(ਵਿਧਾਤਾ ਸਿੰਘ ‘ਤੀਰ’)
ਇਹ ਝੰਡਾ ਦੂਲੇ ਪੰਥ ਦਾ, ਉੱਚਾ ਲਾਸਾਨੀ ।
ਪਈ ਇਸ ਵਿੱਚ ਚਮਕਾਂ ਮਾਰਦੀ, ਕਲਗ਼ੀ ਨੂਰਾਨੀ ।
ਫੜ ਇਸ ਨੂੰ ਉੱਚਾ ਕਰ ਗਿਆ, ਪੁੱਤਰਾਂ ਦਾ ਦਾਨੀ ।
ਜਿਸ ਰਖੀ ਮੂਲ ਨਾ ਆਪਣੀ, ਜਗ ਵਿੱਚ ਨਿਸ਼ਾਨੀ ।
ਜਿਸ ਪੂਜੀ ਕੁਲ ਦੀ ਰੱਤ ਪਾ, ਸ੍ਰੀ ਮਾਤਾ ਭਾਨੀ ।
ਜਿਸ ਦਿੱਤੀ ਸਾਰੀ ਬੰਸ ਦੀ, ਹੱਸ ਕੇ ਕੁਰਬਾਨੀ ।
ਉਸ ਕਲਗੀਧਰ ਦੀ ਰੀਝ ਦਾ, ਸੂਰਜ ਅਸਮਾਨੀ ।
ਕੀ ਕਲਮ ਕਵੀ ਦੀ ਏਸ ਦਾ ਯੱਸ ਕਰੇ ਜ਼ਬਾਨੀ ।
ਅਕਾਲੀ ਝੰਡੇ ਦੇ ਕਾਰਨਾਮੇ
ਇਸ ਉੱਚੇ ਹੋ ਲਹਿਰਾਂਦਿਆਂ, ਹਨ ਯੁੱਗ ਪਲੱਟੇ ।
ਇਸ ਖੱਟੇ-ਰੰਗੇ, ਜ਼ੁਲਮ ਦੇ ਦੰਦ ਕੀਤੇ ਖੱਟੇ ।
ਇਸ ਡੋਬੀ ਬੇੜੀ ਪਾਪ ਦੀ, ਭਰ ਭਰ ਕੇ ਵੱਟੇ ।
ਇਸ ਹੇਠਾਂ ਨੱਥੇ ਪੰਥ ਨੇ, ਜਰਵਾਣੇ ਢੱਟੇ ।
ਇਹ ਲਿੱਸਿਆਂ ਨੂੰ ਗਲ ਲਾਂਵਦਾ, ਜੋ ਰੁਲਦੇ ਘੱਟੇ ।
ਇਸ ਕੀੜੇ ਕੀਤੇ ਪਾਤਸ਼ਾਹ, ਫੜ ਤਖ਼ਤ ਉਲੱਟੇ ।
ਉਹ ਤੇਗ਼ ਜੀਭ ਸੀ ਏਸ ਦੀ, ਜਿਸ ਜ਼ਾਲਮ ਚੱਟੇ ।
ਇਹ ਲਾਹਵੇ ਗਲੋਂ ਗ਼ੁਲਾਮੀਆਂ, ਸਭ ਸੰਗਲ ਕੱਟੇ ।
ਇਸ ਨੂੰ ਚੁੱਕ ਕੇ ਤੁਰਨ ਵਾਲੇ
ਇਹ ਝੰਡਾ ਚੁੱਕ ਨੰਦੇੜ ਤੋਂ, ਇਕ ‘ਬੰਦਾ’ ਚੜ੍ਹਿਆ ।
ਉਹ ਘੜਿਆ ਜਿਵੇਂ ਫ਼ੁਲਾਦ ਦਾ, ਲੋਹ-ਬਖ਼ਤਰ ਜੜ੍ਹਿਆ ।
ਉਹ ਅੱਖੋਂ ਅੱਗ ਉਗਲੱਛਦਾ, ਰੋਹ ਅੰਦਰ ਸੜਿਆ ।
ਉਸ ਮੰਤਰ ਗੁਰ ਦਸ਼ਮੇਸ਼ ਤੋਂ, ਸਿੱਖੀ ਦਾ ਪੜ੍ਹਿਆ ।
ਉਸ ਖੰਡਾ ਖੋਹ ਕੇ ਮੌਤ ਦਾ, ਹੱਥ ਸੱਜੇ ਫੜਿਆ ।
ਉਹ ਅੰਦਰ ਖ਼ੂਨੀ ਸ਼ਹਿਰ ਦੇ, ਜਦ ਜਾ ਕੇ ਵੜਿਆ ।
ਤਦ ਹਿੱਲੀ ਨੀਂਹ ਸਰਹੰਦ ਦੀ, ਜੋ ਇੱਟ ਇੱਟ ਝੜਿਆ ।
ਸੀ ਖ਼ੂਬ ਫੱਰਾਟੇ ਮਾਰਦਾ, ਸਿੰਘਾਂ ਹੱਥ ਫੜਿਆ ।
ਦੂਜਾ ਅਣਖੀ
ਫਿਰ ਸੀਸ ਤਲੀ ਤੇ ਰੱਖ ਕੇ, ਇਕ ਗੁਰੂ-ਦੁਲਾਰਾ ।
ਇਹ ਝੰਡਾ ਫੜ ਕੇ ਜੂਝਿਆ, ਕਰ ਸਿਦਕੀ ਕਾਰਾ ।
ਉਸ ਤੇਰ੍ਹਾਂ ਕੋਹ ਵਿੱਚ ਫੇਰਿਆ, ਖੰਡਾ ਦੋ-ਧਾਰਾ ।
ਉਸ ਧੋਤਾ ਆਪਣੀ ਰੱਤ ਪਾ, ਰਾਹ ਪੈਂਡਾ ਸਾਰਾ ।
ਉਹ ‘ਦੀਪ ਸਿੰਘ’ ਕੁਲ-ਦੀਪ ਸੀ, ਵਰਿਆਮ ਕਰਾਰਾ ।
ਉਸ ਸੀਸ ਤਲੀ ਤੇ ਰੱਖਿਆ, ਸੀ ਅਜਬ ਨਜ਼ਾਰਾ ।
ਧੜ ਰਣ ਵਿੱਚ ਲੜਦਾ ਸਿਰ ਨਹੀਂ, ਵੇਖੇ ਜੱਗ ਸਾਰਾ ।
ਤਦ ਝੂਲ ਝੂਲ ਸੀ ਆਖਦਾ, ਇਹ ਝੰਡਾ ਪਿਆਰਾ ।
ਵਾਹ! ਰੱਖ ਵਿਖਾਈ ਅਣਖ ਤੂੰ, ਸਿੰਘਾ! ਸਰਦਾਰਾ!
ਦੋ ਦਲੇਰ
ਫਿਰ ਉੱਠਿਆ ਬੀਕਾਨੇਰ ਤੋਂ, ਇਕ ਜੋੜ ਹਠੀਲਾ ।
ਇਹ ਝੰਡਾ ਉਸ ਨੇ ਚੁੱਕਿਆ, ਫਿਰ ਕਰ ਕੇ ਹੀਲਾ ।
ਇਕ ਅਣਖੀ ‘ਮੀਰਾਂ-ਕੋਟੀਆ’ ਹੈ ਸੀ ਫੁਰਤੀਲਾ ।
ਇਕ ਸਿੰਘ ‘ਮਾੜੀ ਕੰਬੋ’ ਦਾ, ਸਿਰਲੱਥ ਰੰਗੀਲਾ ।
ਉਨ੍ਹਾਂ ‘ਹਰਿਮੰਦਰ’ ਵਿਚ ਜਾਣ ਦਾ, ਰੱਚ ਲਿਆ ਵਸੀਲਾ ।
ਉਨ੍ਹਾਂ ਇੱਕੋ ਚਾਲੇ ਮਾਰਿਆ, ਮੁਗ਼ਲਾਂ ਦਾ ਫ਼ੀਲਾ ।
ਉਨ੍ਹਾਂ ਪੁਟਿਆ ਅੰਮ੍ਰਿਤਸਰ ਵਿਚੋਂ, ਜਰਵਾਣਾ ਡੀਲਾ ।
ਉਨ੍ਹਾਂ ਸਿਰ ਮੱਸੇ ਦਾ ਲਾਹ ਲਿਆ, ਰਚ ਅਚਰਜ ਲੀਲ੍ਹਾ ।
ਜਿਉਂ ਜੱਟੀ ਲਾਹਵੇ ਚੁਲ੍ਹ ਤੋਂ, ਰਿਝ ਰਿਹਾ ਪਤੀਲਾ ।
ਦੋ ਹੋਰ
ਫਿਰ ਚੜ੍ਹਿਆ ਲਾਟਾਂ ਛਡਦਾ ਇਕ ਮਰਦ ‘ਅਕਾਲੀ’ ।
ਸਨ ਖ਼ੂਬ ਦੁਮਾਲੇ ਤੇ ਜੜੇ, ਉਸ ਚੱਕਰ ਚਾਲੀ ।
ਸੀ ‘ਨਲੂਆ’ ਸਾਥੀ ਓਸ ਦਾ, ਅਣਖਾਂ ਦਾ ਵਾਲੀ ।
ਰਲ ਦੋਹਾਂ ਝੰਡੇ ਏਸ ਦੀ, ਲਜ ਵਾਹ ਵਾਹ ਪਾਲੀ ।
ਉਨ੍ਹਾਂ ਪਾਈ ਗਲੇ ਪਠਾਣ ਦੇ, ਬਲ ਨਾਲ ਪੰਜਾਲੀ ।
ਉਨ੍ਹਾਂ ਵਾਹੀ ਵਿਚ ਰਣ-ਖੇਤ ਦੇ, ਹਲ-ਤੇਗ਼ ਨਿਰਾਲੀ ।
ਉਨ੍ਹਾਂ ‘ਬਰੂਓਂ ਦੱਭੋਂ’ ਖੇਤ ਨੂੰ, ਕਰ ਸੁਟਿਆ ਖ਼ਾਲੀ ।
ਇਸ ਝੰਡੇ ਨੇ ਜਮਰੌਦ ਤੇ, ਤਦ ਸ਼ਾਨ ਵਿਖਾਲੀ ।
ਹੁਣ ਵੀ ਰੰਗ ਵਿਖਾਏਗਾ
ਇਸ ਝੰਡੇ ਹੇਠਾਂ ਖ਼ਾਲਸਾ, ਫਲਿਆ ਤੇ ਫੁਲਿਆ ।
ਇਸ ਝੰਡੇ ਹੇਠਾਂ ਖ਼ਾਲਸਾ, ਤੇਗ਼ਾਂ ਤੇ ਤੁਲਿਆ ।
ਇਸ ਝੰਡੇ ਹੇਠਾਂ ਖ਼ਾਲਸਾ, ਰਾਹ ਕਦੇ ਨਾ ਭੁਲਿਆ ।
ਇਸ ਝੰਡੇ ਹੇਠਾਂ ਪੰਥ ਦਾ, ਰਲ ਕੇ ਲਹੂ ਡੁਲ੍ਹਿਆ ।
ਹੈ ਨਿਸਚਾ ਹੁਣ ਵੀ ਜੇ ਕਦੇ, ਕੁਈ ਝੱਖੜ ਝੁਲਿਆ ।
ਜੇ ਰਾਖਸ਼ ਕਿਸੇ ਸ਼ੈਤਾਨ ਦਾ, ਮੂੰਹ ਏਧਰ ਖੁਲ੍ਹਿਆ ।
ਇਹ ਭੰਨੇਗਾ ਦੰਦ ਓਸ ਦੇ, ਕਰਨੀ ਨਹੀਂ ਭੁਲਿਆ ।
(ਕਾਵਿ-ਸੰਗ੍ਰਹਿ ‘ਨਵੇਂ ਨਿਸ਼ਾਨੇ’ ਵਿੱਚੋਂ ਧੰਨਵਾਦ ਸਹਿਤ) ।