋਕਾਂ ਨੂੰ ਭਾਸ਼ਣ ਸੁਣਾ ਲੈਣਾ ਹੋਰ ਗੱਲ ਹੈ, ਪਰ ਭਾਈ ਦਰਸ਼ਨ ਸਿੰਘ ਫੇਰੂਮਾਨ (http://www.sikhiwiki.org/index.php/Darshan_Singh_Pheruman) ਵਾਂਗ ਮਰਣ-ਵਰਤ ‘ਤੇ ਬੈਠਿਆਂ ਸ਼ਹੀਦੀ ਪ੍ਰਾਪਤ ਕਰ ਲੈਣੀ ਹੋਰ ਗੱਲ ਹੈ | ਸਵਾਮੀ ਨਿਗਮਾਨੰਦ ਜੀ ਦੀ ਸ਼ਹਾਦਤ ਨੇ ਇਹ ਸਿਧ ਕਰ ਕੇ ਦਿਖਾ ਦਿੱਤਾ ਹੈ ਕਿ ਭਾਰਤ-ਭੂਮੀ ‘ਤੇ ਅਜੇ ਵੀ ਬਚਨ ਦੇ ਬਲੀ ਸੂਰਮੇ ਸਾਧੂ ਤੇ ਧਰਮੀ ਜੀਊੜੇ ਮੌਜੂਦ ਹਨ, ਜਿਹਨਾਂ ਲਈ ਆਪਣੀ ਜਾਨ ਬਚਾਉਣ ਤੋਂ ਜ਼ਿਆਦਾ ਜ਼ਰੂਰੀ ਆਪਣਾ ਬਚਨ ਪੂਰਾ ਕਰਨਾ ਹੈ |

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’